Sunday , 27 May 2018
Breaking News
You are here: Home » TOP STORIES » ਕੈਪਟਨ ਵੱਲੋਂ ‘ਹਰ ਘਰ ਇੱਕ ਨੌਕਰੀ’ ਮੁਹਿੰਮ 1 ਅਗਸਤ ਤੋਂ ਅਰੰਭਣ ਦਾ ਐਲਾਨ

ਕੈਪਟਨ ਵੱਲੋਂ ‘ਹਰ ਘਰ ਇੱਕ ਨੌਕਰੀ’ ਮੁਹਿੰਮ 1 ਅਗਸਤ ਤੋਂ ਅਰੰਭਣ ਦਾ ਐਲਾਨ

ਵੈਟ, ਟਰਾਂਸਪੋਰਟ ਫੀਸ ਅਤੇ ਆਬਕਾਰੀ ਨਿਲਾਮੀ ਨਾਲ ਮਾਲੀਆ ਵਿੱਚ ਵੱਡੇ ਵਾਧੇ ਦਾ ਦਾਅਵਾ

image ਚੰਡੀਗੜ, 4 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਪਿਛਲੇ ਸਾਲ ਨਾਲੋਂ ਇਸ ਵਿੱਤੀ ਵਰ੍ਹੇ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਸਰਕਾਰ ਦੀ ਆਮਦਨ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਇਸ ਮੌਕੇ ’ਤੇ ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ‘ਹਰ ਘਰ ਇੱਕ ਨੌਕਰੀ’ ਮੁਹਿੰਮ ਦੀ ਸ਼ੁਰੂਆਤ 1 ਅਗਸਤ ਤੋਂ ਅਰੰਭੀ ਜਾ ਰਹੀ ਹੈ, ਜਿਸ ਤਹਿਤ ਪਹਿਲੇ ਪੜਾਅ ’ਚ 50 ਹਜ਼ਾਰ ਨੌਕਰੀਆਂ ਦਿੱਤੀਆਂ ਜਾਣਗੀਆਂ। ਸਰਕਾਰ ਨੇ ਪੰਜਾਬ ਵਿੱਚ ਨਵਾਂ ਲੋਕਪਾਲ ਪ੍ਰਬੰਧ ਸਿਰਜਣ ਦਾ ਫੈਸਲਾ ਲਿਆ ਹੈ। ਲੋਕਪਾਲ ਦੇ ਦਾਇਰੇ ਵਿੱਚ ਮੁੱਖ ਮੰਤਰੀ ਦਾ ਅਹੁਦਾ ਵੀ ਹੋਵੇਗਾ। ਉਨ੍ਹਾਂ ਨੇ ਪੰਜਾਬ ਦੇ ਸਾਰੇ ਕਾਲਜਾਂ ਵਿੱਚ ਮੁਫਤ ਇੰਟਰਨੈਟ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਇਸ ਮੌਕੇ ’ਤੇ ਚਿਤਾਵਨੀ ਦਿੱਤੀ ਕਿ ਸੂਬੇ ਵਿੱਚ ਸਰਗਰਮ ਗੁੰਡਾ ਅਨਸਰ ਜਾਂ ਤਾਂ ਆਤਮ ਸਮਰਪਣ ਕਰ ਜਾਣ ਜਾਂ ਫਿਰ ਮਿਸਾਲੀ ਕਾਰਵਾਈ ਲਈ ਤਿਆਰ ਰਹਿਣ। ਸੂਬੇ ਦੀ ਸੱਤਾ ਸੰਭਾਲਣ ਤੋਂ ਬਾਅਦ ਮੀਡੀਆ ਨਾਲ ਪਲੇਠੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਗੈਂਗਸਟਰਾਂ ਨਾਲ ਨਜਿੱਠਣ ਲਈ ਉਨਾਂ ਨੇ ਪੁਲੀਸ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਹੈ ਅਤੇ ਉਨਾਂ ਦੀ ਸਰਕਾਰ ਪਕੋਕਾ ਕਾਨੂੰਨ ’ਤੇ ਕੰਮ ਕਰ ਰਹੀ ਹੈ ਤਾਂ ਜੋ ਇਸ ਦੀ ਦੁਰਵਰਤੋਂ ਨਾ ਹੋ ਸਕੇ।
ਮੁੱਖ ਮੰਤਰੀ ਨੇ ਸਿੱਖ ਜਸਟਿਸ ਫੋਰਮ ਵੱਲੋਂ ਸੂਬਾ ਭਰ ਵਿੱਚ ਲਾਏ 2020 ਰੈਫਰੈਂਡਮ ਦੇ ਪੋਸਟਰਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਸ ’ਤੇ ਚਰਚਾ ਕਰਨਾ ਹੀ ਵਿਅਰਥ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਅਜਿਹੀ ਕਿਸੇ ਭਾਵਨਾ ਦਾ ਅਹਿਸਾਸ ਨਹੀਂ ਹੈ।
ਅਪ੍ਰੇਸ਼ਨ ਬਲਿਊ ਸਟਾਰ ਦੌਰਾਨ ਜਰਨੈਲ ਸਿੰਘ ਭਿੰਡਰਵਾਲੇ ਸਮੇਤ ਮਰਨ ਵਾਲਿਆਂ ਦੀ ਚਿੱਤਰ ਗੈਲਰੀ ਬਣਾਉਣ ਦਾ ਕੰਮ 6 ਜੁਲਾਈ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ਼ਰੂ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਅਜਿਹੇ ਕਦਮਾਂ ਰਾਹੀਂ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਵਾਸਤੇ ਉਕਸਾਉਣ ਦੇ ਯਤਨਾਂ ਲਈ ਦਮਦਮੀ ਟਕਸਾਲ ਨੂੰ ਜ਼ਿੰਮੇਵਾਰ ਠਹਿਰਾਇਆ।
ਸਤੁਲਜ ਯਮੁਨਾ ਲਿੰਕ ਨਹਿਰ ਦੇ ਮੁੱਦੇ ’ਤੇ ਇਨੈਲੋ ਵੱਲੋਂ 10 ਜੁਲਾਈ ਨੂੰ ਵਾਹਨ ਰੋਕਣ ਦੀ ਦਿੱਤੀ ਧਮਕੀ ਦੇ ਸਵਾਲ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਸ ਮਾਮਲੇ ਨੂੰ ਸੂਬੇ ਦੇ ਪੁਲਿਸ ਮੁਖੀ ਦੇਖ ਰਹੇ ਹਨ।  ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਸਹਿਯੋਗ ਦੀ ਇੱਛੁਕ ਹੈ ਅਤੇ ਕਿਸੇ ਨੂੰ ਵੀ ਪਾਣੀ ਦੇਣ ਤੋਂ ਨਾਂਹ ਨਹੀਂ ਕਰਨਾ ਚਾਹੁੰਦੀ ਪਰ ਸਭ ਤੋਂ ਪਹਿਲਾਂ ਸੂਬੇ ਵਿਚ ਪਾਣੀ ਦੀ ਮੌਜੂਦਗੀ ਦਾ ਪਤਾ ਲਾਉਣਾ ਮਹੱਤਵਪੂਰਨ ਹੈ।
ਸੂਬੇ ਦੀ ਵਿੱਤੀ ਸਥਿਤੀ ਬਾਰੇ ਵਿਸਥਾਰ ਵਿੱਚ ਦੱਸਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਕ ਅਪ੍ਰੈਲ ਤੋਂ 30 ਜੂਨ, 2017 ਤੱਕ ਵੈਟ ਦੀ ਆਮਦਨ ਵਿਚ 33 ਫੀਸਦੀ ਦਾ ਵਾਧਾ ਹੋਇਆ ਹੈ ਜੋ 6012.96 ਕਰੋੜ ਬਣਦਾ ਹੈ ਜਦਕਿ ਪਿਛਲੇ ਸਾਲ ਇਸੇ ਅਰਸੇ ਦੌਰਾਨ 4568 ਕਰੋੜ ਰੁਪਏ ਦਾ ਵੈਟ ਇਕੱਤਰ ਹੋਇਆ ਸੀ। ਟਰਾਂਸਪੋਰਟ ਫੀਸ/ਟੈਕਸ ਦੀ ਉਗਰਾਹੀ ਵਿਚ ਵੀ 25 ਫੀਸਦੀ ਆਮਦਨ ਵਧੀ ਹੈ। ਮੁੱਖ ਮੰਤਰੀ ਨੇ ਆਖਿਆ ਕਿ ਉਨਾਂ ਦੀ ਸਰਕਾਰ ਨੇ ਸਾਲ 2017-18 ਲਈ ਆਬਕਾਰੀ ਨਿਲਾਮੀ ਨੂੰ ਸਫਲਤਾਪੂਰਵਕ ਸਿਰੇ ਚੜਾਇਆ ਅਤੇ ਸਾਲ 2016-17 ਨਾਲੋਂ 1016 ਕਰੋੜ ਰੁਪਏ (23.1 ਫੀਸਦੀ) ਵਾਧਾ ਦਰਜ ਕੀਤਾ। ਮੁੱਖ ਮੰਤਰੀ ਨੇ ਜੀ.ਐਸ.ਟੀ ਨੂੰ ਇਕ ਵਾਰ ਫਿਰ ਸਮਰਥਨ ਕਰਦਿਆਂ ਆਖਿਆ ਕਿ ਇਹ ਪੰਜਾਬ ਲਈ ਬਹੁਤ ਫਾਇਦੇਮੰਦ ਹੋਵੇਗਾ।
ਸੂਬੇ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਮੁੱਖ ਮੰਤਰੀ ਨੇ ਕਈ ਅਹਿਮ ਐਲਾਨ ਕੀਤੇ ਜਿਨਾਂ ਵਿੱਚ ਅਗਸਤ ਮਹੀਨੇ ਵਿਚ ਖੂਨੀਮਾਜਰਾ (ਮੋਹਾਲੀ) ਵਿਖੇ 50,000 ਨੌਜਵਾਨਾਂ ਲਈ ਰੁਜ਼ਗਾਰ ਮੇਲਾ, ਚਮਕੌਰ ਸਾਹਿਬ ਵਿਖੇ ਸਕਿੱਲ ਯੂਨੀਵਰਸਿਟੀ ਦੀ ਸਥਾਪਨਾ ਸ਼ਾਮਲ ਹੈ। ਮੁੱਖ ਮੰਤਰੀ ਨੇ ਅਬੋਹਰ ਵਿਚ ਬਾਗਬਾਨੀ ਯੂਨੀਵਰਸਿਟੀ ਸਥਾਪਤ ਕਰਨ ਦਾ ਰਸਮੀ ਐਲਾਨ ਕਰਦਿਆਂ ਸਪੱਸ਼ਟ ਕੀਤਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਦੋਫਾੜ ਨਹੀਂ ਕੀਤਾ ਜਾਵੇਗਾ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸਰਕਾਰ ਵੱਲੋਂ ਟਰੱਕ ਯੂਨੀਅਨਾਂ ’ਤੇ ਰਸਮੀ ਤੌਰ ’ਤੇ ਪਾਬੰਦੀ ਲਾਉਣ ਲਈ ਪੂਰੀ ਤਿਆਰ ਹੈ ਅਤੇ ਬੁੱਧਵਾਰ ਨੂੰ ਨਵੀਂ ਟਰਾਂਸਪੋਰਟ ਨੀਤੀ ਲਿਆਉਣ ਦਾ ਵੀ ਐਲਾਨ ਕੀਤਾ। ਰੇਤਾ ਦੀਆਂ ਖੱਡਾਂ ਦੀ ਨਿਲਾਮੀ ਬਾਰੇ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਮਾਫੀਆ ’ਤੇ ਨਕੇਲ ਕੱਸਣ ਨਾਲ ਰੇਤਾ-ਬੱਜਰੀ ਦੀ ਥੁੜ ਪੈਦਾ ਹੋਈ ਜਿਸ ਨਾਲ ਕੀਮਤਾਂ ਵਧ ਗਈਆਂ ਪਰ ਆਉਂਦੇ ਮਹੀਨਿਆਂ ਵਿੱਚ ਸਪਲਾਈ ਵਧਣ ਨਾਲ ਸਥਿਤੀ ਵਿੱਚ ਸੁਧਾਰ ਆਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਮੁੱਖ ਮੰਤਰੀ ਸਮੇਤ ਸਾਰੇ ਮੰਤਰੀਆਂ ਅਤੇ ਅਫਸਰਸ਼ਾਹੀ ਨੂੰ ਵੀ ਲੋਕਪਾਲ ਦੇ ਘੇਰੇ ਵਿੱਚ ਲਿਆਉਣ ਅਤੇ ਪੰਚਾਇਤੀ ਨੂੰ ਵਧੇਰੇ ਨਿਆਂਇਕ ਸ਼ਕਤੀਆਂ ਦੇਣ ਦਾ ਫੈਸਲਾ ਕੀਤਾ ਹੈ।
ਪੰਜਾਬ ਵਿਚ ਅਮਨ ਕਾਨੂੰਨ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਲਕਾ ਸਿਸਟਮ ਖਤਮ ਕਰਨ ਨਾਲ ਵੱਡੇ ਪੱਧਰ ’ਤੇ ਸੁਧਾਰ ਸਾਹਮਣੇ ਆ ਰਹੇ ਹਨ ਅਤੇ ਇਸ ਦੇ ਨਾਲ ਹੀ ਝੂਠੇ ਕੇਸਾਂ ਅਤੇ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਬਣਾਏ ਨਿਆਇਕ ਜਾਂਚ ਕਮਿਸ਼ਨਾਂ ਵੱਲੋਂ ਜਲਦ ਹੀ ਆਪਣੀਆਂ ਰਿਪੋਰਟਾਂ ਪੇਸ਼ ਕੀਤੀਆਂ ਜਾਣਗੀਆਂ ਜਿਸਦੇ ਆਧਾਰ ’ਤੇ ਕਸੂਰਵਾਰਾਂ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਵੀ.ਵੀ.ਆਈ.ਪੀ. ਕਲਚਰ ਨੂੰ ਖਤਮ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਅਫਸਰਸ਼ਾਹੀ ਲਈ ਵੀ.ਵੀ.ਆਈ.ਪੀ. ਨੰਬਰਾਂ ਦੀ ਸ਼ੁਰੂਆਤ ਦੀਆਂ ਕਨਸੋਆਂ ਨੂੰ ਵਿਰਾਮ ਦਿੰਦਿਆਂ ਕਿਹਾ ਕਿ ਸਰਕਾਰੀ ਗੱਡੀਆਂ ਦੀਆਂ ਨੰਬਰ ਪਲੇਟਾਂ ’ਤੇ ਸਿਰਫ ‘7’ ਸ਼ਬਦ ਲਿਖਿਆ ਜਾਵੇਗਾ।       

Comments are closed.

COMING SOON .....
Scroll To Top
11