Saturday , 20 April 2019
Breaking News
You are here: Home » INTERNATIONAL NEWS » ਕੈਪਟਨ ਵੱਲੋਂ ਸੀਵਰੇਜ ਦੇ ਪਾਣੀ ਨੂੰ ਮੁੜ ਵਰਤੋਂ ’ਚ ਲਿਆਉਣ ਲਈ ਇਜ਼ਰਾਈਲ ਦੇ ਸਹਿਯੋਗ ਦੀ ਮੰਗ

ਕੈਪਟਨ ਵੱਲੋਂ ਸੀਵਰੇਜ ਦੇ ਪਾਣੀ ਨੂੰ ਮੁੜ ਵਰਤੋਂ ’ਚ ਲਿਆਉਣ ਲਈ ਇਜ਼ਰਾਈਲ ਦੇ ਸਹਿਯੋਗ ਦੀ ਮੰਗ

ਜੈਰੁਸਲੇਮ/ਤਲ ਅਵੀਵ, 24 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਪੰਜ ਪ੍ਰਮੁੱਖ ਸ਼ਹਿਰਾਂ ਵਿਚ ਸੀਵਰੇਜ ਦੇ ਪਾਣੀ ਨੂੰ ਸੋਧ ਕੇ ਮੁੜ ਵਰਤੋਂ ਯੋਗ ਬਣਾਉਣ ਲਈ ਇਜ਼ਰਾਈਲ ਦੇ ਸਹਿਯੋਗ ਦੀ ਮੰਗ ਕੀਤੀ ਹੈ। ਇਸ ਦਾ ਉਦੇਸ਼ ਪ੍ਰਦੂਸ਼ਣ ਨੂੰ ਰੋਕਣਾ ਅਤੇ ਸਿੰਚਾਈ ਮਕਸਦਾਂ ਲਈ ਪਾਣੀ ਉਪਲਬੱਧ ਕਰਵਾਉਣਾ ਹੈ। ਮੁੱਖ ਮੰਤਰੀ ਨੇ ਪੰਜਾਬ ਵਿਚ ਪਾਣੀ ਦੀ ਸੰਭਾਲ ਨੂੰ ਬੜ੍ਹਾਵਾ ਦੇਣ ਅਤੇ ਪਾਣੀ ਦੇ ਪ੍ਰਬੰਧਨ ਦੇ ਮੁੱਦੇ ’ਤੇ ਇਜ਼ਰਾਈਲ ਦੇ ਊਰਜਾ ਤੇ ਜਲ ਸਰੋਤ ਮੰਤਰੀ ਡਾ. ਯੂਵਲ ਸਟੈਨਿਟਜ਼ ਨਾਲ ਵਿਸਤ੍ਰਤ ਵਿਚਾਰ ਵਟਾਂਦਰਾ ਕੀਤਾ। ਇਜ਼ਰਾਈਲ ਵਿਚ ਖੇਤੀ ਮਕਸਦਾਂ ਲਈ 95 ਫੀਸਦੀ ਸੀਵਰੇਜ ਦਾ ਪਾਣੀ ਸੋਧਣ ਦੇ ਤੱਥਾਂ ਤੋਂ ਮੁੱਖ ਮੰਤਰੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦਾ ਪ੍ਰਬੰਧ ਉਹ ਪੰਜਾਬ ਦੇ ਸ਼ਹਿਰੀ ਇਲਾਕਿਆਂ ਵਿਚ ਕਰਨਾ ਚਾਹੁੰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪਾਣੀ ਦੇ ਮੋਰਚੇ ਉੱਤੇ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਇਜ਼ਰਾਈਲ ਦੇ ਮੰਤਰੀ ਨੂੰ ਜਾਣੂ ਕਰਵਾਇਆ ਕਿਉਂਕਿ ਇਨ੍ਹਾਂ ਸਮੱਸਿਆਵਾਂ ਦੇ ਨਤੀਜੇ ਵਜੋਂ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਹੈ ਅਤੇ ਜਲ ਸਰੋਤ ਪੰਜਾਬ ਲਈ ਲਗਾਤਾਰ ਚੁਣੌਤੀ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸੇ ਚੁਣੌਤੀ ਦੇ ਕਾਰਨ ਸਰਕਾਰ ਪਾਣੀ ਵਰਗੇ ਵਢਮੁੱਲੇ ਸਰੋਤ ਨੂੰ ਬਚਾਉਣ ਲਈ ਕਿਸਾਨਾਂ ਨੂੰ ਝੋਨੇ-ਕਣਕ ਦੇ ਚੱਕਰ ਵਿਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਡਾ. ਸਟੈਨਿਟਜ਼ ਨੇ ਦੱਸਿਆ ਕਿ ਇਜ਼ਰਾਈਲ ਇਸ ਸਬੰਧ ਵਿਚ ਉਨ੍ਹਾਂ ਦੀ ਹਰ ਮਦਦ ਕਰ ਕੇ ਖੁਸ਼ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੇ ਨਾਲ ਨੇੜੇ ਦੇ ਇਤਿਹਾਸਕ, ਸੱਭਿਆਚਾਰਕ ਅਤੇ ਵਪਾਰਕ ਸਬੰਧਾਂ ਦੇ ਕਾਰਨ ਉਨ੍ਹਾਂ ਨੂੰ ਇਸ ਸਬੰਧ ਵਿਚ ਹੋਰ ਵੀ ਖੁਸ਼ੀ ਹੋਵੇਗੀ। ਮੰਤਰੀ ਨੇ ਕੁਲ ਲੋੜ ਅਤੇ ਉਪਲਬੱਧਤਾ ਦੇ ਅਨੁਮਾਨ ਰਾਹੀਂ ਢੁੱਕਵੇਂ ਪਾਣੀ ਪ੍ਰਬੰਧਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਜ਼ਰਾਈਲ ਲਗਾਤਾਰ ਪੰਜਵੇਂ ਸਾਲ ਸੋਕੇ ਦਾ ਸਾਹਮਣਾ ਕਰ ਰਿਹਾ ਹੈ ਪਰ ਇਹ ਵੱਖ ਵੱਖ ਤਰੀਕਿਆਂ ਰਾਹੀਂ ਆਪਣੀਆਂ ਪਾਣੀ ਦੀਆਂ ਜ਼ਰੂਰਤਾਂ ਦਾ ਪ੍ਰਬੰਧ ਕਰ ਰਿਹਾ ਹੈ। ਇਸ ਵੱਲੋਂ ਆਪਣੀਆਂ 80 ਫੀਸਦੀ ਘਰੇਲੂ ਜ਼ਰੂਰਤਾਂ ਲਈ ਖਾਰੇ ਪਾਣੀ ਦੀ ਦੋਹਰੀ ਸੁਧਾਈ ਕਰਕੇ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਸਬੰਧ ਵਿਚ ਲੋਕਾਂ ਨੂੰ ਜਾਗਰੁਕ ਕਰਨ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਦੋਵਾਂ ਧਿਰਾਂ ਵਿਚ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਮੰਤਰੀ ਨੂੰ ਪੰਜਾਬ ਦਾ ਦੌਰਾ ਕਰਨ ਦਾ ਸੱਦਾ ਦਿੱਤਾ।
ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪੁਰਾਣੇ ਸ਼ਹਿਰ ਜੈਰੁਸਲੇਮ ਦੇ ਵੱਖ ਵੱਖ ਸਥਾਨਾਂ ’ਤੇ ਗਏ। ਉਨ੍ਹਾਂ ਨੇ ਇੰਡੀਅਨ ਹੋਸਪਾਈਸ ਦਾ ਵੀ ਦੌਰਾ ਕੀਤਾ। ਇਹ ਯਾਦਗਾਰ 800 ਸਾਲਾ ਪੁਰਾਣੀ ਹੈ। ਇਸ ਦੀ ਭਾਰਤੀ ਮੁਸਲਮਾਨਾਂ ਵਿਚ ਬਹੁਤ ਜ਼ਿਆਦਾ ਮਾਣਤਾ ਹੈ। ਇਹ ਯਾਦਗਾਰ ਹਜ਼ਰਤ ਫਰੀਦ ਉਦ-ਦੀਨ ਗੰਜ ਸ਼ਕਰ ਜਾਂ ਬਾਬਾ ਫਰੀਦ ਦਾ ਪਵਿੱਤਰ ਸਥਾਨ ਹੈ। ਹੋਸਪਾਈਸ ਦਾ ਤੋਹਫਾ ਸਥਾਨਕ ਲੋਕਾਂ ਵੱਲੋਂ ਸੂਫੀ ਸੰਤ ਨੂੰ ਦਿੱਤਾ ਗਿਆ ਸੀ। ਇਹ ਸੂਫੀ ਸੰਤ ਪੰਜਾਬ ਦੇ ਫਰੀਦਕੋਟ ਤੋਂ ਸਨ ਅਤੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ ਕੁਝ ਸਮੇਂ ਲਈ ਜੈਰੁਸਲੇਮ ਵਿਖੇ ਠਹਿਰੇ ਸਨ। ਮੁੱਖ ਮੰਤਰੀ ਦੇ ਨਾਲ ਇਜ਼ਰਾਈਲ ਵਿਚ ਭਾਰਤੀ ਰਾਜਦੂਤ ਪਵਨ ਕਪੂਰ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਵਿਨੀ ਮਹਾਜਨ, ਵਧੀਕ ਸਕੱਤਰ ਵਿਸਵਜੀਤ ਖੰਨਾ ਅਤੇ ਡੀ.ਆਈ.ਜੀ ਇਨਟੈਲੀਜੈਂਸ ਦਿਨਕਰ ਗੁਪਤਾ ਵੀ ਸਨ।

Comments are closed.

COMING SOON .....


Scroll To Top
11