Saturday , 20 April 2019
Breaking News
You are here: Home » NATIONAL NEWS » ਕੈਪਟਨ ਵੱਲੋਂ ਰਾਜਨਾਥ ਸਿੰਘ ਨਾਲ ਮੁਲਾਕਾਤ

ਕੈਪਟਨ ਵੱਲੋਂ ਰਾਜਨਾਥ ਸਿੰਘ ਨਾਲ ਮੁਲਾਕਾਤ

ਪੰਜਾਬ ’ਚ ਉਭਰ ਰਹੇ ਕੱਟੜਵਾਦ ਨਾਲ ਨਜਿੱਠਣ ਲਈ ਰਣਨੀਤੀ ਬਣਾਉਣ ਦੀ ਅਪੀਲ

ਨਵੀਂ ਦਿੱਲੀ, 19 ਅਪਰੈਲ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੰਜਾਬ ਵਿੱਚ ਮੁੜ ਸਿਰ ਚੁੱਕ ਰਹੇ ਕੱਟੜਵਾਦ ਨਾਲ ਨਜਿੱਠਣ ਲਈ ਵਿਆਪਕ ਰਣਨੀਤੀ ਉਲੀਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਦੀ ਸ਼ਾਂਤੀ ਅਤੇ ਸਥਿਰਤਾ ਨੂੰ ਮੁੜ ਖ਼ਤਰਾ ਪੈਦਾ ਹੋ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਨਾਲ ਇੱਥੇ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਉਭਰ ਰਹੇ ਕੱਟੜਵਾਦ ਨੂੰ ਠੱਲ੍ਹ ਪਾਉਣ ਲਈ ਇਕ ਵਿਆਪਕ ਰਣਨੀਤੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕੈਨੇਡਾ, ਇੰਗਲੈਂਡ, ਅਮਰੀਕਾ, ਇਟਲੀ, ਜਰਮਨੀ ਵਿੱਚ ਬੈਠੇ ਗਰਮਖਿਆਲੀਆਂ, ਜੋ ਪੰਜਾਬ ’ਚ ਅਤਿਵਾਦ ਨੂੰ ਮੁੜ ਸੁਰਜੀਤ ਕਰਨ ਲਈ ਸਰਗਰਮ ਹਨ, ਖ਼ਿਲਾਫ਼ ਕਾਰਵਾਈ ਤੋਂ ਇਲਾਵਾ ਖੁਫ਼ੀਆ-ਤੰਤਰ ਨੂੰ ਹੋਰ ਮਜ਼ਬੂਤ ਕਰਨ ਦਾ ਸੁਝਾਅ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਕੀਤੀਆਂ ਜਾਂਦੀਆਂ ਗਤੀਵਿਧੀਆਂ, ਜਿਨ੍ਹਾਂ ਦਾ ਉਦੇਸ਼ ਸੂਬੇ ਦੀ ਸ਼ਾਂਤੀ ਤੇ ਸਥਿਰਤਾ ਭੰਗ ਕਰਨਾ ਹੈ, ਨੂੰ ਵੀ ਨੱਥ ਪਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਵਿਚਾਰ ਸੀ ਕਿ ਸੂਬਾਈ ਸਰਕਾਰ ਦਾ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਪ੍ਰੋਗਰਾਮ ਦੀ ਮਜ਼ਬੂਤੀ ਵੀ ਅਜਿਹੀਆਂ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਵਿੱਚ ਮਦਦ ਕਰੇਗੀ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਮਾਡਰਨਾਈਜੇਸ਼ਨ ਆਫ ਪੁਲੀਸ ਫੋਰਸਿਜ਼ ਸਕੀਮ (ਐਮਪੀਐਫ ਸਕੀਮ) ਤਹਿਤ ਪੰਜਾਬ ਦੀਆਂ ਮੰਗਾਂ ’ਤੇ ਗ਼ੌਰ ਕਰਨ ਲਈ ਵੀ ਸਹਿਮਤੀ ਪ੍ਰਗਟਾਈ ਹੈ। ਸੂਬੇ ਦੀਆਂ ਸੁਰੱਖਿਆ ਚਿੰਤਾਵਾਂ ਦੇ ਹਵਾਲੇ ਨਾਲ ਮੁੱਖ ਮੰਤਰੀ ਨੇ ਪੁਲੀਸ ਫੋਰਸ ਦੇ ਆਧੁਨਿਕੀਕਰਨ ਲਈ ਕੇਂਦਰੀ ਸਹਾਇਤਾ ਦੀ ਮੰਗ ਦੁਹਰਾਈ।
ਮੁੱਖ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਅਤੇ ਅੱਠ ਉਤਰ-ਪੂਰਬੀ ਰਾਜਾਂ ਦੀ ਤਰਜ਼ ’ਤੇ ਐਮਪੀਐਫ ਤਹਿਤ ਪੰਜਾਬ ਨੂੰ ਏ ਸ਼੍ਰੇਣੀ ਸੂਬੇ ਦਾ ਦਰਜਾ ਦੇ ਕੇ 90:10 ਕੇਂਦਰ-ਸੂਬਾ ਹਿੱਸੇਦਾਰੀ ਦੇ ਆਧਾਰ ’ਤੇ ਵਿੱਤੀ ਮਦਦ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਪੰਜਾਬ ਨੂੰ ਦਰਪੇਸ਼ ਲੁਕਵੀਂ ਜੰਗ, ਅਤਿਵਾਦ ਪਾਰਲੇ ਅਤਿਵਾਦ ਅਤੇ ਨਸ਼ਿਆਂ/ਹਥਿਆਰਾਂ/ ਧਮਾਕਾਖੇਜ਼ ਸਮੱਗਰੀ ਦੇ ਵਹਿਣ ਵਰਗੀਆਂ ਕਾਨੂੰਨੀ ਵਿਵਸਥਾਵਾਂ ਸਬੰਧੀ ਚੁਣੌਤੀਆਂ ਲਈ ਸੂਬੇ ਦੀ ਵਿਸ਼ੇਸ਼ ਬਰਾਂਚ ਦੀ ਮਜ਼ਬੂਤੀ ਲਈ ਐਮਪੀਐਫ ਸਕੀਮ ਤਹਿਤ ਸੂਬੇ ਨੂੰ ਵਾਧੂ ਫੰਡ ਦਿੱਤੇ ਜਾਣ ਦੀ ਮੰਗ ਵੀ ਰੱਖੀ।

Comments are closed.

COMING SOON .....


Scroll To Top
11