Wednesday , 20 September 2017
Breaking News
You are here: Home » PUNJAB NEWS » ਕੈਪਟਨ ਵੱਲੋਂ ਪਹਿਲੇ ਪੜਾਅ ’ਚ ਨੌਜਵਾਨਾਂ ਲਈ 50 ਹਜ਼ਾਰ ਨੌਕਰੀਆਂ ਦੇਣ ਦਾ ਐਲਾਨ

ਕੈਪਟਨ ਵੱਲੋਂ ਪਹਿਲੇ ਪੜਾਅ ’ਚ ਨੌਜਵਾਨਾਂ ਲਈ 50 ਹਜ਼ਾਰ ਨੌਕਰੀਆਂ ਦੇਣ ਦਾ ਐਲਾਨ

ਗੁਰਦਾਸਪੁਰ, 16 ਅਗਸਤ- 70ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਦੇ ਖੇਡ ਸਟੇਡੀਅਮ ਵਿਚ ‘ਚ ਤਿਰੰਗਾ ਲਹਿਰਾਇਆ।ਇਸ ਮੌਕੇ ਕੈਪਟਨ ਵਲੋਂ ਕਿਸਾਨਾਂ ਦੀ ਕਰਜਾ ਮੁਆਫੀ ਸਮੇਤ ਕਈ ਵਡੇ ਐਲਾਨ ਕੀਤੇ ਗਏ? ਕੈਪਟਨ ਦੇ ਗੁਰਦਾਸਪੁਰ ਦੌਰੇ ਨੂੰ ਸਾਰੇ ਉਪ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ।ਇਸ ਦੇ ਨਾਲ ਹੀ ਉਨਾਂ ਨੇ ‘ਘਰ-ਘਰ ਮੇ ਨੌਕਰੀ‘ ਸਕੀਮ ਦੇ ਪਹਿਲੇ ਪੜਾਅ ਵਿਚ 50 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਸਰਕਾਰ ਦੇ ਫੈਸਲੇ ਦਾ ਐਲਾਨ ਕੀਤਾ।ਅਜ ਆਜ਼ਾਦੀ ਦਿਹਾੜੇ ਮੌਕੇ ਗੁਰਦਾਸਪੁਰ ਵਿਖੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਆਪਣੇ ਸੰਬੋਧਨ ਵਿਚ ਮੁਖ ਮੰਤਰੀ ਨੇ ਸਰਕਾਰੀ ਵਿਭਾਗਾਂ ਵਿਚ ਸਾਰੀਆਂ ਮਹਤਵਪੂਰਨ ਅਸਾਮੀਆਂ ਭਰਨ ਲਈ ਛੇਤੀ ਹੀ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਜਿਸ ਨਾਲ ਸੂਬੇ ‘ਚ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ। ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹਈਆ ਕਰਵਾਉਣ ਲਈ ਉਨਾਂ ਦੀ ਸਰਕਾਰ ਦੇ ਵਾਅਦੇ ਨੂੰ ਅਮਲ ਵਿਚ ਲਿਆਉਣ ਵਾਸਤੇ ਸੂਬਾ ਭਰ ਵਿਚ ਰੁਜ਼ਗਾਰ ਮੇਲੇ ਲਗਾਏ ਜਾਣਗੇ। ਮੁਖ ਮੰਤਰੀ ਜਿਨਾਂ ਨੇ ਇਸ ਤੋਂ ਪਹਿਲਾਂ ਗਾਰਡ ਆਫ ਆਨਰ ਲਿਆ ਅਤੇ ਸਕੂਲ ਵਿਦਿਆਰਥੀਆਂ ਵਲੋਂ ਕੀਤੀ ਗਤਕੇ ਦੀ ਪੇਸ਼ਕਾਰੀ ਦਾ ਅਨੰਦ ਮਾਣਿਆ, ਨੇ ਇਸ ਪਵਿਤਰ ਮੌਕੇ ਪੰਜਾਬ ਨੂੰ ਨਸ਼ੇ ਤੇ ਕਰਜ਼ੇ ਤੋਂ ਮੁਕਤ ਕਰਕੇ ਸ਼ਾਂਤਮਈ, ਸਿਹਤਮੰਦ ਅਤੇ ਖੁਸ਼ਹਾਲ ਸੂਬਾ ਬਣਾਉਣ ਦਾ ਸੰਕਲਪ ਲਿਆ।
ਮੁਖ ਮੰਤਰੀ ਨੇ ਸਾਰੀਆਂ ਲਿੰਕ ਸੜਕਾਂ ਲਈ 2500 ਕਰੋੜ ਰੁਪਏ ਦੀ ਲਾਗਤ ਨਾਲ ਸਲਾਨਾ ਮੁਰੰਮਤ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਇਹ ਪ੍ਰੋਗਰਾਮ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ ਅਤੇ ਸੂਬੇ ‘ਚ ਅਜਿਹੀਆਂ 22870 ਕਿਲੋਮੀਟਰ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ।ਮੁਖ ਮੰਤਰੀ ਨੇ 31 ਦਸੰਬਰ, 2017 ਤੋਂ ਪਹਿਲਾਂ ਸੂਬੇ ਦੇ ਹਰੇਕ ਘਰ ‘ਚ ਇਕ ਪਖਾਨਾ ਬਣਾਉਣ ਦਾ ਐਲਾਨ ਕੀਤਾ। ਉਨਾਂ ਆਖਿਆ ਕਿ ਸਕੂਲਾਂ ਦਾ ਮੂੰਹ-ਮੁਹਾਂਦਰਾ ਸੰਵਾਰਨ ਤੋਂ ਇਲਾਵਾ ਲੋੜੀਂਦਾ ਬੁਨਿਆਦੀ ਢਾਂਚਾ ਮੁਹਈਆ ਕਰਾਉਣ ਲਈ 2100 ਕਰੋੜ ਰੁਪਏ ਰਖੇ ਗਏ ਹਨ। ਇਸੇ ਤਰਾਂ ਸਿਹਤ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਅਪਗਰੇਡ ਕਰਨ ਲਈ 806 ਕਰੋੜ ਰੁਪਏ ਰਖੇ ਗਏ ਹਨ।
ਮੁਖ ਮੰਤਰੀ ਨੇ ਆਖਿਆ ਕਿ ਉਨਾਂ ਦੀ ਸਰਕਾਰ ਨੇ ਛੋਟੇ ਤੇ ਦਰਮਿਆਨੇ ਕਿਸਾਨਾਂ ਲਈ 2 ਲਖ ਰੁਪਏ ਦਾ ਫਸਲੀ ਕਰਜ਼ਾ ਮੁਆਫ਼ ਕਰਨ ਤੋਂ ਇਲਾਵਾ 2 ਲਖ ਰੁਪਏ ਤੋਂ ਵਧ ਕਰਜ਼ੇ ਵਾਲੇ ਦਰਮਿਆਨੇ ਕਿਸਾਨਾਂ ਨੂੰ 2 ਲਖ ਰੁਪਏ ਦੀ ਕਰਜ਼ਾ ਰਾਹਤ ਦਿਤੀ ਗਈ ਹੈ। ਮੁਖ ਮੰਤਰੀ ਨੇ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਕਰਕੇ ਖੁਦਕੁਸ਼ੀ ਕਰਨ ਜਾਂ ਅਜਿਹਾ ਕੋਈ ਘਾਤਕ ਕਦਮ ਨਾ ਚੁਕਣ ਦੀ ਅਪੀਲ ਕੀਤੀ। ਮੁਖ ਮੰਤਰੀ ਨੇ ਆਖਿਆ ਕਿ ਕਰਜ਼ਾ ਮੁਆਫੀ ਦੀ ਸਕੀਮ ਇਕ ਮਹੀਨੇ ‘ਚ ਅਮਲ ਵਿਚ ਆ ਜਾਵੇਗੀ ਅਤੇ ਸਰਕਾਰ ਆਪਣੇ ਪਧਰ ‘ਤੇ ਕਿਸਾਨਾਂ ਦਾ ਕਰਜ਼ਾ ਲਾਹੇਗੀ, ਜਿਸ ਕਰਕੇ ਕਿਸਾਨਾਂ ਨੂੰ ਇਸ ਦੀ ਅਦਾਇਗੀ ਕਰਨ ਲਈ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ।
ਵਿਸ਼ੇਸ਼ ਟਾਸਕ ਫੋਰਸ ਵਲੋਂ ਨਸ਼ਿਆਂ ਖਿਲਾਫ ਵਿਢੀ ਜੰਗ ਦਾ ਜ਼ਿਕਰ ਕਰਦਿਆਂ ਮੁਖ ਮੰਤਰੀ ਨੇ ਆਖਿਆ ਕਿ ਇਸ ਟਾਸਕ ਫੋਰਸ ਨੂੰ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਖਿਲਾਫ਼ ਕਾਰਵਾਈ ਲਈ ਖੁਲੀ ਛੁਟੀ ਦਿਤੀ ਹੋਈ ਹੈ ਅਤੇ ਹੁਣ ਤਕ ਐਨ.ਡੀ.ਪੀ.ਐਸ. ਐਕਟ ਤਹਿਤ ਲਗਭਗ 6018 ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਅਜਿਹੀਆਂ ਗਤੀਵਿਧੀਆਂ ‘ਚ ਸ਼ਾਮਲ ਕੁਝ ਪੁਲਿਸ ਮੁਲਾਜ਼ਮਾਂ ਸਮੇਤ 6933 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 97 ਕਿਲੋ ਹੈਰੋਇਨ ਤੇ ਹੋਰ ਪਾਬੰਦੀਸ਼ੁਦਾ ਪਦਾਰਥ ਬਰਾਮਦ ਕੀਤੇ ਗਏ ਹਨ। ਮੁਖ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ‘ਚ ਪਾਬੰਦੀਸ਼ੁਦਾ ਦਵਾਈਆਂ ਜਿਨਾਂ ਦੀ ਸਿੰਥੈਟਿਕ ਡਰਗ ਬਣਾਉਣ ਲਈ ਦੁਰਵਰਤੋਂ ਕੀਤੀ ਜਾਂਦੀ ਸੀ, ਦੀ ਸਪਲਾਈ ਵਿਚ 50 ਫੀਸਦੀ ਗਿਰਾਵਟ ਆਈ ਹੈ।
ਮੁਖ ਮੰਤਰੀ ਨੇ ਆਖਿਆ ਕਿ ਪਿਛਲੀ ਸਰਕਾਰ ਦੌਰਾਨ ਝੂਠੇ ਕੇਸਾਂ ਵਿਚ ਫਸਾਏ ਬੇਕਸੂਰ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਉਨਾਂ ਦੀ ਸਰਕਾਰ ਵਚਨਬਧ ਹੈ ਅਤੇ ਅਜਿਹੇ ਕੇਸਾਂ ਦੀ ਜਾਂਚ ਲਈ ਬਣਾਏ ਨਿਆਂਇਕ ਕਮਿਸ਼ਨ ਵਲੋਂ ਛੇਤੀ ਆਪਣੀ ਰਿਪੋਰਟ ਸੌਂਪੀ ਜਾਵੇਗੀ। ਉਨਾਂ ਆਖਿਆ ਕਿ ਅਜਿਹਾ ਹੀ ਇਕ ਕਮਿਸ਼ਨ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਕਾਇਮ ਕੀਤਾ ਗਿਆ ਹੈ, ਜੋ ਦੋਸ਼ੀਆਂ ਦੀ ਸ਼ਨਾਖਤ ਕਰ ਰਿਹਾ ਹੈ ਜਿਨਾਂ ਨੂੰ ਉਨਾਂ ਦੀ ਸਰਕਾਰ ਕਾਨੂੰਨ ਦੇ ਕਟਹਿਰੇ ਵਿਚ ਖੜਾ ਕਰੇਗੀ।
ਇਸ ਮੌਕੇ ਮੁਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਬਰਿੰਦਰਮੀਤ ਸਿੰਘ ਪਾਹੜਾ, ਫਤਹਿਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ ਹਾਜ਼ਰ ਸਨ। ਇਨਾਂ ਤੋਂ ਇਲਾਵਾ ਮੁਖ ਸਕਤਰ ਕਰਨ ਅਵਤਾਰ ਸਿੰਘ, ਮੁਖ ਮੰਤਰੀ ਦੇ ਵਿਸ਼ੇਸ਼ ਪ੍ਰਮੁਖ ਸਕਤਰ ਗੁਰਕਿਰਤ ਕ੍ਰਿਪਾਲ ਸਿੰਘ, ਡੀ.ਜੀ.ਪੀ. ਸੁਰੇਸ਼ ਅਰੋੜਾ, ਏ.ਡੀ.ਜੀ.ਪੀ. ਬਾਰਡਰ-ਕਮ-ਐਸ.ਟੀ.ਐਫ. ਚੀਫ ਹਰਪ੍ਰੀਤ ਸਿੰਘ ਸਿਧੂ, ਡਿਪਟੀ ਕਮਿਸ਼ਨਰ ਅਮਿਤ ਕੁਮਾਰ ਤੇ ਜ਼ਿਲਾ ਪੁਲਿਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ ਵੀ ਹਾਜ਼ਰ ਸਨ।

 

Comments are closed.

COMING SOON .....
Scroll To Top
11