ਕੌਮਾਂਤਰੀ ਸਰਹੱਦ ਪਾਰ ਤੋਂ ਗਿਣੀ-ਮਿੱਥੀ ਸਾਜ਼ਿਸ਼ ਕਰਾਰ
ਚੰਡੀਗੜ੍ਹ, 10 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਲਾਹਨਤ ਵਿਰੁੱਧ ਸਾਂਝੀ ਲੜਾਈ ਲੜਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਇਸ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਦੇ ਨਸ਼ਿਆਂ ਤੇ ਅਪਰਾਧ ਬਾਰੇ ਦਫ਼ਤਰ (ਯੂ.ਐਨ.ਓ.ਡੀ.ਸੀ.) ਦੇ ਲਗਾਤਾਰ ਸਹਿਯੋਗ ਤੇ ਮਦਦ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਕੌਮਾਂਤਰੀ ਸਰਹੱਦ ਤੋਂ ਪਾਰ ਗਿਣੀ-ਮਿੱਥੀ ਸਾਜ਼ਿਸ਼ ਦਾ ਹਿੱਸਾ ਹੈ। ਅੱਜ ਇੱਥੇ ਯੂ.ਐਨ.ਓ.ਡੀ.ਸੀ.ਵੱਲੋਂ ‘ਅਫ਼ਗਾਨਿਸਤਾਨ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਨਿਪਟਣ : ਵਿਆਪਕ ਪਹੁੰਚ ਅਪਣਾਉਣ’ ਬਾਰੇ ਤਿੰਨ ਰੋਜ਼ਾ ਖੇਤਰੀ ਵਰਕਸ਼ਾਪ ਦੇ ਉਦਘਾਟਨ ਮੌਕੇ ਆਪਣੇ ਮੁੱਖ ਭਾਸ਼ਨ ਦੌਰਾਨ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਸਿਰਫ਼ ਵਪਾਰਕ ਹਿੱਤਾਂ ਲਈ ਨਹੀਂ ਸਗੋਂ ਇਸ ਤੋਂ ਵੀ ਵੱਧ ਇਕ ਗਹਿਰੀ ਸਾਜ਼ਿਸ਼ ਤਹਿਤ ਸੂਬੇ ਨੂੰ ਵਰਤਿਆ ਜਾ ਰਿਹਾ ਹੈ। ਇਸ ਵਰਕਸ਼ਾਪ ਦਾ ਸੰਚਾਲਨ ਯੂ.ਐਨ.ਓ.ਡੀ.ਸੀ. ਦੇ ਦੱਖਣੀ ਏਸ਼ਿਆ ਦੇ ਖੇਤਰੀ ਦਫ਼ਤਰ ਦੇ ਸਰਗੇ ਕੈਪੀਨੋਸ ਨੇ ਕੀਤਾ। ਮੁੱਖ ਮੰਤਰੀ ਨੇ ਭਰੋਸਾ ਜ਼ਾਹਰ ਕੀਤਾ ਕਿ ਉਨ੍ਹਾਂ ਦੀ ਸਰਕਾਰ ਨਸ਼ਿਆਂ ਦੇ ਕਾਰੋਬਾਰ ਨੂੰ ਜੜ੍ਹੋਂ ਉਖਾੜ ਦੇਵੇਗੀ। ਉਨ੍ਹਾਂ ਨੇ ਇਸ ਲਾਹਨਤ ਨਾਲ ਨਿਪਟਣ ਲਈ ਇਕ ਟੀਮ ਦੇ ਤੌਰ ’ਤੇ ਕੰਮ ਕਰਨ ਦਾ ਸੱਦਾ ਦਿੰਦਿਆਂ ਆਖਿਆ ਕਿ ਇਸ ਉਦੇਸ਼ ਦੀ ਪੂਰਤੀ ਲਈ ਯੂ.ਐਨ.ਓ.ਡੀ.ਸੀ. ਅਹਿਮ ਭੂਮਿਕਾ ਅਦਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਯੂ.ਐਨ.ਓ.ਡੀ.ਸੀ. ਨਸ਼ਿਆਂ ਦੇ ਕਾਰੋਬਾਰ ਦੀਆਂ ਵੱਡੀਆਂ ਮੱਛੀਆਂ ਦੀ ਸ਼ਨਾਖ਼ਤ ਕਰਕੇ ਸੂਬੇ ਦੀ ਮਦਦ ਕਰ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਸੂਬੇ ਦੀ ਨਸ਼ਿਆਂ ਸਬੰਧੀ ਵਿਸ਼ੇਸ਼ ਟਾਸਕ ਫੋਰਸ ਅਤੇ ਹੋਰ ਏਜੰਸੀਆਂ ਨੇ ਮੱਧ ਦਰਜੇ ਦੇ ਨਸ਼ਾ ਤਸਕਰਾਂ ਨੂੰ ਤਾਂ ਨੱਥ ਪਾਉਣ ਵਿੱਚ ਸਫ਼ਲਤਾ ਹਾਸਲ ਕਰ ਲਈ ਹੈ ਪਰ ਵੱਡੇ ਤਸਕਰਾਂ ਨੂੰ ਵੀ ਹੱਥ ਪਾਉਣ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਜ਼ਿੰਮੇਵਾਰੀ ਬਣਦੀ ਹੈ।
ਮੁੱਖ ਮੰਤਰੀ ਨੇ ਉਨ੍ਹਾਂ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਸਬੰਧੀ ਗੁਆਂਢੀ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿੱਖ ਕੇ ਸਾਂਝੀ ਰਣਨੀਤੀ ਉਲੀਕਣ ਦੀ ਪੇਸ਼ਕਸ਼ ਕੀਤੀ।ਨਸਿਆਂ ਦੀ ਸਮੱਸਿਆ ਨੂੰ ਬਹੁਤ ਗੰਭੀਰ ਮੁੱਦਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੱਸਿਆ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਪਨਪ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਭੰਗ (ਕੁਝ ਹੱਦ ਤੱਕ ਅਫੀਮ) ਦੀ ਰਵਾਇਤੀ ਵਰਤੋਂ ਤੋਂ ਸਿੰਥੈਟਿਕ ਪਦਾਰਥਾਂ ਪ੍ਰਤੀ ਤਬਦੀਲ ਹੋਇਆ ਜੋ ਬਹੁਤ ਖਤਰਨਾਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁਜਰਾਤ ਵਿੱਚ ਮੰਡਵੀ ਤੋਂ ਪੰਜਾਬ ਨੂੰ ਆਉਂਦੀ ਨਸ਼ਿਆਂ ਦੀ ਖੇਪ ਜ਼ਬਤ ਕਰਨ ਨਾਲ ਸਪੱਸ਼ਟ ਹੁੰਦਾ ਹੈ ਕਿ ਨਸ਼ਾ ਤਸਕਰਾਂ ਦਾ ਉਦੇਸ਼ ਕੀਮਤੀ ਮਾਨਵੀ ਸ਼ਕਤੀ ਵਾਲੀ ਭਾਰਤੀ ਫੌਜ ਨੂੰ ਅਸਰਅੰਦਾਜ਼ ਕਰਕੇ ਮੁਲਕ ਦੀ ਰੱਖਿਆ ਨੂੰ ਕਮੋਜ਼ਰ ਕਰਨਾ ਹੈ। ਨੌਜਵਾਨ ਲੜਕੀਆਂ ਦੀਆਂ ਨਸ਼ਾ ਕਰਨ ਸਬੰਧੀ ਫੇਸਬੁੱਕ ਪੋਸਟਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਇਸ ਖਤਰਨਾਕ ਰੁਝਾਨ ’ਤੇ ਚਿੰਤਾ ਪ੍ਰਗਟਾਈ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਵਿੱਤੀ ਸਲਾਹਕਾਰ ਵੀ.ਕੇ. ਗਰਗ, ਵਧੀਕ ਮੁੱਖ ਸਕੱਤਰ ਗ੍ਰਹਿ ਐਨ.ਐਸ. ਕਲਸੀ, ਡੀ.ਜੀ.ਪੀ. ਸੁਰੇਸ਼ ਅਰੋੜਾ, ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਮੁਹੰਮਦ ਮੁਸਤਫਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਹਰਪ੍ਰੀਤ ਸਿੰਘ ਸਿੱਧੂ, ਏ.ਡੀ.ਜੀ.ਪੀ. ਕਮਿਊਨਿਟੀ ਪੁਲੀਸਿੰਗ ਈਸ਼ਵਰ ਸਿੰਘ, ਐਸ.ਟੀ.ਐਫ. ਦੇ ਆਈ.ਜੀ. ਆਰ.ਕੇ. ਜੈਸਵਾਲ ਅਤੇ ਪ੍ਰਮੋਦ ਬਾਨ ਹਾਜ਼ਰ ਸਨ।