Monday , 23 September 2019
Breaking News
You are here: Home » PUNJAB NEWS » ਕੈਪਟਨ ਵੱਲੋਂ ਚਾਰ ਮੰਤਰੀਆਂ ਨੂੰ ਛੱਡ ਕੇ ਬਾਕੀ ਸਭ ਦੇ ਵਿਭਾਗਾਂ ਵਿਚ ਫੇਰਬਦਲ

ਕੈਪਟਨ ਵੱਲੋਂ ਚਾਰ ਮੰਤਰੀਆਂ ਨੂੰ ਛੱਡ ਕੇ ਬਾਕੀ ਸਭ ਦੇ ਵਿਭਾਗਾਂ ਵਿਚ ਫੇਰਬਦਲ

ਸਿੱਧੂ ਬਣੇ ਨਵੇਂ ਬਿਜਲੀ ਮੰਤਰੀ-ਬ੍ਰਹਮ ਮੋਹਿੰਦਰਾ ਹੋਣਗੇ ਨਵੇਂ ਲੋਕਲ ਬਾਡੀ ਮੰਤਰੀ

ਚੰਡੀਗੜ੍ਹ, 6 ਜੂਨ- ਲੋਕ ਸਭਾ ਚੋਣਾਂ ਪਿਛੋਂ ਮੰਤਰੀ ਮੰਡਲ ਦੀ ਆਪਣੀ ਪਹਿਲੀ ਮੀਟਿੰਗ ਤੋਂ ਕੁਝ ਘੰਟੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਸ਼ਾਮ ਨਾਲ ਆਪਣੇ ਬਹੁਤ ਸਾਰੇ ਮੰਤਰੀਆਂ ਦੇ ਵਿਭਾਗਾਂ ਵਿਚ ਰੱਦੋ-ਬਦਲ ਕਰ ਦਿੱਤੀ ਹੈ ਅਤੇ ਕੁਝ ਅਹਿਮ ਮੰਤਰੀਆਂ ਦੇ ਵਿਭਾਗਾਂ ਵਿਚ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਗਈਆਂ ਹਨ। ਚਾਰ ਮੰਤਰੀਆਂ ਨੂੰ ਛੱਡ ਕੇ ਬਾਕੀ ਸਾਰੇ ਮੰਤਰੀਆਂ ਦੇ ਵਿਭਾਗਾਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਫੇਰਬਦਲ ਨਾਲ ਸਰਕਾਰੀ ਪ੍ਰਣਾਲੀ ਅਤੇ ਪ੍ਰਕਿਰਿਆ ਨੂੰ ਦਰੁਸਤ ਕਰਨ ਵਿਚ ਮਦਦ ਮਿਲੇਗੀ ਅਤੇ ਵੱਖ-ਵੱਖ ਵਿਭਾਗਾਂ ‘ਚ ਪਾਰਦਰਸ਼ਿਤਾ ਅਤੇ ਕੁਸ਼ਲਤਾ ਲਿਆਂਦੀ ਜਾ ਸਕੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਸਰਕਾਰ ਨੇ ਤਕਰੀਬਨ ਆਪਣਾ ਅੱਧਾ ਸਮਾਂ ਪੂਰਾ ਕਰ ਲਿਆ ਹੈ ਅਤੇ ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਦੇ ਨਾਲ ਪ੍ਰਮੁੱਖ ਵਿਭਾਗਾਂ ਦੇ ਕੰਮਕਾਜ ਨੂੰ ਚਲਾਉਣ ਲਈ ਉਨ੍ਹਾਂ ਦੀ ਟੀਮ ਵਿਚ ਨਵੀਂ ਉਰਜਾ ਅਤੇ ਤਾਜਾਪਨ ਆਵੇਗਾ। ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੀ ਆਪਣੇ ਮੰਤਰੀਆਂ ਦੇ ਵਿਭਾਗਾਂ ਵਿਚ ਤਬਦੀਲੀ ਦੇ ਸੰਕੇਤ ਦੇ ਦਿੱਤੇ ਸਨ। ਉਨ੍ਹਾਂ ਨੇ ਸਥਾਨਕ ਸਰਕਾਰ ਵਿਭਾਗ ਆਪਣੇ ਸੀਨੀਅਰ ਸਾਥੀ ਬ੍ਰਹਮ ਮਹਿੰਦਰਾ ਨੂੰ ਦਿੱਤਾ ਹੈ ਜਿਨ੍ਹਾਂ ਕੋਲ ਪਹਿਲਾਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸੀ। ਬ੍ਰਹਮ ਮਹਿੰਦਰਾ ਦਾ ਇਹ ਵਿਭਾਗ ਹੁਣ ਬਲਬੀਰ ਸਿੰਘ ਸਿੱਧੂ ਨੂੰ ਦਿੱਤਾ ਗਿਆ ਹੈ। ਸਥਾਨਕ ਸਰਕਾਰ ਵਿਭਾਗ ਪਹਿਲਾਂ ਨਵਜੋਤ ਸਿੰਘ ਸਿੱਧੂ ਕੋਲ ਸੀ ਜਿਨ੍ਹਾਂ ਨੂੰ ਹੁਣ ਬਿਜਲੀ ਅਤੇ ਨਵੀਂ ਤੇ ਨਵਿਆਉਣ ਯੋਗ ਉਰਜਾ ਸ੍ਰੋਤ ਵਿਭਾਗ ਦਿੱਤਾ ਗਿਆ ਹੈ। ਉਨ੍ਹਾਂ ਦਾ ਪਹਿਲਾ ਸੈਰ-ਸਪਾਟਾ ਅਤੇ ਸੱਭਿਆਚ ਵਿਭਾਗ ਹੁਣ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਕੋਲ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਰੋਜ਼ਗਾਰ ਉਤਪੱਤੀ ਵਿਭਾਗ ਬਣੇ ਰਹਿਣਗੇ ਜਦਕਿ ਸਾਇੰਸ ਅਤੇ ਤਕਨਾਲੌਜੀ ਵਿਭਾਗ ਮੁੱਖ ਮੰਤਰੀ ਨੇ ਆਪਣੇ ਕੋਲ ਰੱਖ ਲਏ ਹਨ। ਬਲਬੀਰ ਸਿੰਘ ਸਿੱਧੂ ਦਾ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਭਾਗ ਤ੍ਰਿਪਤ ਸਿੰਘ ਬਾਜਵਾ ਨੂੰ ਉੱਚ ਸਿੱਖਿਆ ਦੇ ਨਾਲ ਦਿੱਤਾ ਗਿਆ ਹੈ। ਬਾਜਵਾ ਕੋਲ ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਵੀ ਰਹਿਣਗੇ। ਬਾਜਵਾ ਨੂੰ ਉੱਚ ਸਿੱਖਿਆ ਅਤੇ ਪਸ਼ੂ ਪਾਲਣ ਵਿਭਾਗ ਇਸ ਕਰਕੇ ਦਿੱਤਾ ਗਿਆ ਹੈ ਕਿਉਂਕਿ ਸਰਕਾਰ ਇਨ੍ਹਾਂ ਸੈਕਟਰਾਂ ਨੂੰ ਜ਼ਿਆਦਾ ਪ੍ਰਾਥਮਿਕਤਾ ਦੇਣਾ ਚਾਹੁੰਦੀ ਹੈ। ਹਾਲਾਂਕਿ ਬਾਜਵਾ ਤੋਂ ਮਕਾਨ ਤੇ ਸ਼ਹਿਰੀ ਵਿਕਾਸ ਵਿਭਾਗ ਲੈ ਲਿਆ ਹੈ ਜੋ ਕਿ ਸੁਖਵਿੰਦਰ ਸਿੰਘ ਸਰਕਾਰੀਆ ਨੂੰ ਦਿੱਤਾ ਗਿਆ ਹੈ। ਉਸ ਦਾ ਮਾਲ ਵਿਭਾਗ ਗੁਰਪ੍ਰੀਤ ਸਿੰਘ ਕਾਂਗੜ ਨੂੰ ਦੇ ਦਿੱਤਾ ਹੈ ਜੋ ਕਿ ਮੁੜ ਵਸੇਬਾ ਤੇ ਆਫਤਾਂ ਪ੍ਰਬੰਧਨ ਨੂੰ ਵੀ ਦੇਖਦੇ ਰਹਿਣਗੇ। ਮਨਪ੍ਰੀਤ ਸਿੰਘ ਬਾਦਲ ਲਗਾਤਾਰ ਵਿੱਤ, ਯੋਜਨਾ ਅਤੇ ਪ੍ਰੋਗਰਾਮ ਲਾਗੂ ਕਰਨ ਨੂੰ ਦੇਖਦੇ ਰਹਿਣਗੇ ਪਰ ਮੁੱਖ ਮੰਤਰੀ ਨੇ ਗਵਰਨੈਂਸ ਸੁਧਾਰ ਨੂੰ ਆਪਣੇ ਕੋਲ ਲੈ ਲਿਆ ਹੈ। ਸਕੂਲ ਸਿੱਖਿਆ ਵਿਭਾਗ ਓਮ ਪ੍ਰਕਾਸ਼ ਸੋਨੀ ਤੋਂ ਲੈ ਕੇ ਵਿਜੇ ਇੰਦਰ ਸਿੰਗਲਾ ਨੂੰ ਦਿੱਤਾ ਗਿਆ ਹੈ ਜੋ ਜਨ ਸਿਹਤ ਵਿਭਾਗ ਨੂੰ ਵੀ ਦੇਖਣਗੇ। ਸੂਚਨਾ ਤੇ ਤਕਨੋਲੌਜੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੋਲ ਰੱਖ ਲਿਆ ਹੈ। ਸੋਨੀ ਹੁਣ ਮੈਡੀਕਲ ਸਿੱਖਿਆ ਤੇ ਖੋਜ, ਸਵਤੰਤਰਤਾ ਸੈਨਾਨੀ ਅਤੇ ਫੂਡ ਪ੍ਰਾਸੈਸਿੰਗ ਵਿਭਾਗਾਂ ਨੂੰ ਦੇਖਣਗੇ। ਖੇਡਾਂ ਅਤੇ ਯੁਵਾ ਮਾਮਲਿਆਂ ਤੋਂ ਇਲਾਵਾ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਹੁਣ ਐਨ ਆਰ ਆਈ ਮਾਮਲਿਆਂ ਦਾ ਚਾਰਜ ਵੀ ਦਿੱਤਾ ਗਿਆ ਹੈ ਜੋ ਕਿ ਪਹਿਲਾਂ ਮੁੱਖ ਮੰਤਰੀ ਕੋਲ ਸੀ। ਅਰੁਣਾ ਚੌਧਰੀ ਤੋਂ ਟਰਾਂਸਪੋਰਟ ਵਿਭਾਗ ਲੈ ਕੇ ਰਜਿਆ ਸੁਲਤਾਨਾ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਕੋਲ ਜਲ ਸਪਲਾਈ ਵੀ ਰਹਿਗਾ ਪਰ ਉਨ੍ਹਾਂ ਨੂੰ ਉੱਚ ਸਿੱਖਿਆ ਤੋਂ ਮੁਕਤ ਕਰ ਦਿੱਤਾ ਗਿਆ ਹੈ। ਅਰੂਣਾ ਚੌਧਰੀ ਨੂੰ ਸਮਾਜਿਕ ਸੁਰੱਖਿਆ, ਔਰਤਾਂ ਅਤੇ ਬਾਲ ਵਿਕਾਸ ਵਿਭਾਗ ਦਿੱਤੇ ਗਏ ਹਨ। ਸਾਧੂ ਸਿੰਘ ਧਰਮਸੋਤ (ਜੰਗਲਾਤ, ਪ੍ਰਿੰਟਿੰਗ ਤੇ ਸਟੇਸ਼ਨਰੀ, ਐਸ.ਸੀ/ਬੀ.ਸੀ ਭਲਾਈ) ਸੁਖਜਿੰਦਰ ਸਿੰਘ ਰੰਧਾਵਾ (ਸਹਿਕਾਰਿਤਾ, ਜ਼ੇਲ) , ਸੁੰਦਰ ਸ਼ਾਮ ਅਰੋੜਾ (ਉਦਯੋਗ ਤੇ ਕਾਮਰਸ) ਅਤੇ ਭਾਰਤ ਭੂਸ਼ਣ ਆਸ਼ੂ (ਖੁਰਾਕ ਤੇ ਸਿਵਲ ਸਪਲਾਈ, ਖਪਤਕਾਰ ਮਾਮਲੇ) ਦੇ ਵਿਭਾਗਾਂ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ।

Comments are closed.

COMING SOON .....


Scroll To Top
11