Monday , 30 March 2020
Breaking News
You are here: Home » PUNJAB NEWS » ਕੈਪਟਨ ਵੱਲੋਂ ਉਦਯੋਗ ਅਤੇ ਨਿਵੇਸ਼ਕਾਰਾਂ ਲਈ ਪੰਜਾਬ ‘ਚ ਸੁਰੱਖਿਅਤ ਤੇ ਸਥਿਰ ਮਾਹੌਲ ਦਾ ਵਾਅਦਾ

ਕੈਪਟਨ ਵੱਲੋਂ ਉਦਯੋਗ ਅਤੇ ਨਿਵੇਸ਼ਕਾਰਾਂ ਲਈ ਪੰਜਾਬ ‘ਚ ਸੁਰੱਖਿਅਤ ਤੇ ਸਥਿਰ ਮਾਹੌਲ ਦਾ ਵਾਅਦਾ

ਪਾਕਿਸਤਾਨ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਤਾੜਨਾ, ‘ਸੁਧਰ ਜਾਓ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹੋ’

ਐਸ.ਏ.ਐਸ.ਨਗਰ (ਮੋਹਾਲੀ), 5 ਦਸੰਬਰ- ਨਿਵੇਸ਼ ਅਤੇ ਵਿਕਾਸ ਲਈ ਉਦਯੋਗ ਨੂੰ ਸੁਰੱਖਿਅਤ ਤੇ ਸਥਿਰ ਮਾਹੌਲ ਮੁਹੱਈਆ ਕਰਵਾਉਣ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਾਕਿਸਤਾਨ ਦੇ ਨਾਲ-ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਸੂਬੇ ਨੂੰ ਅਸਥਿਰ ਕਰਨ ਦੀ ਕਿਸੇ ਵੀ ਕੋਸ਼ਿਸ਼ ਕੀਤੇ ਜਾਣ ਵਿਰੁੱਧ ਸਖ਼ਤ ਤਾੜਨਾ ਕੀਤੀ ਹੈ। ਉਦਯੋਗ ਨੂੰ ਵਿਕਾਸ ਲਈ ਬਹੁਤ ਹੀ ਸੁਖਾਵਾਂ ਮਾਹੌਲ ਪ੍ਰਦਾਨ ਕਰਦੇ ਪੰਜਾਬ ਦੇ ਸ਼ਾਂਤਮਈ ਹਾਲਾਤ ਵਿੱਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਗੁਆਂਢੀ ਮੁਲਕ ਅਤੇ ਕਿਸੇ ਵੀ ਗੈਂਗਸਟਰ ਜਾਂ ਗੁੰਡਿਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ,”ਸੁਧਰ ਜਾਓ ਜਾਂ ਫਿਰ ਨਤੀਜੇ ਭੁਗਤਨ ਲਈ ਤਿਆਰ ਰਹੋ।” ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ-2019’ ਦੇ ਪਹਿਲੇ ਦਿਨ ਮੁੱਖ ਸੈਸ਼ਨ ਦੌਰਾਨ ਵਿਚਾਰ-ਚਰਚਾ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਪੁਲਿਸ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਕਿਸੇ ਵੀ ਅੰਦਰੂਨੀ ਜਾਂ ਬਾਹਰੀ ਖ਼ਤਰੇ ਨਾਲ ਕਰੜੇ ਹੱਥੀਂ ਨਿਪਟਿਆ ਜਾਵੇ। ਪਾਕਿਸਤਾਨ ਵੱਲੋਂ ਪੰਜਾਬ ਵਿੱਚ ਗੜਬੜ ਪੈਦਾ ਕਰਨ ਦੀਆਂ ਹਾਲ ਹੀ ਵਿੱਚ ਕੀਤੀਆਂ ਕੋਸ਼ਿਸ਼ਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਇਨ੍ਹਾਂ ਮਨਸੂਬਿਆਂ ਨੂੰ ਕੁਚਲ ਕੇ ਰੱਖ ਦਿੱਤਾ। ਆਈ.ਐਸ.ਆਈ. ਦੀ ਸ਼ਹਿ ਨਾਲ ਸੂਬੇ ਵਿੱਚ ਵੱਖ-ਵੱਖ ਗਰੁੱਪਾਂ ਦੀ ਘੁਸਪੈਠ ਦੀਆਂ ਪਾਕਿਸਤਾਨ ਫੌਜ ਦੀਆਂ ਕੋਸ਼ਿਸ਼ਾਂ ਨੂੰ ਵੀ ਪੁਲਿਸ ਨੇ ਮੂੰਹ ਤੋੜਵਾਂ ਜਵਾਬ ਦਿੱਤਾ। ਮੁੱਖ ਮੰਤਰੀ ਨੇ ਕਿਹਾ,”ਪਾਕਿਸਤਾਨ ਦੀਆਂ ਆਪਣੀਆਂ ਸਮੱਸਿਆਵਾਂ ਹਨ ਪਰ ਇਨ੍ਹਾਂ ਸਮੱਸਿਆਵਾਂ ਨੂੰ ਮੈਂ ਆਪਣੀਆਂ ਸਮੱਸਿਆਵਾਂ ਨਹੀਂ ਬਣਨ ਦੇਵਾਂਗਾ।” ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਪੁਲਿਸ ਨੇ 28 ਅੱਤਵਾਦੀ ਗਿਰੋਹਾਂ ਦਾ ਪਰਦਾ ਫਾਸ਼ ਕੀਤਾ ਅਤੇ ਆਈ.ਐਸ.ਆਈ. ਦੀ ਸ਼ਹਿ ਪ੍ਰਾਪਤ 100 ਤੋਂ ਵੱਧ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਮਰਾਨ ਖਾਨ ਸ਼ਾਂਤੀ ਚਾਹੁੰਦੇ ਹਨ ਪਰ ਸ੍ਰੀ ਖਾਨ ਵੱਲੋਂ ਸ਼ਾਂਤੀ ਲਈ ਚੁੱਕੇ ਜਾਣ ਵਾਲੇ ਕਿਸੇ ਵੀ ਕਦਮ ਵਿੱਚ ਪਾਕਿਸਤਾਨੀ ਫੌਜ ਰੋੜੇ ਅਟਕਾ ਦਿੰਦੀ ਹੈ ਕਿਉਂ ਫੌਜ ਆਪਣੀ ਚੌਧਰ ਕਾਇਮ ਰੱਖਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਉਨ੍ਹਾਂ ਨੇ ਆਪਣੇ ਤੌਰ-ਤਰੀਕੇ ਨਾ ਬਦਲੇ ਤਾਂ ਉਹ ਬਰਬਾਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਨੇ ਆਪਣੇ ਲੋਕਾਂ ਦਾ ਢਿੱਡ ਭਰਨਾ ਹੈ ਅਤੇ ਆਪਣੇ ਮੁਲਕ ਨੂੰ ਬਚਾਉਣਾ ਹੈ ਤਾਂ ਪਾਕਿਸਤਾਨ ਦੀ ਫੌਜ ਨੂੰ ਮਿਲਵਰਤਨ ਤੇ ਸਹਿਯੋਗ ਦਾ ਰਾਹ ਫੜਣਾ ਪਵੇਗਾ। ਗੈਂਗਸਟਰਾਂ ਨੂੰ ਵੀ ਸਖ਼ਤ ਚਿਤਾਵਨੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੈਂਗਸਟਰਵਾਦ ਨੂੰ ਖ਼ਤਮ ਕਰਨਾ ਉਨ੍ਹਾਂ ਦੀ ਸਰਕਾਰ ਦੀ ਮੁੱਖ ਤਰਜੀਹ ਹੈ। ਉਨ੍ਹਾਂ ਤਾੜਨਾ ਕਰਦਿਆਂ ਕਿਹਾ ਕਿ ਗੈਂਗਸਟਰ ਤੇ ਗੁੰਡੇ ਜਾਂ ਤਾਂ ਹਥਿਆਰ ਸੁੱਟ ਦੇਣ ਨਹੀਂ ਤਾਂ ਫਿਰ ਉਨ੍ਹਾਂ ਨੂੰ ਨਤੀਜੇ ਭੁਗਤਨੇ ਪੈਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਜਿੱਥੇ ਅਜਿਹੇ ਅਨਸਰਾਂ ਨਾਲ ਕਰੜੇ ਹੱਥੀਂ ਨਿਪਟਿਆ, ਉੱਥੇ ਹੀ ਟਰੱਕ ਯੂਨੀਅਨਾਂ ਦਾ ਵੀ ਖਾਤਮਾ ਕਰ ਦਿੱਤਾ ਤਾਂ ਕਿ ਉਦਯੋਗਿਕ ਗਤੀਵਿਧੀਆਂ ਲਈ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੀ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋਂ ਔਰਤਾਂ ਉਦਯੋਗਾਂ ਵਿੱਚ ਨੌਕਰੀਆਂ ਖਾਸਕਰ ਰਾਤ ਦੇ ਸਮੇਂ ਦੀਆਂ ਸ਼ਿਫਟਾਂ ਦੌਰਾਨ ਵੀ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਕੋਈ ਵੀ ਔਰਤ ਨਾ ਸਿਰਫ਼ ਰਾਤ ਵੇਲੇ ਸੁਰੱਖਿਅਤ ਘਰ ਪਹੁੰਚਣ ਲਈ ਪੁਲਿਸ ਨੂੰ ਬੁਲਾ ਸਕਦੀ ਹੈ, ਸਗੋਂ ਜੇਕਰ ਉਹ ਦਿਨ ਵੇਲੇ ਵੀ ਕਿਸੇ ਤਰ੍ਹਾਂ ਦੀ ਅਸੁਰੱਖਿਆ ਜਾਂ ਖ਼ਤਰਾ ਮਹਿਸੂਸ ਕਰਦੀ ਹੈ ਤਾਂ ਉਹ ਦਿਨ ਵੇਲੇ ਵੀ ਪੁਲਿਸ ਦੀ ਸਹਾਇਤਾ ਲੈ ਸਕਦੀ ਹੈ। ਸੂਬੇ ਦੀ ਤਰੱਕੀ ਲਈ ਉਦਯੋਗਿਕ ਵਿਕਾਸ ਨੂੰ ਮਹੱਤਵਪੂਰਨ ਸੈਕਟਰ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗ ਦੀ ਸਹੂਲਤ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਨਅਤ ਅਤੇ ਨਿਵੇਸ਼ਕਾਂ ਨੂੰ ਢੁੱਕਵਾਂ ਮਾਹੌਲ ਮੁਹੱਈਆ ਕਰਵਾਉਣ ‘ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ ਤਾਂ ਕਿ ਪੰਜਾਬ ਨਿਵੇਸ਼ ਪੱਖੋਂ ਤਰਜੀਹੀ ਟਿਕਾਣੇ ਵਜੋਂ ਉਭਰੇ। ਉਨ੍ਹਾਂ ਕਿਹਾ ਕਿ ਸਾਲ 2017 ਵਿੱਚ ਲਿਆਂਦੀ ਉਦਯੋਗਿਕ ਨੀਤੀ ਨੇ ਉਸ ਤੋਂ ਪਹਿਲਾਂ ਦੀ ਨੀਤੀ ਵਿਚਲੀਆਂ ਕਈ ਕਮਜ਼ੋਰੀਆਂ ਨੂੰ ਦੂਰ ਕੀਤਾ। ਉਨ੍ਹਾਂ ਕਿਹਾ ਕਿ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਸਿੰਗਲ ਵਿੰਡੋ ਕਲੀਅਰੈਂਸ, ਆਨ ਲਾਈਨ ਅਰਜ਼ੀਆਂ ਤੇ ਪ੍ਰਵਾਨਗੀਆਂ, ਉਦਯੋਗਾਂ ਲਈ ਬਿਜਲੀ ‘ਤੇ ਸਬਸਿਡੀ, ਵਪਾਰ ਤੇ ਸਨਅਤ ਨਾਲ ਸਬੰਧਤ ਮੁੱਖ ਕਾਨੂੰਨਾਂ ਵਿੱਚ ਸੋਧ ਦੇ ਨਾਲ-ਨਾਲ ਜਲ ਨੇਮਬੰਦੀ ਵਰਗੀਆਂ ਸਹੂਲਤਾਂ ਨਿਵੇਸ਼ਕਾਰਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਸੂਬੇ ਦੀ ਪੜ੍ਹੀ ਲਿਖੀ ਤੇ ਸਮਰਪਿਤ ਮਾਨਵ ਸ਼ਕਤੀ ਉਦਯੋਗ ਲਈ ਵੱਡਾ ਸਰਮਾਇਆ ਹੈ। ਅਨਾਜ ਦੇ ਵਾਧੂ ਉਤਪਾਦਨ ਨਾਲ ਪੰਜਾਬ ਲਈ ਖੇਤੀਬਾੜੀ ਹੁਣ ਹੰਢਣਸਾਰ ਨਾ ਹੋਣ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਲੋਕਾਂ ਨੂੰ ਖੇਤੀਬਾੜੀ ਤੋਂ ਉਦਯੋਗ ਵੱਲ ਲਿਆਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਨਅਤੀ ਸੈਕਟਰ ਰੁਜ਼ਗਾਰ ਦੇ ਸਹੀ ਮੌਕੇ ਮੁਹੱਈਆ ਕਰਵਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਦੂਜੇ ਮੁਲਕਾਂ ਵੱਲ ਜਾਣ ਨੂੰ ਠੱਲ੍ਹ ਪਾਉਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਪਣੇ ਪੱਧਰ ‘ਤੇ ਨੌਜਵਾਨਾਂ ਲਈ ਹੁਨਰ ਵਿਕਾਸ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ ਤਾਂ ਜੋ ਰੁਜ਼ਗਾਰ ਲਈ ਵੱਧ ਤੋਂ ਵੱਧ ਮੌਕੇ ਪੈਦਾ ਹੋ ਸਕਣ।

Comments are closed.

COMING SOON .....


Scroll To Top
11