Tuesday , 20 August 2019
Breaking News
You are here: Home » EDITORIALS » ਕੈਪਟਨ ਦੇ ਹੋਰ ਮਜ਼ਬੂਤ ਹੋਣ ਦੇ ਆਸਾਰ

ਕੈਪਟਨ ਦੇ ਹੋਰ ਮਜ਼ਬੂਤ ਹੋਣ ਦੇ ਆਸਾਰ

ਪੰਜਾਬ ਵਿੱਚ ਲੋਕ ਸਭਾ ਦੇ 13 ਹਲਕਿਆਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ’ਚ ਇਕ ਨਵੀਂ ਸਫਬੰਦੀ ਉਭਰਨ ਦੇ ਆਸਾਰ ਹਨ। ਚੋਣਾਂ ਦੇ ਨਤੀਜਿਆਂ ਨਾਲ ਪ੍ਰਮੁੱਖ ਸਿਆਸੀ ਨੇਤਾਵਾਂ ਦਾ ਵਕਾਰ ਜੁੜਿਆ ਹੋਇਆ ਹੈ। ਪੰਜਾਬ ਦੇ ਵੋਟਰਾਂ ਨੇ ਸਿਰਫ 13 ਮੈਂਬਰ ਲੋਕ ਸਭਾ ਹੀ ਨਹੀਂ ਚੁਣਨੇ ਸਗੋਂ ਉਨ੍ਹਾਂ ਨੇ ਇਸ ਗੱਲ ਦੀ ਵੀ ਚੋਣ ਕਰਨੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸੀ ਅਗਵਾਈ ਕੌਣ ਕਰੇਗਾ। 2014 ਦੀ ਲੋਕ ਸਭਾ ਚੋਣ ਦੌਰਾਨ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਸੀ। ਇਸ ਦੇ ਬਾਵਜੂਦ ਕਾਂਗਰਸ ਨੂੰ ਇਸ ਚੋਣ ਵਿੱਚ ਸਭ ਤੋਂ ਵੱਧ 33.10 ਫੀਸਦੀ ਵੋਟਾਂ ਮਿਲੀਆਂ ਸਨ। ਕਾਂਗਰਸ ਤਿੰਨ ਹਲਕਿਆਂ ਉਪਰ ਜੇਤੂ ਬਣੀ ਸੀ। ਉਸ ਵੇਲੇ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ 26.30 ਫੀਸਦੀ ਵੋਟਾਂ ਮਿਲੀਆਂ ਸਨ ਅਤੇ ਉਸ ਨੇ 4 ਸੀਟਾਂ ਤੋਂ ਜਿੱਤ ਹਾਸਿਲ ਕੀਤੀ ਸੀ। ਬਾਦਲ ਦਲ ਦੀ ਗਠਜੋੜ ਸਹਿਯੋਗੀ ਭਾਰਤੀ ਜਨਤਾ ਪਾਰਟੀ ਨੇ 8.70 ਫੀਸਦੀ ਵੋਟਾਂ ਹਾਸਿਲ ਹੋਈਆਂ ਸਨ ਅਤੇ ਉਸ ਨੇ 2 ਸੀਟਾਂ ਜਿੱਤੀਆਂ ਸਨ। ਨਵੀਂ ਉਭਰੀ ਅਤੇ ਪਹਿਲੀ ਵਾਰ ਚੋਣ ਲੜਨ ਵਾਲੀ ਆਮ ਆਦਮੀ ਪਾਰਟੀ ਨੂੰ 2014 ਦੀ ਇਸ ਚੋਣ ਵਿੱਚ ਕੁੱਲ 24.40 ਫੀਸਦੀ ਵੋਟਾਂ ਮਿਲੀਆਂ ਸਨ ਅਤੇ ਪਾਰਟੀ ਨੇ ਚਾਰ ਹਲਕਿਆਂ ਤੋਂ ਜਿੱਤ ਹਾਸਿਲ ਕੀਤੀ ਸੀ। ਇਸ ਵਾਰ ਇਸ ਸਥਿਤੀ ਵਿੱਚ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਵੋਟ ਫੀਸਦੀ ਅਤੇ ਸੀਟਾਂ ਦੀ ਗਿਣਤੀ ਦੇ ਪੱਖੋਂ ਵੱਡਾ ਝਟਕਾ ਲੱਗ ਸਕਦਾ ਹੈ। ਲਾਜ਼ਮੀ ਤੌਰ ’ਤੇ ਇਨ੍ਹਾਂ ਤਿੰਨਾਂ ਧਿਰਾਂ ਦਾ ਘਾਟਾ ਕਾਂਗਰਸ ਦਾ ਵਾਧਾ ਹੋਵੇਗਾ। ਹੋ ਸਕਦਾ ਹੈ ਕਾਂਗਰਸ ਦੇ ਵੋਟ ਫੀਸਦੀ ਵਿੱਚ ਕੋਈ ਵੱਡਾ ਇਜਾਫਾ ਨਾ ਹੋਵੇ। ਪ੍ਰੰਤੂ ਨਵੇਂ ਹਾਲਾਤਾਂ ਵਿੱਚ ਕਾਂਗਰਸ ਨੂੰ ਤਿੰਨ ਤੋਂ ਵਧੇਰੇ ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਜੇਕਰ ਕਾਂਗਰਸ ਦੀਆਂ ਲੋਕ ਸਭਾ ਸੀਟਾਂ ’ਚ ਵਾਧਾ ਹੁੰਦਾ ਹੈ ਤਾਂ ਇਸ ਦਾ ਸਿੱਧੇ ਤੌਰ ’ਤੇ ਸਿਆਸੀ ਲਾਭ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੋਵੇਗਾ। ਮੁੱਖ ਮੰਤਰੀ ਦੀ ਅਗਵਾਈ ਹੇਠ ਜੇਕਰ ਕਾਂਗਰਸ ਇਸ ਵਾਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਰਾ ਦਿੰਦੀ ਹੈ ਤਦ ਕੈਪਟਨ ਕਾਂਗਰਸ ਅਤੇ ਪੰਜਾਬ ਦੇ ਨਿਰਵਿਵਾਦ ਆਗੂ ਵਜੋਂ ਉਭਰ ਆਉਣਗੇ। ਇਸ ਜਿੱਤ ਨਾਲ ਉਹ ਕਾਂਗਰਸ ਅੰਦਰਲੇ ਆਪਣੇ ਸਾਰੇ ਵਿਰੋਧੀਆਂ ਅਤੇ ਮੁਕਾਬਲੇ ’ਤੇ ਖ਼ੜ੍ਹੇ ਨੇਤਾਵਾਂ ਨੂੰ ਚਿੱਤ ਕਰ ਦੇਣਗੇ। ਲਾਜ਼ਮੀ ਤੌਰ ’ਤੇ ਇਸ ਜਿੱਤ ਨਾਲ ਕੈਪਟਨ ਅਮਰਿੰਦਰ ਸਿੰਘ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਦੀ ਅਗਵਾਈ ਕਰਨਗੇ। ਕਾਂਗਰਸ ਦੀ ਹਾਈਕਮਾਂਨ ਨੂੰ ਪੰਜਾਬ ਵਿੱਚ ਕੈਪਟਨ ਦੀ ਸਰਦਾਰੀ ਕਬੂਲ ਕਰਕੇ ਚੱਲਣਾ ਹੋਵੇਗਾ। ਇਸ ਵਾਰ ਲੋਕ ਸਭਾ ਦੀਆਂ ਚੋਣਾਂ ਵਿੱਚ ਟਿਕਟਾਂ ਦੇਣ ਸਮੇਂ ਵੀ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਪ੍ਰਮੁੱਖਤਾ ਦਿੱਤੀ ਹੈ। ਲਾਜਮੀ ਤੌਰ ’ਤੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਬੇਹਤਰ ਨਤੀਜੇ ਦੇਣ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੇ ਸਿਰ ਹੀ ਹੈ। ਬੇਹਤਰ ਨਤੀਜਿਆਂ ਦਾ ਸਿਹਰਾ ਵੀ ਨਿੱਜੀ ਤੌਰ ’ਤੇ ਉਨ੍ਹਾਂ ਨੂੰ ਹੀ ਮਿਲੇਗਾ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11