Monday , 22 October 2018
Breaking News
You are here: Home » EDITORIALS » ਕੈਪਟਨ ਦੀ ਸੋਚ ਨੂੰ ਸਲਾਮ

ਕੈਪਟਨ ਦੀ ਸੋਚ ਨੂੰ ਸਲਾਮ

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਨਾਮਜ਼ਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀ ਮੰਡਲ ਸਮੇਤ 16 ਮਾਰਚ ਨੂੰ ਚੰਡੀਗੜ੍ਹ ਵਿਖੇ ਅਹੁਦੇ ਦਾ ਹਲਫ ਲੈ ਰਹੇ ਹਨ। ਉਨ੍ਹਾਂ ਨੇ ਸਹੁੰ ਚੁੱਕ ਸਮਾਗਮ ਨੂੰ ਸਾਦਾ ਰੱਖਣ ਦੇ ਆਦੇਸ਼ ਦਿੱਤੇ ਹਨ। ਪੰਜਾਬ ਦੀ ਮਾੜੀ ਵਿੱਤੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਵੱਲੋਂ ਅਧਿਕਾਰੀਆਂ ਨੂੰ ਫਜ਼ੂਲ ਖਰਚੀ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਸਾਰੇ ਵਿਧਾਇਕਾਂ ਨੂੰ ਵੀ ਇਹ ਆਖਿਆ ਗਿਆ ਹੈ ਕਿ ਉਹ ਸਮਾਗਮ ਲਈ ਸੱਦਾ ਪੱਤਰ ਸੀਮਤ ਰੱਖਣ ਅਤੇ ਚੰਡੀਗੜ੍ਹ ਵਿੱਚ ਭੀੜ-ਭੜੱਕਾ ਨਾ ਕੀਤਾ ਜਾਵੇ। ਚੰਡੀਗੜ੍ਹ ਵਿੱਚ ਵਧੇਰੇ ਭੀੜ ਜੋੜਨ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਪੈਦਾ ਹੁੰਦੀਆਂ ਹਨ ਅਤੇ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਆ ਗਿਆ ਇਹ ਫੈਸਲਾ ਆਪਣੇ ਆਪ ਵਿੱਚ ਬਹੁਤ ਵੱਡੀ ਪਹਿਲਕਦਮੀ ਹੈ। ਆਪਣੇ ਇਸ ਪਹਿਲੇ ਕਦਮ ਨਾਲ ਹੀ ਉਨ੍ਹਾਂ ਨੇ ਸਮੂਹ ਪੰਜਾਬੀਆਂ ਦੇ ਦਿਲ ਜਿੱਤ ਲਏ ਹਨ। ਪੰਜਾਬ ਨੂੰ ਮੌਜੂਦਾ ਸੰਕਟ ਵਿੱਚੋਂ ਕੱਢਣ ਲਈ ਇਸੇ ਤਰ੍ਹਾਂ ਦੀ ਹੀ ਸੋਚ ਦੀ ਲੋੜ ਹੈ। ਸਾਰੇ ਕਾਂਗਰਸੀ ਵਿਧਾਇਕਾਂ ਅਤੇ ਨੇਤਾਵਾਂ ਨੂੰ ਵੀ ਉਨ੍ਹਾਂ ਦਾ ਇਸ ਮਾਮਲੇ ਵਿੱਚ ਸਾਥ ਦੇਣਾ ਚਾਹੀਦਾ ਹੈ। ਪੰਜਾਬ ਨੂੰ ਆਰਥਿਕ ਤੌਰ ’ਤੇ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ਬੇਲੋੜੇ ਅਤੇ ਫਜੂਲ ਖਰਚੇ ਰੋਕਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਨੂੰ ਇਹ ਵੀ ਚਾਹੀਦਾ ਹੈ ਕਿ ਸਾਰੇ ਮੰਤਰੀਆਂ ਅਤੇ ਹੋਰ ਨੇਤਾਵਾਂ ਨੂੰ ਬੇਲੋੜੀ ਸੁਰੱਖਿਆ ਛੱਤਰੀ ਨਾ ਦਿੱਤੀ ਜਾਵੇ। ਹਲਕਿਆਂ ਦੇ ਦੌਰਿਆਂ ਉੱਪਰ ਹੋਣ ਵਾਲੇ ਖਰਚਿਆਂ ਨੂੰ ਵੀ ਸੀਮਤ ਕੀਤਾ ਜਾਵੇ। ਸਾਰੇ ਸਰਕਾਰੀ ਅਧਿਕਾਰੀਆਂ ਨੂੰ ਵੀ ਇਸੇ ਤਰ੍ਹਾਂ ਸੰਜਮ ਰੱਖਣ ਦੇ ਆਦੇਸ਼ ਦਿੱਤੇ ਜਾਣ। ਬੇਲੋੜੇ ਖਰਚਿਆਂ ਨੂੰ ਘਟਾਉਣ ਲਈ ਹੋਰ ਕਦਮ ਵੀ ਚੁੱਕੇ ਜਾਣੇ ਚਾਹੀਦੇ ਹਨ। ਪੰਜਾਬ ਸਰਕਾਰ ਦੀਆਂ ਉਨ੍ਹਾਂ ਬੇਲੋੜੀਆਂ ਨਿਗਮਾਂ ਅਤੇ ਟਰੱਸਟਾਂ ਨੂੰ ਵੀ ਤੁਰੰਤ ਖਤਮ ਕਰ ਦੇਣਾ ਚਾਹੀਦਾ ਹੈ ਜਿਹੜੇ ਖਜ਼ਾਨੇ ’ਤੇ ਬੋਝ ਬਣ ਗਏ ਹਨ। ਘਾਟੇ ਵਿੱਚ ਚੱਲ ਰਹੇ ਅਦਾਰਿਆਂ ਨੂੰ ਜਾਰੀ ਰੱਖਣ ਨਾਲ ਪੰਜਾਬ ਨੂੰ ਦਹਾਕਿਆਂ ਤੋਂ ਭਾਰੀ ਨੁਕਸਾਨ ਹੋ ਰਿਹਾ ਹੈ। ਪੰਜਾਬ ਦੇ ਵਿਕਾਸ ਅਤੇ ਤਰੱਕੀ ਨੂੰ ਮੁੜ ਪੱਟੜੀ ’ਤੇ ਲਿਆਉਣ ਲਈ ਲੋਕਾਂ ਨੂੰ ਵੀ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਖੁੱਲ੍ਹੇ ਮਨ ਨਾਲ ਸਮਰਥਨ ਕਰਨਾ ਚਾਹੀਦਾ ਹੈ। ਇਹ ਉਮੀਦ ਕਰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਇਸੇ ਸੋਚ ਨੂੰ ਹੋਰ ਅੱਗੇ ਤੋਰਨਗੇ। ਪੰਜਾਬ ਦੇ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਉਨ੍ਹਾਂ ਨੂੰ ਸੂਬੇ ਦੀ ਅਗਵਾਈ ਸੌਂਪੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਅਤੇ ਪੰਜਾਬ ਪੱਖੀ ਸੋਚ ਨੂੰ ਸਲਾਮ ਕਰਨਾ ਬਣਦਾ ਹੈ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11