Wednesday , 19 December 2018
Breaking News
You are here: Home » PUNJAB NEWS » ਕੈਪਟਨ ਤੇ ਬਰਤਾਨੀਆ ਦੇ ਸਫ਼ੀਰ ਉਦਯੋਗਿਕ ਆਧੁਨਿਕੀਕਰਨ ਤੇ ਹੁਨਰ ਵਿਕਾਸ ਸਮੇਤ ਕਈ ਖੇਤਰਾਂ ’ਚ ਸਹਿਯੋਗ ਲਈ ਸਹਿਮਤ

ਕੈਪਟਨ ਤੇ ਬਰਤਾਨੀਆ ਦੇ ਸਫ਼ੀਰ ਉਦਯੋਗਿਕ ਆਧੁਨਿਕੀਕਰਨ ਤੇ ਹੁਨਰ ਵਿਕਾਸ ਸਮੇਤ ਕਈ ਖੇਤਰਾਂ ’ਚ ਸਹਿਯੋਗ ਲਈ ਸਹਿਮਤ

ਪੰਜਾਬ ਤੋਂ ਯੂ.ਕੇ. ਵਿੱਚ ਗ਼ੈਰਕਾਨੂੰਨੀ ਆਵਾਸ ਨੂੰ ਠੱਲ੍ਹ ਪਾਉਣ ਲਈ ਤਿੱਖੀ ਨਜ਼ਰ ਰੱਖਣ ਬਾਰੇ ਚਰਚਾ

ਮੁਹਾਲੀ/ਚੰਡੀਗੜ੍ਹ, 8 ਮਾਰਚ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬ੍ਰਿਟਿਸ਼ ਹਾਈ ਕਮਿਸ਼ਨਰ ਡੌਮਨਿਕ ਅਸਕਿਊਥ ਨੇ ਵੀਰਵਾਰ ਨੂੰ ਇੱਥੇ ਸੂਬੇ ਵਿੱਚ ਸਨਅਤੀ ਆਧੁਨਿਕੀਕਰਨ, ਹੁਨਰ ਵਿਕਾਸ, ਫੂਡ ਪ੍ਰੋਸੈਸਿੰਗ ਅਤੇ ਕੋਲਡ ਚੇਨ ਸਹੂਲਤਾਂ ’ਚ ਸਹਿਯੋਗ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਪੰਜਾਬ ਤੋਂ ਯੂ.ਕੇ. ਵਿੱਚ ਗ਼ੈਰਕਾਨੂੰਨੀ ਆਵਾਸ ਨੂੰ ਠੱਲ੍ਹ ਪਾਉਣ ਅਤੇ ਨਜ਼ਰ ਰੱਖਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਇਸ ਬੈਠਕ ਬਾਅਦ ਸਰਕਾਰੀ ਤਰਜਮਾਨ ਨੇ ਦੱਸਿਆ ਕਿ ਮੁੱਖ ਮੰਤਰੀ ਤੇ ਹਾਈ ਕਮਿਸ਼ਨਰ ਨੇ ਗ਼ੈਰਕਾਨੂੰਨੀ ਆਵਾਸ ਰਾਹੀਂ ਭੋਲੇ-ਭਾਲੇ ਲੋਕਾਂ ਦੀ ਲੁੱਟ ਕਰਨ ਵਾਲੇ ਟਰੈਵਲ ਏਜੰਟਾਂ ਨੂੰ ਨੱਥ ਪਾਉਣ ਲਈ ਕਦਮ ਚੁੱਕਣ ਦੀ ਲੋੜ ਉਤੇ ਸਹਿਮਤੀ ਪ੍ਰਗਟਾਈ। ਇਸ ਗੱਲਬਾਤ ਦਾ ਏਜੰਡਾ ਸਨਅਤੀ ਆਧੁਨਿਕੀਕਰਨ ਸੀ, ਜਿਸ ਵਿੱਚ ਸੂਬੇ ਵਿੱਚ ਸਨਅਤੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਰੋਬੋਟਿਕਸ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਦੀ ਵਰਤੋਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਉਨ੍ਹਾਂ ਨੇ ਇਸ ’ਤੇ ਮਿਲ ਕੇ ਕੰਮ ਕਰਨ ਲਈ ਸਹਿਮਤੀ ਪ੍ਰਗਟਾਈ। ਮੁੱਖ ਮੰਤਰੀ ਨੇ ਪੰਜਾਬ ’ਚ ਨਵੀਂ ਸਨਅਤੀ ਨੀਤੀ ਤੋਂ ਬਾਅਦ ਵੱਡੀਆਂ ਨਿਵੇਸ਼ ਸੰਭਾਵਨਾਵਾਂ ਪੈਦਾ ਹੋਣ ਦਾ ਜ਼ਿਕਰ ਕੀਤਾ।
ਹੁਨਰ ਵਿਕਾਸ ਖੇਤਰ ਵਿੱਚ ਸਹਿਯੋਗ ਲਈ ਉਤਸ਼ਾਹਿਤ ਮੁੱਖ ਮੰਤਰੀ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਸਰਕਾਰ ਦੀ ਅਹਿਮ ਤਰਜੀਹ ਹੈ। ਉਨ੍ਹਾਂ ਨੇ ਹਾਈ ਕਮਿਸ਼ਨਰ ਨੂੰ ਦੱਸਿਆ ਕਿ ਸਕਿੱਲਜ਼ ਯੂਨੀਵਰਸਿਟੀ ਸਥਾਪਤ ਕਰਨ ਤੋਂ ਇਲਾਵਾ ਸਰਕਾਰ ਵੱਲੋਂ ਆਈਟੀਆਈਜ਼ ’ਚ ਸ਼ਾਮ ਨੂੰ ਹੁਨਰ ਵਿਕਾਸ ਕਲਾਸਾਂ ਸ਼ੁਰੂ ਕਰਨ ਬਾਰੇ ਤਜਵੀਜ਼ ਉਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ’ਚ ਸਿੱਖਿਆ ਪ੍ਰਣਾਲੀ ਗਿਣਾਤਮਕ ਤੇ ਗੁਣਾਤਮਕ ਪੱਖਾਂ ਤੋਂ ਪੱਛੜੀ ਹੋਈ ਹੈ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਹੁਨਰ ਵਿਕਾਸ ਅਹਿਮ ਬਦਲ ਵਜੋਂ ਉਭਰਿਆ ਹੈ। ਤਰਜਮਾਨ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਕੋਲਡ ਚੇਨ ਸਹੂਲਤਾਂ ਦੇ ਵਿਕਾਸ ’ਚ ਪ੍ਰਦੂਸ਼ਣਮੁਕਤ ਊਰਜਾ ਤੋਂ ਇਲਾਵਾ ਪੈਟਰੋਲ ਤੇ ਡੀਜ਼ਲ ਵਾਹਨਾਂ ਦੀ ਜਗ੍ਹਾ ਬਿਜਲੀ ਵਾਹਨਾਂ ਨੂੰ ਉਤਸ਼ਾਹਿਤ ਕਰਨ ’ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ।
ਮੁੱਖ ਮੰਤਰੀ ਤੇ ਹਾਈ ਕਮਿਸ਼ਨਰ ਨੇ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਹੋਰ ਸਹਿਯੋਗ ਲਈ ਸਹਿਮਤੀ ਪ੍ਰਗਟਾਈ। ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਦੀ ਹਾਲਤ ’ਤੇ ਚਿੰਤਾ ਜ਼ਾਹਿਰ ਕਰਦਿਆਂ ਯੂ.ਕੇ. ਤੋਂ ਨਿਵੇਸ਼ ਲਈ ਸਮਰਥਨ ਮੰਗਿਆ ਤਾਂ ਜੋ ਨਵੀਆਂ ਤਕਨੀਕਾਂ ਅਤੇ ਸਹੂਲਤਾਂ ਨਾਲ ਉਨ੍ਹਾਂ ਦੀ ਆਮਦਨ ਦੇ ਵਸੀਲੇ ਵਧਾਏ ਜਾ ਸਕਣ।

Comments are closed.

COMING SOON .....


Scroll To Top
11