Friday , 23 August 2019
Breaking News
You are here: Home » PUNJAB NEWS » ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰਾਗੜ੍ਹੀ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ, ਨੌਜਵਾਨਾਂ ਨੂੰ ਵੱਡੀ ਪੱਧਰ ‘ਤੇ ਫੌਜ ਵਿਚ ਸ਼ਾਮਲ ਹੋਣ ਦੀ ਅਪੀਲ

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰਾਗੜ੍ਹੀ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ, ਨੌਜਵਾਨਾਂ ਨੂੰ ਵੱਡੀ ਪੱਧਰ ‘ਤੇ ਫੌਜ ਵਿਚ ਸ਼ਾਮਲ ਹੋਣ ਦੀ ਅਪੀਲ

ਚੰਡੀਗੜ੍ਹ, 11 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਸਾਰਾਗੜ੍ਹੀ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਨੌਜਵਾਨਾਂ ਨੂੰ ਆਪਣੇ ਜੀਵਨ ਵਿਚ ਬਹਾਦਰੀ ਅਤੇ ਸਾਹਸ ਦੀਆਂ ਕਦਰਾਂ-ਕੀਮਤਾਂ ਭਰਨ ਦਾ ਸੱਦਾ ਦਿੱਤਾ ਹੈ।

ਪਿਛਲੇ ਸਾਲ ਇਸ ਜੰਗ ਦੀ 120ਵੀਂ ਵਰ੍ਹੇਗੰਢ ਮੌਕੇ ਆਪਣੀ ਕਿਤਾਬ ”ਦੀ 36 ਸਿੱਖਜ਼ ਇਨ ਦੀ ਤਿਰਾਹ ਕੰਪੇਨ 1897-98 – ਸਾਰਾਗੜ੍ਹੀ ਐਂਡ ਦੀ ਡਿਫੈਂਸ ਆਫ ਦੀ ਸਮਾਣਾ ਫੋਰਟਸ” ਨੂੰ ਕਲਮਬੰਦ ਅਤੇ ਜਾਰੀ ਕਰਨ ਵਾਲੇ ਮੁੱਖ ਮੰਤਰੀ ਨੇ ਕਿਹਾ ਕਿ 36ਵੀਂ ਸਿੱਖ ਦੇ ਫੌਜੀਆਂ ਵੱਲੋਂ ਦਿੱਤਾ ਗਿਆ ਬਲਿਦਾਨ ਭਾਰਤੀ ਫੌਜ ਦੀ ਇਸ ਇੰਫੈਂਟਰੀ ਰੈਜੀਮੈਂਟ ਦੇ ਇਤਿਹਾਸ ਵਿਚ ਹਮੇਸ਼ਾ ਹੀ ਮੂਰਤੀਮਾਨ ਰਹੇਗਾ।

ਮੁੱਖ ਮੰਤਰੀ ਨੇ ਯਾਦ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਹੀ ਬਹਾਦਰ ਫੌਜੀਆਂ ਦੀ ਯਾਦ ਵਿਚ ਕੁਝ ਪਹਿਲਕਦਮੀਆਂ ਦਾ ਐਲਾਨ ਕੀਤਾ ਹੋਇਆ ਹੈ ਅਤੇ ਸਕੂਲ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿਚ ਇਸ ਜੰਗ ਨੂੰ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਦੀ ਇਸ ਇਤਿਹਾਸਕ ਘਟਨਾ ਬਾਰੇ ਜਾਗਰੂਕ ਕਰਕੇ ਨੌਜਵਾਨਾਂ ਨੂੰ ਉਤਸ਼ਾਹਤ ਕਰਨਾ ਜ਼ਰੂਰੀ ਹੈ ਜਿਸ ਵਿਚ 22 ਫੌਜੀਆਂ ਨੇ ਅਥਾਹ ਹੌਸਲਾ ਵਿਖਾਇਆ ਅਤੇ ਉਨ੍ਹਾਂ ਨੇ ਆਤਮ ਸਮਰਪਣ ਕਰਨ ਦੀ ਥਾਂ ਮੌਤ ਨੂੰ ਗਲੇ ਲਗਾਇਆ।

ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਸਾਰਾਗੜ੍ਹੀ ਦੀ ਜੰਗ ਵਿੱਚ ਹਿੱਸਾ ਲੈਣ ਵਾਲੇ 36 ਸਿੱਖ ਦੇ ਹਵਾਲਦਾਰ ਈਸ਼ਰ ਸਿੰਘ ਨੂੰ ਸ਼ਰਧਾਂਜਲੀ ਵਜੋਂ ਰਾਏਕੋਟ ਦੇ ਝੋਰੜਾਂ ਪਿੰਡ ਵਿਚ 10 ਬਿਸਤਰਿਆਂ ਦਾ ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਸਥਾਪਤ ਕਰਨ ਦਾ ਫੈਸਲਾ ਲਿਆ ਹੈ ਜਿਸ ਨੂੰ ਬਣਾਉਣ ਦੀ ਪ੍ਰਗਤੀ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਜੰਗ ਦੀ ਅਗਵਾਈ ਕਰਨ ਵਾਲੇ ਹਵਾਲਦਾਰ ਈਸ਼ਰ ਸਿੰਘ ਦੀ ਯਾਦ ਵਿਚ ਵੱਡੀ ਯਾਦਗਾਰ ਵੀ ਬਣਾਈ ਜਾ ਰਹੀ ਹੈ। ਇਸ ਦੇ ਨਾਲ ਹੋਰਨਾਂ ਫੌਜੀਆਂ ਦੀਆਂ ਵੀ ਉਨ੍ਹਾਂ ਦੇ ਪਿੰਡਾਂ ਵਿਚ ਯਾਦਗਾਰਾਂ ਬਣਾਈਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵੱਧ ਤੋਂ ਵੱਧ ਪਹਿਲਕਦਮੀਆਂ ਕਰਨ ਲਈ ਵਚਨਬੱਧ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਫੌਜੀਆਂ ਵਜੋਂ ਇਤਿਹਾਸ ਵਿਚ ਅਥਾਹ ਹੌਸਲਾ ਅਤੇ ਸਾਹਸ ਵਿਖਾਇਆ ਹੈ ਅਤੇ ਉਨ੍ਹਾਂ ਵੱਲੋਂ ਵੱਖ-ਵੱਖ ਸਮਿਆਂ ਦੌਰਾਨ ਨਿਭਾਈ ਬਹਾਦਰਾਨਾ ਭੂਮਿਕਾ ਹਮੇਸ਼ਾ ਯਾਦਾਂ ਵਿੱਚ ਬਣੀ ਰਹੇਗੀ।

ਮੁੱਖ ਮੰਤਰੀ ਨੇ ਇਨ੍ਹਾਂ ਬਹਾਦਰ ਫੌਜੀਆਂ ਦੇ ਬਲਿਦਾਨ ਤੋਂ ਨੌਜਵਾਨਾਂ ਨੂੰ ਪ੍ਰੇਰਨਾ ਲੈਣ ਦਾ ਸੱਦਾ ਦਿੰਦੇ ਹੋਏ ਭਾਰਤੀ ਫੌਜ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਹਾਲ ਹੀ ਦੇ ਸਮਿਆਂ ਦੌਰਾਨ ਫੌਜ ਵਿਚ ਸਿੱਖਾਂ ਦੀ ਨੁਮਾਇੰਦਗੀ ਵਿਚ ਕਮੀ ਆਈ ਹੈ। ਦੁਨੀਆਂ ਭਰ ਵਿਚ ਸਿੱਖ ਆਪਣੀ ਅਥਾਹ ਬਹਾਦਰੀ ਲਈ ਜਾਣੇ ਜਾਂਦੇ ਹਨ ਅਤੇ ਸਿੱਖ ਫੌਜੀਆਂ ਨੇ ਹਮੇਸ਼ਾ ਹੀ ਭਾਈਚਾਰੇ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਨਵੀਆਂ ਪੀੜ੍ਹੀਆਂ ਵਿਚ ਸਨਮਾਨ ਦੀ ਭਾਵਨਾ ਪੈਦਾ ਹੋਵੇਗੀ ਅਤੇ ਸਿੱਖ, ਫੌਜ ਵਿਚ ਆਪਣੀ ਸਨਮਾਨਪੂਰਨ ਸਥਾਨ ਲਗਾਤਾਰ ਬਣਾਈ ਰੱਖਣਗੇ।

Comments are closed.

COMING SOON .....


Scroll To Top
11