ਨਸ਼ਿਆਂ ਦੀ ਸਮੱਸਿਆ ਲਈ ਅਕਾਲੀ ਹੀ ਸਾਰੇ ਪੁਆੜੇ ਦੀ ਜੜ੍ਹ
ਚੰਡੀਗੜ੍ਹ, 7 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਨਸ਼ਿਆਂ ਤੇ ਬੇਅਦਬੀ ਦੇ ਮੁੱਦਿਆਂ ਦਾ ਸਿਆਸੀਕਰਨ ਨਾ ਕੀਤੇ ਜਾਣ ਦੇ ਸੱਦੇ ਦੀ ਖਿੱਲੀ ਉਡਾਈ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਆਪਣੀ ਪਾਰਟੀ ਦੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਇਨ੍ਹਾਂ ਦੋਵਾਂ ਨਾਜ਼ੁਕ ਮਸਲਿਆਂ ਨੂੰ ਵਧਣ-ਫੁਲਣ ਲਈ ਨਿਰਲੱਜਤਾ ਨਾਲ ਇਜਾਜ਼ਤ ਦਿੱਤੀ ਗਈ ਸੀ ਜਿਸ ’ਤੇ ਪਰਦਾ ਪਾਉਣ ਲਈ ਹੁਣ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਅਜਿਹੇ ਸੱਦੇ ਦੇਣ ਦਾ ਸਿਆਸੀ ਢਕਵੰਜ ਕੀਤਾ ਜਾ ਰਿਹਾ ਹੈ।
ਸੁਖਬੀਰ ਬਾਦਲ ਅਤੇ ਉਸ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੱਲੋਂ ਨਸ਼ਿਆਂ ਦੇ ਮੁੱਦੇ ’ਤੇ ਨੈਤਿਕਤਾ ਦਾ ਮਖੌਟਾ ਪਾਉਣ ਦੀ ਨਿਰਾਸ਼ਾ ’ਚੋਂ ਉਪਜੀ ਕੋਸ਼ਿਸ਼ ਦਾ ਮੌਜੂ ਉਡਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਇਸ ਸਾਰੇ ਪੁਆੜੇ ਦੀ ਜੜ੍ਹ ਹੀ ਸ਼੍ਰੋਮਣੀ ਅਕਾਲੀ ਦਲ ਹੈ। ਮੁੱਖ ਮੰਤਰੀ ਨੇ ਇਨ੍ਹਾਂ ਦੋਵਾਂ ਲੀਡਰਾਂ ਦੇ ਇਸ ਕਦਮ ਨੂੰ ਸੂਬੇ ਵਿੱਚ ਉਨ੍ਹਾਂ ਵੱਲੋਂ ਗੰਭੀਰ ਹਾਲਤਾਂ ਛੱਡ ਕੇ ਜਾਣ ਤੋਂ ਉਭਰਨ ਦੀ ਅਖੀਰਲੀ ਕੋਸ਼ਿਸ਼ ਦੱਸਿਆ। ਮ੍ਯੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੀ ਇਕ ਪੂਰੀ ਪੀੜ੍ਹੀ ਬਰਬਾਦ ਕਰਨ ਤੋਂ ਬਾਅਦ ਸੁਖਬੀਰ ਬਾਦਲ ਹੁਣ ਇਸ ਅਲਾਮਤ ਖ਼ਿਲਾਫ਼ ਇੱਕਜੁੱਟ ਹੋ ਕੇ ਲੜਣ ਦੀਆਂ ਗੱਲਾਂ ਕਰ ਰਿਹਾ ਹੈ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੇ ਸ਼ਾਸਨਕਾਲ ਦੌਰਾਨ ਇਕ ਵੀ ਮਿਸਾਲ ਪੇਸ਼ ਕਰ ਦੇਣ ਕਿ ਉਨ੍ਹਾਂ ਨੇ ਕਦੇ ਨਸ਼ਿਆਂ ਸਮੇਤ ਕਿਸੇ ਵੀ ਮੁੱਦੇ ’ਤੇ ਕਾਂਗਰਸ ਪਾਸੋਂ ਸਿਆਸੀ ਸਰਬਸੰਮਤੀ ਅਤੇ ਮਦਦ ਮੰਗੀ ਸੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੇ ਅਕਾਲੀਆਂ ਦੇ ਸ਼ਾਸਨਕਾਲ ਦੌਰਾਨ ਹੀ ਸਿਰ ਚੁੱਕਿਆ ਅਤੇ ਗੰਭੀਰ ਰੂਪ ਧਾਰਨ ਕੀਤਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਅਜਿਹੀ ਕਿਸੇ ਵੀ ਪਾਰਟੀ ਜਾਂ ਲੀਡਰਸ਼ਿਪ ਦੀ ਸਲਾਹ ਦੀ ਲੋੜ ਨਹੀਂ ਜੋ ਇਸ ਸਮੱਸਿਆ ਲਈ ਜ਼ਿੰਮੇਵਾਰ ਹੋਵੇ ਅਤੇ ਜਿਨ੍ਹਾਂ ਕਰਕੇ ਪੰਜਾਬ ਇਸ ਵੇਲੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਜੂਝ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਕਾਬਲ ਕੈਬਨਿਟ ਸਾਥਿਆਂ ਅਤੇ ਅਫ਼ਸਰਾਂ ਦੀ ਮਦਦ ਨਾਲ ਆਪਣੇ ਪੱਧਰ ’ਤੇ ਹੀ ਸਥਿਤੀ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਸਮਰਥ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ 10 ਸਾਲਾਂ ਦੌਰਾਨ ਸੂਬੇ ਨੂੰ ਤਬਾਹ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡਣ ਵਾਲੇ ਸਿਆਸਤਦਾਨ ਹੁਣ ਆਪਣੀਆਂ ਨਾਕਾਮੀਆਂ ਦਾ ਦੋਸ਼ ਕਾਂਗਰਸ ਸਰਕਾਰ ’ਤੇ ਮੜ੍ਹਨ ਦੀ ਕੋਸ਼ਿਸ਼ ਕਰ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਵੱਲੋਂ ਪਿਛਲੇ ਡੇਢ ਸਾਲ ਵਿੱਚ ਨਸ਼ਿਆਂ ਵਿੱਚ ਕਿਸੇ ਵੀ ਅਕਾਲੀ ਦੇ ਨਾ ਫੜੇ ਜਾਣ ਬਾਰੇ ਕੀਤੇ ਸਵਾਲ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਤੇ ਉਸ ਦੀ ਭਾਈਵਾਲ ਭਾਜਪਾ ਵਾਂਗ ਕਾਂਗਰਸ ਪਾਰਟੀ ਕਦੇ ਵੀ ਆਪਣੇ ਵਿਰੋਧੀਆਂ ਖਿਲਾਫ਼ ਸਿਆਸੀ ਬਦਲਾਖੋਰੀ ਦੀ ਨੀਤੀ ਵਿੱਚ ਵਿਸ਼ਵਾਸ ਨਹੀਂ ਰੱਖਦੀ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਐਸ.ਟੀ.ਐਫ. ਤੇ ਹੋਰ ਕਿਸੇ ਵੀ ਜਾਂਚ ਏਜੰਸੀ ਨੇ ਨਸ਼ਿਆਂ ਦੇ ਮਾਮਲਿਆਂ ਵਿੱਚ ਕਿਸੇ ਵੀ ਅਕਾਲੀ ਲੀਡਰ ਦਾ ਹੱਥ ਹੋਣ ਦਾ ਕੋਈ ਸਬੂਤ ਲੱਭ ਲਿਆ ਤਾਂ ਉਹ ਨਿੱਜੀ ਤੌਰ ’ਤੇ ਦੋਸ਼ੀ ਨੂੰ ਜੇਲ੍ਹ ਦੀਆਂ ਸ਼ਲਾਖ਼ਾ ਪਿੱਛੇ ਡੱਕਣ ਨੂੰ ਯਕੀਨੀ ਬਣਾਉਣਗੇ ਅਤੇ ਉਸ ਵਿਰੁੱਧ ਕੇਸ ਨੂੰ ਕਾਨੂੰਨ ਦੇ ਦਾਇਰੇ ਹੇਠ ਸਿੱਟੇ ਤੱਕ ਲਿਜਾਣਗੇ। ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਕੌਰ ਬਾਦਲ ਵੱਲੋਂ ਉਨ੍ਹਾਂ ਨੂੰ ਗੈਰ-ਸੰਜੀਦਾ ਮੁੱਖ ਮੰਤਰੀ ਦੱਸਣ ਜੋ ਆਪਣੇ ਦਫ਼ਤਰ ਵਿੱਚ ਨਹੀਂ ਜਾਂਦਾ ਬਾਰੇ ਦਿੱਤੇ ਬਿਆਨ ’ਤੇ ਸਖ਼ਤ ਪ੍ਰਤੀਕਰਮ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਪਾਸੋਂ ਵਿਰਸੇ ਵਿੱਚ ਹਾਸਲ ਹੋਏ ਖਾਲੀ ਖਜ਼ਾਨੇ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਪੰਜਾਬ ਵਾਸੀਆਂ ਨੂੰ ਲੋੜੀਂਦੀ ਮਦਦ ਮੁਹੱਈਆ ਕਰਵਾਉਣ ਪਿੱਛੇ ਨਹੀਂ ਹਟੀ।
ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦਾ ਉਨ੍ਹਾਂ ਦੀ ਰਿਹਾਇਸ਼ ’ਤੇ ਸਥਿਤ ਦਫ਼ਤਰ ਵਿੱਚ ਉਨ੍ਹਾਂ ਕੋਲ ਆਉਣ ’ਤੇ ਸਵਾਗਤ ਹੈ ਜਿੱਥੋਂ ਉਹ ਉਸਾਰੂ ਕੰਮਕਾਜ ਕੀਤੇ ਜਾਣ ਨੂੰ ਤਰਜੀਹ ਦਿੰਦੇ ਹਨ ਜਿਸ ਨਾਲ ਕੇਂਦਰੀ ਮੰਤਰੀ ਵੀ ਦੇਖ ਸਕਦੇ ਹਨ ਕਿ ਕਿੰਨੇ ਕਾਰਗਰ ਢੰਗ ਨਾਲ ਉਹ ਆਪਣਾ ਕੰਮਕਾਜ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਬਾਦਲਾਂ ਦੀ ਦੀਰਘ ਦੂਰ-ਦ੍ਰਿਸ਼ਟੀ ਨਹੀਂ ਹੈ ਜਿਸ ਕਰਕੇ ਉਹ ਸੱਤਾ ਦੇ ਗਲਿਆਰਿਆਂ ਤੋਂ ਬਾਹਰ ਨਹੀਂ ਦੇਖ ਸਕਦੇ। ਉਨ੍ਹਾਂ ਕਿਹਾ ਕਿ ਬਾਦਲ ਸੱਤਾ ਦੇ ਘਮੰਡ ਵਿੱਚ ਡੁੱਬ ਜਾਂਦੇ ਹਨ ਅਤੇ ਇਸੇ ਕਰਕੇ ਹੀ ਅਕਾਲੀ-ਭਾਜਪਾ ਸਰਕਾਰ ਪੂਰੀ ਤਰ੍ਹਾਂ ਨਿੰਕਮੀ ਸਰਕਾਰ ਸਿੱਧ ਹੋਈ ਹੈ।