Tuesday , 31 March 2020
Breaking News
You are here: Home » PUNJAB NEWS » ਕੈਪਟਨ ਅਮਰਿੰਦਰ ਸਿੰਘ ਨੇ 71ਵੇਂ ਗਣਤੰਤਰ ਦਿਵਸ ਮੌਕੇ ਸਲਾਮੀ ਲੈਂਦਿਆਂ ਸੰਵਿਧਾਨ ਦੀਆਂ ਧਰਮ ਨਿਰਪੱਖ ਨੀਹਾਂ ਦੀ ਰਾਖੀ ਕਰਨ ਦਾ ਕੀਤਾ ਅਹਿਦ

ਕੈਪਟਨ ਅਮਰਿੰਦਰ ਸਿੰਘ ਨੇ 71ਵੇਂ ਗਣਤੰਤਰ ਦਿਵਸ ਮੌਕੇ ਸਲਾਮੀ ਲੈਂਦਿਆਂ ਸੰਵਿਧਾਨ ਦੀਆਂ ਧਰਮ ਨਿਰਪੱਖ ਨੀਹਾਂ ਦੀ ਰਾਖੀ ਕਰਨ ਦਾ ਕੀਤਾ ਅਹਿਦ

ਮੋਹਾਲੀ (ਐਸ.ਏ.ਐਸ. ਨਗਰ), 26 ਜਨਵਰੀ:ਭਾਰਤ ਦੇ ਸੰਵਿਧਾਨ ਦੀਆਂ ਧਰਮ ਨਿਰਪੱਖ ਨੀਹਾਂ ਅਕਾਲ ਪੁਰਖ ਦੀ ਮਿਹਰ ਸਦਕਾ ਸਦਾ ਲਈ ਮਜ਼ਬੂਤ ਰਹਿਣਗੀਆਂ ਅਤੇ ਬਿਨਾਂ ਕਿਸੇ ਧਰਮ, ਜਾਤ-ਪਾਤ ਜਾਂ ਫਿਰਕੇ ਦੇ ਵਖਰੇਵੇਂ ਦੇ ਸਭਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਇਹ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ 71ਵੇਂ ਗਣਤੰਤਰ ਦਿਵਸ ਸਮਾਰੋਹ ਮੌਕੇ ਸਲਾਮੀ ਲੈਂਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਪ੍ਰਗਟ ਕੀਤੇ।ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਭਾਵੇਂ ਮੌਜੂਦਾ ਸਮੇਂ ਦੌਰਾਨ ਕੁਝ ਵਿਰੋਧੀ ਸੁਰਾਂ ਉੱਠ ਰਹੀਆਂ ਹਨ ਪਰ ਫਿਰ ਵੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕੋਈ ਸੱਟ ਨਹੀਂ ਮਾਰ ਸਕਦਾ। ਪੰਜਾਬ ਵਿਧਾਨ ਸਭਾ ਦੁਆਰਾ ਨਾਗਰਿਕਤਾ ਸੋਧ ਐਕਟ ਸਬੰਧੀ ਪਾਸ ਕੀਤੇ ਮਤੇ ਵੱਲ ਧਿਆਨ ਦਿਵਾਉਂਦਿਆਂ ਮੁੱਖ ਮੰਤਰੀ ਨੇ ਇਹ ਸਾਫ਼ ਕੀਤਾ ਕਿ ਸੂਬੇ ਦੀ ਸਰਕਾਰ ਕਿਸੇ ਨੂੰ ਵੀ ਕਿਸੇ ਵੀ ਕੀਮਤੇ ਉੱਤੇ ਦੇਸ਼ ਦੇ ਧਰਮ ਨਿਰਪੱਖ ਢਾਂਚੇ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।ਪੰਜਾਬ ਦੇ ਲੋਕਾਂ ਨੂੰ 71ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਗੁਰੂ ਸਾਹਿਬ ਜੀ ਨੇ ਧਰਮ ਨਿਰਪੱਖਤਾ ਦਾ ਸੁਨੇਹਾ ਦਿੱਤਾ ਸੀ ਅਤੇ ਆਪ ਜੀ ਦੀ ‘ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ, ਸਭ ਰਬ ਕੇ ਬੰਦੇ’ ਦੀ ਵਿਚਾਰਧਾਰਾ ਸਾਡੇ ਮਨਾਂ ਵਿੱਚ ਵਸੀ ਹੋਈ ਹੈ।ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਸ਼ਾਨਦਾਰ ਪਰੇਡ ਤੋਂ ਸਲਾਮੀ ਵੀ ਲਈ। ਇਸ ਤੋਂ ਬਾਅਦ ਸਕੂਲੀ ਬੱਚਿਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਵਰੇ ਪਹਿਲੀ ਵਾਰ ਗਣਤੰਤਰ ਦਿਵਸ ਦੀ ਪਰੇਡ ਦੌਰਾਨ ਸੂਬੇ ਦੇ ਲੋਕਾਂ ਨੇ ਸਪੈਸ਼ਲ ਓਪਰੇਸ਼ਨਜ਼ ਗਰੁੱਪ (ਐਸ.ਓ.ਜੀ.) ਦੀ ਝਾਕੀ ਵੇਖੀ। ਐਸ.ਓ.ਜੀ. ਦਾ ਗਠਨ ਮੁੱਖ ਮੰਤਰੀ ਦੁਆਰਾ ਕੀਤਾ ਗਿਆ ਹੈ ਅਤੇ ਇਹ ਇੱਕ ਵਿਸ਼ੇਸ਼ ਸਿਖਲਾਈ ਵਾਲੀ ਅਜਿਹੀ ਫੋਰਸ ਹੈ ਜੋ ਕਿ ਦਹਿਸ਼ਤਵਾਦ, ਘੁਸਪੈਠ, ਹਾਈਜੈਕਿੰਗ ਅਤੇ ਹੋਰ ਖ਼ਤਰੇ ਭਰੇ ਹਾਲਾਤ ਨਾਲ ਨਿਪਟਣ ਲਈ ਤਿਆਰ ਕੀਤੀ ਗਈ ਹੈ।ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਇਹ ਵੀ ਕਿਹਾ ਕਿ ਪੰਜਾਬ, ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲਣ ਵਰਗੇ ਇਤਿਹਾਸਕ ਮੌਕੇ ਦਾ ਗਵਾਹ ਬਣਕੇ ਬੜਾ ਸ਼ਾਨਾਮੱਤਾ ਮਹਿਸੂਸ ਕਰ ਰਿਹਾ ਹੈ। ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰ ਹੁਣ ਸੁਖਾਲੇ ਹੋ ਗਏ ਹਨ ਅਤੇ ਇਹ ਉਹ ਪਵਿੱਤਰ ਗੁਰਦੁਆਰਾ ਹੈ ਜਿਸ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਸੂਬੇ ਨੂੰ ਇਸ ਗੱਲ ਦਾ ਵੀ ਮਾਣ ਹਾਸਲ ਹੈ ਕਿ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 399ਵਾਂ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ, ਜੈਨ ਧਰਮ ਦੇ ਸ਼ਵੇਤਾਂਬਰ ਤੇਰਾਪੰਥ ਮੱਤ ਦੇ ਦਸਵੇਂ ਮੁਖੀ ਆਚਾਰਿਆ ਸ੍ਰੀ ਮਹਾਂ ਪ੍ਰਗਿਆ ਜੀ ਦਾ 100ਵਾਂ ਜਨਮ ਉਤਸਵ, ਭਗਤ ਨਾਮਦੇਵ ਜੀ ਦਾ 750ਵਾਂ ਜਨਮ ਉਤਸਵ ਅਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ 350ਵਾਂ ਜਨਮ ਉਤਸਵ ਵੀ ਮਨਾਇਆ ਜਾ ਰਿਹਾ ਹੈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਯਤਨ ਕਰਦੀ ਰਹੇਗੀ। ਉਨਾਂ ਕਿਹਾ ਕਿ ਬੀਤੇ ਦੋ ਵਰਿਆਂ ਤੋਂ ਜ਼ਿਆਦਾ ਦੇ ਸਮੇਂ ਦੌਰਾਨ ਸੂਬਾ ਸਰਕਾਰ ਦੇ ਯਤਨਾਂ ਸਦਕਾ ਸੂਬੇ ਵਿੱਚ 57,735 ਕਰੋੜ ਰੁਪਏ ਦਾ ਨਿਵੇਸ਼ ਅਸਲ ਰੂਪ ਵਿੱਚ ਹਾਸਲ ਹੋਇਆ ਹੈ। ਉਨਾਂ ਅੱਗੇ ਕਿਹਾ ਕਿ ਬੇਰੁਜ਼ਗਾਰੀ ਦਾ ਟਾਕਰਾ ਕਰਨ ਲਈ ਉਦਯੋਗਾਂ ਨੂੰ ਸੂਬੇ ਵਿੱਚ ਲਿਆਉਣ ਦੇ ਯਤਨ ਜਾਰੀ ਰਹਿਣਗੇ। ਉਨਾਂ ਅੱਗੇ ਜਾਣਕਾਰੀ ਦਿੱਤੀ ਕਿ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਸਕੀਮ ਅਧੀਨ ਉਨਾਂ ਦੀ ਸਰਕਾਰ ਦੁਆਰਾ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ 11 ਲੱਖ ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਹਨ।ਸਿੱਖਿਆ ਨੂੰ ਗੁਣਾਤਮਕ ਬਣਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 19 ਨਵੀਆਂ ਆਈ.ਆਈ.ਟੀਜ਼ ਸਥਾਪਤ ਕੀਤੀਆਂ ਜਾਣਗੀਆਂ ਅਤੇ ਮੋਹਾਲੀ, ਕਪੂਰਥਲਾ ਤੇ ਹੁਸ਼ਿਆਰਪੁਰ ਵਿਖੇ ਨਵੇਂ ਮੈਡੀਕਲ ਕਾਲਜ ਖੋਲੇ ਜਾਣਗੇ।ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਭਲਾਈ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦਿ੍ਰੜਾਉਂਦੇ ਹੋਏ ਕਿਹਾ ਕਿ ਕਣਕ ਦੀ ਔਸਤ ਪੈਦਾਵਾਰ ਸੂਬੇ ਵਿੱਚ ਸਾਲ 2006-07 ਦੇ 42 ਕੁਇੰਟਲ ਪ੍ਰਤੀ ਹੈਕਟੇਅਰ ਦੇ ਅੰਕੜੇ ਤੋਂ ਵੱਧ ਕੇ ਸਾਲ 2018-19 ਵਿੱਚ 52 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਪਹੁੰਚ ਗਈ ਹੈ ਅਤੇ ਇਨਾਂ ਹੀ ਨਹੀਂ ਸਗੋਂ ਬੀਤੇ ਵਰੇ 183 ਲੱਖ ਮੀਟਰਕ ਟਨ ਕਣਕ ਦੀ ਰਿਕਾਰਡ ਪੈਦਾਵਾਰ ਹੋਈ ਹੈ। ਉਨਾਂ ਅੱਗੇ ਕਿਹਾ ਕਿ ਬੀਤੀ ਸਰਕਾਰ ਦੇ ਮੁਕਾਬਲੇ ਸਾਡੀ ਸਰਕਾਰ ਦੇ ਪਿਛਲੇ ਛੇ ਸੀਜ਼ਨਾਂ ਦੌਰਾਨ ਕਿਸਾਨਾਂ ਨੂੰ 44 ਹਜ਼ਾਰ ਕਰੋੜ ਰੁਪਏ ਦੀ ਹੋਰ ਆਮਦਨ ਹੋਈ ਹੈ ਅਤੇ ਇਹ ਸਭ ਸਾਫ਼-ਸੁਥਰੀ ਖ਼ਰੀਦ ਪ੍ਰਣਾਲੀ, ਕਿਸਾਨਾਂ ਦੇ ਸ਼ੋਸ਼ਣ ਨੂੰ ਨੱਥ ਪਾਉਣ ਅਤੇ ਟਰਾਂਸਪੋਰਟ ਤੇ ਕਿਰਤ ਖੇਤਰਾਂ ਦਾ ਕੰਮਕਾਜ ਸੁਚਾਰੂ ਢੰਗ ਨਾਲ ਚਲਾਏ ਜਾਣ ਕਾਰਨ ਹੀ ਸੰਭਵ ਹੋ ਸਕਿਆ ਹੈ।ਆਲਮੀ ਤਪਸ਼ ਦੇ ਮੱਦੇਨਜ਼ਰ ਵਾਤਾਵਰਣ ਨੂੰ ਬਚਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਾਲੇ ਤੱਕ ਸੂਬੇ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ 76 ਲੱਖ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਹਰੇਕ ਨਾਗਰਿਕ ਨੂੰ ਇਨਾਂ ਦੀ ਸਾਂਭਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਸਿਹਤ ਖੇਤਰ ਵੱਲ ਉਨਾਂ ਦੀ ਸਰਕਾਰ ਵੱਲੋਂ ਦਿੱਤੀ ਵਿਸ਼ੇਸ਼ ਤਵੱਜੋ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਰਬਤ ਸਿਹਤ ਬੀਮਾ ਯੋਜਨਾ ਤਹਿਤ 48 ਲੱਖ ਪਰਿਵਾਰਾਂ (2.2 ਕਰੋੜ ਵਿਅਕਤੀ) ਨੂੰ ਕਵਰ ਕੀਤਾ ਜਾ ਰਿਹਾ ਹੈ ਜਦੋਂ ਕਿ ਭਾਰਤ ਸਰਕਾਰ ਵੱਲੋਂ ਇਸ ਸਕੀਮ ਤਹਿਤ 14 ਲੱਖ ਪਰਿਵਾਰਾਂ ਨੂੰ ਹੀ ਕਵਰ ਕੀਤਾ ਗਿਆ ਹੈ। ਇਸ ਸਕੀਮ ਤਹਿਤ ਇੱਕ ਲੱਖ ਤੋਂ ਵੀ ਜ਼ਿਆਦਾ ਵਿਅਕਤੀਆਂ ਨੇ ਮੁਫ਼ਤ ਕੈਸ਼ਲੈਸ ਇਲਾਜ ਦਾ ਲਾਭ ਉਠਾਇਆ ਹੈ। ਉਨਾਂ ਅੱਗੇ ਦੱਸਿਆ ਕਿ ਬਠਿੰਡਾ ਵਿਖੇ ਏਮਜ਼ ਦੀ ਸ਼ੁਰੂਆਤ ਹੋ ਚੁੱਕੀ ਹੈ।ਨਸ਼ਿਆਂ ਨੂੰ ਚਿੰਤਾ ਦਾ ਵਿਸ਼ਾ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਇਸ ਦੇ ਮੁਕੰਮਲ ਖਾਤਮੇ ਲਈ ਵਚਨਬਧ ਹੈ। ਇਸ ਮਕਸਦ ਹਿੱਤ ਗਠਿਤ ਕੀਤੀ ਗਈ ਐਸ.ਟੀ.ਐਫ. ਨੇ ਸ਼ਾਨਦਾਰ ਨਤੀਜੇ ਦਿੰਦਿਆਂ 34373 ਮਾਮਲੇ ਐਨ.ਡੀ.ਪੀ.ਐਸ. ਐਕਤ ਤਹਿਤ ਦਰਜ ਕੀਤੇ ਹਨ ਅਤੇ 42571 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ 974 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਸੂਬਾ ਸਰਕਾਰ ਦੁਆਰਾ ਸਥਾਪਤ 193 ਓਟ ਕੇਂਦਰਾਂ ਵਿੱਚ ਇੱਕ ਲੱਖ ਤੋਂ ਵੱਧ ਨਸ਼ੇ ਦੇ ਆਦੀ ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।ਮੁੱਖ ਮੰਤਰੀ ਨੇ ਇਸ ਗੱਲ ’ਤੇ ਤਸੱਲੀ ਜ਼ਾਹਰ ਕੀਤੀ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ 10.7 ਲੱਖ ਲਾਭਪਾਤਰੀਆਂ ਦੀ ਸਹਾਇਤਾ ਕੀਤੀ ਜਾ ਚੁੱਕੀ ਹੈ। ਇਸ ਯੋਜਨਾ ਦਾ ਮਕਸਦ ਸਾਰੇ ਯੋਗ ਲਾਭਪਾਤਰੀਆਂ ਤੱਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣਾ ਹੈ।ਉਨਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਇਸ ਦੇ ਈ-ਸਰਵਿਸ ਨੈਟਵਰਕ ਨੂੰ ਵੀ ਮਜ਼ਬੂਤ ਬਣਾਇਆ ਜਾਵੇਗਾ ਜਿਸ ਨੂੰ ਕਿ ਹਾਲ ਹੀ ਵਿੱਚ ਐਮ-ਸੇਵਾ ਨਾਂ ਦੀ ਮੋਬਾਈਲ ਐਪਲੀਕੇਸ਼ਨ ਦੀ ਲਾਂਚਿੰਗ ਨਾਲ ਵੱਡਾ ਹੁਲਾਰਾ ਮਿਲਿਆ ਹੈ ਜਿਸ ਦਾ ਮਕਸਦ ਸਮਾਰਟ ਫੋਨਾਂ ਰਾਹੀਂ ਲੋਕਾਂ ਨੂੰ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ।ਉਨਾਂ ਅੱਗੇ ਖੁਲਾਸਾ ਕੀਤਾ ਕਿ ਉਨਾਂ ਦੀ ਸਰਕਾਰ ਨੇ ਇਸ ਵਰੇ ਅਨੂਸੁਚਿਤ ਜਾਤੀ ਸਬ-ਪਲਾਨ ਲਈ 6200 ਕਰੋੜ ਰੁਪਏ ਰੱਖੇ ਹਨ ਜੋ ਕਿ ਬਜਨ ਅਨੁਮਾਨਾਂ ਤੋਂ 35 ਫੀਸਦੀ ਵੱਧ ਹੈ। ਉਨਾਂ ਕਿਹਾ ਕਿ ਉਹ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਵਚਨਬੱਧ ਹਨ।ਮਹਿਲਾਵਾਂ ਦੀ ਸੁਰੱਖਿਆ ਬਾਰੇ ਚਿੰਤਾ ਜ਼ਾਹਰ ਕਰਕੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਪੁਲਿਸ ਦੁਆਰਾ ਮੁਫ਼ਤ ਪਿਕ ਐਂਡ ਡਰਾਪ ਸਹੂਲਤ ਮੁਹੱਈਆ ਕਰਾਉਣ ਤੋਂ ਇਲਾਵਾ ਸਾਡੀਆਂ ਧੀਆਂ ਦੀ ਸੁਰੱਖਿਆ ਲਈ ਸਮੂਹ ਜ਼ਿਲਿਆਂ ਵਿੱਚ ਵਨ ਸਟਾਪ ਸਖੀ ਕੇਂਦਰ ਖੋਲੇ ਗਏ ਹਨ।ਪਾਣੀ ਦੇ ਡਿੱਗਦੇ ਪੱਧਰ ਵਰਗੇ ਸੰਵੇਦਨਸ਼ੀਲ ਮੁੱਦੇ ਬਾਰੇ ਮੁੱਖ ਮੰਤਰੀ ਨੇ ਬੋਲਦਿਆਂ ਕਿਹਾ ਕਿ ਪਾਣੀ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਇਸ ਦਾ ਪੱਧਰ 13 ਐਮ.ਏ.ਐਫ. ਤੋਂ ਵੀ ਹੇਠਾਂ ਆ ਚੁੱਕਾ ਹੈ। ਇਸ ਦਾ ਕਾਰਨ ਇਹ ਹੈ ਕਿ 73 ਫ਼ੀਸਦੀ ਪਾਣੀ ਦੀ ਵਰਤੋਂ ਸਿੰਚਾਈ ਲਈ ਹੁੰਦੀ ਹੈ। ਉਨਾਂ ਉਮੀਦ ਜ਼ਾਹਰ ਕੀਤੀ ਕੀਤੀ ਕਿ ਪੰਜਾਬ ਵਾਟਰ ਰਿਸੋਰਸਿਜ਼ (ਮੈਨੇਜਮੈਂਟ ਐਂਡ ਰੈਗੂਲੇਸ਼ਨ) ਐਕਟ ਨਾਲ ਇਸ ਸਮੱਸਿਆ ਦਾ ਹੱਲ ਕਰਨ ਵਿੱਚ ਮਦਦ ਮਿਲੇਗੀ। ਉਨਾਂ ਇਹ ਵੀ ਦੱਸਿਆ ਕਿ ਉਨਾਂ ਦੀ ਸਰਕਾਰ ਨੇ ਇਜ਼ਰਾਈਲ ਦੀ ਕੌਮੀ ਜਲ ਕੰਪਨੀ ‘ਮੈਕੋਰੋਟ’ ਦੀਆਂ ਸੇਵਾਵਾਂ ਲਈਆਂ ਹਨ ਤਾਂ ਜੋ ਪਾਣੀ ਬਚਾਉਣ ਅਤੇ ਇਸ ਦੇ ਬਿਹਤਰ ਪ੍ਰਬੰਧਨ ਲਈ ਇੱਕ ਮਾਸਟਰ ਪਲਾਨ ਤਿਆਰ ਕੀਤਾ ਜਾ ਸਕੇ।

Comments are closed.

COMING SOON .....


Scroll To Top
11