Monday , 20 January 2020
Breaking News
You are here: Home » PUNJAB NEWS » ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਰੈਜੀਮੈਂਟ ਨਾਲ ਪਟਿਆਲਾ ਪਰਿਵਾਰ ਦੇ 100 ਸਾਲਾ ਸਬੰਧਾਂ ਦਾ ਸਮਾਗਮ ਮਨਾਇਆ

ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਰੈਜੀਮੈਂਟ ਨਾਲ ਪਟਿਆਲਾ ਪਰਿਵਾਰ ਦੇ 100 ਸਾਲਾ ਸਬੰਧਾਂ ਦਾ ਸਮਾਗਮ ਮਨਾਇਆ

ਚੰਡੀਗੜ – ਸਿੱਖ ਰੈਜੀਮੈਂਟ ਨਾਲ ਆਪਣੇ ਪਰਿਵਾਰ ਦੇ ਸਬੰਧਾਂ ਦੇ ਜਸ਼ਨ ਮਨਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਟਾਲੀਅਨ ਅਤੇ ਭਾਰਤੀ ਫੌਜ ਨਾਲ ਪਟਿਆਲਾ ਪਰਿਵਾਰ ਦੇ 100 ਸਾਲਾਂ ਤੋਂ ਚਲੇ ਆ ਰਹੇ ਸਬੰਧਾਂ ਦੇ ਸੰਦਰਭ ਵਿੱਚ ਪਿਛਲੀ ਸ਼ਾਮ ਰੈਜੀਮੈਂਟ ਦੇ ਜਵਾਨਾਂ, ਜੂਨੀਅਰ ਕਮਿਸ਼ਨਡ ਅਫ਼ਸਰਾਂ ਅਤੇ ਅਫ਼ਸਰਾਂ ਦੀ ਮੇਜ਼ਬਾਨੀ ਕੀਤੀ।ਪਿਛਲੀ ਸ਼ਾਮ ਚੰਡੀਮੰਦਰ ਵਿੱਖੇ ਇਕ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਜਵਾਨਾਂ ਦੇ ਨਾਲ ਜਸ਼ਨ ਮਨਾਏ ਅਤੇ ਕੁਝ ਸਮੇਂ ਲਈ ਉਨਾਂ ਦੇ ਨਾਲ ਭੰਗੜਾ ਵੀ ਪਾਇਆ। ਉਹ ਜੇ.ਸੀ.ਓ. ਮੈੱਸ ਗਏ ਅਤੇ ਬਾਅਦ ਵਿੱਚ ਅਫ਼ਸਰ ਮੈੱਸ ਵਿਖੇ ਅਫ਼ਸਰਾਂ ਅਤੇ ਮਹਿਮਾਨਾਂ ਦੇ ਨਾਲ ਰਾਤਰੀ ਭੋਜ ਕੀਤਾ।ਮੁੱਖ ਮੰਤਰੀ ਨੇ ਇਸ ਮੌਕੇ ਜਵਾਨਾਂ ਅਤੇ ਉਨਾਂ ਦੇ ਪਰਿਵਾਰਾਂ ਅਤੇ ਉਨਾਂ ਦੇ ਬੱਚਿਆਂ ਦੇ ਨਾਲ ਪਲ ਸਾਂਝੇ ਕੀਤੇ। ਮੁੱਖ ਮੰਤਰੀ ਸਿੱਖ ਨੇ ਰੈਜੀਮੈਂਟ (ਕਿਸੇ ਸਮੇਂ 15 ਲੁਧਿਆਣਾ ਸਿੱਖਜ਼) ਦੀ ਦੂਜੀ ਬਟਾਲੀਅਨ ਦੇ ਮੈਂਬਰਾਂ ਨਾਲ ਖੁੱਲੇ ਰੂਪ ’ਚ ਆਪਣਾ ਇਕ-ਇਕ ਪਲ ਬਿਤਾਇਆ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਉਨਾਂ ਦੇ ਪਰਿਵਾਰ ਦੇ ਲਈ ਬਹੁਤ ਮਾਣ ਅਤੇ ਸਨਮਾਨ ਵਾਲੀ ਗੱਲ ਹੈ ਕਿ ਉਨਾਂ ਨੇ ਭਾਰਤੀ ਫ਼ੌਜ ਵਿੱਚ ਇਕ ਫੌਜੀ ਵਜੋਂ ਦੇਸ਼ ਦੀ ਸੇਵਾ ਕੀਤੀ ਹੈ। ਉਨਾਂ ਕਿਹਾ ਕਿ ਫੌਜ ਉਨਾਂ ਦਾ ਪਹਿਲਾ ਪਿਆਰ ਹੈ ਅਤੇ ਇਹ ਹਮੇਸ਼ਾ ਹੀ ਬਣਿਆ ਰਹੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਲਗਾਤਾਰ ਉਨਾਂ ਨੂੰ ਆਪਣੇ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਆ ਰਹੀ ਹੈ।ਕੈਪਟਨ ਅਮਰਿੰਦਰ ਸਿੰਘ ਨੇ 1963 ਤੋਂ 1969 ਤੱਕ ਸਿੱਖ ਰੈਜੀਮੈਂਟ ਦੀ ਦੂਜੀ ਬਟਾਲੀਅਨ ਵਿੱਚ ਸੇਵਾ ਨਿਭਾਈ। ਭਾਵੇਂ ਉਨਾਂ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਦੇ ਕਾਰਨ ਕੁਝ ਸਮੇਂ ਬਾਅਦ ਹੀ ਫ਼ੌਜ ਦੀ ਨੌਕਰੀ ਛੱਡ ਦਿੱਤੀ ਪਰ ਉਹ 1965 ਵਿੱਚ ਸ਼ੁਰੂ ਹੋਈ ਭਾਰਤ-ਪਾਕਿਸਤਾਨ ਜੰਗ ਵੇਲੇ ਮੁੜ ਫੌਜ ਵਿੱਚ ਆ ਗਏ।ਇਸ ਤੋਂ ਪਹਿਲਾਂ 1935 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਲੈਫਟੀਨੈਂਟ ਜਨਰਲ ਮਹਾਰਾਜਾ ਯਾਦਵਿੰਦਰ ਸਿੰਘ ਨੇ ਰੈਜੀਮੈਂਟ ਦੀ ਸੇਵਾ ਕੀਤੀ ਅਤੇ ਉਹ 2/11 ਰੋਇਲ ਸਿੱਖ ਅਤੇ 2 ਸਿੱਖਜ਼ ਦੇ ਕ੍ਰਮਵਾਰ 1938 ਤੋਂ 1950 ਅਤੇ 1950 ਤੋਂ 1971 ਤੱਕ ਕਰਨਲ ਰਹੇ।ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਜੀ ਮੇਜਰ ਜਨਰਲ ਮਹਾਰਾਜਾ ਭੂਪਿੰਦਰ ਸਿੰਘ 1918 ਤੋਂ 1922 ਤੱਕ 15ਵੀਂ ਲੁਧਿਆਣਾ ਸਿੱਖਜ਼ ਦੇ ਕਰਨਲ ਅਤੇ 1922 ਤੋਂ 1938 ਤੱਕ 2/11 ਰੋਇਲ ਸਿੱਖਜ਼ ਦੇ ਕਰਨਲ ਰਹੇ।ਇਸ ਮੌਕੇ ’ਤੇ ਮੁੱਖ ਮੰਤਰੀ ਨੇ ਇਕ ਚਾਂਦੀ ਦਾ ਮੀਮੈਂਟੋ ਬਟਾਲੀਅਨ ਨੂੰ ਦਿੱਤਾ ਜਿਸ ਵਿੱਚ ਸਿੱਖ ਰੈਜੀਮੈਂਟ ਦਾ ਇੱਕ ਫੌਜੀ ਲੜਦਾ ਹੋਇਆ ਦਿਖਾਇਆ ਗਿਆ ਹੈ। ਇਸ ਨੂੰ ਅਫ਼ਸਰ ਮੈੱਸ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨਾਲ ਉਨਾਂ ਦੇ ਭਰਾ ਮਾਲਵਿੰਦਰ ਸਿੰਘ, ਉਨਾਂ ਦੀ ਭੈਣ ਅਤੇ ਭਣੋਈਆ ਹੇਮਿੰਦਰ ਕੌਰ, ਉਨਾਂ ਦੇ ਪਤੀ ਕੇ. ਨਟਵਰ ਸਿੰਘ ਅਤੇ ਰੂਪਇੰਦਰ ਕੌਰ, ਉਨਾਂ ਦੇ ਪਤੀ ਮੇਜਰ ਕੇ. ਐਸ. ਢਿੱਲੋਂ (ਆਰਮਰਡ ਕੋਰ) ਤੋਂ ਇਲਾਵਾ ਪਰਿਵਾਰ ਦੇ ਹੋਰਨਾਂ ਮੈਂਬਰਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ, ਉਨਾਂ ਦੀ ਧੀ ਜੈ ਇੰਦਰ ਕੌਰ ਅਤੇ ਦੋਹਤਾ ਨਿਰਵਾਣ ਸਿੰਘ ਹਾਜ਼ਰ ਸਨ।

Comments are closed.

COMING SOON .....


Scroll To Top
11