Thursday , 15 November 2018
Breaking News
You are here: Home » EDITORIALS » ਕੇਂਦਰ ਦੀ ਨਵੀਂ ਫਸਲ ਖ਼ਰੀਦ ਨੀਤੀ

ਕੇਂਦਰ ਦੀ ਨਵੀਂ ਫਸਲ ਖ਼ਰੀਦ ਨੀਤੀ

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲਾਂ ਵੇਚਣ ਸਮੇਂ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਇਕ ਵੱਡੀ ਪਹਿਲਕਦਮੀ ਲਈ ਗਈ ਹੈ। ਕੇਂਦਰੀ ਮੰਤਰੀ ਮੰਡਲ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਸ ਸਬੰਧ ਵਿੱਚ ਲਏ ਗਏ ਫੈਸਲੇ ਖੇਤੀ ਖੇਤਰ ਲਈ ਕਾਫੀ ਅਹਿਮੀਅਤ ਰੱਖਦੇ ਹਨ। 15,053 ਕਰੋੜ ਰੁਪਏ ਦੀ ਨਵੀਂ ਫਸਲ ਖ਼ਰੀਦ ਨੀਤੀ ਵਿਚ ਕਿਸਾਨਾਂ ਨੂੰ ਜਿਣਸਾਂ ਦੀਆਂ ਮੁਨਾਫਾਬਖਸ਼ ਕੀਮਤਾਂ ਮੁਹਈਆ ਕਰਵਾਉਣ ਲਈ ਸੂਬਾ ਸਰਕਾਰਾਂ ਨੂੰ ਮੁਆਵਜ਼ਾ ਯੋਜਨਾ ਦੀ ਚੋਣ ਕਰਨ ਅਤੇ ਪ੍ਰਾਈਵੇਟ ਏਜੰਸੀਆਂ ਨੂੰ ਖਰੀਦ ਲਈ ਪ੍ਰੇਰਿਤ ਕਰਨ ਦਾ ਅਧਿਕਾਰ ਦਿਤਾ ਗਿਆ ਹੈ। ਇਸ ਵਡ ਆਕਾਰੀ ਖ਼ਰੀਦ ਨੀਤੀ ਦਾ ਨਾਂਅ, ‘ਪ੍ਰਧਾਨ ਮੰਤਰੀ ਅੰਨਦਾਤਾ ਆਯ ਸਰੰਕਸ਼ਨ ਅਭਿਆਨ’ (ਪੀਐਮ-ਏਏਐਸਐਚਏ) ਰਖਿਆ ਗਿਆ ਹੈ।ਇਹ ਨੀਤੀ ਬਣਾਉਣ ਦਾ ਐਲਾਨ 2018 ਦੇ ਕੇਂਦਰੀ ਬਜਟ ਸਮੇਂ ਕੀਤਾ ਗਿਆ ਸੀ। ਇਸ ਨੀਤੀ ਦਾ ਮਕਸਦ ਕਿਸਾਨਾਂ ਦੀਆਂ ਫਸਲਾਂ ਲਈ ਮੁਨਾਫਾਬਖਸ਼ ਭਾਅ ਯਕੀਨੀ ਬਣਾਉਣਾ ਹੈ।ਕੇਂਦਰ ਸਰਕਾਰ ਸਾਲ 2022 ਤਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਟੀਚੇ ਨੂੰ ਸਾਹਮਣੇ ਰੱਖ ਕੇ ਇਹ ਕਦਮ ਚੁੱਕ ਰਹੀ ਹੈ। ਇਸ ਨਵੀਂ ਨੀਤੀ ਅਨੁਸਾਰ ਰਾਜਾਂ ਨੂੰ ਤਿੰਨ ਯੋਜਨਾਵਾਂ ਵਿਚੋਂ ਇਕ ਦੀ ਚੋਣ ਕਰਨ ਦਾ ਅਧਿਕਾਰ ਹੋਵੇਗਾ। ਮੌਜੂਦਾ ਚਲ ਰਹੀ ਘਟੋ ਘਟ ਸਮਰਥਨ ਕੀਮਤ ਯੋਜਨਾ, ਕੀਮਤ ਘਾਟਾ ਅਦਾਇਗੀ ਯੋਜਨਾ ਅਤੇ ਤੀਜੀ ਯੋਜਨਾ ਅਨੁਸਾਰ ਜਦੋਂ ਜਿਣਸਾਂ ਦੇ ਭਾਅ ਘਟੋ ਘਟ ਸਮਰਥਨ ਮੁਲ ਤੋਂ ਘਟ ਹੋ ਜਾਣ ਤਾਂ ਸਰਕਾਰ ਖ਼ਰੀਦ ਨੂੰ ਆਪਣੇ ਅਧੀਨ ਲੈ ਸਕਦੀ ਹੈ।ਨਵੀਂ ਫਸਲ ਖ਼ਰੀਦ ਯੋਜਨਾ ਹਿੱਤ ਅਗਲੇ 2 ਸਾਲਾਂ ਵਿੱਚ 15,053 ਕਰੋੜ ਰੁਪਏ ਖਰਚਣ ਦੀ ਮਨਜ਼ੂਰੀ ਦੇ ਦਿਤੀ ਗਈ ਹੈ।ਇਸ ਵਿੱਚ ਮੌਜੂਦਾ ਸਾਲ ਦੌਰਾਨ 6250 ਕਰੋੜ ਰੁਪਏ ਖਰਚੇ ਜਾਣਗੇ। ਸਰਕਾਰ ਨੇ ਖ਼ਰੀਦ ਏਜੰਸੀਆਂ ਲਈ ਉਧਾਰ ਲਿਮਿਟ ਵੀ ਵੱਡਾ ਵਾਧਾ ਕੀਤਾ ਹੈ। ਸਰਕਾਰ ਨੇ 16550 ਕਰੋੜ ਦੀ ਵਾਧੂ ਗਾਰੰਟੀ ਦਿਤੀ ਹੈ ਅਤੇ ਇਸ ਤਰ੍ਹਾਂ ਇਹ ਲਿਮਿਟ 45550 ਕਰੋੜ ਰੁਪਏ ਦੀ ਹੋ ਗਈ ਹੈ।ਨਵੀਂ ਖ਼ਰੀਦ ਨੀਤੀ ਵਿਚ ਫਸਲਾਂ ਦੀਆਂ ਲਾਗਤਾਂ ਘਟਾਉਣ ਤੇ ਉਤਪਾਦਨ ਵਧਾਉਣ ਵਲ ਧਿਆਨ ਦਿਤਾ ਗਿਆ ਹੈ। ਬੇਸ਼ਕ ਕੇਂਦਰ ਸਰਕਾਰ ਦਾ ਇਹ ਚੰਗਾ ਫੈਸਲਾ ਹੈ ਪ੍ਰੰਤੂ ਇਸ ਨੂੰ ਪ੍ਰਭਾਵੀ ਬਣਾਉਣ ਲਈ ਵੱਡੇ ਕਦਮ ਚੁੱਕੇ ਜਾਣੇ ਬਾਕੀ ਹੈ। ਕਿਸਾਨਾਂ ਨੂੰ ਮੰਡੀਆਂ ਵਿੱਚ ਕੰਮ ਕਰ ਰਹੇ ਮਾਫੀਆ ਤੋਂ ਬਚਾਉਣ ਦੀ ਜ਼ਰੂਰਤ ਹੈ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਸਰਕਾਰ ਦੀ ਨਵੀਂ ਨੀਤੀ ਦਾ ਲਾਭ ਹਰ ਕਿਸਾਨ ਤੱਕ ਪਹੁੰਚੇ। ਬੇਸ਼ਕ ਕੁਝ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਪ੍ਰੰਤੂ ਇਸ ਨਾਲ ਕਿਸਾਨਾਂ ਦੀ ਤਸਲੀ ਨਹੀਂ ਹੋਈ। ਚੰਗਾ ਹੋਵੇਗਾ ਜੇਕਰ ਇਸ ਸਬੰਧ ਵਿੱਚ ਮੁੜ ਵਿਚਾਰ ਕੀਤਾ ਜਾਵੇ ਅਤੇ ਘੱਟੋ-ਘੱਟ ਸਮਰਥਨ ਮੁੱਲ ਦੇ ਹੇਠ ਹੋਰ ਫਸਲਾਂ ਲਿਆਂਦੀਆਂ ਜਾਣ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11