ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਘਟਨਾਵਾਂ ਤੇ ਗੋਲੀਕਾਂਡ ਸਬੰਧੀ ਜਸਟਿਸ ਰਣਜੀਤ ਸਿੰਘ ਵੱਲੋਂ ਕਾਂਗਰਸ ਸਰਕਾਰ ਕੋਲ ਪੇਸ਼ ਕੀਤੀ ਗਈ ਰਿਪੋਰਟ ਨਾਲ ਹੋਏ ਖੁਲਾਸਿਆਂ ਵਿਚ ਜੱਗ ਜਾਹਿਰ ਹੋਣ ਪਿਛੋਂ ਅਕਾਲੀਦਲ ਦੀ ਲੀਡਰਸ਼ਿਪ ਇਕ ਵਾਰ ਸਿੱਖ ਸਮਾਜ ਦੀਆਂ ਨਜ਼ਰਾਂ ਵਿਚ ਛਿੱਥੀ ਪਈ ਨਜ਼ਰ ਆ ਰਹੀ ਹੈ। ਵਿਧਾਨ ਸਭਾ ਵਿਚ ਪੜੀ ਗਈ ਜਸਟਿਸ ਰਣਜੀਤ ਸਿੰਘ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਜਿਸ ਵਿਉਂਤਬੰਦੀ ਨਾਲ ਦੋਵੇਂ ਬਾਦਲਾਂ ਨੂੰ ਇੰਨ੍ਹਾਂ ਮਾਮਲਿਆਂ ’ਚ ਲਪੇਟਿਆ ਕੇ ਇੱਕ ਵਾਰ ਤਾਂ ਅਕਾਲੀਦਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਕੇ ਰੱਖ ਦਿੱਤੀ ਹੈ। ਪਿਛਲੇ ਮਹੀਨੇ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਕੁਝ ਹਿੱਸੇ ਨੂੰ ਵਿਧਾਨ ਸਭਾ ਵਿਚ ਪੇਸ਼ ਕਰਨ ਤੋਂ ਪਹਿਲਾ ਹੀ ਬਾਹਰ ਆ ਗਏ ਸਨ,ਉਸ ਸਮੇਂ ਤੋਂ ਵੀ ਅਕਾਲੀ ਲੀਡਰਸ਼ਿਪ ਆਪਣੇ ਤੇ ਆਉਣ ਵਾਲੇ ਵਿਰੋਧ ਨੂੰ ਭਾਂਪ ਰਹੀ ਸੀ ਪਰ ਸੁਖਬੀਰ ਬਾਦਲ ਅਤੇ ਉਸਦੇ ਜੋਟੀਦਾਰਾਂ ਵੱਲੋਂ ਸੀਨੀਅਰ ਅਕਾਲੀ ਲੀਡਰਸ਼ਿਪ ਦੇ ਮਸਵਰਿਆਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਹੀ ਅੰਦਾਜ਼ ਵਿਚ ਅਜਿਹੇ ਹਮਲੇ ਨੂੰ ਠੱਲਣ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਗਈਆਂ। ਇੰਨ੍ਹਾਂ ਦਿਨਾਂ ਦੌਰਾਨ ਸਿੱਖ ਸਮਾਜ ਅੰਦਰ ਅਕਾਲੀਦਲ ਪ੍ਰਤੀ ਕਿਰਕਰੀ ਸਾਰੀਆਂ ਹੱਦਾਂ ਬੰਨੇ ਟੱਪ ਗਈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਉਪਰ ਅਮਰੀਕਾ ਵਿਚ ਹੋਏ ਹਮਲੇ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਉਸਦੇ ਭਰਾ ਬਿਕਰਮਜੀਤ ਸਿੰਘ ਮਜੀਠੀਆਂ ਨੂੰ ਸਿੱਖ ਸੰਗਤ ਵੱਲੋਂ ਇਕ ਧਾਰਮਿਕ ਸਮਾਗਮ ਵਿਚ ਜਾਣ ਤੋਂ ਰੋਕਣ ਦੀਆਂ ਘਟਨਾਵਾਂ ਨੂੰ ਇਸੇ ਰੋਸ਼ਨੀ ਵਿਚ ਵੇਖ ਰਹੇ ਹਨ। ਦੂਸਰੇ ਪਾਸੇ ਇਸ ਸਮੇਂ ਦੌਰਾਨ ਪੰਥਕ ਜਥੇਬੰਦੀਆਂ ਵੱਲੋਂ ਬਰਗਾੜੀ ਵਿਚ ਠੰਡੇ ਚੱਲ ਰਹੇ ਮੋਰਚੇ ਨੂੰ ਇਕ ਦਮ ਅਜਿਹੀ ਜਨਤਕ ਹਮਾਇਤ ਮਿਲੀ ਕਿ ਸੂਬੇ ਦੇ ਹਰ ਹਿੱਸੇ ਵਿਚੋਂ ਸਿੱਖ ਸੰਗਤ ਦੇ ਵੱਡੇ ਕਾਫਲੇ ਇਸ ਮੁਹਿੰਮ ਦਾ ਹਿੱਸਾ ਬਣਨ ਲੱਗੇ ਤਾਂ ਇਸ ਨੇ ਅਕਾਲੀ ਲੀਡਰਸ਼ਿਪ ਦੀ ਚਿੰਤਾ ਹੋਰ ਵੀ ਵਧਾਅ ਦਿਤੀ। ਜਦੋਂ ਅਜਿਹੀਆਂ ਹਾਲਤਾਂ ਵਿਚ ਗੇਮ ਸੁਖਬੀਰ ਬਾਦਲ ਅਤੇ ਉਸਦੇ ਜੋਟੀਦਾਰਾਂ ਦੇ ਹੱਥੋ ਨਿਕਲ ਗਈ ਅਤੇ ਅਕਾਲੀਦਲ ਦੀ ਹਾਲਤ ਪਾਣੀ ਤੋਂ ਵੀ ਪਤਲੀ ਹੋਣ ਲੱਗੀ ਤਾਂ ਵੱਡੇ ਬਾਦਲ ਸਾਹਿਬ ਨੇ ਸੀਨੀਅਰ ਅਕਾਲੀ ਲੀਡਰਸ਼ਿਪ ਨੂੰ ਅੱਗੇ ਆ ਕੇ ਇਸ ਔਖੀ ਘੜੀ ’ਚ ਮੋਰਚਾ ਸੰਭਾਲਣ ਦੀ ਬੇਨਤੀ ਕੀਤੀ ਤਾਂ ਕਿਤੇ ਜਾ ਕੇ ਵੱਡੇ ਬਾਦਲ ਸਾਹਿਬ ਨਾਲ ਹੋਰ ਲੀਡਰ ਮੈਦਾਨ ਵਿਚ ਆਏ। ਜਦੋਂ ਦੋਵੇਂ ਸਾਲਾ-ਭਣੋਈਆ ਇਹ ਲੜਾਈ ਇਕੱਲੇ ਲੜ ਰਹੇ ਸਨ ਤਾਂ ਆਮ ਲੋਕਾਂ ਵਿਚ ਇਹ ਪ੍ਰਭਾਵ ਜਾ ਰਿਹਾ ਸੀ ਕਿ ਸੀਨੀਅਰ ਅਕਾਲੀ ਲੀਡਰਸ਼ਿਪ ਅਜਿਹੇ ਮੌਕੇ ਨੂੰ ਇੰਨ੍ਹਾਂ ਦੋਵਾਂ ਦੇ ਸਿਆਸੀ ਸਫਾਏ ਲਈ ਵਰਤ ਸਕਦੀ ਹੈ ਤਾਂ ਵੱਡੇ ਬਾਦਲ ਨੇ ਸਿਹਤ ਠੀਕ ਨਾ ਹੋਣ ਦੇ ਵਾਬਜੂਦ ਵੀ ਮੋਰਚਾ ਸੰਭਾਲਿਆ। ਇਥੇ ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਜਦੋਂ ਅਕਾਲੀ ਸਰਕਾਰ ਦੇ ਪਿਛਲੇ ਪੰਜ ਸਾਲਾਂ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਹਮਾਇਤੀਆਂ ਨੇ ਵੱਡੇ ਬਾਦਲ ਨੂੰ ਕੁਰਸੀ ਤੋਂ ਲਾਂਭੇ ਕਰਕੇ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਮੁਹਿੰਮ ਚਲਾਈ ਸੀ ਤਾਂ ਉਸ ਸਮੇਂ ਵੀ ਵੱਡੇ ਬਾਦਲ ਨੇ ਆਪਣੇ ਪੁਰਾਣੇ ਸਾਥੀਆਂ ਨੂੰ ਹੀ ਮਦਦ ਲਈ ਅਵਾਜ਼ ਮਾਰੀ ਸੀ। ਇਸ ਪਿੱਛੋਂ ਲੀਡਰਸ਼ਿਪ ਤੇ ਬਾਦਲ ਦੀ ਹਮਾਇਤ ਤੇ ਆ ਖੜ੍ਹਨ ਪਿੱਛੋ ਬਾਦਲ ਸਾਹਿਬ ਦੇ ਹੌਸ਼ਲੇ ਇਨ੍ਹੇ ਵਧ ਗਏ ਸਨ ਕਿ ਉਨ੍ਹਾਂ ਜਨਤਕ ਤੌਰ ਤੇ ਸੁਖਬੀਰ ਹਮਾਇਤੀਏ ਨੂੰ ਇਹ ਨਿਹੌਰਾ ਦੇ ਮਾਰਿਆ ਸੀ ‘ਕਾਕਾ ਤੂੰ ਕਦੇ ਮੋਰਚੇ ’ਚ ਜ਼ੇਲ ਕੱਟੀ ਐ’ ਉਨ੍ਹਾਂ ਦਾ ਮਨੋਰਥ ਕੁਰਬਾਨੀਆਂ ਵਾਲੀ ਲੀਡਰਸ਼ਿਪ ਨੂੰ ਥਾਪੜਾ ਦੇਣਾ ਅਤੇ ਪੈਰਾਸ਼ੂਟ ਰਾਹੀ ਉਤਰੇ ਲੀਡਰਾਂ ਨੂੰ ਉਨ੍ਹਾਂ ਦੀ ਅਸਲ ਥਾਂ ਵਿਖਾਉਣਾ ਹੀ ਸੀ। ਮੌਜ਼ੂਦਾ ਸੰਕਟ ਵਿਚ ਵੀ ਸੁਖਬੀਰ ਬਾਦਲ ਦੇ ਜੋਟੀਦਾਰਾਂ ਵੱਲੋ ਅਪਣਾਈ ਰਣਨੀਤੀ ਨੂੰ ਸੀਨੀਅਰ ਲੀਡਰਸ਼ਿਪ ਨੇ ਪਸ਼ੰਦ ਨਹੀ ਕੀਤਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਪੰਜਾਬ ਵਿਚ ਕੀਤੀਆਂ ਜਾਣ ਵਾਲੀਆਂ ਪੋਲ ਖੋਲ ਰੈਲੀਆਂ ਸਬੰਧੀ ਵੀ ਇਹ ਗੱਲ ਭਲੀਭਾਂਤ ਉਸ ਸਮੇਂ ਸਪੱਸ਼ਟ ਹੋ ਗਈ ਜਦੋਂ ਪੰਜ ਸਤੰਬਰ ਨੂੰ ਸੁਖਬੀਰ ਸਿੰਘ ਬਾਦਲ ਫਰੀਦਕੋਟ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸਬੰਧੀ ਇੱਕ ਮੀਟਿੰਗ ਵਿਚ ਜਾ ਰਹੇ ਸਨ ਤਾਂ ਸਿੱਖ ਸੰਗਤਾਂ ਨੇ ਸੁਖਬੀਰ ਸਿੰਘ ਬਾਦਲ ਦਾ ਬੁਰੀ ਤਾਂ ਵਿਰੋਧ ਕੀਤਾ ਸੀ ਤਾਂ ਸੁਰੱਖਿਆ ਦਸਤਿਆਂ ਨੇ ਸਮੇਂ ਦੀ ਨਜਾਕਤ ਨੂੰ ਭਾਂਪਦਿਆਂ ਤਨਾਅ ਪੂਰਨ ਹੁੰਦੇ ਮਾਹੌਲ ਨੂੰ ਮਸਾਂ ਹੀ ਕਾਬੂ ਵਿਚ ਕੀਤਾ। ਇਸ ਤੋਂ ਜਾਹਿਰ ਹੁੰਦਾ ਹੈ ਕਿ ਪੰਜਾਬ ਦੀ ਸਿੱਖ ਸੰਗਤ ਨੇ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਕਾਰਨ ਅਕਾਲੀਦਲ ਨਾਲੋਂ ਦੂਰੀ ਬਣਾ ਰੱਖੀ ਹੈ। ਬਾਦਲਾਂ ਵੱਲੋਂ ਪੰਜਾਬ ਵਿਚ ਕੀਤੀਆਂ ਜਾਣ ਵਾਲੀਆਂ ਪੋਲ ਖੋਲ ਰੈਲੀਆਂ ਰਾਹੀ ਅਜਿਹੀਆਂ ਹਾਲਤਾਂ ਵਿਚੋਂ ਅਕਾਲੀਦਲ ਆਪਣੇ ਆਪ ਨੂੰ ਸਿਆਸੀ ਤੌਰ ਤੇ ਬਚਾਅ ਸਕੇਗਾ ? ਇਹ ਸਵਾਲ ਅਜੇ ਭਵਿੱਖ ਦੇ ਗਰਭ ਵਿਚ ਪਲ ਰਿਹਾ ਹੈ।
You are here: Home » Editororial Page » ਕੀ ਸਿੱਖ ਸੰਗਤ ’ਚ ਵਧਦਾ ਰੋਸ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਠੱਲ ਸਕੇਗੀ