Tuesday , 15 October 2019
Breaking News
You are here: Home » Editororial Page » ਕਿੱਧਰ ਜਾ ਰਹੀ ਹੈ ਪੰਜਾਬ ਦੀ ਗਾਇਕੀ

ਕਿੱਧਰ ਜਾ ਰਹੀ ਹੈ ਪੰਜਾਬ ਦੀ ਗਾਇਕੀ

ਪੰਜਾਬੀ ਸੱਭਿਆਚਾਰ ਵਿੱਚ ਸੰਗੀਤ ਦਾ ਇਕ ਵਿਸ਼ੇਸ਼ ਮਹੱਤਵ ਹੈ। ਪੀੜ੍ਹੀਆਂ ਤੋਂ ਚਲਦੀ ਆ ਰਹੀ ਪਰੰਪਰਾ ਵਿੱਚ ਸੰਗੀਤ ਨੂੰ ਰੂਹ ਦੇ ਸਕੂਨ ਲਈ ਸੁਣਿਆ ਜਾਂਦਾ ਸੀ, ਜਦੋਂ ਵਿਅਕਤੀ ਬਹੁਤ ਉਦਾਸ ਹੁੰਦਾ ਸੀ ਜਾਂ ਦਿਮਾਗੀ ਤੌਰ ‘ਤੇ ਬਹੁਤ ਜ਼ਿਆਦਾ ਥੱਕ ਜਾਂਦਾ ਸੀ ਤਾਂ ਉਹ ਸੰਗੀਤ ਦਾ ਸਹਾਰਾ ਲੈਂਦਾ ਸੀ। ਸੰਗੀਤ ਵਿਅਕਤੀ ਨੂੰ ਰੂਹਾਨੀਅਤ ਨਾਲ ਜੋੜ ਕੇ ਅਧਿਆਤਮਿਕ ਰਸਤੇ ਉੱਪਰ ਚੱਲਣ ਲਈ ਪ੍ਰੇਰਿਤ ਕਰਦਾ ਸੀ। ਵਿਅਕਤੀ ਆਪਣੀ ਇਕੱਲਤਾ ਵਿੱਚ ਸੰਗੀਤ ਸੁਣ ਕੇ ਆਸ਼ਾਵਾਦੀ ਹੁੰਦਾ ਹੋਇਆ ਆਪਣੇ ਜ਼ੰਿਦਗੀ ਦੇ ਮਿਥੇ ਹੋਏ ਟੀਚਿਆਂ ਵੱਲ ਵੱਧਦਾ ਸੀ। ਪਿਛਲੇ ਕੁਝ ਸਮੇਂ ਤੋਂ ਸੱਭਿਆਚਾਰ ਦੇ ਵਿੱਚ ਬਹੁਤ ਵੱਡੇ ਰੂਪਾਂਤਰਣ ਹੋਏ ਹਨ। ਇਸ ਰੂਪਾਂਤਰਣ ਵਿੱਚ ਪੰਜਾਬੀ ਗੀਤਕਾਰੀ ਦੀ ਵੱਡੀ ਭੂਮਿਕਾ ਰਹੀ ਹੈ। ਗੀਤ ਸੁਣਨਾ ਲੋਕਾਂ ਲਈ ਮਨਪ੍ਰਚਾਵੇ ਦਾ ਸਾਧਨ ਹੈ ਪਰ ਆਧੁਨਿਕ ਗੀਤਾਂ ਨੇ ਪੂਰੀ ਤਰ੍ਹਾਂ ਸਮਾਜ ਦੇ ਸੱਭਿਆਚਾਰਕ ਤਾਣੇ ਬਾਣੇ ਨੂੰ ਬਦਲ ਕੇ ਰੱਖ ਦਿੱਤਾ ਹੈ। ਸੱਭਿਆਚਾਰਕ ਬਦਲਾਅ ਨੇ ਪੂਰੇ ਸਮਾਜ ਨੂੰ ਪ੍ਰਭਾਵਿਤ ਕੀਤਾ ਹੈ। ਸਮਾਜ ਵਿੱਚ ਵਿੱਚ ਤਿੰਨ ਤਰ੍ਹਾਂ ਦੇ ਲੋਕ ਵੱਸਦੇ ਹਨ ਬੱਚੇ, ਨੌਜਵਾਨ ਅਤੇ ਬਜ਼ੁਰਗ। ਅੱਜ ਦੇ ਸੱਭਿਆਚਾਰ ਨੇ ਸਭ ਤੋਂ ਵੱਧ ਜਿਸ ਵਰਗ ਤੇ ਪ੍ਰਭਾਵ ਪਾਇਆ ਹੈ ਉਹ ਹੈ ਨੌਜਵਾਨ ਵਰਗ। ਸਿਆਣਿਆਂ ਦਾ ਕਥਨ ਹੈ ਕਿ ਇਹ ਉਹ ਵਰਗ ਹੁੰਦਾ ਹੈ ਜਿਸ ਨੇ ਸਮਾਜ ਨੂੰ ਅੱਗੇ ਤੋਰਨਾ ਹੁੰਦਾ ਹੈ ਪਰ ਮਸਲਾ ਇੱਥੇ ਇਹ ਹੈ ਕਿ ਅਸੀਂ ਉਸ ਵਰਗ ਨੂੰ ਦੇ ਕੀ ਰਹੇ ਹਾਂ? ਵਿਅਕਤੀ ਸਮਾਜ ਵਿੱਚੋਂ ਹੀ ਸਿੱਖਦਾ ਹੈ ਤੇ ਅੱਜ ਜੇਕਰ ਅਸੀਂ ਕੁਝ ਸਿੱਖਣਾ ਹੈ ਤਾਂ ਜੋ ਸਾਨੂੰ ਦਿਖਾਇਆ ਜਾ ਰਿਹਾ ਹੈ ਅਤੇ ਸਮਕਾਲੀ ਤਸਵੀਰ ਕੁਝ ਵੱਖਰੀ ਹੈ ।
ਆਧੁਨਿਕ ਸਮੇਂ ਵਿੱਚ ਸੰਗੀਤ ਵਪਾਰਕ ਬਣਦਾ ਜਾ ਰਿਹਾ ਹੈ। ਪਰੰਪਰਾਗਤ ਤਰੀਕੇ ਨਾਲ ਪੇਸ਼ ਕਰਨ ਵਾਲਾ ਸੰਗੀਤ ਹੁਣ ਵਕਤੀ ਲੋੜਾਂ ਅਨੁਸਾਰ ਢਲਣ ਲੱਗ ਪਿਆ ਹੈ। ਗਾਣਿਆਂ ਦੀ ਭਾਸ਼ਾ ਅਤੇ ਸੰਗੀਤ ਇੱਕ ਵੱਖਰੀ ਧੁਨ ਪੇਸ਼ਕਾਰੀ ਕਰ ਰਹੇ ਹਨ ਜਿਸ ਵਿੱਚ ਸਿਰਫ਼ ਰੋਲਾਰੱਪਾ ਹੀ ਅਤੇ ਕੋਈ ਮਨੋਰਥ ਜਾਂ ਉਦੇਸ਼ ਨਜ਼ਰ ਨਹੀਂ ਆ ਰਿਹਾ ਹੈ। ਅੱਜ ਦੇ ਸਮੇਂ ਵਿੱਚ ਆ ਰਹੇ ਗਾਣਿਆਂ ਦੀ ਭਾਸ਼ਾ ਅਤੇ ਉਨ੍ਹਾਂ ਦਾ ਫ਼ਿਲਮਾਂਕਣ ਇੱਕ ਅਜੀਬ ਕਿਸਮ ਦੇ ਸੱਭਿਆਚਾਰ ਦੀ ਪੇਸ਼ਕਾਰੀ ਕਰਦਾ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਸਾਡੇ ਨੌਜਵਾਨ ਆਪਣੇ ਪੁਰਾਤਨ ਅਤੇ ਵਿਸ਼ਾਲ ਸੱਭਿਆਚਾਰ ਤੋਂ ਪਰ੍ਹਾਂ ਜਾ ਰਹੇ ਹਨ। ਇਸ ਤੋਂ ਵੀ ਗੰਭੀਰ ਮਸਲਾ ਉਦੋਂ ਪੈਦਾ ਹੋ ਜਾਂਦਾ ਹੈ ਜਦੋਂ ਸਾਡੇ ਨੌਜਵਾਨਾਂ ਦੇ ਹੀਰੋ ਬਣੇ ਗਾਇਕ ਆਪਸੀ ਨਫਰਤ ਕਾਰਨ ਸਾਡੇ ਸਮੁੱਚੇ ਸੱਭਿਆਚਾਰ ਨੂੰ ਢਾਹ ਲਾਉਂਦੇ ਹਨ। ਜਿੱਥੇ ਇਨ੍ਹਾਂ ਦੇ ਗਾਣਿਆਂ ਦੀ ਭਾਸ਼ਾ ਦੀ ਕੋਈ ਮਰਿਆਦਾ ਨਹੀਂ ਉੱਥੇ ਹੀ ਇਨ੍ਹਾਂ ਦੇ ਨਿੱਜੀ ਵਿਅਕਤੀਤਵ ਦੀ ਪੇਸ਼ਕਾਰੀ ਵੀ ਹਲਕੀ ਨਜ਼ਰ ਆਉਂਦੀ ਹੈ। ਪਿਛਲੇ ਕੁਝ ਦਿਨਾਂ ਵਿੱਚ ਵਾਪਰੇ ਘਟਨਾਕ੍ਰਮਾਂ ਵਿੱਚੋ ਸਾਡੇ ਪੰਜਾਬ ਦੇ ਕਈ ਮਸ਼ਹੂਰ ਗਾਇਕ ਜਿਨ੍ਹਾਂ ਵਿੱਚ ਐਲੀ ਮਾਂਗਟ, ਰੰਮੀ ਰੰਧਾਵਾ ਤੇ ਸਿੱਧੂ ਮੂਸੇ ਵਾਲਾ ਬਹੁਤ ਚਰਚਿਤ ਹੋ ਰਹੇ ਹਨ ਜਿਨ੍ਹਾਂ ਨੇ ਆਪਣੀ ਨਿੱਜੀ ਜ਼ੰਿਦਗੀ ਨੂੰ ਖਤਰੇ ਵਿੱਚ ਪਾਇਆ ਹੈ ਉੱਥੇ ਹੀ ਝੂਠੀ ਸ਼ੋਹਰਤ ਲਈ ਕੁਝ ਗ਼ਲਤ ਬਿਆਨਬਾਜ਼ੀ ਵੀ ਕੀਤੀ ਹੈ।
ਇਸ ਸਾਰੇ ਮਸਲੇ ਵਿੱਚ ਸੰਵੇਦਨਸ਼ੀਲ ਵਿਅਕਤੀ ਇਹ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਅਸੀਂ ਉਸੇ ਧਰਤੀ ਤੇ ਹੀ ਰਹਿੰਦੇ ਹਾਂ ਜਿਸ ਦੀ ਆਨ, ਬਾਨ ਤੇ ਸ਼ਾਨ ਲਈ ਸਾਡੇ ਗੁਰੂ ਸਾਹਿਬਾਨ ਨੇ ਕੁਰਬਾਨੀਆਂ ਦਿੱਤੀਆਂ ਸਨ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕਿਸੇ ਪਾਸੇ ਵੀ ਢਾਲ ਰਹੇ ਹਾਂ, ਕਿਉਂਕਿ ਉਨ੍ਹਾਂ ਦਾ ਵਿਅਕਤੀਤਵ ਕੱਚੀ ਮਿੱਟੀ ਦੀ ਤਰ੍ਹਾਂ ਹੈ ਪਰ ਸਾਡੇ ਨੌਜਵਾਨਾਂ ਦੇ ਹੀਰੋ ਬਣੇ ਇਹ ਗਾਇਕ ਅਤੇ ਗੀਤਕਾਰ ਕੀ ਸਹੀ ਸੇਧ ਦੇ ਸਕਣਗੇ? ਪੰਜਾਬੀ ਗੀਤਕਾਰੀ ਵਿੱਚ ਸਿਰਫ਼ ਤਿੰਨ ਗੱਲਾਂ ਤੇ ਹੀ ਜ਼ੋਰ ਹੈ ਜਿਸ ਨੂੰ ਪੁਰਾਣੇ ਸਮਿਆਂ ਵਿੱਚ ਅਸੀਂ ਲੜਾਈ ਦਾ ਕਾਰਨ ਮੰਨਦੇ ਸੀ ਉਹ ਸਨ ਜ਼ਰ, ਜੋਰੂ ਤੇ ਜ਼ਮੀਨ ।ਅੱਜ ਦੇ ਗਾਣਿਆਂ ਵਿੱਚ ਵੀ ਇਹ ਤਿੰਨੇ ਤੱਤ ਹੀ ਭਾਰੂ ਹਨ ।ਧਿਆਨ ਨਾਲ ਦੇਖਿਆ ਜਾਵੇ ਤਾਂ ਪੰਜਾਬੀ ਗਾਣਿਆਂ ਵਿੱਚ ਸਿਰਫ਼ ਲੜਾਈ ਲੜਾਈ ਹੀ ਦਿਖਾਈ ਜਾਂਦੀ ਹੈ, ਉਹ ਭਾਵੇਂ ਜ਼ਰ ਕਰਕੇ ਹੋਵੇ ਭਾਵੇਂ ਜੋਰੂ ਕਰਕੇ ਹੋਵੇ ਤੇ ਭਾਵੇਂ ਜ਼ਮੀਨ ਕਰਕੇ ਹੋਵੇ। ਇੱਥੇ ਇਹ ਮਸਲਾ ਸੋਚਣ ਵਾਲਾ ਹੈ ਕੀ ਲੜਾਈ ਕਰਨਾ ਹੀ ਸਾਡੇ ਸੱਭਿਆਚਾਰ ਦਾ ਹਿੱਸਾ ਹੈ ?ਅਸੀਂ ਸਿਰਫ ਲੜਾਈ ਕਰਨ ਲਈ ਹੀ ਬਣੇ ਹਾਂ । ਸਾਨੂੰ ਇਸ ਮਸਲੇ ਤੇ ਸੋਚਣ ਦੀ ਜ਼ਰੂਰਤ ਹੈ। ਵਿਸ਼ਵ ਪੱਧਰ ਤੇ ਪੰਜਾਬੀ ਯੋਧਿਆਂ ਦਾ ਇੱਕ ਵੱਖਰਾ ਮਾਨ ਸਨਮਾਨ ਹੈ। ਇਹ ਸਨਮਾਨ ਉਨ੍ਹਾਂ ਨੂੰ ਦੂਜੇ ਧਰਮਾਂ ਦਾ ਸਤਿਕਾਰ ਕਰਨ ਲਈ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ ਮਿਲਿਆ ਸੀ ਪਰ ਨਮੋਸ਼ੀ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਸੱਭਿਆਚਾਰ ਦੀ ਪੇਸ਼ਕਾਰੀ ਕਰਨ ਵਾਲਿਆਂ ਵਿੱਚ ਇਸ ਤਰ੍ਹਾਂ ਦੀ ਗੈਂਗਵਾਰ ਪਹਿਲਾਂ ਨਹੀਂ ਸੀ।
ਪੂਰਾ ਵਿਸ਼ਵ ਇੱਕ ਸੱਭਿਆਚਾਰਕ ਪਲੇਟਫਾਰਮ ਦੀ ਤਰ੍ਹਾਂ ਕੰਮ ਕਰ ਰਿਹਾ ਹੈ। ਹਰੇਕ ਦੇਸ਼ ਆਪਣੇ ਸੱਭਿਆਚਾਰ ਨੂੰ ਮਾਣਮੱਤਾ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਿਹਾ ਹੈ। ਇਸ ਸੰਦਰਭ ਵਿੱਚ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਅਸੀਂ ਉਹ ਸੱਭਿਆਚਾਰ ਤੋਂ ਹਾਂ ਜਿਸ ਦਾ ਕੋਈ ਸਾਨੀ ਨਹੀਂ ਹੈ ਪਰ ਸਾਡੀਆਂ ਅਜਿਹੀਆਂ ਬਚਕਾਨਾ ਹਰਕਤਾਂ ਸਾਨੂੰ ਵਿਸ਼ਵ ਪੱਧਰ ਤੇ ਨਮੋਸ਼ੀ ਦਾ ਸਾਹਮਣਾ ਕਰਨ ਲਈ ਮਜਬੂਰ ਕਰਦੀਆਂ ਹਨ। ਸਾਡੇ ਗਾਣਿਆਂ ਵਿੱਚ ਨੰਗੇਜ਼ਵਾਦ ਜਾਂ ਗੈਰ ਮਿਆਰੀ ਭਾਸ਼ਾ ਜਾਂ ਹੋਛੇਪਣ ਦਾ ਕੋਈ ਵੀ ਸਰੂਪ ਨਹੀਂ ਸੀ ਹੁੰਦਾ ਪਰ ਆਧੁਨਿਕ ਸਮੇਂ ਵਿੱਚ ਇਹ ਸਾਰੀਆਂ ਚੀਜ਼ਾਂ ਦੀ ਭਰਮਾਰ ਹੈ ਲੋਕਾਂ ਨੂੰ ਇੱਕ ਬਣਾਉਟੀ ਪਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਉਹ ਆਪਣੀ ਵਿੱਤ ਤੋਂ ਵੱਧ ਕੇ ਕੁਝ ਹੋਰ ਕਰਨ ਦੀ ਚਾਹਤ ਰੱਖਦੇ ਹੋਏ ਆਪਣੀ ਪਰੰਪਰਾ ਤੋਂ ਦੂਰ ਜਾ ਰਹੇ ਹਨ। ਸੋ ਲੋੜ ਹੈ ਅੱਜ ਅਸੀਂ ਆਪਣੀ ਜਵਾਨੀ ਨੂੰ ਬਚਾਈਏ ਜੇ ਅਸੀਂ ਆਪਣੀ ਜਵਾਨੀ ਨੂੰ ਬਚਾ ਲਵਾਂਗੇ ਤਾਂ ਸਾਡਾ ਸੱਭਿਆਚਾਰ ਵੀ ਬਚ ਜਾਵੇਗਾ। ਅਸੀਂ ਸੁਚੱਜਾ ਗਾਈਏ ਸਾਦਾ ਜੀਵਨ ਬਤੀਤ ਕਰੀਏ ਤੇ ਲੋਕਾਂ ਦੇ ਮਾਰਗ ਦਰਸ਼ਕ ਬਣਦੇ ਹੋਏ ਇੱਕ ਬਿਹਤਰ ਸਮਾਜ ਦੇਈਏ ਤਾਂ ਜੋ ਸਮਾਜ ਇੱਕ ਪਰਿਵਾਰ ਦੀ ਤਰ੍ਹਾਂ ਰਹੇ ਨਾ ਕਿ ਨਫਰਤ ਨਾਲ ਰਹੇ। ਜ਼ਰੂਰਤ ਹੈ ਕਿ ਅਸੀਂ ਇਸ ਪਾਸੇ ਵੱਲ ਸੋਚੀਏ ਸਰਕਾਰਾਂ ,ਬੁੱਧੀਜੀਵੀਆਂ ਤੇ ਆਮ ਜਨ ਸਮੂਹਾਂ ਨੂੰ ਸੋਚਣਾ ਚਾਹੀਦਾ ਹੈ। ਅਸੀਂ ਪਹਿਲਾਂ ਆਪਣੇ ਨੌਜਵਾਨਾਂ ਨੂੰ ਚੰਗੇ ਸੰਸਕਾਰ ਦੇਈਏ ਤੇ ਫਿਰ ਬਦਲੇ ਵਿੱਚ ਅਸੀਂ ਉਨ੍ਹਾਂ ਤੋਂ ਆਸ ਕਰੀਏ ਕਿ ਉਹ ਸਮਾਜ ਨੂੰ ਚੰਗੀ ਤਰ੍ਹਾਂ ਸੇਧ ਦੇਣਗੇ ।ਗੀਤਕਾਰੀ ਨੇ ਹਮੇਸ਼ਾ ਹੀ ਸਮਾਜ ਨੂੰ ਸੇਧ ਦਿੱਤੀ ਹੈ ਸੋ ਜ਼ਰੂਰਤ ਹੈ ਕਿ ਅਸੀਂ ਚੰਗੇ ਤੇ ਸਾਫ ਸੁਥਰੇ ਗੀਤ ਲਿਖੀਏ ਅਤੇ ਗਾਈਏ ਤਾਂ ਕਿ ਸਾਡੇ ਗਾਏ ਹੋਏ ਗੀਤਾਂ ਨਾਲ ਸਮਾਜ ਦੂਸ਼ਤ ਨਾ ਹੋਵੇ ਸਗੋਂ ਸੂਝਵਾਨ ਹੋਵੇ।

Comments are closed.

COMING SOON .....


Scroll To Top
11