Thursday , 27 June 2019
Breaking News
You are here: Home » Religion » ਕਿਰਪਾਨ ਨੂੰ ਮਾਨਤਾ ਦੇਣਾ ਬਰਤਾਨੀਆ ਸਰਕਾਰ ਦਾ ਸ਼ਲਾਘਾਯੋਗ ਕਦਮ- ਭਾਈ ਲੌਂਗੋਵਾਲ

ਕਿਰਪਾਨ ਨੂੰ ਮਾਨਤਾ ਦੇਣਾ ਬਰਤਾਨੀਆ ਸਰਕਾਰ ਦਾ ਸ਼ਲਾਘਾਯੋਗ ਕਦਮ- ਭਾਈ ਲੌਂਗੋਵਾਲ

ਹੋਰਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਬਰਤਾਨੀਆ ਦੇ ਫੈਸਲੇ ਤੋਂ ਸੇਧ ਲੈਣ ਦੀ ਅਪੀਲ
ਅੰਮ੍ਰਿਤਸਰ, 21 ਮਈ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਰਤਾਨੀਆ ਸਰਕਾਰ ਵੱਲੋਂ ਹਥਿਆਰਾਂ ਬਾਰੇ ਬਣਾਏ ਗਏ ਕਾਨੂੰਨ ਵਿੱਚੋਂ ਕਿਰਪਾਨ ਨੂੰ ਬਾਹਰ ਰੱਖਣ ਦਾ ਸਵਾਗਤ ਕੀਤਾ ਹੈ। ਭਾਈ ਲੌਂਗੋਵਾਲ ਜੋ ਅੱਜ ਇਥੇ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਪੁੱਜੇ ਸਨ ਨੇ ਆਖਿਆ ਕਿ ਸਿੱਖ ਅੱਜ ਪੂਰੇ ਵਿਸ਼ਵ ’ਚ ਵੱਸਦੇ ਹਨ ਅਤੇ ਉਨ੍ਹਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਨੂੰ ਮਾਨਤਾ ਦੇ ਕੇ ਬਰਤਾਨੀਆ ਸਰਕਾਰ ਨੇ ਸ਼ਲਾਘਾਯੋਗ ਕਾਰਜ ਕੀਤਾ ਹੈ। ਉਨ੍ਹਾਂ ਆਖਿਆ ਕਿ ਜਿਥੇ ਅੰਮ੍ਰਿਤਧਾਰੀ ਗੁਰਸਿੱਖਾਂ ਵੱਲੋਂ ਕਕਾਰਾਂ ਦਾ ਹਿੱਸਾ ਕਿਰਪਾਨ ਨੂੰ ਸਦਾ ਅੰਗ-ਸੰਗ ਰੱਖਿਆ ਜਾਂਦਾ ਹੈ, ਉਥੇ ਹੀ ਨਗਰ ਕੀਰਤਨ ਆਦਿ ਸਮਾਗਮਾਂ ਸਮੇਂ ਵੱਡੀ ਕਿਰਪਾਨ ਵੀ ਸਜਾਈ ਜਾਂਦੀ ਹੈ। ਇਸ ਦੇ ਨਾਲ ਹੀ ਗੱਤਕਾ ਪ੍ਰਦਰਸ਼ਨੀ ਵੀ ਵੱਡੀ ਕਿਰਪਾਨ ਤੋਂ ਬਗੈਰ ਸੰਭਵ ਨਹੀਂ ਹੈ। ਹੁਣ ਬਰਤਾਨੀਆ ਸਰਕਾਰ ਵੱਲੋਂ ਸੋਧੇ ਗਏ ਕਾਨੂੰਨ ਅਨੁਸਾਰ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਿਰਪਾਨ ਦੀ ਮਨਾਹੀ ਨਹੀਂ ਹੋਵੇਗੀ। ਉਨ੍ਹਾਂ ਆਖਿਆ ਕਿ ਇਹ ਬਰਤਾਨੀਆ ’ਚ ਰਹਿੰਦੇ ਸਿੱਖਾਂ ਲਈ ਬੇਹੱਦ ਖੁਸ਼ੀ ਦੀ ਖਬਰ ਹੈ। ਇਹ ਕਾਨੂੰਨ ਪਾਸ ਕਰਵਾਉਣ ਲਈ ਭਾਈ ਲੌਂਗੋਵਾਲ ਨੇ ਸਥਾਨਕ ਸਿੱਖ ਸੰਗਤਾਂ ਤੇ ਸਿੱਖ ਆਗੂ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਇਸ ਕਾਨੂੰਨ ਲਈ ਮਹਾਰਾਣੀ ਐਲਿਜਾਬੈਥ ਦੂਜੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਨਾਲ ਸਿੱਖ ਬਰਤਾਨੀਆ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਹੋਰ ਦ੍ਰਿੜ੍ਹਤਾ ਨਾਲ ਕਾਰਜ ਕਰਨਗੇ। ਉਨ੍ਹਾਂ ਆਖਿਆ ਕਿ ਇਸ ਨਾਲ ਆਪਸੀ ਭਾਈਚਾਰਕ ਸਾਂਝ ਵੀ ਵਧੇਗੀ ਅਤੇ ਸਿੱਖਾਂ ਨੂੰ ਵਿਦੇਸ਼ਾਂ ਵਿਚ ਆਪਣੇਪਨ ਦਾ ਅਹਿਸਾਸ ਹੋਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੁਨੀਆਂ ਭਰ ਦੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਬਰਤਾਨੀਆ ਸਰਕਾਰ ਦੇ ਇਸ ਫੈਸਲੇ ਤੋਂ ਸੇਧ ਲੈਣ ਦੀ ਅਪੀਲ ਵੀ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਵਿਸ਼ਵ ’ਚ ਵੱਸਦੇ ਸਿੱਖ ਹਮੇਸ਼ਾ ਭਾਈਚਾਰਕ ਸਾਂਝ ਦੇ ਮੁਦੱਈ ਰਹੇ ਹਨ ਅਤੇ ਗੁਰੂ ਬਖ਼ਸ਼ੇ ਸਿਧਾਂਤਾਂ ਅਤੇ ਪ੍ਰੰਪਰਾਵਾਂ ਅਨੁਸਾਰ ਹਮੇਸ਼ਾ ਹੀ ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਹਰ ਮੁਲਕ ਦੀ ਸਰਕਾਰ ਬਰਤਾਨੀਆ ਦੀ ਤਰਜ਼ ’ਤੇ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਨੂੰ ਸੁਰੱਖਿਅਤ ਬਣਾਉਣ ਲਈ ਸੰਜੀਦਾ ਯਤਨ ਕਰਨ।

Comments are closed.

COMING SOON .....


Scroll To Top
11