Monday , 20 January 2020
Breaking News
You are here: Home » Editororial Page » ਕਿਉਂ ਵਧਦੇ ਨੇ ਗੰਢਿਆਂ ਦੇ ਭਾਅ

ਕਿਉਂ ਵਧਦੇ ਨੇ ਗੰਢਿਆਂ ਦੇ ਭਾਅ

ਸਾਡੇ ਦੇਸ਼ ਵਿਚ ਰੁੱਖੀ-ਸੁੱਖੀ ਖਾ ਕੇ ਜੀਵਨ ਜਿਓਣ ਦਾ ਵਿਵਹਾਰ ਪੁਰਾਣੇ ਸਮੇਂ ਤੋਂ ਚਲਦਾ ਆ ਰਿਹਾ ਹੈ। ਪੇਂਡੂ ਘਰਾਂ ਵਿਚ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਜਦੋਂ ਘਰ ਵਿਚ ਦਾਲ ਜਾਂ ਸਬਜ਼ੀਆਂ ਦਾ ਪ੍ਰਬੰਧ ਨਾ ਹੋਵੇ, ਤਾਂ “ਅਚਾਰ ਅਤੇ ਗੰਢੇ” ਨਾਲ ਰੋਟੀ ਖਾਓ ਅਤੇ ਆਪਣੀ ਭੁੱਖ ਮਿਟਾਓ. ਅੱਜ ਵੀ ਸਾਡੇ ਦੇਸ਼ ਦੇ ਕਰੋੜਾਂ ਲੋਕ ਰੁੱਖੀ-ਸੁੱਖੀ ਖਾ ਕੇ ਗੁਜਾਰਾ ਕਰ ਰਹੇ ਹਨ। ਪਰ ਹੁਣ ਤਾਂ ਰੁੱਖੀ-ਸੁੱਖੀ ਖਾਣ ਦੀ ਮੁੱਖ ਵਸਤੂ ਗੰਢਾ, ਇੰਝ ਜਾਪਦੀ ਹੈ ਕਿ ਇਹ ਆਮ ਆਦਮੀ ਨਾਲੋ ਨਾਰਾਜ਼ ਹੀ ਹੋ ਗਿਆ ਹੈ। ਗੰਢੇ ਦੀਆਂ ਵਧਦੀਆਂ ਕੀਮਤਾਂ ਨੇ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਦਾ ਖਾਣਾ ਦੁਸ਼ਵਾਰ ਕਰ ਦਿੱਤਾ ਹੈ। ਹਰ ਪਰਿਵਾਰ ਦੀ ਰਸੋਈ ਦੀ ਮੁੱਖ ਜਰੂਰਤ ਗੰਢਾ, ਮਹਿੰਗੀਆਂ ਕੀਮਤਾਂ ਕਾਰਨ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਗੰਢੇ ਦੀਆਂ ਵਧੀਆਂ ਕੀਮਤਾਂ ਨੇ ਇਸ ਨੂੰ ਅਨਮੋਲ ਬਣਾ ਦਿੱਤਾ ਹੈ. ਹੁਣ ਇੱਕ ਆਮ ਆਦਮੀ ਲਈ ਗੰਢੇ ਦਾ ਸਲਾਦ ਦੇ ਤੌਰ ‘ਤੇ ਖਾਣਾ ਤਾਂ ਦੂਰ, ਹੁਣ ਉਹ ਦਾਲ ਸਬਜ਼ੀ ਵਿਚ ਗੰਢੇ ਦਾ ਤੜਕਾ ਵੀ ਨਹੀਂ ਲਾ ਸਕਦਾ। ਹਰ ਗਰੀਬ, ਮੱਧ ਅਤੇ ਅਮੀਰ ਦੇ ਘਰ ਦੀ ਰਸੋਈ ਵਿਚ ਮੁੱਖ ਤੌਰ ਤੇ ਹਰ ਸਮ੍ਹੇਂ ਉਪਲਬਧ ਹੋਣ ਵਾਲਾ ਗੰਢਾ, ਅੱਜ ਬਲੈਕ ਮਾਰਕਿਟ ਵਪਾਰੀਆਂ ਦੇ ਸਟੋਰਾਂ ਵਿਚ ਪਿਆ ਹੋਇਆ ਹੈ। ਦੁੱਖ ਭਰੀ ਤਾਂ ਗੱਲ ਇਹ ਹੈ ਕਿ ਜਿਹੜੇ ਕਿਸਾਨ ਨੇ ਗੰਢੇ ਪੈਦਾ ਕਰ ਕੇ 8 ਤੋਂ 10 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਹਜ਼ਾਰਾਂ ਟਨ ਵੇਚਾਨ ਕੀਤੇ, ਅੱਜ ਉਹੀ ਗੰਢੇ 10 ਗੁਣਾ ਭਾਅ ਨਾਲ 80 ਤੋਂ 100 ਰੁਪਏ ਤਕ ਦੀ ਕੀਮਤ ਨਾਲ ਖਰੀਦਣੇ ਪੈ ਰਹੇ ਹਨ. ਭਾਰਤੀ ਕਿਸਾਨ ਦੀ ਦੁਖਦਾਈ ਸਥਿਤੀ ਇਹ ਹੈ ਕਿ, ਜਦੋਂ ਉਹ ਸਖ਼ਤ ਮਿਹਨਤ ਨਾਲ ਫਸਲ ਪੈਦਾ ਕਰਕੇ ਇਸ ਨੂੰ ਵਿਕ੍ਰੇਤਾ ਵਜੋਂ ਵੇਚਦਾ ਹੈ ਤਾਂ ਵਪਾਰੀ ਇਸਦੀ ਫਸਲ ਦਾ ਮੁੱਲ ਆਪਣੀ ਮਰਜ਼ੀ ਨਾਲ ਤੈਅ ਕਰਕੇ ਹੀ ਖਰੀਦਦਾ ਹੈ ਅਤੇ ਜਦੋਂ ਕਿਸਾਨ ਖਰੀਦਦਾਰ ਬਣ ਕੇ ਜਾਂਦਾ ਹੈ ਤਾਂ ਭੀ ਵਪਾਰੀ ਆਪਣੀ ਮਰਜ਼ੀ ਦੇ ਮੁੱਲ ਨਾਲ ਚੀਜ ਬੇਚਦਾ ਹੈ, ਯਾਨੀ ਦੋਵਾਂ ਹਾਲਤਾਂ ਵਿਚ ਕਿਸਾਨ ਦਾ ਹੀ ਨੁਕਸਾਨ ਹੁੰਦਾ ਹੈ।
ਹੁਣ ਸਵਾਲ ਉੱਠਦਾ ਹੈ ਕਿ ਪਤਾ ਨਹੀਂ ਕਿਉਂ ਭਾਰਤ ਵਿਚ ਗੰਢਾ ਇੰਨਾ ਮਹਿੰਗਾ ਹੋ ਜਾਦਾਂ ਹੈ.ਅਰਥਸ਼ਾਸਤਰ ਦੀ ਭਾਸ਼ਾ ਵਿੱਚ ਇਸ ਪ੍ਰਸ਼ਨ ਦਾ ਸਰਲ ਜਵਾਬ ਇਹ ਹੈ ਕਿ, ਮੰਗ ਅਤੇ ਸਪਲਾਈ ਦੇ ਵਿੱਚ ਅਸੰਤੁਲਨ ਦੇ ਕਾਰਨ ਕੀਮਤਾਂ ਵਿੱਚ ਤਬਦੀਲੀ ਆਉਂਦੀ ਹੈ. ਜਦੋਂ ਕਿਸੇ ਵਸਤੂ ਦੀ ਮੰਗ ਨਿਰੰਤਰ ਰਹਿੰਦੀ ਹੈ ਜਾਂ ਵਧਦੀ ਹੈ ਅਤੇ ਸਪਲਾਈ ਘੱਟ ਜਾਂਦੀ ਹੈ, ਤਾਂ ਕੀਮਤਾਂ ਵਿਚ ਵਾਧਾ ਹੋਣਾ ਕੁਦਰਤੀ ਹੈ। ਗੰਢੇ ਦੀ ਫਸਲ ਨਾਲ ਵੀ ਅਜਿਹਾ ਹੀ ਹੋਇਆ ਜਾਪਦਾ ਹੈ। ਜਦੋਂ ਗੰਢਾ ਪੈਦਾ ਹੁੰਦਾ ਹੈ, ਤਾਂ ਮੰਡੀ ਵਿਚ ਇਸ ਨੂੰ ਖਰੀਦਣ ਵਾਲਾ ਕੋਈ ਨਹੀਂ ਹੁੰਦਾ. ਭੰਡਾਰਣ ਦੀ ਸਹੀ ਅਤੇ ਸਮਰੱਥਾ ਦੀ ਘਾਟ ਕਾਰਨ ਕਿਸਾਨ ਗੰਢੇ ਨੂੰ ਮਿਲਦੇ ਘੱਟ ਭਾਆਂ ਤੇ ਵੇਚ ਦਿੰਦੇ ਹਨ। ਪਰ ਇਸ ਸਾਲ ਗੰਢੇ ਵਪਾਰੀਆਂ ਨੇ ਗੰਢੇ ਨੂੰ ਭੰਡਾਰ ਵਿਚ ਰੱਖ ਕੇ ਗੰਢੇ ਦੀ ਸਪਲਾਈ ਤੇ ਰੋਕ ਲਾ ਕੇ ਬਾਜ਼ਾਰ ਵਿਚ ਗੰਢੇ ਦੀ ਇਕ ਨਕਲੀ ਘਾਟ ਪੈਦਾ ਕਰ ਦਿੱਤੀ, ਜਿਸ ਨਾਲ ਗੰਢੇ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੁੰਦਾ ਗਿਆ।
ਦੈਨਿਕ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਲਈ ਕੇਵਲ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਕਮੀਆਂ ਹੀ ਨਹੀ ਹਨ, ਬਲਕਿ ਇਸ ਲਈੇ ਸਾਡਾ ਕਿਸਾਨ ਅਤੇ ਅਸੀਂ ਖੁਦ ਵੀ ਜ਼ਿੰਮੇਵਾਰ ਹਾਂ. ਪਹਿਲਾਂ ਵੀ ਇੱਕ ਸਮਾਂ ਸੀ, ਜਦੋਂ ਹਰ ਪਿੰਡ ਵਾਲਾ ਅਤੇ ਕਿਸਾਨ ਦਾਲਾਂ, ਸਬਜ਼ੀਆਂ ਅਤੇ ਗੰਢੇ ਖਰੀਦਣ ਲਈ ਬਾਜ਼ਾਰ ਨਹੀਂ ਸਨ ਜਾਂਦੇ. ਹਰ ਛੋਟਾ, ਦਰਮਿਆਨਾ ਅਤੇ ਵੱਡਾ ਕਿਸਾਨ ਆਪਣੇ ਖੇਤ ਵਿਚ ਜਾਂ ਘਰ ਦੇ ਪਿਛਲੇ ਵਿਹੜੇ ਵਿਚ ਸੀਜ਼ਨ ਦੇ ਅਨੁਸਾਰ ਖਾਣ ਪੀਣ ਦੀਆਂ ਵਸਤਾਂ ਉਗਾਉਂਦੇ ਸਨ, ਜਿਸ ਵਿਚ ਵੱਖ ਵੱਖ ਕਿਸਮਾਂ ਦੀਆਂ ਦਾਲਾਂ, ਫਲ, ਸਬਜ਼ੀਆਂ, ਆਲੂ, ਲਸਣ ਅਤੇ ਗੰਢੇ ਉਗਾਏ ਜਾਂਦੇ ਸਨ। ਕਿਸਾਨ ਪਹਿਲਾ ਖ਼ੁਦ ਇਨ੍ਹਾਂ ਖਾਣ ਪੀਣ ਦੀਆਂ ਵਸਤਾਂ ਨੂੰ ਆਪਣੀ ਜ਼ਰੂਰਤਾਂ ਅਨੁਸਾਰ ਇਸਤੇਮਾਲ ਕਰਦਾ ਅਤੇ ਫਿਰ ਆਪਣੇ ਗੁਆਂਢੀਆਂ ਅਤੇ ਆਸ਼ਰਿਤ ਲੋਕਾਂ ਨੂੰ ਮੁਫਤ ਚ ਵੰਡਦਾ। ਪਰ ਅਜੋਕੇ ਪਦਾਰਥਵਾਦ ਦੇ ਯੁੱਗ ਵਿਚ ਕਿਸਾਨ ਨੇ ਖੇਤੀ ਦੀ ਦਸ਼ਾ ਅਤੇ ਦਿਸ਼ਾ ਦੋਵਾਂ ਨੂੰ ਬਦਲ ਦਿੱਤਾ ਹੈ। ਅੱਜ ਦਾ ਕਿਸਾਨ ਮੁਨਾਫੇ ਖਾਤਰ ਵਪਾਰਕ ਫਸਲਾਂ ਹੀ ਬੀਜਦਾ ਹੈ ਅਤੇ ਓਹਨਾਂ ਫਸਲਾਂ ਉੁੱਤੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਝਾੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ. ਅੱਜ ਦੇ ਪਿੰਡ ਵਾਸੀ ਅਤੇ ਕਿਸਾਨ ਨਾ ਤਾਂ ਆਪਣੇ ਖੇਤਾਂ ਵਿੱਚ ਅਤੇ ਨਾ ਹੀ ਘਰ ਦੇ ਵਿਹੜੇ ਵਿੱਚ ਫਲ ਜਾਂ ਸਬਜ਼ੀਆਂ ਉਗਾਉਂਦੇ ਹਨ। ਜ਼ਿਆਦਾਤਰ ਕਿਸਾਨ ਜਿਹੜੇ ਵੱਖ ਵੱਖ ਕਿਸਮਾਂ ਦੀਆਂ ਦਾਲਾਂ, ਫਲ, ਸਬਜ਼ੀਆਂ, ਆਲੂ, ਲਸਣ ਅਤੇ ਗੰਢੇ ਪੈਦਾ ਕਰਦੇ ਸੀ, ਅੱਜ ਉਹ ਖ਼ੁਦ ਇਨ੍ਹਾਂ ਵਸਤਾਂ ਦੇ ਖਰੀਦਦਾਰ ਬਣ ਗਏ ਹਨ। ਇਸ ਸਮੇਂ, ਵਿਦੇਸ਼ੀ ਸਭਿਆਚਾਰ ਦੀ ਨਕਲ ਕਰਨ ਵਾਲੇ ਫੈਸ਼ਨੂ ਪੇਂਡੂ ਅਤੇ ਕਿਸਾਨਾਂ ਦੇ ਘਰ ਦੀ ਖਾਲੀ ਜਗ੍ਹਾ ਵਿਦੇਸ਼ੀ ਘਾਹ ਅਤੇ ਵਿਦੇਸ਼ੀ ਬੂਟਿਆਂ ਨੇ ਲੈ ਲਈ ਹੈ, ਜਿੱਥੇ ਕੇਵਲ ਮੱਛਰਾਂ ਨੂੰ ਪਨਾਹ ਮਿਲਦੀ ਹੈ।
ਅੱਜ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਕਿਸ ਦਿਸ਼ਾ ਵੱਲ ਜਾ ਰਹੇ ਹਾਂ। ਸਰਕਾਰ ਦੀ ਨਾਕਾਮੀ ਕਾਰਨ ਖਾਣ ਪੀਣ ਦੀਆਂ ਵਸਤਾਂ ਵਿਚ ਮਹਿੰਗਾਈ ਵਧ ਰਹੀ ਹੈ. ਸਰਕਾਰ ਮੁਨਾਫਾਖੋਰਾਂ ਨੂੰ ਰੋਕਣ ਵਿਚ ਅਸਮਰਥ ਜਾਪਦੀ ਹੈ। ਪਰ ਇਥੇ ਇਹ ਭੀ ਸਵਾਲ ਉੱਠਦਾ ਹੈ ਕਿ, ਕੀ ਮਹਿੰਗਾਈ ਵਧਾਉਣ ਜਾਂ ਘਟਾਉਣ ਦਾ ਅਧਿਕਾਰ ਸਿਰਫ ਸਰਕਾਰ ਦਾ ਹੈ < ਕੀ ਅਸੀਂ ਆਪਣੇ ਖੇਤ ਜਾਂ ਵਿਹੜੇ ਵਿੱਚ ਮੌਸਮ ਦੇ ਅਨੁਸਾਰ ਖਾਣ ਪੀਣ ਦੀਆਂ ਵਸਤਾਂ ਨਹੀਂ ਉਗਾ ਸਕਦੇ। ਅਸੀਂ ਤਾਜ਼ੇ ਫਲਾਂ ਜਾਂ ਸਬਜ਼ੀਆਂ ਦੀ ਥਾਂ ਸਟੋਰਾਂ ਵਿਚ ਪਏ ਬੇਹੇ ਫਲ ਜਾਂ ਸਬਜ਼ੀਆਂ ਖਰੀਦ ਕੇ ਨਾ ਕੇਵਲ ਮਹਿੰਗਾਈ ਦੇ ਖਰਚੇ ਦਾ ਸਾਹਮਣਾ ਕਰ ਰਹੇ ਹਾਂ, ਸਗੋਂ ਆਪਣੀ ਸਿਹਤ ਨਾਲ ਵੀ ਖਿਲਵਾੜ ਕਹ ਰਹੇ ਹਾਂ। ਅੱਜ ਅਸੀਂ ਜਿੰਨ੍ਹਾ ਸਮਾਂ ਘਰ ਬਣਾਏ ਪਾਰਕ ਜਾਂ ਪਾਲਤੂ ਕੁੱਤਿਆਂ ਦੀ ਸੰਭਾਲ ਤੇ ਲਗਾਉਂਦੇ ਹਾਂ, ਕੀ ਉਸ ਤੋਂ ਵੀ ਘੱਟ ਸਮੇਂ ਵਿਚ ਮੌਸਮ ਦੇ ਅਨੁਸਾਰ ਘਰ ਦੇ ਪਿਛਲੇ ਵਿਹੜੇ ਵਿਚ ਫਲ ਅਤੇ ਸਬਜ਼ੀਆਂ ਨਹੀਂ ਉਗਾ ਸਕਦੇ। ਸਾੰਨੂ ਇਹ ਸਭ ਵਿਚਾਰਨ ਦੀ ਲੌੜ ਹੈ।

Comments are closed.

COMING SOON .....


Scroll To Top
11