Monday , 27 January 2020
Breaking News
You are here: Home » EDITORIALS » ਕਾਲੇ ਧਨ ਖਿਲਾਫ ਹੋਵੇ ਪ੍ਰਭਾਵੀ ਕਾਰਵਾਈ

ਕਾਲੇ ਧਨ ਖਿਲਾਫ ਹੋਵੇ ਪ੍ਰਭਾਵੀ ਕਾਰਵਾਈ

ਕਾਲੇ ਧਨ ਖ਼ਿਲਾਫ਼ ਕਾਰਵਈ ਲਈ ਭਾਰਤ ਸਰਕਾਰ ਨੂੰ ਇਕ ਵੱਡੀ ਸਫਲਤਾ ਹਾਸਿਲ ਹੋਈ ਹੈ। ਸਵਿਟਜ਼ਰਲੈਂਡ ਸਰਕਾਰ ਨੇ ਸਵਿਸ ਬੈਂਕ ‘ਚ ਪਏ ਭਾਰਤੀਆਂ ਦੇ ਕਾਲੇ ਧਨ ਸਬੰਧੀ ਪਹਿਲੀ ਸੂਚੀ ਭਾਰਤ ਨੂੰ ਸੌਂਪ ਦਿੱਤੀ ਹੈ। ਸਵਿਟਜ਼ਰਲੈਂਡ ਦੇ ਸੰਘੀ ਕਰ ਪ੍ਰਸ਼ਾਸਨ (ਐਫ. ਟੀ. ਏ.) ਨੇ ਭਾਰਤ ਸਣੇ 75 ਦੇਸ਼ਾਂ ਨੂੰ ਏ. ਈ. ਓ. ਆਈ. ਦੇ ਸੰਸਾਰ ਪੱਧਰੀ ਮਾਪਦੰਡਾਂ ਤਹਿਤ ਵਿੱਤੀ ਖਾਤਿਆਂ ਦੇ ਵੇਰਵਿਆਂ ਦਾ ਅਦਾਨ-ਪ੍ਰਦਾਨ ਕੀਤਾ ਹੈ। ਭਾਰਤ ਕਾਫੀ ਸਮੇਂ ਤੋਂ ਸਵਿਸ ਬੈਂਕਾਂ ਤੋਂ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਭਾਰਤੀ ਜਨਤਾ ਪਾਰਟੀ ਨੇ 2014 ਦੀ ਲੋਕ ਸਭਾ ਚੋਣ ਵਿੱਚ ਦੇਸ਼ ਵਾਸੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਵਿਦੇਸ਼ੀ ਬੈਂਕਾਂ ਵਿੱਚ ਪਿਆ ਸਾਰਾ ਕਾਲਾ ਧਨ ਵਾਪਸ ਲਿਆਂਦਾ ਜਾਵੇਗਾ। ਲਗਾਤਾਰ ਯਤਨਾਂ ਦੇ ਫਲਸਰੂਪ ਕੇਂਦਰ ਸਰਕਾਰ ਨੂੰ ਹੁਣ ਅਜਿਹੇ ਖਾਤਾਧਾਰੀਆਂ ਦੀ ਪਹਿਲੀ ਸੂਚੀ ਹਾਸਿਲ ਹੋ ਗਈ ਹੈ। ਸਵਿਸ ਬੈਂਕਾਂ ਚਾਲੂ ਅਤੇ 2018 ਵਿਚ ਬੰਦ ਕੀਤੇ ਖਾਤਿਆਂ ਬਾਰੇ ਜਾਣਕਾਰੀ ਦੇਣਗੀਆਂ। ਇਸ ਵਿਵਸਥਾ ਤਹਿਤ ਅਗਲੀ ਸੂਚਨਾ ਸਤੰਬਰ 2020 ‘ਚ ਸਾਂਝੀ ਕੀਤੀ ਜਾਵੇਗੀ। ਐਫ. ਟੀ. ਏ. ਨੇ ਸਮਝੌਤੇ ‘ਚ ਸ਼ਾਮਿਲ ਦੇਸ਼ਾਂ ਨੂੰ ਕੁਲ 31 ਲੱਖ ਖਾਤਿਆਂ ਦੇ ਵੇਰਵੇ ਭੇਜੇ ਹਨ। ਇਨ੍ਹਾਂ ਜਾਣਕਾਰੀਆਂ ‘ਚ ਖਾਤਾ ਧਾਰਕ ਦੀ ਪਹਿਚਾਣ, ਖਾਤ ਨੰਬਰ, ਉਸ ਵਿੱਚ ਕੀਤੇ ਗਏ ਲੈਣ-ਦੇਣ, ਨਾਗਰਿਕਤਾ, ਟੈਕਸ ਪਛਾਣ ਨੰਬਰ, ਵਿੱਤੀ ਸੰਸਥਾਵਾਂ ਨਾਲ ਜੁੜੀਆਂ ਸੂਚਨਾਵਾਂ, ਖਾਤਿਆਂ ‘ਚ ਪਏ ਪੈਸੇ ਅਤੇ ਕੁਲ ਆਮਦਨ ਸ਼ਾਮਿਲ ਹੈ।।ਗੁਪਤ ਸਵਿਸ ਬੈਂਕ ਖਾਤਿਆਂ ਖ਼ਿਲਾਫ਼ ਸੰਸਾਰ ਪੱਧਰ ‘ਤੇ ਸ਼ੁਰੂ ਹੋਈ ਮੁਹਿੰਮ ਦੇ ਬਾਅਦ ਪਿਛਲੇ ਕੁਝ ਸਾਲਾਂ ‘ਚ ਇਨ੍ਹਾਂ ਖਾਤਿਆਂ ‘ਚੋਂ ਭਾਰੀਤ ਮਤਰਾ ‘ਚ ਪੈਸੇ ਕੱਢੇ ਗਏ ਅਤੇ ਕਈ ਖਾਤੇ ਬੰਦ ਹੋ ਗਏ। ਭਾਰਤੀ ਨਾਗਰਿਕਾਂ ਦੇ ਘੱਟੋ ਘੱਟ 100 ਅਜਿਹੇ ਪੁਰਾਣੇ ਖਾਤੇ ਵੀ ਹਨ, ਜੋ 2018 ਤੋਂ ਪਹਿਲਾਂ ਬੰਦ ਕਰਵਾ ਦਿੱਤੇ ਗਏ ਸਨ। ਸਵਿਸ ਨੈਸ਼ਨਲ ਬੈਂਕ (ਐਸ. ਐਨ. ਬੀ.) ਵਲੋਂ ਜਾਰੀ ਅੰਕੜਿਆਂ ਅਨੁਸਾਰ ਸਵਿਸ ਬੈਂਕ ‘ਚ ਭਾਰਤੀਆਂ ਵਲੋਂ ਜਮ੍ਹਾਂ ਰਕਮ 2018 ਵਿਚ ਕਰੀਬ 6 ਫ਼ੀਸਦੀ ਘਟ ਕੇ 6757 ਕਰੋੜ ਰੁਪਏ ਰਹਿ ਗਈ। 2018 ਵਿਚ ਸਾਰੇ ਵਿਦੇਸ਼ੀ ਗਾਹਕਾਂ ਵੱਲੋਂ ਸਵਿਸ ਬੈਂਕ ‘ਚ ਜਮ੍ਹਾਂ ਰਕਮ ਚਾਰ ਫ਼ੀਸਦੀ ਤੋਂ ਘਟ ਕੇ 99 ਲੱਖ ਕਰੋੜ ਰੁਪਏ ਰਹੀ। ਸਵਿਸ ਬੈਂਕ ‘ਚ ਕਾਲਾ ਧਨ ਜਮ੍ਹਾਂ ਕਰਵਾਉਣ ਵਾਲੇ ਦੇਸ਼ਾਂ ਦੀ ਸੂਚੀ ਵਿਚ ਭਾਰਤ ਦੁਨੀਆ ਭਰ ‘ਚ 74ਵੇਂ ਸਥਾਨ ‘ਤੇ ਹੈ, ਜਦੋਂਕਿ ਬਰਤਾਨੀਆ ਦਾ ਪਹਿਲਾ ਸਥਾਨ ਹੈ। ਸਵਿਸ ਬੈਂਕਾਂ ਵੱਲੋਂ ਜਾਣਕਾਰੀ ਮਿਲਣ ਤੋਂ ਬਾਅਦ ਹੁਣ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਾਲੇ ਧਨ ਖਿਲਾਫ਼ ਤੇਜ਼ੀ ਨਾਲ ਪ੍ਰਭਾਵੀ ਕਾਰਵਾਈ ਕਰੇ। ਇਸ ਸਬੰਧੀ ਸਾਰੀ ਸੂਚਨਾ ਵੀ ਜਨਤਕ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਪ੍ਰਸ਼ਾਸਨਿਕ ਪ੍ਰਬੰਧਾਂ ‘ਤੇ ਭਰੋਸਾ ਬਣਿਆ ਰਹੇ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11