Sunday , 19 January 2020
Breaking News
You are here: Home » PUNJAB NEWS » ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਸਣੇ ਪਰਿਵਾਰ ਦੇ 5 ਮੈਂਬਰਾਂ ਦੇ ਕਤਲ ‘ਚ 6 ਪੁਲਸੀਆਂ ਨੂੰ ਸਜ਼ਾ

ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਸਣੇ ਪਰਿਵਾਰ ਦੇ 5 ਮੈਂਬਰਾਂ ਦੇ ਕਤਲ ‘ਚ 6 ਪੁਲਸੀਆਂ ਨੂੰ ਸਜ਼ਾ

26 ਸਾਲ ਪਹਿਲਾਂ ਅਗਵਾ ਕਰਕੇ ਵਹਿਸ਼ੀ ਤਰੀਕੇ ਨਾਲ ਕੀਤੇ ਗਏ ਸਨ ਕਤਲ

ਮੋਹਾਲੀ/ਚੰਡੀਗੜ੍ਹ, 9 ਜਨਵਰੀ- ਤਰਨਤਾਰਨ ਦੇ ਤਤਕਾਲੀ ਐਸ.ਐਸ.ਪੀ ਮਰਹੂਮ ਅਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪੁਲਿਸ ਵੱਲੋਂ ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ (ਬੀੜ ਸਾਹਿਬ) ਤੇ ਉਨ੍ਹਾਂ ਦੇ ਪਰਿਵਾਰ ਦੇ 5 ਮੈਂਬਰਾਂ ਦੇ ਭੇਤ–ਭਰੇ ਹਾਲਾਤ ‘ਚ ਕਤਲ ਦੇ ਕੇਸ ਵਿੱਚ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ 6 ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਦਾ ਐਲਾਨ ਕੀਤਾ ਹੈ। ਪੁਲਿਸ ਵੱਲੋਂ ਬਾਬਾ ਚਰਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ 6 ਮੈਂਬਰਾਂ ਨੂੰ ਚੁੱਕ ਕੇ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਬਿਆਸ ਦਰਿਆ ਵਿੱਚ ਸੁੱਟ ਕੇ ਖੁਰਦ-ਬੁਰਦ ਕਰ ਦਿੱਤੀਆਂ ਗਈਆਂ ਸਨ। ਪੀੜਤ ਪਰਿਵਾਰ ਵੱਲੋਂ ਲੜੀ ਗਈ ਲੰਬੀ ਕਾਨੂੰਨੀ ਲੜਾਈ ਪਿੱਛੋਂ ਆਖਿਰ 6 ਪੁਲਿਸ ਵਾਲਿਆਂ ਨੂੰ ਸਜ਼ਾ ਹੋਈ ਹੈ। ਇਸ ਕੇਸ ਦੇ ਮੁੱਖ ਦੋਸ਼ੀ ਸਾਬਕਾ ਐਸਐਸਪੀ ਤਰਨ ਤਾਰਨ ਅਜੀਤ ਸਿੰਘ ਸੰਧੂ ਖੁਦਕੁਸ਼ੀ ਕਰ ਗਏ ਸਨ। ਉਸ ਸਮੇਂ ਭੇਤ–ਭਰੀ ਹਾਲਤ ‘ਚ ਗ਼ਾਇਬ ਹੋਣ ਵਾਲਿਆਂ ‘ਚ ਪੰਜਾਬ ਪੁਲਿਸ ਦਾ ਕਾਂਸਟੇਬਲ ਬਲਵਿੰਦਰ ਸਿੰਘ ਵੀ ਸ਼ਾਮਲ ਸੀ। ਸੀਬੀਆਈ ਅਦਾਲਤ ਮੋਹਾਲੀ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਪੁਲਿਸ ਮੁਲਾਜ਼ਮਾਂ ‘ਚ ਇੰਸਪੈਕਟਰ ਸੂਬਾ ਸਿੰਘ ਨੂੰ ਦੋ ਕੇਸਾਂ ਵਿੱਚ 10-10 ਸਾਲ ਸਜ਼ਾ, ਸਬ ਇੰਸਪੈਕਟਰ ਵਿਕਰਮ ਨੂੰ 10 ਸਾਲ ਸਜ਼ਾ, ਏ ਐਸ ਆਈ ਸੁਖਦੇਵ ਰਾਜ ਜੋਸ਼ੀ ਨੂੰ 2 ਕੇਸਾਂ ਵਿੱਚ 5-5 ਸਾਲ ਸਜ਼ਾ ਸੁਣਾਈ ਗਈ ਹੈ। ਏਐਸਆਈ ਸੂਬਾ ਸਿੰਘ (ਦੂਜਾ) ਅਤੇ ਦੋ ਹੋਰਨਾਂ ਨੂੰ 2-2 ਸਾਲ ਜੇਲ੍ਹ ਹੋਈ ਹੈ ਇਨ੍ਹਾਂ ਤਿੰਨਾ ਨੂੰ ਅਦਾਲਤ ਨੇ 50-50 ਹਜ਼ਾਰ ਦੇ ਬਾਂਡ ਭਰਨ ਤੋਂ ਬਾਅਦ ਰਿਹਾਅ ਕਰ ਦਿੱਤਾ। ਸੀਬੀਆਈ ਅਦਾਲਤ ਨੇ ਡੀਐੱਸਪੀ ਗੁਰਮੀਤ ਸਿੰਘ ਰੰਧਾਵਾ, ਇੰਸਪੈਕਟਰ ਕਸ਼ਮੀਰ ਸਿੰਘ ਤੇ ਸਬ–ਇੰਸਪੈਕਟਰ ਨਿਰਮਲ ਸਿੰਘ ਨੂੰ ਇਸ ਮਾਮਲੇ ‘ਚ ਬਰੀ ਕਰ ਦਿੱਤਾ ਹੈ। ਐੱਸਐੱਸਪੀ ਅਜੀਤ ਸਿੰਘ ਸੰਧੂ ਸਮੇਤ ਸੱਤ ਜਣੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਚੱਲ ਵੱਸੇ ਹਨ। ਇਹ ਮਾਮਲਾ 1997 ‘ਚ ਸੀਬੀਆਈ ਹਵਾਲੇ ਕਰ ਦਿੱਤਾ ਸੀ, ਜਦੋਂ ਬਾਬਾ ਚਰਨ ਸਿੰਘ ਦੀ ਪਤਨੀ ਸੁਰਜੀਤ ਕੌਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ। ਅਰਜ਼ੀ ‘ਚ ਲਿਖਿਆ ਸੀ ਕਿ ਉਨ੍ਹਾਂ ਦੇ ਪਤੀ ਬਾਬਾ ਚਰਨ ਸਿੰਘ, ਭਤੀਜੇ ਬਲਵਿੰਦਰ ਸਿੰਘ (ਜੋ ਪੰਜਾਬ ਪੁਲਿਸ ‘ਚ ਕਾਂਸਟੇਬਲ ਸੀ), ਉਸ ਦੇ ਪਿਤਾ ਗੁਰਮੇਜ ਸਿੰਘ, ਬਾਬਾ ਚਰਨ ਸਿੰਘ ਦੇ ਭਰਾਵਾਂ ਮੇਜਾ ਸਿੰਘ, ਕੇਸਰ ਸਿੰਘ, ਗੁਰਦੇਵ ਸਿੰਘ ਤੇ ਉਸ ਦੇ ਸਾਲੇ ਗੁਰਮੇਜ ਸਿੰਘ ਸਮੇਤ ਕੁੱਲ ਛੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਪੁਲਿਸ ਨੇ ਅਪ੍ਰੈਲ 1993 ਦੌਰਾਨ ਤਰਨ ਤਾਰਨ ਅਤੇ ਵੱਖੋ–ਵੱਖਰੇ ਸਥਾਨਾਂ ਤੋਂ ਅਗ਼ਵਾ ਕਰ ਲਿਆ ਸੀ। ਬਾਅਦ ‘ਚ ਪੁਲਿਸ ਨੇ ਰਿਕਾਰਡ ਵਿੱਚ ਇਹ ਦਰਸਾ ਦਿੱਤਾ ਸੀ ਕਿ ਉਹ ਸਾਰੇ ਵਿਅਕਤੀ ਪੁਲਿਸ ਹਿਰਾਸਤ ‘ਚੋਂ ਫ਼ਰਾਰ ਹੋਣ ਲੱਗੇ ਸਨ ਤੇ ਉਸ ਚੱਕਰ ਵਿੱਚ ਪੁਲਿਸ ਦੀਆਂ ਗੋਲੀਆਂ ਨਾਲ ਸਾਰੇ ਮਾਰੇ ਗਏ। ਬੀਬੀ ਸੁਰਜੀਤ ਕੌਰ ਦੀ ਉਸ ਚਿੱਠੀ ਮੁਤਾਬਕ ਇਨ੍ਹਾਂ ਸਭਨਾਂ ‘ਤੇ ਝੂਠੇ ਕੇਸ ਪਾ ਦਿੱਤੇ ਗਏ ਸਨ। ਸੀਬੀਆਈ ਦੀ ਜਾਂਚ ਦਾ ਇਹੋ ਨਤੀਜਾ ਨਿੱਕਲਿਆ ਕਿ ਪੁਲਿਸ ਨੇ ਇਸ ਪਰਿਵਾਰ ਨੂੰ ਪਹਿਲਾਂ ਅਗ਼ਵਾ ਕੀਤਾ ਤੇ ਫਿਰ ਉਨ੍ਹਾਂ ਨੂੰ ਗ਼ੈਰ–ਕਾਨੂੰਨੀ ਹਿਰਾਸਤ ‘ਚ ਰੱਖਿਆ। ਉਨ੍ਹਾਂ ਵਿਰੁੱਧ ਝੂਠੇ ਕੇਸ ਦਰਜ ਕੀਤੇ ਤੇ ਫਿਰ ਉਨ੍ਹਾਂ ਨੂੰ ਹਿਰਾਸਤ ‘ਚੋਂ ਫ਼ਰਾਰ ਹੁੰਦੇ ਸਮੇਂ ਮਾਰੇ ਗਏ ਕਰਾਰ ਦੇ ਦਿੱਤਾ।

Comments are closed.

COMING SOON .....


Scroll To Top
11