ਲੋਕਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ
ਸ਼੍ਰੀਨਗਰ, 7 ਜੁਲਾਈ- ਦਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ’ਚ ਫੌਜ ਵੱਲੋਂ ਆਮ ਲੋਕਾਂ ’ਤੇ ਚਲਾਈ ਗਈ ਗੋਲੀ ਨਾਲ ਇੱਕ ਨਾਬਾਲਿਗ ਸਮੇਤ 3 ਨਾਗਰਿਕ ਮਾਰੇ ਗਏ। ਇਨ੍ਹਾਂ ਮੌਤਾਂ ਤੋਂ ਬਾਅਦ ਖੇਤਰ ’ਚ ਹਾਲਾਤ ਬਹੁਤ ਵਿਗੜ ਗਏ ਅਤੇ ਵੱਡੀ ਗਿਣਤੀ ਵਿੱਚ ਲੋਕ ਵਿਰੋਧ ਲਈ ਸੜਕਾਂ ’ਤੇ ਉਤਰ ਆਏ ਹਨ। ਪ੍ਰਸ਼ਾਸਨ ਮਤਾਬਿਕ ਗ੍ਰੇਡਵਾਨੀ ਇਲਾਕੇ ‘ਚ ਆਰਮੀ ਦੀ ਪੈਟਰੋਲਿੰਗ ਪਾਰਟੀ ‘ਤੇ ਨੌਜਵਾਨਾਂ ਨੇ ਪਥਰਾਅ ਕਰਨਾ ਸ਼ੁਰੂ ਕਰ ਦਿਤਾ, ਜਿਸ ਤੋਂ ਬਾਅਦ ਸੁਰਖਿਆ ਫੋਰਸ ਨੇ ਗੋਲੀਬਾਰੀ ਕੀਤੀ, ਜਿਸ ‘ਚ 3 ਦੀ ਮੌਤ ਹੋ ਗਈ, ਜਦੋਂਕਿ 6 ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ।ਜਾਣਕਾਰੀ ਅਨੁਸਾਰ ਰੇਡਵਾਨੀ ਦੇ ਹਵੂਰਾ ਇਲਾਕੇ ‘ਚ ਨੌਜਵਾਨ ਹਿੰਸਕ ਹੋ ਕੇ ਸੜਕਾਂ ‘ਤੇ ਉਤਰ ਆਏ। ਉਨ੍ਹਾਂ ਨੇ ਗਸ਼ਤ ਕਰਨ ਆਈ ਫੌਜ ਦੀ ਪਾਰਟੀ ‘ਤੇ ਖੂਬ ਪਥਰਾਅ ਕੀਤਾ ਗਿਆ। ਭੀੜ ਨੂੰ ਰੋਕਣ ਲਈ ਫੌਜ ਦੇ ਜਵਾਨਾਂ ਨੇ ਗੋਲੀਬਾਰੀ ਕੀਤੀ। ਗੋਲੀਬਾਰੀ ’ਚ ਮਾਰੇ ਗਏ ਲੋਕਾਂ ਦੀ ਪਛਾਣ 22 ਸਾਲ ਸ਼ਕੀਰ ਅਹਿਮਦ ਖਾਂਡੇ, 20 ਸਾਲਾਂ ਅਬਦੁਲ ਮਜੀਦ ਅਤੇ 16 ਸਾਲ ਅੰਦਲੀਬ ਦੇ ਰੂਪ ‘ਚ ਹੋਈ ਹੈ। ਇਹ 6 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।ਖ਼ਬਰ ਲਿਖੇ ਜਾਣ ਤਕ ਆਮ ਲੋਕਾਂ ਦਾ ਹਿੰਸਕ ਪ੍ਰਦਰਸ਼ਨ ਜਾਰੀ ਹੈ।ਇਸ ਦੌਰਾਨ ਜੰਮੂ-ਕਸ਼ਮੀਰ ਦੇ ਰਾਜਪਾਲ ਸ੍ਰੀ ਐਨਐਨ ਵੋਹਰਾ ਨੇ ਸ੍ਰੀਨਗਰ ਵਿੱਚ ਸੁਰੱਖਿਆ ਸਮੀਖਿਆ ਲਈ ਇੱਕ ਬੈਠਕ ਕੀਤੀ। ਇੱਕ ਹੋਰ ਰਿਪੋਰਟ ਮੁਤਾਬਿਕ ਜੰਮੂ-ਕਸ਼ਮੀਰ ਦੇ ਬੜਗਾਂਵ ਜ਼ਿਲ੍ਹੇ ਦੇ ਹਾਇਡਰਪੋਰਾ ’ਚ ਅਤਵਾਦੀਆਂ ਨੇ ਸੀ.ਆਰ.ਪੀ.ਐਫ. ’ਤੇ ਗ੍ਰਨੇਡ ਸੁੱਟਿਆ ਜਿਸ ਨਾਲ ਇੱਕ ਜਵਾਨ ਜ਼ਖਮੀ ਹੋ ਗਿਆ।