ਭਾਰਤ ਦੇ ਸੂਬਾ ਪੰਜਾਬ ਅਤੇ ਜ਼ਿਲ੍ਹਾ ਗੁਰਦਾਸਪੁਰ ਦਾ ਇਤਿਹਾਸਕ ਕਸਬਾ ਕਲਾਨੌਰ, ਜਿਥੇ ਮੁਗਲ ਸਮਰਾਟ ਅਕਬਰ ਦਾ ਤਾਜਪੋਸ਼ੀ ਤਖ਼ਤ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਰਨਛੋਹ ਪ੍ਰਾਪਤ ਪਵਿੱਤਰ ਅਸਥਾਨ, ਬਾਬਾ ਲਾਲ ਜੀ ਦੇ ਤਪ ਅਸਥਾਨ ਤੋਂ ਇਲਾਵਾ ਇਥੇ ਭਗਵਾਨ ਸ਼ਿਵ ਸ਼ੰਕਰ ਦਾ ਵੀ ਪਵਿੱਤਰ ਅਸਥਾਨ ਹੈ, ਜਿਸ ਦੀ ਮਹਿਮਾ ਪੂਰੇ ਸੰਸਾਰ ਵਿੱਚ ਹੁੰਦੀ ਹੈ, ਜਿਸ ਕਾਰਨ ਪ੍ਰਾਚੀਨ ਸੱਭਿਅਤਾ ਦਾ ਗਵਾਹ ਹੈ ਕਲਾਨੌਰ। ਇਥੇ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ ਅਤੇ ਇਥੇ ਪੂਰੇ ਭਾਰਤ ਦੇ ਕੋਨੇ-ਕੋਨੇ ਤੋਂ ਸ਼ਿਵ ਭਗਤ ਆ ਕੇ ਨਤਮਸਤਕ ਹੁੰਦੇ ਹਨ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ’ਤੇ ਅਰਦਾਸਾਂ ਕਰਦੇ ਹੋਏ ਘੰਟਿਆਂਬੱਧੀ ਲਾਈਨਾਂ ਵਿੱਚ ਖਲ੍ਹੋਅ ਕੇ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਲਈ ਉਡੀਕਦੇ ਹਨ। ਕਲਾਨੌਰ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਨ੍ਹਾਂ ਕਾਰਨਾਂ ਕਰਕੇ ਕਲਾਨੌਰ ਸੈਲਾਨੀਆਂ ਅਤੇ ਸ਼ਰਧਾਲੂਆਂ ਲਈ ਸ਼ਰਧਾ ਦਾ ਕੇਂਦਰ ਬਣਿਆ ਹੋਇਆ ਹੈ। ਕੁੱਲਾ ਅਤੇ ਨੂਰਾ ਦੇ ਨਾਂ ਤੋਂ ਮਸ਼ਹੂਰ ਇਸ ਕਸਬੇ ਦਾ ਨਾਂ ਸੋਧ ਕੇ ਕਲਾਨੌਰ ਪਿਆ।
ਕਾਰ ਸੇਵਾ ਸ਼ਿਵ ਮੰਦਰ ਦੀ ਕਮੇਟੀ, ਸ਼ਿਵਾਲਾ ਪ੍ਰਬੰਧਕ ਕਮੇਟੀ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਤੋਂ ਇਲਾਵਾ ਮੰਦਰ ਦੇ ਸੇਵਾਦਾਰਾਂ ਵੱਲੋਂ ਉਨ੍ਹਾਂ ਅਨੁਸਾਰ 1388 ਈ: ਵਿੱਚ ਇਸ ਮੰਦਿਰ ਨੂੰ ਮਹਾਂਕਨੇਸ਼ਵਰ ਜੀ ਕਿਹਾ ਜਾਂਦਾ ਸੀ। ਭਾਰਤ ਵਿੱਚ ਸਥਿਤ ਜੈਤਿਰਲਿੰਗਾਂ ਤੋਂ ਇਲਾਵਾ ਭਗਵਾਨ ਸ਼ੰਕਰ ਦੇ ਤਿੰਨ ਪ੍ਰਮੁੱਖ ਅਸਥਾਨ ਕੈਲਾਸ਼, ਕਾਸ਼ੀ ਅਤੇ ਕਲਾਨੌਰ ਸ਼ਿਵ ਮੰਦਿਰ ਹਨ।
ਕਲਾਨੌਰ ਦਾ ਇਹ ਪ੍ਰਾਚੀਨ ਮੰਦਿਰ ਭਾਰਤ-ਪਾਕਿ ਸੀਮਾ ਤੋਂ 5-6 ਕਿਲੋਮੀਟਰ ਅਤੇ ਗੁਰਦਾਸਪੁਰ-ਡੇਰਾ ਬਾਬਾ ਨਾਨਕ ਰੋਡ ’ਤੇ ਗੁਰਦਾਸਪੁਰ ਤੋਂ ਪੱਛਮ ਦਿਸ਼ਾ ਵੱਲ 26 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਕਲਾਨੌਰ ਦੇ ਇਸ ਇਤਿਹਾਸਕ ਪ੍ਰਾਚੀਨ ਸ਼ਿਵ ਮੰਦਿਰ ਦੀ ਕਥਾ ਇਸ ਪ੍ਰਕਾਰ ਹੈ। ਇਥੇ ਜਦੋਂ ਮੁਗਲ ਸਮਰਾਟ ਜਲਾਲਉਦੀਨ ਅਕਬਰ ਦੀ ਤਾਜਪੋਸ਼ੀ ਹੋਈ ਤਾਂ ਜਿਥੇ ਹੁਣ ਮੰਦਿਰ ਬਣਿਆ ਹੋਇਆ ਹੈ, ਉਸ ਸਥਾਨ ’ਤੇ ਉਸ ਵੇਲੇ ਸੁੰਨਸਾਨ ਜਗ੍ਹਾ ’ਤੇ ਅਕਬਰ ਦੀਆਂ ਫ਼ੌਜਾਂ ਨੇ ਡੇਰਾ ਲਾਇਆ ਹੋਇਆ ਸੀ ਅਤੇ ਘੋੜੇ ਵੀ ਇਸ ਜਗ੍ਹਾ ਤੇ ਬੰਨ੍ਹੇ ਹੋਏ ਸਨ। ਇਕ ਦਿਨ ਤਬੇਲਦਾਰ ਘੋੜਿਆਂ ਨੂੰ ਇਸ ਰਸਤੇ ਤੋਂ ਘੋੜਸ਼ਾਲ ਨੂੰ ਜਾ ਰਹੇ ਸਨ ਅਤੇ ਇਸ ਅਸਥਾਨ ਦੇ ਨੇੜਿਓ ਜੋ ਘੋੜਾ ਗੁਜਰਦਾ ਉਹ ਲੰਗੜਾ ਹੋ ਜਾਂਦਾ, ਇਸ ਦੀ ਸੂਚਨਾ ਅਕਬਰ ਕੋਲ ਕੀਤੀ ਗਈ। ਇਸ ਉਪਰੰਤ ਜਦੋਂ ਅਕਬਰ ਆਪਣੇ ਘੋੜਿਆਂ ਦਾ ਮੁਆਇਨਾ ਕਰਨ ਲਈ ਆਇਆ ਤਾਂ ਉਸਨੇ ਤਬੇਲਦਾਰ ਨੂੰ ਘੋੜਿਆਂ ਨੂੰ ਮਾਰ-ਕੁਟਾਈ ਕਰਨ ਦੀ ਗੱਲ ਕਹੀ, ਜਿਸ ਕਾਰਨ ਘੋੜੇ ਲੰਗੜੇ ਹੋ ਰਹੇ ਹਨ।
ਇਸ ਉਪਰੰਤ ਜਦੋਂ ਅਕਬਰ ਆਪਣੇ ਘੋੜੇ ਨਾਲ ਇਸ ਸਥਾਨ ਤੋਂ ਗੁਜ਼ਰਿਆ ਤਾਂ ਉਸਦਾ ਘੋੜਾ ਵੀ ਲੰਗੜਾ ਹੋ ਗਿਆ ਤਾਂ ਆਖਿਰ ਅਕਬਰ ਨੇ ਹੁਕਮ ਦਿੱਤਾ ਕਿ ਇਸ ਅਸਥਾਨ ’ਤੇ ਪੁਟਾਈ ਕੀਤੀ ਜਾਵੇ ਤਾਂ ਪੁਟਾਈ ਕਰਦੇ ਸਮੇਂ ਜ਼ਮੀਨ ਹੇਠੋਂ ਇਕ ਕਾਲਾ ਪੱਥਰ ਨਿਕਲਿਆ, ਜਿਸਨੂੰ ਹਟਾਉਣ ਦੇ ਹੁਕਮ ਦਿੱਤੇ ਗਏ, ਜੋ ਸਿਪਾਹੀਆਂ ਕੋਲੋਂ ਹਟਾਇਆ ਨਾ ਗਿਆ। ਇਸ ਪੱਥਰ ’ਚੋਂ ਕਹੀ ਨਾਲ ਹੋਏ ਵਾਰ ਕਾਰਨ ਖੂਨ ਵਗ ਰਿਹਾ ਸੀ ਅਤੇ ਪੱਥਰ ਧੜ ਦੀ ਸ਼ਕਲ ਦਾ ਸੀ, ਜਦੋਂ ਰਾਜੇ ਦੇ ਸਿਪਾਹੀ ਖ਼ੁਦਾਈ ਕਰਨ ਤੋਂ ਬਾਜ ਨਾ ਆਏ ਤਾਂ ਉਸ ਜਗ੍ਹਾ ਤੋਂ ਭਵਿੱਖਬਾਣੀ ਹੋਈ ਕਿ ਹੇ ਅਕਬਰ ਮੈਂ ਤਾਂ ਖ਼ੁਦ ਭਗਵਾਨ ਸ਼ਿਵ ਸ਼ੰਕਰ ਹਾਂ, ਕੁਝ ਪ੍ਰਾਪਤ ਕਰਨਾ ਹੈ ਤਾਂ ਤੁਰੰਤ ਖ਼ੁਦਾਈ ਬੰਦ ਕਰਵਾ ਕੇ ਮੇਰਾ ਇਥੇ ਮੰਦਿਰ ਨਿਰਮਾਣ ਕਰਵਾ ਦੇ। ਅਕਬਰ ਨੇ ਤੁਰੰਤ ਖੁਦਾਈ ਬੰਦ ਕਰਵਾ ਕੇ ਉਸ ਸਥਾਨ ਦੀ ਚਾਰਦੀਵਾਰੀ ਕਰਵਾ ਕੇ ਉਥੇ ਇਕ ਕਮਰਾਨੂਮਾ ਮੰਦਿਰ ਬਣਵਾ ਦਿੱਤਾ, ਜੋ ਕਿ ਕੱਚਾ ਹੀ ਸੀ, ਕੁਝ ਸਮੇਂ ਬਾਅਦ ਜਦੋਂ ਮੁਗ਼ਲਾਂ ਦਾ ਜ਼ੁਲਮ ਜ਼ੋਰਾਂ ‘ਤੇ ਸੀ ਤਾਂ ਇਸ ਮੰਦਿਰ ਨੂੰ ਮਸਜਿਦ ਵਿੱਚ ਬਦਲ ਦਿੱਤਾ ਗਿਆ।
ਜਦ ਅਫ਼ਗਾਨਿਸਤਾਨ ਦੇ ਪਠਾਣਾਂ ਵੱਲੋਂ ਹਿੰਦੂਆਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਜ਼ੁਲਮ-ਤਸ਼ੱਦਦ ਕੀਤੇ ਜਾ ਰਹੇ ਸੀ ਤਾਂ ਮਹਾਰਾਜਾ ਰਣੀਜਤ ਸਿੰਘ ਨੇ ਆਪਣੇ ਬੇਟੇ ਯੁਵਰਾਜ ਸਿੰਘ ਨੂੰ ਅਫ਼ਗਾਨਿਸਤਾਨ ‘ਤੇ ਹਮਲਾ ਅਤੇ ਹਿੰਦੂਆਂ ਦੀ ਸੁਰੱਖਿਆ ਕਰਨ ਲਈ ਭੇਜਿਆ ਸੀ। ਜਦੋਂ ਉਹ ਜਾਂਦੇ-ਜਾਂਦੇ ਰਾਤ ਕਲਾਨੌਰ ਠਹਿਰੇ ਤਾਂ ਰਾਤ ਨੂੰ ਉਨ੍ਹਾਂ ਨੂੰ ਇਕ ਸੁਪਨਾ ਆਇਆ ਕਿ ਜੇਕਰ ਇਥੇ ਬਣੇ ਇਸ ਸ਼ਿਵ ਮੰਦਿਰ ਨੂੰ ਪੱਕਾ ਕਰਵਾਓਗੇ ਅਤੇ ਇਸ ਵਿੱਚ ਪੂਜਾ ਸ਼ੁਰੂ ਕਰਵਾਓਗੇ ਤਾਂ ਤੁਹਾਡੀ ਜਿੱਤ ਹੋਵੇਗੀ। ਯੁਵਰਾਜ ਖੜਕ ਸਿੰਘ ਨੇ ਸੁਪਨਾ ਪੂਰਾ ਕਰਦਿਆਂ ਪੱਕਾ ਮੰਦਿਰ ਬਣਵਾਇਆ ਤੇ ਪੂਜਾ ਸ਼ੁਰੂ ਕਰਵਾਈ। ਫਿਰ ਉਨ੍ਹਾਂ ਦੀ ਅਫ਼ਗਾਨਿਸਤਾਨ ਤੇ ਪੇਸ਼ਾਵਰ ਵਿੱਚ ਜਿੱਤ ਹੋਈ। ਅੱਜ ਵੀ ਕਲਾਨੌਰ ਸ਼ਿਵ ਮੰਦਿਰ ਦੇ ਮੇਨ ਦਰਵਾਜ਼ੇ ‘ਤੇ ਮਹਾਰਾਜਾ ਖੜਕ ਸਿੰਘ ਦੀ ਸ਼ਿਲਾ ਲੱਗੀ ਹੋਈ ਹੈ। ਸ਼ਿਵ ਮੰਦਿਰ ਸ਼ਿਵਾਲਾ ਸੇਵਾਦਾਰਾਂ ਦੀ ਰਹਿਨੁਮਾਈ ਹੇਠ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਸ਼ਿਵ ਮੰਦਿਰ ਦਾ ਵਿਕਾਸ ਸੰਗਤ ਵੱਲੋਂ ਦਾਨ ਕੀਤੇ ਲੱਖਾਂ ਰੁਪਏ ਲਗਾ ਕੇ ਕੀਤਾ ਜਾ ਰਿਹਾ ਹੈ।
ਪ੍ਰਾਚੀਨ ਸ਼ਿਵ ਮੰਦਿਰ ਤੋਂ ਇਲਾਵਾ ਕਲਾਨੌਰ ਨਗਰੀ ਵਿੱਚ ਬਹੁਤ ਸਾਰੇ ਧਾਰਿਮਕ ਅਤੇ ਇਤਿਹਾਸਕ ਸਥਾਨ ਹਨ, ਜਿਨ੍ਹਾਂ ’ਚੋਂ ਇਕ ਧਾਰਮਿਕ ਸਥਾਨ ਤਪੋ ਭੂਮੀ ਸ੍ਰੀ ਬਾਵਾ ਲਾਲ ਜੀ ਮੰਦਿਰ ਹੈ। ਜਿਥੇ ਕਿਰਨ ਨਦੀ ਵਿੱਚ ਸਤਿਗੁਰੂ ਬਾਵਾ ਲਾਲ ਜੀ ਨੇ 84 ਸਾਲ ਤਪ ਕਰਕੇ ਬਾਲ ਰੂਪ ਧਾਰਨ ਕੀਤਾ ਸੀ, ਜਿਸ ਵਿੱਚ ਅੱਜਕਲ ਸ਼ਾਂਤ ਸੁਭਾਅ ਦੇ ਮਾਲਕ ਗੁਰੂ ਭਗਤੀ ਨਾਲ ਭਰਪੂਰ ਤਿਆਗੀ ਮਹਾਂਤਮਾ ਸ੍ਰੀ ਪੰਕਜ ਦਾਸ ਜੀ ਸੇਵਾ ਕਰਕੇ ਗੁਰੂ ਜੀ ਦੇ ਸੇਵਕਾਂ ਦੇ ਦਿਲਾਂ ਵਿੱਚ ਸ਼ਰਧਾ ਭਗਤੀ ਭਰ ਰਹੇ ਹਨ। ਇਸ ਤੋਂ ਇਲਾਵਾ ਕਲਾਨੌਰ ਵਿੱਚ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਹੋਣ ਕਰਕੇ ਉਸ ਸਮੇਂ ਇਹ ਨਗਰੀ ਕੁਝ ਸਮੇਂ ਲਈ ਦੇਸ਼ ਦੀ ਰਾਜਧਾਨੀ ਵਜੋਂ ਆਪਣੀ ਪਛਾਣ ਬਣਾ ਚੁੱਕੀ ਹੈ।
ਇਥੇ ਨਤਮਸਤਕ ਹੋਣ ਤੋਂ ਬਿਨਾਂ ਨਾ ਤਾਂ ਸ਼ਿਵ ਭਗਤ ਕੋਈ ਕਾਰੋਬਾਰ ਜਾਂ ਕੰਮ ਕਰਦੇ ਹਨ ਅਤੇ ਨਾ ਹੀ ਇਥੇ ਦਰਸ਼ਨ ਕਰਨ ਤੋਂ ਬਿਨਾਂ ਨਵ-ਵਿਆਹੇ ਜੋੜੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਨ। ਮੇਲਾ ਮਹਾਂਸ਼ਿਵਰਾਤਰੀ ਇਥੇ ਬੜੀ ਹੀ ਥੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।