ਰਾਮਪੁਰਾ ਫੂਲ, 13 ਫਰਵਰੀ (ਕੁਲਜੀਤ ਢੀਂਗਰਾ, ਸੁਖਮੰਦਰ ਰਾਮਪੁਰਾ)- ਨੇੜਲੇ ਪਿੰਡ ਰਾਈਆ ਵਿਖੇ ਤੂੜੀ ਦੀ ਭਰੀ ਟਰੈਕਟਰ-ਟਰਾਲੀ ਬਿਜਲੀ ਦੀਆਂ ਤਾਰਾਂ ਨੂੰ ਛੂਹ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਮ੍ਰਿਤਕ ਦਾ ਦੂਜਾ ਸਾਥੀ ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਪ੍ਰਤੱਖਦਰਸ਼ੀਆਂ ਅਨੁਸਾਰ ਬਿਜਲੀ ਦਾ ਸ਼ਾਰਟ ਇੰਨਾ ਜਬਰਦਸਤ ਸੀ ਕਿ ਅਗ ਲਗ ਜਾਣ ਕਾਰਨ ਟਰੈਕਟਰ ਦਾ ਟਾਇਰ ਬੁਰੀ ਤਰਾਂ ਝੁਲਸ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰਾਈਆ ਤੋਂ ਤੂੜੀ ਦੀ ਭਰੀ ਹੋਈ ਟਰੈਕਟਰ-ਟਰਾਲੀ ਨੂੰ ਢਿਪਾਲੀ ਰੋਡ ਤੇ ਕੰਡਾ ਕਰਵਾਉਣ ਲਈ ਜਾ ਰਹੇ ਸਨ। ਜਦ ਟਰੈਕਟਰ-ਟਰਾਲੀ ਰਾਧਾ ਸੁਆਮੀ ਡੇਰੇ ਕੋਲ ਪੁੱਜਾ ਤਾਂ ਅਚਾਨਕ ਟਰਾਲੀ ਦਾ ਬੰਗਾ 11 ਹਜਾਰ ਹਾਈ ਵੋਲਟੇਜ ਬਿਜਲੀ ਦੀ ਤਾਰ ਨਾਲ ਲੱਗ ਗਿਆ। ਜਿਸ ਕਾਰਨ ਲਵਪ੍ਰੀਤ ਲਵੀ (22) ਪੁਤਰ ਮਹਿੰਦਰ ਸਿੰਘ ਵਾਸੀ ਬੀੜ ਬਧਨੀ ਜੋ ਕਿ ਨੀਵੀਂ ਤਾਰ ਨੂੰ ਉੱਪਰ ਚੁੱਕਣ ਲਈ ਟਰਾਲੀ ਤੇ ਚੜਣ ਲੱਗਿਆ ਤਾਂ ਅਚਾਨਕ ਟਰਾਲੀ ਵਿੱਚ ਕਰੰਟ ਹੋਣ ਕਾਰਨ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਦਕਿ ਮੱਖਣ ਸਿੰਘ ਉਸ ਨੂੰ ਬਚਾਉਣ ਦੀ ਕੋਸ਼ਿਸ ਕਰਨ ਲੱਗਾ ਤਾਂ ਉਸ ਨੂੰ ਵੀ ਕਰੰਟ ਲੱਗ ਲਿਆ ਤੇ ਉਨਾਂ ਨੂੰ ਗੰਭੀਰ ਹਾਲਤ ਵਿੱਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਲਵਪ੍ਰੀਤ ਸਿੰਘ ਲਵੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਦਕਿ ਮੱਖਣ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਆਲੀਕੇ ਦੀ ਹਾਲਤ ਗੰਭੀਰ ਹੋਣ ਕਾਰਨ ਆਦੇਸ਼ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਹੈ।