Tuesday , 20 August 2019
Breaking News
You are here: Home » EDITORIALS » ਕਰਤਾਰਪੁਰ ਸਾਹਿਬ ਲਾਂਘੇ ਲਈ ਰਜ਼ਾਮੰਦੀ

ਕਰਤਾਰਪੁਰ ਸਾਹਿਬ ਲਾਂਘੇ ਲਈ ਰਜ਼ਾਮੰਦੀ

ਸਿੱਖ ਭਾਈਚਾਰੇ ਲਈ ਇਹ ਬੇਹੱਦ ਖੁਸ਼ੀ ਦਾ ਮੁਕਾਮ ਹੈ ਕਿ ਪਾਕਿਸਤਾਨ ਦੀ ਸਰਕਾਰ ਨੇ ਜਗਤ ਗੁਰੂ ਧਨ ਧਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਮੌਕੇ ਸਿਖ ਸ਼ਰਧਾਲੂਆਂ ਲਈ ਬਿਨਾਂ ਵੀਜ਼ੇ ਤੋਂ ਗੁਰਦੁਆਰਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਦੇਣ ਦਾ ਫੈਸਲਾ ਲਿਆ ਹੈ।ਪਾਕਿਸਤਾਨ ਦੇ ਸੂਚਨਾ ਮੰਤਰੀ ਜਨਾਬ ਫ਼ਵਾਦ ਚੌਧਰੀ ਨੇ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਇਹ ਵੀ ਆਖਿਆ ਹੈ ਕਿ ਇਸ ਆਰਜ਼ੀ ਲਾਂਘੇ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਕੋਈ ਵੀਜ਼ਾ ਨਹੀਂ ਲੈਣਾ ਪਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਇਹ ਗੁਰਦੁਆਰਾ ਸਾਹਿਬ ਭਾਰਤੀ ਪੰਜਾਬ ਦੇ ਡੇਰਾ ਬਾਬਾ ਨਾਨਕ ਤੋਂ ਕੁਝ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਦਰਮਿਆਨ ਕੌਮਾਂਤਰੀ ਸਰਹੱਦ ਅਤੇ ਰਾਵੀ ਦਰਿਆ ਹੋਣ ਕਾਰਨ ਸਿੱਖ ਸ਼ਰਧਾਲੂ ਇਸ ਗੁਰੂ ਘਰ ਦੇ ਦੂਰੋਂ ਹੀ ਦਰਸ਼ਨ ਕਰ ਸਕਦੇ ਹਨ। ਸਿੱਖ ਭਾਈਚਾਰਾ ਇਸ ਗੁਰੂ ਘਰ ਦੇ ਦਰਸ਼ਨਾਂ ਲਈ ਲਾਂਘੇ ਹਿੱਤ ਕਈ ਦਹਾਕਿਆਂ ਤੋਂ ਅਰਦਾਸਾਂ ਕਰ ਰਿਹਾ ਹੈ। ਬੇਸ਼ਕ ਪਾਕਿਸਤਾਨ ਸਰਕਾਰ ਇਹ ਲਾਂਘਾ ਦੇਣ ਲਈ ਪਹਿਲਾਂ ਹੀ ਸਹਿਮਤ ਸੀ ਪ੍ਰੰਤੂ ਭਾਰਤ ਸਰਕਾਰ ਵੱਲੋਂ ਇਸ ਮੰਗ ਪ੍ਰਤੀ ਕੋਈ ਹੁੰਗਾਰਾ ਨਹੀਂ ਭਰਿਆ ਗਿਆ। ਹੁਣ ਵੀ ਇਸ ਗੁਰਦੁਆਰਾ ਸਾਹਿਬ ਦੇ ਲਾਂਘੇ ਦਾ ਮਸਲਾ ਹਾਲੇ ਭਾਰਤ ਸਰਕਾਰ ਦੇ ਪ੍ਰਤੀਕਰਮ ਅਤੇ ਸਹਿਮਤੀ ਨਾਲ ਜੁੜਿਆ ਹੋਇਆ ਹੈ। ਜੇਕਰ ਭਾਰਤ ਸਰਕਾਰ, ਪਾਕਿਸਤਾਨ ਦੇ ਇਸ ਪ੍ਰਸਤਾਵ ਨੂੰ ਪ੍ਰਵਾਨ ਨਹੀਂ ਕਰਦੀ ਤਦ ਇਸ ਗੁਰੂ ਘਰ ਦੇ ਦਰਸ਼ਨਾਂ ਲਈ ਸਿੱਖ ਭਾਈਚਾਰੇ ਨੂੰ ਹੋਰ ਉਡੀਕ ਕਰਨੀ ਪਵੇਗੀ। ਇਹ ਚੰਗੀ ਗੱਲ ਹੈ ਕਿ ਪਾਕਿਸਤਾਨ ਦੇ ਨਵੇਂ ਵਜ਼ੀਰੇ ਆਜ਼ਮ ਜਨਾਬ ਇਮਰਾਨ ਖਾਨ ਨੇ ਸਿੱਖ ਭਾਈਚਾਰੇ ਦੀ ਇਸ ਮੰਗ ਵੱਲ ਯੋਗ ਧਿਆਨ ਦਿੱਤਾ ਹੈ। ਇਸ ਸਬੰਧ ਵਿੱਚ ਕੌਮਤਾਂਰੀ ਪ੍ਰਸਿੱਧੀ ਦੇ ਮਾਲਕ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਅਤੇ ਲੋਕਲਬਾਡੀ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਬਹੁਤ ਅਹਿਮ ਹੈ। ਉਨ੍ਹਾਂ ਨੇ ਆਪਣੀ ਪਾਕਿਸਤਾਨ ਫੇਰੀ ਦੌਰਾਨ ਇਸ ਮੰਗ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਇਆ ਸੀ। ਪਾਕਿਸਤਾਨ ਦੇ ਵਜ਼ੀਰੇ ਆਜ਼ਮ ਨਾਲ ਨਿਜੀ ਦੋਸਤੀ ਦੇ ਚਲਦਿਆਂ ਉਨ੍ਹਾਂ ਦੀ ਇਹ ਮੰਗ ਪ੍ਰਵਾਨ ਹੋ ਗਈ ਹੈ। ਪਾਕਿਸਤਾਨ ਦੇ ਇਸ ਫੈਸਲੇ ਨਾਲ ਉਨ੍ਹਾਂ ਦਾ ਸਿਆਸੀ ਕੱਦ ਕਾਫੀ ਉਚਾ ਹੋ ਗਿਆ ਹੈ। ਉਨ੍ਹਾਂ ਨੇ ਇਸ ਨਾਲ ਇਕ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਮਾਤ ਦੇ ਦਿੱਤੀ ਹੈ। ਸਿੱਖ ਭਾਈਚਾਰਾ ਲਾਂਘੇ ਦੀ ਪ੍ਰਵਾਨਗੀ ਲਈ ਸਿੱਧੂ ਸਰਦਾਰ ਦਾ ਹਮੇਸ਼ਾ ਰਿਣੀ ਰਹੇਗਾ। ਸ੍ਰੀ ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਤੋਂ ਬਾਅਦ ਲਗਪਗ ਡੇਢ ਦਹਾਕਾ ਕਰਤਾਰਪੁਰ ਸਾਹਿਬ ਵਿਖੇ ਰਹਿ ਕੇ ਸੁੱਚੀ ਹੱਥੀਂ ਕਿਰਤ ਕਰਨ ਦਾ ਸੰਦੇਸ਼ ਦਿੱਤਾ।ਇਸ ਅਸਥਾਨ ’ਤੇ ਹੀ ਉਹ ਜੋਤੀ ਜੋਤ ਸਮਾਏ ਸਨ। ਦੁਨੀਆ ਭਰ ਦੇ ਸਿੱਖ ਸ਼ਰਧਾਲੂ ਇਸ ਪਵਿੱਤਰ ਗੁਰੂ ਅਸਥਾਨ ’ਤੇ ਨਤਮਸਤਕ ਹੋਣ ਦੇ ਖਾਹਿਸ਼ਮੰਦ ਹਨ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11