ਮਾਨਸਾ, 21 ਫਰਵਰੀ (ਰੀਤਵਾਲ))-ਸਥਾਨਕ ਕਚਹਿਰੀ ਵਿਚ ਐਡਵੋਕੇਟਸ ਲਿਟਰੇਰੀ ਫੋਰਮ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਪੰਜਾਬ ਸਾਹਿਤ ਅਕਾਦਮੀ ਦੇ ਐਸੋਸੀਏਟ ਮੈਂਬਰ ਅਤੇ ਉਘੇ ਗੀਤਕਾਰ ਬਲਜਿੰਦਰ ਸੰਗੀਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਸਮੁੱਚੇ ਪੰਜਾਬੀ ਜਗਤ ਦਾ ਮਾਣ ਹੈ। ਹਰ ਪੰਜਾਬੀ ਦਾ ਫਰਜ਼ ਬਣਦਾ ਹੈ ਕਿ ਉਹ ਮਾਤ ਭਾਸ਼ਾ ਪ੍ਰਤੀ ਆਪਣੀ ਜ਼ਿੰਮੇਵਾਰੀ ਬਾਰੇ ਸੁਚੇਤ ਹੋਣ ਅਤੇ ਇਸ ਦੇ ਪਸਾਰ ਲਈ ਢੁੱਕਵੇਂ ਯਤਨ ਕਰੇ। ਅਦਬ ਲੋਕ ਮਾਨਸਾ ਦੇ ਪ੍ਰਧਾਨ ਸ਼ਾਇਰ ਬਲਵੰਤ ਭਾਟੀਆ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੀ ਇਕ ਵਿਰਾਸਤ ਹੈ, ਜਿਸ ਵਿਚ 12ਵੀਂ ਸਦੀ ਵਿਚ ਪਹਿਲੇ ਪੰਜਾਬੀ ਸ਼ਾਇਰ ਬਾਬਾ ਫ਼ਰੀਦ ਜੀ ਹੋਏ ਜਦੋਂ ਕਿ ਅੰਗਰੇਜ਼ੀ ਦਾ ਪਹਿਲਾ ਸ਼ਾਇਰ ਜੋਹਨ ਕੀਟਸ 14ਵੀਂ ਸਦੀ ਵਿਚ ਆਉਂਦਾ ਹੈ। ਪੰਜਾਬੀ ਵਿਸ਼ਵ ਦੀ ਮੋਹਰੀ ਅਤੇ ਰੁਜ਼ਗਾਰ ਦੀ ਭਾਸ਼ਾ ਬਣ ਸਕਦੀ ਹੈ ਜੇਕਰ ਸਾਇੰਸ, ਤਕਨਾਲੋਜੀ, ਕਾਨੂੰਨ ਆਦਿ ਵਿਸ਼ਿਆਂ ਉਪਰ ਵੱਡੇ ਕੋਸ਼ਾਂ ਦੀ ਰਚਨਾ ਕੀਤੀ ਜਾਵੇ ਅਤੇ ਦੁਨੀਆ ਦੀਆਂ ਵਿਕਸਤ ਭਾਸ਼ਾਵਾਂ ਦੇ ਮੁਕਾਬਲੇ ਦੀ ਪ੍ਰਵਿਤਰੀ ਦਾ ਧਾਰਨੀ ਬਣਿਆ ਜਾਵੇ। ਐਡਵੋਕੇਟਸ ਲਿਟਰੇਰੀ ਫੋਰਮ ਦੀ ਵਕਤਾ ਦਵਿੰਦਰ ਕੌਰ ਚਾਹਿਲ ਅਤੇ ਗੁਰਦਰਸ਼ਨ ਕੌਰ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਅਤੇ ਅਦਾਲਤਾਂ ਵਿਚ ਸਾਰਾ ਕੰਮ ਪੂਰਨ ਰੂਪ ਵਿਚ ਪੰਜਾਬੀ ਭਾਸ਼ਾ ਵਿਚ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਹਾਜ਼ਰ ਹੋਣ ਅਤੇ ਸੰਬੋਧਨ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਸਤਿੰਦਰ ਪਾਲ ਸਿੰਘ ਮਿੱਤਲ, ਹਰਪ੍ਰੀਤ ਹੈਪੀ, ਰਜਿੰਦਰ ਕੌਰ ਢਿੱਲੋਂ, ਸੰਤੋਸ਼ ਰਾਣੀ, ਵੀਰਦਵਿੰਦਰ ਸਿੰਘ, ਸਿਮਰਨਜੀਤ ਸਿੰਘ, ਹਰਜਿੰਦਰ ਸਿੰਘ ਐਡਵੋਕੇਟਸ ਆਦਿ ਸ਼ਾਮਿਲ ਸਨ।