Friday , 23 August 2019
Breaking News
You are here: Home » Editororial Page » ਉੱਚ ਸਿੱਖਿਆ ਸੁਧਾਰ ਲਈ ਸੁਹਿਰਦ ਯਤਨਾਂ ਦੀ ਲੋੜ

ਉੱਚ ਸਿੱਖਿਆ ਸੁਧਾਰ ਲਈ ਸੁਹਿਰਦ ਯਤਨਾਂ ਦੀ ਲੋੜ

ਪੰਜਾਬ ’ਚ ਤਕਰੀਬਨ ਪੰਜਾਹ ਦੇ ਕਰੀਬ ਸਰਕਾਰੀ ਕਾਲਜ ਵਿਦਿਆਰਥੀਆਂ ਲਈ ਉਚ ਵਿੱਦਿਆ ਪ੍ਰਾਪਤੀ ਦਾ ਅਹਿਮ ਸਰੋਤ ਹਨ। ਘੱਟ ਫੀਸਾਂ ’ਤੇ ਵਧੀਆ ਸਿੱਖਿਆ ਉਪਲਬੱਧ ਕਰਵਾਉਣ ਵਾਲੀਆਂ ਇਹਨਾਂ ਸੰਸਥਾਂਵਾਂ ’ਚ ਦੁਨੀਆਂ ਦੀਆਂ ਹਜ਼ਾਰਾਂ ਪ੍ਰਸਿੱਧ ਹਸਤੀਆਂ ਨੂੰ ਪੜਨ ਅਤੇ ਪੜਾਉਣ ਦਾ ਮੌਕਾ ਮਿਲਿਆ ਹੈ। ਕੋਈ ਸਮਾਂ ਸੀ ਜਦੋਂ ਦੂਰ ਦਰਾਡੇ ਦੇ ਖੇਤਰਾਂ ’ਚੋਂ ਵੀ ਲੋਕ ਇਹਨਾਂ ਸਰਕਾਰੀ ਕਾਲਜਾਂ ’ਚ ਪੜਨ ਲਈ ਪਹੁੰਚਦੇ ਸਨ ਪਰ ਅਜੋਕੇ ਹਾਲਾਤਾਂ ’ਚ ਵਿੱਦਿਆ ਦਾ ਵਪਾਰੀਕਰਨ ਹੋਣ ਕਾਰਨ ਹੁਣ ਅਜਿਹਾ ਨਹੀ ਰਿਹਾ। ਪੈਰ ਪੈਰ ’ਤੇ ਖੁੱਲੀਆਂ ਸੰਸਥਾਵਾਂ ਨੇ ਸਿੱਖਿਆ ਉਪਲਬਧ ਕਰਵਾਉਣ ਦੇ ਮਾਇਨੇ ਹੀ ਬਦਲ ਦਿੱਤੇ ਹਨ। ਉਚ ਸਿੱਖਿਆ ਪ੍ਰਾਪਤੀ ਦਾ ਕੇਂਦਰ ਬਿੰਦੂ ਪੰਜਾਬ ਦੇ ਕਈ ਸਰਕਾਰੀ ਕਾਲਜ ਅੱਜ ਕੋਈ ਬਹੁਤੀ ਵਧੀਆ ਹਾਲਤ ’ਚ ਨਹੀਂ ਹਨ। ਕਈ ਛੋਟੇ ਸਰਕਾਰੀ ਕਾਲਜਾਂ ਦੇ ਆਰਥਿਕ ਅਤੇ ਵਿਦਿਅਕ ਹਾਲਾਤ ਐਨੇ ਖਰਾਬ ਹਨ ਕਿ ਸ਼ਾਇਦ ਸਰਕਾਰ ਇਹਨਾਂ ਨੂੰ ਬੰਦ ਕਰਨ ਦਾ ਹੀ ਫੈਸਲਾ ਨਾ ਲੈ ਲਵੇ। ਕਿਸੇ ਵੀ ਅਸਮਾਨੀ ਚੜੀ ਚੀਜ ਦੇ ਇੱਕ ਦਮ ਭੁੰਜੇ ਡਿੱਗ ਜਾਣ ਦਾ ਕੋਈ ਇੱਕ ਕਾਰਨ ਨਹੀਂ ਬਲਕਿ ਕਈ ਕਾਰਨ ਹੁੰਦੇ ਹਨ। ਸੰਸਥਾ ਨੂੰ ਚਲਾਉਣ ਲਈ ਸਭ ਤੋਂ ਪਹਿਲਾ ਪੈਸੇ ਦੀ ਉਪਲਬਧਤਾ ਦਾ ਹੋਣਾ ਜਰੂਰੀ ਹੈ। ਜੇਕਰ ਕਿਸੇ ਸੰਸਥਾ ਕੋਲ ਪੈਸਾ ਹੀ ਨਹੀਂ ਹੋਵੇਗਾ ਤਾਂ ਉਸਦਾ ਰੋਜ਼ਾਨਾ ਦਾ ਕੰਮਕਾਜ ਪ੍ਰਭਾਵਿਤ ਹੋਣਾ ਲਾਜਮੀ ਹੈ। ਅੱਜ ਪੰਜਾਬ ਦੇ ਕਈ ਸਰਕਾਰੀ ਕਾਲਜਾਂ ਦੀ ਇਹੀ ਸਥਿਤੀ ਹੈ। ਪੈਸੇ ਨਾ ਹੋਣ ਕਾਰਨ ਖਾਲੀ ਖਜਾਨਾਂ ਭਰਨ ਲਈ ਪਿਛਲੇ ਸਮੇਂ ਦੌਰਾਨ ਕਈ ਸਰਕਾਰੀ ਕਾਲਜਾਂ ਨੇ ਪੀ.ਟੀ.ਏ ਫੰਡ ’ਚ ਕਾਫੀ ਵਾਧਾ ਕਰ ਦਿੱਤਾ। ਇਸ ਫੰਡ ਦੇ ਵਧਣ ਨਾਲ ਆਰਥਿਕ ਪੱਖ ਤੋਂ ਕੰਮਜੋਰ ਵਿਦਿਆਰਥੀ ਸਰਕਾਰੀ ਕਾਲਜਾਂ ’ਚ ਦਾਖਲਾ ਲੈਣ ਤੋਂ ਝਿਜਕਦੇ ਦਿਖਾਈ ਦਿੱਤੇ ਜੋ ਬਾਅਦ ’ਚ ਕਈ ਸਰਕਾਰੀ ਕਾਲਜਾਂ ’ਚ ਨਵੇਂ ਦਾਖਲਿਆਂ ਦੇ ਘੱਟਣ ਦਾ ਇੱਕ ਅਹਿਮ ਕਾਰਨ ਬਣਿਆ। ਪੀ.ਟੀ.ਏ ਫੰਡ ਦੇ ਵਾਧੇ ਬਾਰੇ ਜਦੋਂ ਵਿਦਿਅਰਥੀਆਂ ਨੇ ਕਾਲਜ ਮੁੱਖੀਆਂ ਤੋਂ ਕਾਰਨ ਪੁੱਛਿਆ ਤਾਂ ਉਹਨਾ ਨੇ ਕਾਲਜ ਦੀ ਖਸਤਾ ਮਾਲੀ ਹਾਲਤ ਕਹਿ ਕੇ ਆਪਣਾ ਪੱਖ ਦਰੁਸਤ ਕਰ ਦਿੱਤਾ। ਆਰਥਿਕ ਤੌਰ ’ਤੇ ਪਛੜੇ ਸਰਕਾਰੀ ਕਾਲਜਾਂ ਲਈ ਅੱਜ ਫੰਡਾਂ ਦੀ ਘਾਟ ਇੱਕ ਚਣੌਤੀ ਬਣ ਗਈ ਹੈ। ਇਸ ਦੇ ਨਾਲ ਹੀ ਕਿਸੇ ਕਾਲਜ ਜਾਂ ਸੰਸਥਾ ਨੂੰ ਚਲਾਉਣ ਲਈ ਅਧਿਆਪਕਾਂ ਦੀ ਜਰੂਰਤ ਹੁੰਦੀ ਹੈ ਬਿਨਾਂ ਅਧਿਆਪਕ ਤੋਂ ਸੰਸਥਾ ਉਸ ਜਹਾਜ਼ ਵਾਂਗ ਹੋਵੇਗੀ ਜਿਸ ਨੂੰ ਕੋਈ ਚਲਾਉਣ ਵਾਲਾ ਹੀ ਨਾ ਹੋਵੇ। ਇਹ ਬੜੀ ਅਜੀਬ ਗੱਲ ਹੈ ਕਿ ਪਿਛਲੇ ਤਕਰੀਬਨ ਵੀਹ ਸਾਲਾਂ ਤੋਂ ਸਰਕਾਰੀ ਕਾਲਜਾਂ ’ਚ ਅਧਿਆਪਕਾਂ ਦੀ ਭਰਤੀ ਹੀ ਨਹੀਂ ਹੋਈ। ਇਸਦੇ ਦੋ ਵੱਡੇ ਨੁਕਸਾਨ ਹੋਏ, ਇੱਕ ਵਿਦਿਆਰਥੀਆਂ ਨੂੰ ਅਤੇ ਦੂਜਾ ਉਹਨਾਂ ਕਾਬਿਲ ਊਮੀਦਵਾਰਾਂ ਨੂੰ ਜਿਨਾਂ ਨੂੰ ਉਮੀਦ ਸੀ ਕਿ ਉਹ ਆਪਣੀ ਕਾਬਲੀਅਤ ਦੇ ਜ਼ਰੀਏ ਬਤੌਰ ਅਧਿਆਪਕ ਇਹਨਾਂ ਕਾਲਜਾਂ ’ਚ ਸੇਵਾਂਵਾਂ ਦੇਣਗੇ, ਪਰ ਕੋਈ ਸਰਕਾਰੀ ਭਰਤੀ ਨਾ ਹੋਣ ਕਾਰਨ ਉਹ ਨੌਕਰੀ ਪ੍ਰਾਪਤੀ ਦੀ ਹੱਦ ਉੇਮਰ ਵੀ ਟੱਪ ਚੁੱਕੇ ਹਨ, ਇਹ ਉਹ ਨੁਕਸਾਨ ਹੈ ਜਿਸਦੀ ਭਰਪਾਈ ਕਿਸੇ ਪਾਸਿਉਂ ਵੀ ਕਰ ਪਾਉਣਾ ਨਾ-ਮੁਮਕਿਨ ਹੈ।
ਅਧਿਆਪਕਾਂ ਦੀ ਘਾਟ ਨੂੰ ਦੇਖਦਿਆਾਂ ਸਮੇਂ ਦੀਆਂ ਸਰਕਾਰਾਂ ਨੇ ਕੁੱਝ ਆਰਜੀ ਅਧਿਆਪਕ ਭਰਤੀ ਕੀਤੇ ਜਿਹਨਾਂ ਨੂੰ ਬਾਅਦ ’ਚ ਪਾਰਟ ਟਾਈਮ ਅਧਿਆਪਕਾਂ ਦਾ ਨਾਂਅ ਦਿੱਤਾ ਗਿਆ। ਇਸ ਉਪਰੰਤ ਪੱਕੇ ਅਧਿਆਪਕ ਰਿਟਾਇਰ ਹੁੰਦੇ ਰਹੇ ਅਤੇ ਅਹੁਦੇ ਖਾਲੀ ਹੁੰਦੇ ਗਏ ਪਰ ਇਹਨਾਂ ਅਹੁਦਿਆਂ ਨੂੰ ਭਰਨ ਲਈ ਸਰਕਾਰ ਨੇ ਕੋਈ ਯਤਨ ਨਾ ਕੀਤਾ। ਨਤੀਜਾ ਇਹ ਨਿਕਲਿਆ ਕਿ ਜਦੋਂ ਕਾਫੀ ਅਹੁਦੇ ਖਾਲੀ ਹੋ ਗਏ ਤਾਂ ਅੰਤ ਅਧਿਆਪਕਾਂ ਦੀ ਘਾਟ ਦਾ ਹੱਲ ਕੱਢਣ ਲਈ ਕੁੱਝ ਹੋਰ ਆਰਜੀ ਅਧਿਆਪਕ ਭਰਤੀ ਕੀਤੇ ਜਾਣ ਲੱਗੇ ਜਿਹਨਾਂ ਨੂੰ ਗੈਸਟ ਫਕੈਲਟੀ ਦਾ ਨਾਂਅ ਦਿੱਤਾ ਗਿਆ। ਪਹਿਲਾਂ ਇਹਨਾਂ ਅਧਿਆਪਕਾਂ ਨੂੰ ਪ੍ਰਤੀ ਘੰਟੇ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾਂਦਾ ਰਿਹਾ ਅਤੇ ਫਿਰ ਸਮੇਂ ਦੀਆਂ ਸਕਕਾਰਾਂ ਨੇ ਇਹਨਾਂ ਦਾ ਪੱਕਾ ਮਹੀਨਾ ਵਾਰ ਮਿਹਨਤਾਨਾ ਪੀ.ਟੀ.ਏ ’ਚੋਂ ਬੰਨ ਦਿੱਤਾ। ਤਕਰੀਬਨ ਪਿਛਲੇ ਪੰਦਰਾਂ ਸੋਲਾਂ ਸਾਲਾਂ ਤੋਂ ਇਹ ਅੀਧਆਪਕ, ਜਿਹਨਾਂ ਦੀ ਗਿਣਤੀ ਹੁਣ ਕਰੀਬ ਇੱਕ ਹਜ਼ਾਰ ਹੈ, ਬਹੁਤ ਘੱਟ ਮਿਹਨਤਾਨੇ ’ਤੇ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਕਰ ਰਹੇ ਹਨ। ਕਹਿਣ ਤੋਂ ਭਾਵ ਹੈ ਕਿ ਜੇਕਰ ਕਿਸੇ ਅਧਿਆਪਕ ਨੂੰ ਉਸਦਾ ਬਣਦਾ ਮਿਹਨਤਾਨਾਂ ਨਹੀਂ ਮਿਲਦਾ ਅਤੇ ਨੌਕਰੀ ਵੀ ਸੁਰੱਖਿਅਤ ਨਹੀਂ ਤਾਂ ਉਸਦਾ ਆਪਣੇ ਕੰਮ ਪ੍ਰਤੀ ਰੱਵਈਆ ਵੀ ਕੋਈ ਬਹੁਤਾ ਸਕਰਾਤਮਿਕ ਨਹੀਂ ਰਹਿੰਦਾ। ਪੂੁਰੀ ਤਨਖਾਹ ਕਿਸੇ ਵੀ ਮੁਲਾਜਮ ਦੀ ਮੁੱਖ ਲੋੜ ਹੁੰਦੀ ਹੈ। ਅੱਜ ਕਾਲਜਾਂ ’ਚ ਪੜਾ ਰਹੇ ਪੱਕੇ, ਪਾਰਟ ਟਾਈਮ ਅਤੇ ਗੈਸਟ ਅਧਿਆਪਕਾਂ ਦੀਆਂ ਤਨਖਾਹਾਂ ’ਚ ਹੈਰਾਨੀ ਕਰਨ ਵਾਲਾ ਫਰਕ ਹੈ। ਕਾਬਲ਼ੀਅਤ ਦੇ ਮੁਤਾਬਕ ਹਰ ਅਧਿਆਪਕ ਨੂੰ ਬਣਦਾ ਸਨਮਾਨ ਦੇਣ ਨਾਲ ਉਹਨਾਂ ਦੀ ਕਾਰਜਸ਼ੈਲੀ ਨੂੰ ਹੋਰ ਵਧੀਆ ਬਣਾਇਆ ਜਾ ਸਕਦਾ ਹੈ। ਸਰਕਾਰੀ ਉਚ ਸਿੱਖਿਆ ਦੇ ਡਿੱਗਦੇ ਮਿਆਰ ਦਾ ਇਹ ਇੱਕ ਬਹੁਤ ਵੱਡਾ ਕਾਰਨ ਹੈ। ਆਧੁਨਿਕਤਾ ਦੇ ਇਸ ਜਮਾਨੇ ’ਚ ਸਰਕਾਰੀ ਕਾਲਜ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀਆਂ ਸਹੂਲਤਾਂ ਦੇਣ ਤੋਂ ਵੀ ਕਾਫੀ ਪੱਛੜੇ ਹਨ। ਮੈਂ ਇੱਕ ਅਜਿਹਾ ਸਰਕਾਰੀ ਕਾਲਜ ਦੇਖਿਆ ਜਿਸ ’ਚ ਸੰਸਥਾਂ ਦੀ ਮੁੱਢਲੀ ਜਰੂਰਤ ਕੈਂਟੀਨ ਵੀ ਨਹੀਂ ਸੀ। ਸਬੰਧਤ ਅਫਸਰ ਸਾਹਿਬਾਨਾਂ ਕੋਲ ਬੇਨਤੀ ਕਰਨ ਉਪਰੰਤ ਅੱਜ ਉਸ ਕਾਲਜ ’ਚ ਇੱਕ ਆਰਜੀ ਕੰਟੀਨ ਚੱਲ ਰਹੀ ਹੈ। ਇਹ ਸੋਚਣ ਵਾਲੀ ਗੱਲ ਹੈ ਕਿ ਜਿਸ ਸੰਸਥਾ ’ਚ ਵਿਦਿਆਰਥੀਆਂ ਦੀਆਂ ਮੁੱਢਲੀਆਂ ਸਹੂਲਤਾਂ ਹੀ ਨਹੀਂ ਹੋਣਗੀਆਂ ਉਥੇ ਇਹ ਅਨੁਮਾਨ ਕਰਨਾ ਕਿ ਵਿਦਿਆਰਥੀਆਂ ਦੇ ਦਾਖਲਿਆਂ ਦੀ ਭੀੜ ਲੱਗ ਜਾਏਗੀ ਠੀਕ ਨਹੀਂ। ਸ਼ਾਇਦ ਉਚੇਰੀ ਸਿੱਖਿਆ ਵਿਭਾਗ ਦੀ ਇਹ ਸਭ ਤੋਂ ਵੱਡੀ ਕਮਜੋਰੀ ਹੈ ਕਿ ਉਸ ਨੇ ਉਹਨਾਂ ਅਧਿਆਪਕਾਂ ਤੋਂ ਕੋਈ ਵੀ ਜਵਾਬ ਤਲਬੀ ਨਹੀਂ ਕੀਤੀ ਜਿਹਨਾਂ ਦੀਆਂ ਅੱਖਾਂ ਸਾਹਮਣੇ ਇਹ ਹੀਰੇ ਵਰਗੀਆਂ ਇਮਾਰਤਾਂ ਮੁੱਢਲੀਆਂ ਲੋੜਾਂ ਤੋਂ ਵਾਂਝੀਆਂ ਹੌਲ਼ੀ ਹੌਲ਼ੀ ਖੰਡਰ ਬਣ ਗਈਆਂ। ਇੱਕੋ ਕਾਲਜ ’ਚ ਵੀਹ ਸਾਲ ਤੋਂ ਲਗਾਤਾਰ ਨੌਕਰੀ ਕਰਨ ਵਾਲੇ ਅਧਿਆਪਕ ਤੋਂ ਇਹਨਾਂ ਗੱਲਾਂ ਬਾਰੇ ਕਦੇ ਕੋਈ ਜਵਾਬਦੇਹੀ ਨਹੀ ਹੋਈ। ਇੱਕ ਦਿਨ ਇੱਕ ਪੱਕੇ ਕਾਲਜ ਅਧਿਆਪਕ ਨੂੰ ਜਦੋਂ ਉਸ ਦੇ ਸਾਥੀ ਨੇ ਕਿਹਾ ਕਿ ਕਾਲਜ ’ਚ ਦਾਖਲੇ ਕਾਫੀ ਘੱਟ ਗਏ ਹਨ ਹੁਣ ਕੀ ਹੋਊ ਤਾਂ ਉਸ ਅਦਿਆਪਕ ਨੇ ਬੜੇ ਫਖਰ ਨਾਲ ਕਿਹਾ ਕਿ ਹੋਣਾਂ ਕੀ ਐ ਵੱਧ ਤੋਂ ਵੱਧ ਬਦਲੀ ਹੋ ਜੂ। ਸ਼ਾਇਦ ਇਹੀ ਕਾਰਨ ਹਨ ਜਿਹਨਾਂ ਕਰਕੇ ਅੱਜ ਪੰਜਾਬ ਦੇ ਬਹੁਤੇ ਸਰਕਾਰੀ ਕਾਲਜ ਬੇਹੱਦ ਬੂਰੇ ਦੌਰ ’ਚੋਂ ਗੁਜ਼ਰ ਰਹੇ ਹਨ। ਸਰਕਾਰ ਦੇ ਹੱਥ ਸਭ ਕੁੱਝ ਹੁੰਦਾ ਹੈ ਕਿਸੇ ਕੰਮ ਨੂੰ ਠੀਕ ਕਰਨਾ ਸਰਕਾਰਾਂ ਲਈ ਕੋਈ ਬਹੁਤਾ ਮੁਸ਼ਕਿਲ ਨਹੀਂ ਹੁੰਦਾ ਗੱਲ ਸਿਰਫ ਸੱਚੀ ਨੀਅਤ ਅਤੇ ਸੁਹਿਰਦ ਯਤਨਾਂ ਦੀ ਹੈ। ਜੇਕਰ ਸਰਕਾਰ ਸਰਕਾਰੀ ਕਾਲਜਾਂ ਦਾ ਦੌਰਾ ਕਰਕੇ ਜਮੀਨੀ ਸੱਚਾਈ ਤੋਂ ਵਾਕਿਫ ਹੋਵੇ ਤਾਂ ਜਰੂਰ ਉਸਨੂੰ ਉਚ ਸਿਖਿਆ ਸੁਧਾਰ ਲਈ ਕਾਫੀ ਕੁੱਝ ਕਰਨ ਲਈ ਮਿਲੇਗਾ। ਆਰਥਿਕ ਤੌਰ ’ਤੇ ਸਰਕਾਰੀ ਕਾਲਜਾਂ ਨੂੰ ਮਜਬੂਤ ਕਰਨਾ ਹੋਵੇਗਾ, ਪੀ.ਟੀ.ਏ ਫੰਡ ’ਚੋਂ ਦਿੱਤੀਆਂ ਜਾਂਦੀਆਂ ਤਨਖਾਹਾਂ ਦੀ ਅਦਾਇਗੀ ਸਰਕਾਰੀ ਖਜਾਨੇ ’ਚੋਂ ਕੀਤੀ ਜਾਣੀ ਚਾਹੀਦੀ ਹੈ ਅਤੇ ਸੰਸਥਾਵਾਂ ਦੇ ਮੁਢਲੇ ਢਾਂਚੇ ਨੂੰ ਨਵੀਂ ਰੂਪ ਰੇਖਾ ਅਧੀਨ ਹਰ ਸਹੂਲਤ ਉਪਲੱਬਧ ਕਰਵਾਈ ਜਾਣੀ ਚਾਹੀਦੀ ਹੈ। ਵਿਦਿਆਰਥੀਆਂ ਦੇ ਮਾੜੇ ਨਤੀਜੀਆਂ ਲਈ ਅਧਿਆਪਕਾਂ ਨੂੰ ਜਿੰਮੇਵਾਰ ਬਣਾਇਆ ਜਾਣਾ ਚਾਹੀਦਾ ਹੈ। ਜੇਕਰ ਸਰਕਾਰ ਇਹਨਾਂ ਗੱਲਾਂ ਵੱਲ ਸੱਚੇ ਮਨੋ ਧਿਆਨ ਦੇਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੱਛੜ ਚੁੱਕੇ ਸਰਕਾਰੀ ਕਾਲਜ ਮੁੜ ਤਰੱਕੀ ਦੀਆਂ ਲੀਹਾਂ ’ਤੇ ਆ ਜਾਣਗੇ।

Comments are closed.

COMING SOON .....


Scroll To Top
11