Friday , 24 January 2020
Breaking News
You are here: Home » NATIONAL NEWS » ਉਧਵ ਠਾਕਰੇ ਨੇ ਮਹਾਰਾਸ਼ਟਰ ਦੇ 18ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ

ਉਧਵ ਠਾਕਰੇ ਨੇ ਮਹਾਰਾਸ਼ਟਰ ਦੇ 18ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ

ਸ਼ਿਵ ਸੈਨਾ, ਐਨ.ਸੀ.ਪੀ. ਅਤੇ ਕਾਂਗਰਸ ਦੇ 2-2 ਵਿਧਾਇਕਾਂ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ

ਮੁੰਬਈ, 28 ਨਵੰਬਰ- ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੇ ਅੱਜ ਮਹਾਰਾਸ਼ਟਰ ਦੇ 18ਵੇਂ ਮੁੱਖ ਮੰਤਰੀ ਦੇ ਰੂਪ ‘ਚ ਹਲਫ਼ ਲਿਆ ਹੈ। ਠਾਕਰੇ ਨੇ ਸ਼ਿਵਾਜੀ ਮਹਾਰਾਜ ਨੂੰ ਨਮਸਕਾਰ ਕਰਦੇ ਹੋਏ ਮਰਾਠੀ ਭਾਸ਼ਾ ‘ਚ ਸਹੁੰ ਚੁੱਕੀ। ਮਹਾਰਾਸ਼ਟਰ ਵਿਧਾਨ ਸਭਾ ਚੋਣ ਦੇ ਨਤੀਜੇ 24 ਅਕਤੂਬਰ ਨੂੰ ਐਲਾਨ ਹੋਣ ਦੇ ਇੱਕ ਮਹੀਨੇ ਬਾਅਦ 59 ਸਾਲਾ ਠਾਕਰੇ ਨੇ ਸੀ.ਐੱਮ. ਅਹੁਦੇ ਦੀ ਸਹੁੰ ਚੁੱਕੀ। ਮੁੰਬਈ ਦੇ ਸ਼ਿਵਾਜੀ ਪਾਰਕ ‘ਚ ਸਹੁੰ ਚੁੱਕ ਸਮਾਗਮ ਵਿੱਚ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਉਨ੍ਹਾਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਉਧਵ ਠਾਕਰੇ ਤੋਂ ਬਾਅਦ ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ, ਸੁਭਾਸ਼ ਦੇਸਾਈ ਨੂੰ ਮੰਤਰੀ ਅਹੁਦੇ ਦੀ ਸਹੁੰ ਚੁੱਕਾਈ ਗਈ।। ਇਸ ਤੋ ਬਾਅਦ ਐੱਨ.ਸੀ.ਪੀ. ਕੋਟੇ ਤੋਂ ਵਿਧਾਇਕ ਦਲ ਦੇ ਨੇਤਾ ਜਯੰਤ ਪਾਟਿਲ ਅਤੇ ਛਗਨ ਭੁਜਬਲ ਨੂੰ ਸਹੁੰ ਚੁੱਕਾਈ ਗਈ। ਕਾਂਗਰਸ ਦੇ ਕੋਟੇ ਤੋਂ ਬਾਲਾ ਸਾਹਿਬ ਥੋਰਾਟ ਅਤੇ ਨਿਤਿਨ ਰਾਓਤ ਨੂੰ ਸਹੁੰ ਚੁੱਕਾਈ ਗਈ। ਥੋਰਾਟ ਮਹਾਰਾਸ਼ਟਰ ਵਿਧਾਨ ਸਭਾ ਦੇ ਸਭ ਤੋਂ ਸੀਨੀਅਰ ਨੇਤਾਵਾਂ ‘ਚੋਂ ਇਕ ਹਨ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਹਨ। ਮੰਚ ‘ਤੇ ਉਧਵ ਠਾਕਰੇ ਦੇ ਚਚੇਰੇ ਭਰਾ ਰਾਜ ਠਾਕਰੇ ਸਣੇ ਕਈ ਕਾਂਗਰਸ ਸ਼ਾਸਤ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ, ਐੱਨ.ਸੀ.ਪੀ. ਨੇਤਾ ਅਜੀਤ ਪਵਾਰ ਸਣੇ ਕਈ ਰਾਜ ਨੇਤਾ ਪਹੁੰਚੇ। ਉਧਵ ਠਾਕਰੇ ਅੱਜ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਕੇ ਠਾਕਰੇ ਪਰਿਵਾਰ ਦੇ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਰਾਜਨੇਤਾ ਬਣ ਗਏ ਹਨ। ਸਹੁੰ ਚੁੱਕ ਸਮਾਗਮ ਨੂੰ ਦੇਖਣ ਹਜ਼ਾਰਾਂ ਦਰਸ਼ਕ ਇਕੱਠੇ ਹੋਏ ਹਨ। ਸੁਰੱਖਿਆ ਵਿਵਸਥਾ ਬਣਾਏ ਰੱਖਣ ਲਈ 2 ਹਜ਼ਾਰ ਤੋਂ ਜ਼ਿਆਦਾ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

Comments are closed.

COMING SOON .....


Scroll To Top
11