Monday , 22 July 2019
Breaking News
You are here: Home » Editororial Page » ਈਰੀਏ ਭਮੀਰੀਏ ਕਿਹੜਾ ਘਰ ਤੇਰਾ?

ਈਰੀਏ ਭਮੀਰੀਏ ਕਿਹੜਾ ਘਰ ਤੇਰਾ?

ਭਰਤੀ ਨਾਰੀ ਦੇ ਦੋ ਘਰ- ਪੇਕਾ ਘਰ ਤੇ ਸਹੁਰਾ ਘਰ – ਹੁੰਦੇ ਹਨ। ਪੇਕਾ ਘਰ, ਉਹ ਘਰ ਜਿੱਥੇ ਉਸ ਦਾ ਜਨਮ ਹੁੰਦਾ ਹੈ, ਜਿੱਥੇ ਉਸ ਦੇ ਚਿਹਰੇ ਤੇ ਸੂਰਜ ਦੀ ਪਹਿਲੀ ਕਿਰਨ ਪੈਂਦੀ ਹੈ, ਜਿੱਥੇ ਉਹ ਮਾਂ ਦੀ ਗੋਦ ਦਾ ਨਿੱਘ ਮਾਣਦੀ ਹੈ, ਤੋਤਲੇ ਬੋਲ ਬੋਲਦੀ ਹੈ, ਨਿੱਕੇ-ਨਿੱਕੇ ਕਦਮ ਪੁੱਟਦੀ ਹੈ, ਛੋਟਾ ਜਿਹਾ ਬਸਤਾ ਗਲ ਵਿਚ ਲਟਕਾਈ ਸਕੂਲ ਜਾਂਦੀ ਹੈ ਅਤੇ ਆਪਣੇ ਛੋਟੇ-ਛੋਟੇ ਹੱਥਾਂ ਨਾਲ ਛੋਟੇ-ਛੋਟੇ ਕੰਮਾਂ ਵਿਚ ਹੱਥ ਵਟਾਉਂਦੀ ਜਵਾਨੀ ਦੀ ਦਹਿਲੀਜ਼ ’ਤੇ ਕਦਮ ਧਰਦੀ ਹੈ, ਜਿੱਥੇ; ਉਸ ਦੇ ਦਿਲ ਅੰਦਰ ਨਵੀਆਂ ਸਧਰਾਂ ਪੁੰਗਰਦੀਆਂ ਹਨ, ਉਮੰਗਾਂ ਉਸਲ-ਵੱਟੇ ਲੈਂਦੀਆਂ ਹਨ ਅਤੇ ਸੁਪਨੇ ਸਿਰਜੇ ਜਾਂਦੇ ਹਨ। ਇੱਥੇ ਹੀ ਉਸ ਨੂੰ ਦਾਦਾ-ਦਾਦੀ ਦਾ ਦੁਲਾਰ, ਮਾਤਾ-ਪਿਤਾ ਦੀਆਂ ਨਸੀਹਤਾਂ ਅਤੇ ਭੈਣ-ਭਰਾਵਾਂ ਦਾ ਸਨੇਹ ਮਿਲਦਾ ਹੈ; ਉਹ ਆਪਣੀਆਂ ਸਖੀਆਂ-ਸਹੇਲੀਆਂ ਸੰਗ ਪਹਿਲੇ ਸਮੇਂ ਵਿਚ ਗੀਟੇ, ਪੀਚੋ-ਬੱਕਰੀ ਅਤੇ ਫੜ-ਫੜਾਈ ਆਦਿ ਖੇਡਾਂ ਖੇਡਦੀ, ਉਚੀਆਂ-ਉਚੀਆਂ ਹੀਂਘਾਂ ਲੈ ਕੇ ਪੀਂਘਾਂ ਝੂਟਦੀ ਅਤੇ ਅਜੋਕੇ ਸਮੇਂ ਵਿਚ ਆਧੁਨਿਕ ਖੇਡਾਂ ਦਾ ਲੁਤਫ਼ ਮਾਣਦੀ ਹੈ। ਇੱਥੇ ਉਹ ਲਾਡਲੀ ਧੀ, ਮੋਹ ਵੰਡਦੀ ਭੈਣ, ਛੋਟੀਆਂ-ਛੋਟੀਆਂ ਫਰਮਾਇਸ਼ਾਂ ਕਰਦੀ ਭਤੀਜੀ ਅਤੇ ਨਿੱਕੜੀ ਜਿਹੀ ਭੂਆ ਦੀ ਭੂਮਿਕਾ ਨਿਭਾਉਂਦੀ ਹੈ। ਉਸ ਦਾ ਪਰਿਵਾਰ ਉਸ ਨੂੰ ਪੜ੍ਹਾਈ-ਲਿਖਾਈ ਦੇ ਨਾਲ-ਨਾਲ ਰਸੋਈ ਸਿੱਖਿਆ ਅਤੇ ਸਿਲਾਈ-ਕਢਾਈ ਦਾ ਹੁਨਰ ਵੀ ਸਿਖਾਉਣ ਦਾ ਯਤਨ ਕਰਦਾ ਹੈ। ਅਸਲ ਵਿਚ ਹਰ ਮਾਂ-ਬਾਪ ਦੀ ਇਹ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੀ ਲਾਡਲੀ ਧੀ ਸਰਬ ਕਲਾ ਸੰਪੰਨ ਹੋਵੇ ਤਾਂ ਜੋ ਉਸ ਨੂੰ ਆਪਣੇ ਦੂਜੇ ਘਰ, ਜਿਸ ਨੂੰ ਉਸ ਦਾ ਅਸਲੀ ਘਰ ਮੰਨਿਆਂ ਜਾਂਦਾ ਹੈ, ਅਥਵਾ ਆਪਣੇ ਸਹੁਰੇ ਘਰ ਵਿਚ ਕੋਈ ਦਿੱਕਤ ਨਾ ਆਵੇ ਅਤੇ ਉਸ ਨੂੰ ਪੂਰਾ ਮਾਣ-ਸਤਿਕਾਰ ਮਿਲ ਸਕੇ। ਭਾਵੇਂ ਔਰਤ ਜਾਤੀ ਵਿਚ ਕੁਦਰਤ ਵੱਲੋਂ ਮੋਹ-ਮਮਤਾ, ਤਿਆਗ ਅਤੇ ਸਹਿਣਸ਼ੀਲਤਾ ਦਾ ਅਥਾਹ ਜਜ਼ਬਾ ਭਰਿਆ ਹੁੰਦਾ ਹੈ ਫਿਰ ਵੀ ਲੜਕੀ ਦੇ ਮਾਤਾ-ਪਿਤਾ ਉਸ ਨੂੰ ਨਿਮਰਤਾ, ਆਗਿਆਕਾਰਤਾ, ਧੀਰਜ ਅਤੇ ਪ੍ਰਾਹੁਣਚਾਰੀ ਆਦਿ ਦੇ ਗੁਣ ਸਿਖਾਉਣ ਲਈ ਵਿਸ਼ੇਸ਼ ਯਤਨ ਕਰਦੇ ਹਨ।
ਹੁਣ ਗੱਲ ਕਰਦੇ ਹਾਂ ਲੜਕੀ ਦੇ ਸਹੁਰੇ ਘਰ ਦੀ ਜਿੱਥੇ ਉਸ ਨੇ ਆਪਣਾ ਬਾਕੀ ਰਹਿੰਦਾ ਜੀਵਨ ਬਤੀਤ ਕਰਨਾ ਹੁੰਦਾ ਹੈ, ਪਤਨੀ ਦੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ, ਸੰਤਾਨ ਪੈਦਾ ਕਰਕੇ ਕੁਲ ਨੂੰ ਅੱਗੇ ਤੋਰਨਾ ਹੁੰਦਾ ਹੈ, ਬੱਚਿਆਂ ਦਾ ਸੁਚੱਜਾ ਪਾਲਣ-ਪੋਸ਼ਣ ਕਰਨਾ ਹੁੰਦਾ ਹੈ ਅਤੇ ਘਰ-ਗ੍ਰਹਿਸਥੀ ਦੀ ਪੂਰਨ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ। ਇਸ ਘਰ ਵਿਚ ਉਹ ਆਪਣੇ ਪਤੀ ਦੀ ਪਤਨੀ ਹੋਣ ਦੇ ਨਾਲ ਨਾਲ ਆਪਣੇ ਸੱਸ-ਸਹੁਰੇ ਦੀ ਨੂੰਹ ਅਤੇ ਦਿਓਰਾਂ ਅਥਵਾ ਨਣਦਾਂ ਦੀ ਭਰਜਾਈ ਵੀ ਬਣਦੀ ਹੈ। ਇਥੇ ਉਸ ਨੂੰ ਆਪਣੀ ਰੂਹ ਦਾ ਹਾਣੀ ਮਿਲਦਾ ਹੈ, ਉਸ ਦੀਆਂ ਆਸਾਂ ਨੂੰ ਬੂਰ ਪੈਂਦਾ ਹੈ, ਉਮੰਗਾਂ ਪ੍ਰਵਾਨ ਚੜ੍ਹਦੀਆਂ ਹਨ ਅਤੇ ਅਰਮਾਨ ਅੰਬਰੀਂ ਉਡਾਰੀ ਲਾਉਂਦੇ ਹਨ। ਪਰ ਇਹ ਸਭ ਕੁਝ ਹੁੰਦਾ ਤਾਂ ਹੀ ਹੈ ਜੇਕਰ ਪਤੀ-ਪਤਨੀ ਸੱਚਮੁੱਚ ਹੀ ਇੱਕ ਦੂਜੇ ਦੀਆਂ ਰੂਹਾਂ ਦੇ ਹਾਣੀ ਹੋਣ, ਉਨ੍ਰਾਂ ਦੇ ਵਿਚਾਰ ਮੇਲ ਖਾਂਦੇ ਹੋਣ ਅਤੇ ਲੜਕੀ ਦਾ ਸਹੁਰਾ ਪਰਿਵਾਰ ਉਸ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਦਾ ਹੋਵੇ। ਅਜਿਹਾ ਨਾ ਹੋਣ ਦੀ ਸੂਰਤ ਵਿਚ ਉਸਦਾ ਪੂਰਾ ਜੀਵਨ ਹੀ ਇੱਕ ਨਰਕ ਹੋ ਨਿਬੜਦਾ ਹੈ। ਭਾਈ ਗੁਰਦਾਸ ਜੀ ਨੇ ਆਪਣੀ 5ਵੀਂ ਵਾਰ (ਪਉੜੀ 16) ਵਿਚ ਲੜਕੀ ਦੇ ਪੇਕੇ ਘਰ ਤੋਂ ਸਹੁਰੇ ਘਰ ਤੱਕ ਦੇ ਸਫ਼ਰ ਨੂੰ ਬਹੁਤ ਹੀ ਬਾਖੂਬੀ ਵਰਣਨ ਕੀਤਾ ਹੈ। ਉਨ੍ਹਾਂ ਦੇ ਸ਼ਬਦਾਂ ਵਿਚ:
ਪੇਵਕੜੇ ਘਰਿ ਲਾਡੁਲੀ
ਮਾਉ ਪੀਉ ਖਰੀ ਪਿਆਰੀ।
ਵਿਚਿ ਭਿਰਾਵਾਂ ਭੈਨੜੀ
ਨਾਨਕ ਦਾਦਕ ਸਪਰਵਾਰੀ।
ਸਾਹੁਰੜੈ ਘਰ ਮੰਨੀਐ
ਸਣਖਤੀ ਪਰਵਾਰ ਸਧਾਰੀ।
ਸੁਖ ਮਾਣੈ ਪਿਰੁ ਸੇਜੜੀ
ਛਤੀਹ ਭੋਜਨ ਸਦਾ ਸੀਗਾਰੀ।
ਲੋਕ ਵੇਦ ਗੁਣੁ ਗਿਆਨ ਵਿਚਿ
ਅਰਧ ਸਰੀਰੀ ਮੋਖ ਦੁਆਰੀ।
ਗੁਰਮੁਖਿ ਸੁਖ ਫਲ ਨਿਹਚਉ ਨਾਰੀ॥
ਸਪਸ਼ਟ ਹੈ ਕਿ ਲੜਕੀ ਦਾ ਵਿਆਹ ਉਸ ਲਈ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਹੁੰਦਾ ਹੈ। ਉਸ ਦੇ ਜਵਾਨ ਹੁੰਦੇ ਹੀ ਉਸ ਲਈ ਢੁਕਵੇਂ ਵਰ ਦੀ ਤਲਾਸ਼ ਸ਼ੁਰੂ ਹੋ ਜਾਂਦੀ ਹੈ। ਵਰਤਮਾਨ ਯੁੱਗ ਵਿਚ ਪੜ੍ਹੀਆਂ-ਲਿਖੀਆਂ ਲੜਕੀਆਂ ਆਪਣੇ ਜੀਵਨ-ਸਾਥੀ ਖੁਦ ਵੀ ਤਲਾਸ਼ ਲੈਂਦੀਆਂ ਹਨ ਅਤੇ ਜੇਕਰ ਉਨ੍ਹਾਂ ਦੀ ਚੋਣ ਸਹੀ ਜਾਪੇ ਤਾਂ ਸੂਝਵਾਨ ਮਾਪੇ ਉਸ ਚੋਣ ਨੂੰ ਸਵੀਕਾਰ ਵੀ ਕਰ ਲੈਂਦੇ ਹਨ। ਫਿਰ ਉਹ ਦਿਨ ਆ ਜਾਂਦਾ ਹੈ ਜਦ ਧੀ ਰਾਣੀ ਸੱਚਮੁੱਚ ਹੀ ਪਰਾਈ ਹੋ ਜਾਂਦੀ ਹੈ। ਸਾਡੇ ਮੁਲਕ ਵਿਚ ਲੜਕੇ-ਲੜਕੀ ਦਾ ਵਿਆਹ ਬਾਕੀ ਮੁਲਕਾਂ ਵਾਂਗ ਕੇਵਲ ਉਨ੍ਹਾਂ ਦੋਹਾਂ ਤੱਕ ਹੀ ਮਹਿਦੂਦ ਨਹੀਂ ਸਗੋਂ ਇਹ ਦੋ ਪਰਿਵਾਰਾਂ ਅਥਵਾ ਦੋ ਖਾਨਦਾਨਾਂ ਦਾ ਪੁਸ਼ਤਾਂ ਤੱਕ ਚੱਲਣ ਵਾਲਾ ਬਹੁਤ ਹੀ ਨਿਕਟਵਰਤੀ ਸੰਬੰਧ ਹੁੰਦਾ ਹੈ ਅਤੇ ਦੋਨੋਂ ਪਰਿਵਾਰ ਇੱਕ ਦੂਜੇ ਦੇ ਦੁੱਖ-ਸੁੱਖ ਵਿਚ ਪੂਰਨ ਤੌਰ ’ਤੇ ਭਾਗੀਦਾਰ ਹੁੰਦੇ ਹਨ। ਸਾਡੇ ਸਮਾਜ ਵਿਚ ਪਤੀ-ਪਤਨੀ ਦੇ ਰਿਸ਼ਤੇ ਨੂੰ ਵੀ ਜਨਮ-ਜਨਮ ਦਾ ਅਟੁੱਟ ਬੰਧਨ ਸਮਝਿਆ ਜਾਂਦਾ ਹੈ ਅਤੇ ਇਸ ਨੂੰ ਪੱਛਮੀ ਮੁਲਕਾਂ ਵਾਂਗ ਛੇਤੀ ਕੀਤੇ ਤੋੜਿਆ ਨਹੀਂ ਜਾ ਸਕਦਾ। ਲੜਕੀ ਦੇ ਮਾਪੇ ਅਪਣੀ ਲੜਕੀ ਨੂੰ ਅਕਸਰ ਇਹ ਕਹਿੰਦੇ ਸੁਣੇ ਜਾ ਸਕਦੇ ਹਨ (ਜਾਂ ਫਿਰ ਉਹ ਅੰਦਰੋਂ-ਅੰਦਰੀ ਇਹ ਮਹਿਸੂਸ ਜ਼ਰੂਰ ਕਰਦੇ ਹਨ) ਕਿ ਜਿਸ ਘਰ ਵਿਚ ਉਸ ਦੀ ਡੋਲੀ ਜਾ ਰਹੀ ਹੈ, ਉਸ ਘਰ ਵਿਚੋਂ ਹੀ ਉਸ ਦੀ ਅਰਥੀ ਉਠਣੀ ਚਾਹੀਦੀ ਹੈ, ਭਾਵ ਉਸ ਨੂੰ ਆਪਣੀ ਸਾਰੀ ਉਮਰ ਉਸ ਘਰ ਵਿਚ ਹੀ ਬਤੀਤ ਕਰਨੀ ਚਾਹੀਦੀ ਹੈ।
ਇਸ ਸਾਰੇ ਵਰਤਾਰੇ ਦਾ ਇਕ ਦੁਖਾਂਤਕ ਪਹਿਲੂ ਇਹ ਹੈ ਕਿ ਸਾਡੇ ਸਮਾਜ ਵਿਚ ਲੜਕੀ ਨਾਲ ਜਨਮ ਤੋਂ ਲੈ ਕੇ ਮੌਤ ਤੱਕ ਪੈਰ-ਪੈਰ ਤੇ ਵਿਤਕਰਾ ਹੁੰਦਾ ਹੈ। ਲੜਕਾ ਜੰਮਦਾ ਹੈ ਤਾਂ ਸ਼ਰਾਬ ਦੀਆਂ ਬੋਤਲਾਂ ਖੁੱਲ੍ਹਦੀਆਂ ਹਨ, ਭੰਗੜੇ ਪਾਏ ਜਾਂਦੇ ਹਨ ਅਤੇ ਮਿਠਾਈਆਂ ਵੰਡੀਆਂ ਜਾਂਦੀਆਂ ਹਨ ਘਰ ਜੇਕਰ ਲੜਕੀ ਜੰਮ ਪਵੇ ਤਾਂ ਕੁਝ ਖਾਸ ਪਰਿਵਾਰਾਂ ਅਤੇ ਕੁਝ ਖਾਸ ਪ੍ਰਸਥਿਤੀਆਂ ਨੂੰ ਛੱਡ ਕੇ ਘਰ ਵਿਚ ਸੋਗ ਪੈ ਜਾਂਦਾ ਹੈ, ਵਿਸ਼ੇਸ਼ ਤੌਰ ’ਤੇ ਜੇਕਰ ਪਰਿਵਾਰ ਵਿਚ ਪਹਿਲੇ ਬੱਚੇ ਨੇ ਜਨਮ ਲਿਆ ਹੋਵੇ ਜਾਂ ਪਰਿਵਾਰ ਵਿਚ ਪਹਿਲਾਂ ਹੀ ਇੱਕ-ਦੋ ਲੜਕੀਆਂ ਦਾ ਜਨਮ ਹੋ ਚੁੱਕਾ ਹੋਵੇ। ਆਮ ਤੌਰ ’ਤੇ ਲੜਕੀ ਦੇ ਪਾਲਣ-ਪੋਸ਼ਣ ਅਤੇ ਪੜ੍ਹਾਈ ਲਿਖਾਈ ਵੱਲ ਵੀ ਉਤਨਾ ਧਿਆਨ ਨਹੀਂ ਦਿੱਤਾ ਜਾਂਦਾ ਜਿਤਨਾ ਲੜਕੇ ਵੱਲ ਦਿੱਤਾ ਜਾਂਦਾ ਹੈ। ਇਸ ਵਿਤਕਰੇ ਦਾ ਇੱਕ ਸਪੱਸ਼ਟ ਕਾਰਣ ਹੈ ਲੜਕੀ ਨੂੰ ਬਿਗਾਨਾ ਧਨ ਜਾਂ ਬਿਗਾਨੀ ਅਮਾਨਤ ਸਮਝਿਆ ਜਾਣਾ। ਇਸ ਕਾਰਣ ਉਸ ਨਾਲ ਸ਼ੁਰੂ ਤੋਂ ਹੀ ਅਜਿਹਾ ਸਲੂਕ ਕੀਤਾ ਜਾਣ ਲੱਗ ਪੈਂਦਾ ਹੈ ਜਿਵੇਂ ਕਿ ਉਹ ਉਸ ਘਰ ਦਾ ਜੀਅ ਹੀ ਨਾ ਹੋਵੇ ਅਤੇ ਉਸ ਦੀ ਉਸ ਘਰ ਵਿਚ ਠਹਿਰ ਬਿਲਕੁਲ ਹੀ ਅਸਥਾਈ ਅਤੇ ਅਣਚਾਹੀ ਹੋਵੇ। ਰੂਹਾਨੀ ਅਤੇ ਦੁਨਿਆਵੀ ਗਿਆਨ ਦੇ ਮਹਾਂਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖ ਦੇ ਦੁਨਿਆਵੀ ਜੀਵਨ ਨੂੰ ਉਸ ਦੇ ਪੇਕੇ ਘਰ ਅਤੇ ਇਸ ਫਾਨੀ ਦੁਨੀਆਂ ਤੋਂ ਰੁਖਸਤ ਲੈਣ ਉਪਰੰਤ ਸਰਬਸ਼ਕਤੀਮਾਨ ਪ੍ਰਭੂ-ਪ੍ਰਮਾਤਮਾ ਦੀ ਗੋਦ ਵਿਚ ਬਿਤਾਏ ਜਾਣ ਵਾਲੇ ਸਦੀਵੀ ਜੀਵਨ ਨੂੰ ਉਸ ਦੇ ਸਹੁਰੇ ਘਰ ਨਾਲ ਤਸ਼ਬੀਹ ਦਿੱਤੀ ਗਈ ਹੈ। ਸੋ ਇਹ ਇੱਕ ਅਟੱਲ ਸੱਚਾਈ ਹੈ ਕਿ ਵਿਆਹ-ਸ਼ਾਦੀ ਉਪਰੰਤ ਲੜਕੀ ਨੇ ਆਪਣੇ ਸਹੁਰੇ ਘਰ ਜਾਣਾ ਹੀ ਹੈ ਪਰ ਜੋ ਗੱਲ ਸਮਝ ਵਿਚ ਨਹੀਂ ਆਉਂਦੀ ਉਹ ਇਹ ਹੈ ਕਿ ਉਸ ਨੂੰ ਵਾਰ-ਵਾਰ ਇਸ ਗੱਲ ਦਾ ਅਹਿਸਾਸ ਕਿਉਂ ਕਰਵਾਇਆ ਜਾਂਦਾ ਹੈ ਕਿ ਇਹ ਘਰ ਉਸ ਦਾ ਆਪਣਾ ਨਹੀਂ ਹੈ ਅਤੇ ਉਹ ਕੇਵਲ ਬਿਗਾਨੀ ਅਮਾਨਤ ਹੈ। ਕੀ ਲੜਕੇ ਸਦਾ ਹੀ ਆਪਣੇ ਮਾਂ-ਬਾਪ ਪਾਸ ਰਹਿੰਦੇ ਹਨ? ਕੀ ਉਹ ਮਾਂ-ਬਾਪ ਤੋਂ ਅਲੱਗ ਨਹੀਂ ਹੁੰਦੇ? ਉਹ ਵੀ ਤਾਂ ਘਰ ਤੋਂ ਦੂਰ ਚਲੇ ਜਾਂਦੇ ਹਨ ਅਤੇ ਕਈ ਵਾਰ ਸਾਲਾਂ ਬੱਧੀ ਘਰ ਵਾਪਸ ਨਹੀਂ ਮੁੜਦੇ। ਫਿਰ ਉਹਨ੍ਹਾਂ ਨਾਲ ਲੜਕੀਆਂ ਵਾਂਗ ਵਿਵਹਾਰ ਕਿਉਂ ਨਹੀਂ ਕੀਤਾ ਜਾਂਦਾ?
ਹੁਣ ਕਲਪਨਾ ਕਰੋ ਉਸ ਲੜਕੀ ਦੀ ਮਨੋਦਸ਼ਾ ਦੀ ਜਿਸ ਨੂੰ ਪਹਿਲਾਂ ਪੇਕੇ ਘਰ ‘ਬਿਗਾਨੀ’ ਸਮਝਿਆ ਜਾਂਦਾ ਰਿਹਾ ਹੋਵੇ ਅਤੇ ਫਿਰ ਸਹੁਰੇ ਘਰ, ਜਿਸ ਨੂੰ ਉਸ ਦਾ ਆਪਣਾ ਘਰ ਸਮਝਿਆ ਜਾਂਦਾ ਹੈ, ਵਿਚ ਵੀ ਉਸ ਨੂੰ ਘਰ ਦੀ ਨੂੰਹ ਅਤੇ ਮਾਲਕਣ ਸਮਝਣ ਦੀ ਬਜਾਇ ‘ਬਿਗਾਨੀ ਧੀ’ ਹੀ ਸਮਝਿਆ ਜਾਂਦਾ ਰਹੇ, ਉਸ ਤੋਂ ਹਰ ਗੱਲ ਦਾ ਪਰਦਾ ਰੱਖਿਆ ਜਾਵੇ, ਛੋਟੀ-ਛੋਟੀ ਗੱਲ ਤੇ ਉਸ ਦੀ ਨੁਕਤਾਚੀਨੀ ਕੀਤੀ ਜਾਵੇ, ਦਾਜ-ਦਹੇਜ ਘੱਟ ਲਿਆਉਣ ਕਾਰਣ ਉਸ ਨੂੰ ਦੁਰਕਾਰਿਆ ਅਤੇ ਸਤਾਇਆ ਜਾਵੇ, ਉਸ ਦੀ ਘਰ ਵਿਚ ਕੋਈ ਪੁੱਛ-ਪ੍ਰਤੀਤ ਨਾ ਹੋਵੇ ਅਤੇ ਉਸ ਨੂੰ ਬਣਦਾ ਮਾਣ-ਸਤਿਕਾਰ ਨਾ ਦਿੱਤਾ ਜਾਵੇ। ਲੜਕੀ ਲੱਖਾਂ ਚਾਅ-ਅਰਮਾਨ ਲੈ ਕੇ ਅਤੇ ਸੁਪਨੇ ਸਿਰਜ ਕੇ ਆਪਣੇ ਸਹੁਰੇ ਘਰ ਆਉਂਦੀ ਹੈ; ਹਲੀਮੀ, ਨਿਮਰਤਾ ਅਤੇ ਸੂਝ-ਬੂਝ ਨਾਲ ਪਰਿਵਾਰ ਦੇ ਹਰ ਜੀਅ ਦਾ ਮਨ ਜਿੱਤਣ ਦੀ ਕੋਸ਼ਿਸ਼ ਕਰਦੀ ਹੈ; ਤਿਆਗ ਅਤੇ ਸੇਵਾ ਦੀ ਮੂਰਤ ਬਣ ਕੇ ਪਰਿਵਾਰ ਦੇ ਇਕੱਲੇ ਇਕੱਲੇ ਜੀਅ ਨੂੰ ਖੁਸ਼ ਕਰਨਾ ਲੋਚਦੀ ਹੈ; ਸੱਸ-ਸਹੁਰੇ ਨੂੰ ਮਾਤਾ-ਪਿਤਾ ਦਾ ਦਰਜਾ ਦਿੰਦੀ ਹੈ; ਆਪਣੇ ਹਰ ਫਰਜ਼ ਨੂੰ ਪੂਰੀ ਸੁਹਿਰਦਤਾ, ਸ਼ਿੱਦਤ ਅਤੇ ਤਨਦੇਹੀ ਨਾਲ ਨਿਭਾਉਂਦੀ ਹੋਈ ਆਪਣੀ ਸੁਚੱਜਤਾ ਅਤੇ ਸੁਘੜਤਾ ਦਾ ਸਬੂਤ ਦੇਣ ਦਾ ਤਨ ਕਰਦੀ ਹੈ; ਹੋਰ ਤਾਂ ਹੋਰ ਕਈ ਵਾਰ ਉਸ ਦਾ ਸਹੁਰਾ ਪਰਿਵਾਰ ਉਸ ਦਾ ਨਾਮ ਵੀ ਬਦਲ ਦਿੰਦਾ ਹੈ ਭਾਵੇਂ ਉਹ ਕਿੰਨਾ ਵੀ ਖੂਬਸੂਰਤ ਕਿਉਂ ਨਾ ਹੋਵੇ ਅਤੇ ਉਹ ਖੁਸ਼ੀ-ਖੁਸ਼ੀ ਇਸ ਨਵੇਂ ਨਾਮ ਨੂੰ ਵੀ ਸਵੀਕਾਰ ਕਰ ਲੈਂਦੀ ਹੈ ਅਤੇ ਪਿਤਾ ਦੀ ਪੱਗ ਦੀ ਲਾਜ ਰੱਖਣ ਲਈ ਕਈ ਸਮਝੌਤੇ ਵੀ ਕਰਦੀ ਹੈ। ਇਨ੍ਹਾਂ ਸਭ ਜ਼ਿੰਮੇਵਾਰੀਆਂ ਦੇ ਨਾਲ-ਨਾਲ ਅਜੋਕੇ ਯੁੱਗ ਦੀ ਔਰਤ ਨੂੰ ਮਰਦ ਵਾਂਗ ਹੀ ਕੋਈ ਨਾ ਕੋਈ ਨੌਕਰੀ ਜਾਂ ਕਾਰੋਬਾਰ ਕਰਕੇ ਪਰਿਵਾਰਿਕ ਆਮਦਨ ਵਿਚ ਵਾਧੀ ਵੀ ਕਰਨ ਲਈ ਦੂਹਰੀ ਜਿੰਮੇਵਾਰੀ ਵੀ ਨਿਭਾਉਣੀ ਪੈਂਦੀ ਹੈ ਪਰ ਜੇਕਰ ਇਸ ਸਭ ਕੁਝ ਦੇ ਬਾਵਜੂਦ ਵੀ ਉਸ ਨੂੰ ਬਿਗਾਨੀ ਹੀ ਸਮਝਿਆ ਜਾਵੇ ਤੇ ਉਸ ਨੂੰ ਆਪਣਾ ਘਰ ਵੀ ਆਪਣਾ ਨਾ ਜਾਪੇ ਤਾਂ ਉਹ ਪਹਿਲਾਂ ਆਪਣੇ ਆਪ ਨੂੰ ਤੇ ਫਿਰ ਸਮੁੱਚੇ ਸਮਾਜ ਨੂੰ ਇਹ ਪੁੱਛਣ ਲਈ ਮਜ਼ਬੂਰ ਹੋ ਜਾਂਦੀ ਹੈ:
ਈਰੀਏ ਭਮੀਰੀਏ,
ਕਿਹੜਾ ਘਰ ਤੇਰਾ?
ਨਾ ਪੇਕਾ ਘਰ ਤੇਰਾ,
ਨਾ ਸਹੁਰਾ ਘਰ ਤੇਰਾ,
ਦੱਸ ਕਿਹੜਾ ਘਰ ਤੇਰਾ?
ਇਹ ਅਜਿਹੀ ਸਥਿਤੀ ਹੁੰਦੀ ਹੈ ਜਦ ਲੜਕੀ ਆਪਣੇ ਆਪ ਨੂੰ ਬੇਲੋੜੀ ਸਮਝਦੀ ਹੋਈ ਨਿਰਾਸ਼ਾ ਦੇ ਆਲਮ ਵਿਚ ਚਲੀ ਜਾਂਦੀ ਹੈ ਅਤੇ ਕਈ ਵਾਰ ਆਪਣੀ ਜੀਵਨ ਲੀਲ੍ਹਾ ਵੀ ਸਮਾਪਤ ਕਰ ਲੈਂਦੀ ਹੈ। ਕਈ ਵਾਰ ਉਹ ਚੁੱਪ-ਚਾਪ ਆਪਣੀ ਹੋਣੀ ਨਾਲ ਸਮਝੌਤਾ ਵੀ ਕਰ ਲਂੈਦੀ ਹੈ। ਕੋਈ ਟਾਵੀਂ-ਟੱਲੀ ਹਾਲਤਾਂ ਵਿਰੁੱਧ ਬਗਾਵਤ ਕਰਨ ਦੀ ਦਲੇਰੀ ਕਰਦੀ ਹੈ ਪਰ ਰੂੜੀਵਾਦੀ ਸਮਾਜਿਕ ਕਦਰਾਂ-ਕੀਮਤਾਂ ਕਾਰਨ ਉਸ ਦਾ ਹਸ਼ਰ ਵੀ ਕੋਈ ਚੰਗਾ ਨਹੀਂ ਹੁੰਦਾ। ਕੁਝ ਲਾਲਚੀ ਅਤੇ ਜ਼ਾਲਿਮ ਪਰਿਵਾਰ ਉਸ ਤੋਂ ਖਹਿੜਾ ਛੁਡਾਉਣ ਲਈ ਉਸ ਤੇ ਅਸਹਿ ਅਤੇ ਅਕਹਿ ਜ਼ੁਲਮ ਕਰਦੇ ਹੋਏ ਉਸ ਨੂੰ ਮੌਤ ਦੀ ਬਲੀ ਵੀ ਚੜ੍ਹਾ ਦਿੰਦੇ ਹਨ।
ਹੁਣ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਪੇਕੇ ਘਰ ਦਾ ਮਾਣ, ਸਹੁਰੇ ਘਰ ਦੀ ਸ਼ਾਨ ਅਤੇ ਕੁਦਰਤ ਦੀ ਇੱਕ ਅਤਿ ਖੂਬਸੂਰਤ ਅਤੇ ਕੋਮਲ-ਭਾਵੀ ਸਿਰਜਣਾ ਨਾਲ ਅਜਿਹਾ ਵਿਤਕਰੇ ਭਰਿਆ ਵਿਵਹਾਰ ਕਿਉਂ ਕੀਤਾ ਜਾਂਦਾ ਹੈ? ਸਮੱਸਿਆ ਨੂੰ ਵੱਖ-ਵੱਖ ਪੱਖਾਂ ਤੋਂ ਵਿਚਾਰਨ ਉਪਰੰਤ ਇਸ ਦੇ ਦੋ ਹੀ ਮੁੱਖ ਕਾਰਨ ਨਜ਼ਰ ਆਉਂਦੇ ਹਨ: ਗਲਤ ਸਮਾਜਿਕ ਕਦਰਾਂ-ਕੀਮਤਾਂ ਅਤੇ ਇਨ੍ਹਾਂ ਕਾਰਣ ਪੈਦਾ ਹੋਈ ਰੂੜੀਵਾਦੀ ਸੋਚ। ਜਿਸ ਔਰਤ ਨੂੰ ਮੋਹ-ਮਮਤਾ ਦੀ ਮੂਰਤ, ਤਿਆਗ ਦਾ ਪ੍ਰਤੀਕ, ਸਹਿਣਸ਼ੀਲਤਾ ਦਾ ਮੁਜੱਸਮਾ ਅਤੇ ਘਰ-ਪਰਿਵਾਰ ਦਾ ਧੁਰਾ ਨਾ ਸਮਝਦੇ ਹੋਏ ਪੈਰ ਦੀ ਜੁੱਤੀ, ਨਰਕ ਦਾ ਦੁਆਰ, ਕਮਜ਼ੋਰੀ ਦਾ ਦੂਸਰਾ ਨਾਂਅ, ਵਿਲਾਸਤਾ ਦਾ ਸਾਧਨ, ਮਰਦ ਦੀ ਗੁਲਾਮ ਅਤੇ ਇੱਕ ਬੇਜਾਨ, ਬੇਜ਼ੁਬਾਨ ਵਸਤੂ ਅਥਵਾ ਜਾਇਦਾਦ ਤੋਂ ਵੱਧ ਕੁਝ ਵੀ ਨਾ ਸਮਝਿਆ ਜਾਂਦਾ ਹੋਵੇ, ਉਥੇ ਔਰਤ ਦੀ ਇਸ ਤੋਂ ਬਿਹਤਰ ਦਸ਼ਾ ਹੋ ਵੀ ਕਿਸ ਤਰ੍ਹਾਂ ਸਕਦੀ ਹੈ? ਇਸ ਗਲਤ ਸੋਚ ਕਾਰਣ ਹੀ ਲੜਕੀ ਦੇ ਮਨ ਵਿਚ ਸੱਸ ਦਾ ਭੈਅ ਪੈਦਾ ਕਰਨ ਲਈ ਉਸ ਨੂੰ ਅਜਿਹੇ ਅਮਾਨਵੀ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ ਕਿ ਉਹ ਆਪਣੀ ਹੋਣ ਵਾਲੀ ਸੱਸ ਨੂੰ ਮੁੱਢੋਂ-ਸੁੱਢੋਂ ਹੀ ਬੁਰਾ ਮੰਨਣ ਲੱਗ ਪੈਂਦੀ ਹੈ। ਦੂਜੇ ਪਾਸੇ, ਸੱਸ ਦੇ ਮਨ ਵਿਚ ਵੀ ਅਜਿਹੇ ਸ਼ੰਕੇ ਪੈਦਾ ਹੋਣ ਲੱਗ ਪੈਂਦੇ ਹਨ ਕਿ ਉਸ ਦੇ ਘਰ ਆ ਰਹੀ ਨੂੰਹ ਉਸ ਦੇ ਪੁੱਤਰ ਨੂੰ ਉਸ ਤੋਂ ਵੱਖ ਕਰ ਦੇਵੇਗੀ ਅਤੇ ਉਸ ਨੂੰ ਨਾ ਕੇਵਲ ਨਜ਼ਰ-ਅੰਦਾਜ਼ ਕਰੇਗੀ। ਸਗੋਂ ਉਸ ਨਾਲ ਦੁਰ-ਵਿਵਹਾਰ ਵੀ ਕਰੇਗੀ। ਬੁਨਿਆਦੀ ਤੌਰ ’ਤੇ ਇਹ ਦੋ-ਤਰਫ਼ੀ ਗਲਤ ਸੋਚ ਅਤੇ ਬੇ-ਸਮਝੀ ਸੱਸ-ਨੂੰਹ ਦੇ ਰਿਸ਼ਤੇ ਵਿਚ ਕੁੜੱਤਣ ਦਾ ਕਾਰਣ ਬਣਦੀ ਹੈ ਅਤੇ ਕਿੰਨੀਆਂ ਹੀ ਹੋਰ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ। ਭਾਵੇਂ ਹਰ ਨੂੰਹ ਨੇ ਸਮਾਂ ਪਾ ਕੇ ਖੁਦ ਸੱਸ ਬਣਨਾ ਹੁੰਦਾ ਹੈ ਫਿਰ ਵੀ ਸੱਸ ਲਈ ਬਘਿਆੜੀ, ਚੁੜੇਲ ਅਤੇ ਡਾਇਣ ਆਦਿ ਜਿਹੇ ਘਿਣਾਉਣੇ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਉਪਰੋਕਤ ਵਿਚਾਰ ਚਰਚਾ ਰਾਹੀਂ ਸਮੱਸਿਆ ਨੂੰ ਇਤਿਹਾਸਿਕ ਪਰਿਪੇਖ ਤੋਂ ਵਾਚਣ ਦਾ ਯਤਨ ਕੀਤਾ ਗਿਆ ਹੈ ਅਤੇ ਇਸ ਵਿਚ ਨਿਰਾਸ਼ ਹੋਣ ਵਾਲੀ ਕੋਈ ਗੱਲ ਨਹੀਂ। ਸੁਖਦ ਪੱਖ ਇਹ ਹੈ ਕਿ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਸਮਾਜਿਕ ਕਦਰਾਂ-ਕੀਮਤਾਂ ਦੇ ਬਦਲਣ ਨਾਲ ਨੂੰਹਾਂ ਦੀ ਸੱਸਾਂ ਪ੍ਰਤੀ ਅਤੇ ਸੱਸਾਂ ਦੀ ਨੂੰਹਾਂ ਪ੍ਰਤੀ ਸੋਚ ਵਿਚ ਨਿੱਗਰ ਤਬਦੀਲੀ ਆ ਰਹੀ ਹੈ। ਅੱਜ ਅਨੇਕਾਂ ਨੂੰਹਾਂ ਇਹ ਕਹਿੰਦੀਆਂ ਸੁਣੀਆਂ ਜਾ ਸਕਦੀਆਂ ਹਨ ਕਿ ਉਨ੍ਹਾਂ ਨੂੰ ਆਪਣੀ ਮਾਂ ਅਤੇ ਸੱਸ ਵਿਚ ਕੋਈ ਅੰਤਰ ਨਹੀਂ ਜਾਪਦਾ, ਸੱਸ-ਮਾਂ ਉਨ੍ਹਾਂ ਨੂੰ ਆਪਣੀ ਮਾਂ ਨਾਲੋਂ ਵੱਧ ਪਿਆਰ ਕਰਦੀ ਹੈ, ਉਸ ਦੇ ਸਾਰੇ ਚਾਅ-ਲਾਡ ਪੂਰੇ ਕਰਦੀ ਹੈ, ਉਨ੍ਹਾਂ ਦੇ ਸਾਹ ਵਿਚ ਸਾਹ ਲੈਂਦੀ ਹੈ ਅਤੇ ਉਨ੍ਹਾਂ ਨੂੰ ਜ਼ਰਾ ਜਿਹੀ ਵੀ ਤਕਲੀਫ ਨਹੀਂ ਹੋਣ ਦਿੰਦੀ। ਉਨ੍ਹਾਂ ਦੇ ਮੂੰਹੋਂ ਸੁਭਾਵਿਕ ਨਿਕਲਦਾ ਹੈ-ਪਿੱਪਲੀ ਦੀ ਠੰਢੀ ਮਿੱਠੀ ਛਾਂ ਵਰਗੀ, ਮੇਰੀ ਸੱਸ ਮੈਨੂੰ ਲੱਗੇ ਮੇਰੀ ਮਾਂ ਵਰਗੀ। ਕੁਝ ਨੂੰਹਾਂ ਇਹ ਕਹਿਣ ਵਿਚ ਵੀ ਝਿਜਕ ਮਹਿਸੂਸ ਨਹੀਂ ਕਰਦੀਆਂ ਕਿ ਮਾਵਾਂ ਲੋੜੋਂ ਵੱਧ ਲਾਡ-ਪਿਆਰ ਨਾਲ ਧੀਆਂ ਨੂੰ ਵਿਗਾੜ ਦਿੰਦੀਆਂ ਹਨ ਜਦ ਕਿ ਸੱਸਾਂ ਮੱਤਾਂ ਦੇ ਦੇ ਉਨ੍ਹਾਂ ਦਾ ਜੀਵਨ ਸੰਵਾਰਦੀਆਂ ਹਨ ਅਤੇ ਉਨ੍ਹਾਂ ਨੂੰ ਜੀਵਨ-ਜਾਚ ਸਿਖਾਉਂਦੀਆਂ ਹਨ। ਦੂਜੇ ਪਾਸੇ ਸੱਸਾਂ ਵੀ ਆਪਣੀਆਂ ਨੂੰਹਾਂ ਨੂੰ ਤਨੋਂ-ਮਨੋਂ ਪਿਆਰ ਕਰਦੀਆਂ ਹਨ, ਉਨ੍ਹਾਂ ਦੀਆਂ ਗਲਤੀਆਂ ਨੂੰ ਉਛਾਲਣ ਦੀ ਬਜਾਇ ਉਨ੍ਹਾਂ ਨੂੰ ਸਹਿਜ ਨਾਲ ਸਮਝਾਉਂਦੀਆਂ ਹਨ, ਉਨ੍ਹਾਂ ਦੀਆਂ ਮਜ਼ਬੂਰੀਆਂ ਨੂੰ ਸਮਝਦੀਆਂ ਹਨ, ਉਨ੍ਹਾਂ ਨਾਲ ਪਰਿਵਾਰ ਦਾ ਹਰ ਰਾਜ਼ ਸਾਂਝਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਕਦੀ ਵੀ ਬੇਗਾਨਗੀ ਦਾ ਅਹਿਸਾਸ ਨਹੀਂ ਹੋਣ ਦਿੰਦੀਆਂ। ਇਹ ਨਵੀਂ ਸੋਚ ਨੇ ਸੱਸ-ਨੂੰਹ ਦੇ ਰਿਸ਼ਤੇ ਨੂੰ ਮਾਂ-ਧੀ ਦੇ ਰਿਸ਼ਤੇ ਵਿਚ ਬਦਲਣਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਸਮੁੱਚਾ ਪਰਿਵਾਰਿਕ ਮਾਹੌਲ ਹੀ ਬਦਲਣਾ ਸ਼ੁਰੂ ਹੋ ਗਿਆ ਹੈ। ਇਸ ਨਵੀਂ ਸੋਚ ਦਾ ਕਾਰਣ ਜਿਥੇ ਵਿਦਿਆ ਦਾ ਪਸਾਰ ਸਮਝਿਆ ਜਾਂਦਾ ਹੈ ਉਥੇ ਤੇਜ਼ੀ ਨਾਲ ਬਦਲ ਰਹੀਆਂ ਸਮਾਜਿਕ ਪ੍ਰਸਥਿਤੀਆਂ ਨੇ ਵੀ ਇਸ ਵਿਚ ਅਹਿਮ ਯੋਗਦਾਨ ਪਾਇਆ ਹੈ।
ਸਾਨੂੰ ਇਹ ਗੱਲ ਭਲੀ-ਭਾਂਤ ਸਮਝ ਲੈਣੀ ਚਾਹੀਦੀ ਹੈ ਕਿ ਜਦ ਤਕ ਪਰਿਵਾਰ ਅਤੇ ਸਮਾਜ ਵਿਚ ਔਰਤ ਨੂੰ ਉਸ ਦਾ ਬਣਦਾ ਸਥਾਨ ਨਹੀਂ ਦਿੱਤਾ ਜਾਂਦਾ ਤਦ ਤਕ ਨਾ ਤਾਂ ਸੰਤੁਲਤ ਸਮਾਜ ਦੀ ਸਿਰਜਣਾ ਹੋ ਸਕਦੀ ਹੈ ਅਤੇ ਨਾ ਹੀ ਪਰਿਵਾਰ ਸਹੀ ਅਰਥਾਂ ਵਿਚ ਸੁਖੀ ਅਤੇ ਖੁਸ਼ਹਾਲ ਹੋ ਸਕਦਾ ਹੈ। ਆਦਰਸ਼ ਪਰਿਵਾਰ ਹੀ ਆਦਰਸ਼ ਸਮਾਜ ਦੀ ਨੀਂਹ ਰੱਖਦੇ ਹਨ ਅਤੇ ਕੋਈ ਵੀ ਪਰਿਵਾਰ ਤਦ ਤਕ ਆਦਰਸ਼ ਪਰਿਵਾਰ ਨਹੀਂ ਬਣ ਸਕਦਾ ਜਦ ਤਕ ਉਸ ਪਰਿਵਾਰ ਦੇ ਹਰ ਜੀਅ ਨੂੰ ਪੂਰਾ ਮਾਣ-ਸਤਿਕਾਰ ਨਹੀਂ ਮਿਲਦਾ, ਉਹ ਜੀਅ ਭਾਵੇਂ ਨੂੰਹ ਹੋਵੇ, ਭਾਵੇਂ ਸੱਸ ਤੇ ਭਾਵੇਂ ਪਰਿਵਾਰ ਦਾ ਕੋਈ ਬਜ਼ੁਰਗ। ਚੇਤੇ ਰੱਖਣ ਯੋਗ ਗੱਲ ਇਹ ਵੀ ਹੈ ਕਿ ਸਵਾਰਥੀ ਸੋਚ, ਤੰਗ ਨਜ਼ਰੀਏ ਅਤੇ ਨਕਾਰਾਤਮਕ ਪਹੁੰਚ ਦਾ ਪਰਿਵਾਰ ਵਿਚ ਕੋਈ ਸਥਾਨ ਨਹੀਂ ਹੁੰਦਾ। ਪਰਿਵਾਰ ਦੇ ਕਿਸੇ ਵੀ ਜੀਅ ਦੀਆਂ ਭਾਵਨਾਵਾਂ ਨੂੰ ਕੁਚਲ ਕੇ ਜਾਂ ਕਿਸੇ ਨੂੰ ਤੰਗ-ਪ੍ਰੇਸ਼ਾਨ ਕਰਕੇ ਕੋਈ ਵੀ ਪਰਿਵਾਰ ਖੁਸ਼ਹਾਲੀ ਦੇ ਰਾਹ ਨਹੀਂ ਤੁਰ ਸਕਦਾ। ਲੋੜ ਹੈ ਅਜਿਹਾ ਪਰਿਵਾਰਿਕ ਮਾਹੌਲ ਸਿਰਜੇ ਜਾਣ ਦੀ ਜਿਸ ਵਿਚ ਪਰਿਵਾਰ ਦਾ ਹਰ ਜੀਅ ਪੂਰੇ ਮਾਣ-ਸਤਿਕਾਰ, ਪੂਰੀ ਸੁਤੰਤਰਤਾ ਅਤੇ ਪੂਰੀ ਸ਼ਾਨ ਨਾਲ ਰਹਿ ਸਕੇ ਅਤੇ ਜਦ ਉਸ ਘਰ ਦੀ ਕਿਸੇ ਔਰਤ ਨੂੰ ਪੁੱਛਿਆ ਜਾਵੇ, ‘‘ਈਰੀਏ ਭਮੀਰੀਏ, ਕਿਹੜਾ ਘਰ ਤੇਰਾ?ੂ ਤਾਂ ਉਹ ਪੂਰੀ ਤਸੱਲੀ ਨਾਲ ਕਹੇ, ‘‘ਨਾਲੇ ਪੇਕਾ ਘਰ ਮੇਰਾ, ਨਾਲੇ ਸਹੁਰਾ ਘਰ ਮੇਰਾੂ ਤੇ ਉਹ ਦੋਹਾਂ ਘਰਾਂ ਦੇ ਨਿੱਘ ਅਤੇ ਪਿਆਰ ਨੂੰ ਮਾਣ ਸਕੇ।

Comments are closed.

COMING SOON .....


Scroll To Top
11