Monday , 16 December 2019
Breaking News
You are here: Home » EDITORIALS » ਇਮਰਾਨ ਖਾਨ ਅਤੇ ਨਵਜੋਤ ਸਿੱਧੂ ਨੂੰ ਮਿਲੇ ਨੌਬਲ ਪੁਰਸਕਾਰ

ਇਮਰਾਨ ਖਾਨ ਅਤੇ ਨਵਜੋਤ ਸਿੱਧੂ ਨੂੰ ਮਿਲੇ ਨੌਬਲ ਪੁਰਸਕਾਰ

1947 ਦੀ ਵੰਡ ਤੋਂ ਬਾਅਦ ਪਿਛਲੇ 7 ਦਹਾਕਿਆਂ ਤੋਂ ਭਾਰਤ ਅਤੇ ਪਾਕਿਸਤਾਨ ਇਕ ਦੂਸਰੇ ਦੇ ਦੁਸ਼ਮਣ ਬਣੇ ਹੋਏ ਹਨ। ਦੋਵੇਂ ਦੇਸ਼ਾਂ ਵਿੱਚ ਲਗਾਤਾਰ ਟਕਰਾਅ ਅਤੇ ਤਣਾਅ ਬਣਿਆ ਰਹਿੰਦਾ ਹੈ। 1947 ਤੋਂ ਫੌਰੀ ਬਾਅਦ ਦੋਵੇਂ ਦੇਸ਼ ਕਸ਼ਮੀਰ ‘ਤੇ ਕਬਜ਼ੇ ਲਈ ਹਥਿਆਰਬੰਦ ਟਕਰਾਅ ਵਿੱਚ ਉਲਝ ਗਏ। ਇਹ ਟਕਰਾਅ ਹਾਲੇ ਵੀ ਜਾਰੀ ਹੈ। ਦੋਵਾਂ ਦੇਸ਼ਾਂ ਵਿੱਚ 1965, 1971 ਅਤੇ 1999 ਵਿੱਚ ਭਿਆਨਕ ਫੌਜੀ ਟਕਰਾਅ ਹੋਇਆ। 1971 ਦੀ ਜੰਗ ਦੌਰਾਨ ਪਾਕਿਸਤਾਨ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਕਸ਼ਮੀਰ ਅਤੇ ਅੱਤਵਾਦ ਦੇ ਮੁੱਦੇ ਉੱਪਰ ਦੋਵੇਂ ਦੇਸ਼ ਇਸ ਸਮੇਂ ਵੀ ਤਿੱਖੇ ਟਕਰਾਅ ਵਿੱਚੋਂ ਗੁਜ਼ਰ ਰਹੇ ਹਨ। ਅਸਲ ਵਿੱਚ ਦੋਵੇਂ ਪਾਸੇ ਸਿਆਸੀ ਨੇਤਾਵਾਂ ਅਤੇ ਅਧਿਕਾਰੀਆਂ ਦਾ ਤੋਰੀ ਫੁਲਕਾ ਇਸੇ ਟਕਰਾਅ ਅਤੇ ਦੁਸ਼ਮਣੀ ਦੇ ਆਧਾਰ ਉੱਪਰ ਹੀ ਚੱਲਦਾ ਹੈ। ਦੋਵੇਂ ਦੇਸ਼ਾਂ ਦਰਮਿਆਨ ਹਥਿਆਰਾਂ ਦੀ ਦੌੜ ਅਤੇ ਕਥਿਤ ਅੱਤਵਾਦ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਖੂਬ ਰਾਸ ਆਇਆ। ਜੇਬਾਂ ਤਾਂ ਭਰਦੀਆਂ ਹੀ ਹਨ, ਦੋਵੇਂ ਪਾਸੇ ਨੇਤਾ ਅਤੇ ਅਧਿਕਾਰੀ ਇਸ ਆਧਾਰ ਉੱਪਰ ਹੀ ਸਰਕਾਰੀ ਖਰਚੇ ‘ਤੇ ਗੰਨਮੈਨਾਂ ਦਾ ਆਨੰਦ ਵੀ ਮਾਣਦੇ ਹਨ। ਹਥਿਆਰਾਂ ਦੀ ਖਰੀਦ ਅਤੇ ਫੌਜੀ ਖਰਚਿਆਂ ‘ਚੋਂ ਕਮਾਈ ਨਾਲ ਨੇਤਾਵਾਂ ਅਤੇ ਅਫਸਰਾਂ ਨੂੰ ਮੌਜਾਂ ਲੱਗੀਆਂ ਹੋਈਆਂ ਹਨ। ਇਸ ਕਾਰਨ ਹੀ ਦੋਵੇਂ ਦੇਸ਼ਾਂ ਦਰਮਿਆਨ ਲਗਾਤਾਰ ਟਕਰਾਅ ਜਾਰੀ ਰਹਿੰਦਾ ਹੈ। ਕਿਸੇ ਇਕ ਅੱਧੇ ਨੇਤਾ ਵੱਲੋਂ ਪਹਿਲਕਦਮੀ ਨਾਲ ਸ਼ਾਂਤੀ ਦੀ ਕੋਈ ਵੀ ਕੋਸ਼ਿਸ਼ ਲੰਬਾ ਸਮਾਂ ਨਹੀਂ ਚੱਲਦੀ। ਇਕ ਜਾਂ ਦੂਜੀ ਗੱਲ ਨੂੰ ਲੈ ਕੇ ਦੋਵੇਂ ਦੇਸ਼ ਇਕ ਦੂਜੇ ਨੂੰ ਨੀਵਾਂ ਦਿਖਾਉਣ ਅਤੇ ਟਕਰਾਅ ਦੀ ਕੋਈ ਕਸਰ ਨਹੀਂ ਛੱਡਦੇ। ਅਜਿਹੇ ਹਾਲਾਤਾਂ ਵਿੱਚ ਪਾਕਿਸਤਾਨ ਦੇ ਮੌਜੂਦਾ ਵਜ਼ੀਰ-ਏ-ਆਜ਼ਮ ਜਨਾਬ ਇਮਰਾਨ ਖਾਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਚੁੱਕਿਆ ਗਿਆ ਕਦਮ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਸ੍ਰੀ ਕਰਤਾਰਪੁਰ ਸਾਹਿਬ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਥੇ ਸੁਸ਼ੋਭਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਭਾਰਤੀ ਸ਼ਰਧਾਲੂਆਂ ਨੂੰ ਪਾਕਿਸਤਾਨ ਦੀ ਸਰਕਾਰ ਵੱਲੋਂ ਪੱਕਾ ਲਾਂਘਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪਾਕਿਸਤਾਨ ਸਰਕਾਰ ਨੇ ਅਰਬਾਂ ਰੁਪਏ ਖਰਚ ਕੇ ਇਸ ਅਸਥਾਨ ਦਾ ਕਾਇਆ ਕਲਪ ਕੀਤਾ ਹੈ। ਇਹ ਕਦਮ ਬਰਲਿਨ ਦੀ ਦੀਵਾਰ ਟੁੱਟਣ ਵਾਂਗ ਹੈ। ਇਸ ਪਹਿਲਕਦਮੀ ਵਿੱਚ ਭਾਰਤ ਵਾਲੇ ਪਾਸੇ ਤੋਂ ਸਾਬਕਾ ਕ੍ਰਿਕੇਟਰ ਅਤੇ ਪੰਜਾਬ ਦੇ ਸਿਆਸੀ ਰਹਿਨੁਮਾ ਸ. ਨਵਜੋਤ ਸਿੰਘ ਸਿੱਧੂ ਨੇ ਅਹਿਮ ਭੂਮਿਕਾ ਨਿਭਾਈ ਹੈ। ਦੋਵਾਂ ਸਖਸ਼ੀਅਤਾਂ ਦੇ ਨਿੱਜੀ ਸਬੰਧਾਂ ਅਤੇ ਮੇਲ-ਜੋਲ ਕਾਰਨ ਹੀ ਲਾਂਘੇ ਦਾ ਕਾਰਜ ਸਿਰੇ ਚੜ੍ਹਿਆ ਹੈ। ਇਹ ਫੈਸਲਾ ਅਮਨ-ਸ਼ਾਂਤੀ, ਭਾਈਚਾਰਕ ਸਾਂਝ, ਦੋਸਤੀ ਅਤੇ ਸਦਭਾਵਨਾ ਦੇ ਪੱਖ ਤੋਂ ਵੱਡੀ ਅਹਿਮੀਅਤ ਰੱਖਦਾ ਹੈ। ਆਉਣ ਵਾਲੇ ਸਮੇਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਇਸ ਖੇਤਰ ਵਿੱਚ ਆਪਸੀ ਮੇਲ-ਜੋਲ, ਸ਼ਾਂਤੀ ਅਤੇ ਦੋਸਤੀ ਦੀ ਬੁਨਿਆਦ ਨੂੰ ਹੋਰ ਮਜ਼ਬੂਤ ਕਰੇਗਾ। ਭਾਰਤ ਅਤੇ ਪਾਕਿਸਤਾਨ ਦੀ ਤਕਦੀਰ ਬਦਲਣ ਵਾਲੇ ਇਸ ਵੱਡੇ ਫੈਸਲੇ ਲਈ ਜਨਾਬ ਇਮਰਾਨ ਖਾਨ ਅਤੇ ਸ. ਨਵਜੋਤ ਸਿੰਘ ਸਿੱਧੂ ਸ਼ਲਾਘਾ ਦੇ ਪਾਤਰ ਹਨ। ਇਸ ਇਤਿਹਾਸਕ ਕਦਮ ਲਈ ਦੋਵਾਂ ਸਖਸ਼ੀਅਤਾਂ ਦਾ ਨਾਮ ਨੌਬਲ ਪੁਰਸਕਾਰ ਲਈ ਵਿਚਾਰਿਆ ਜਾਣਾ ਚਾਹੀਦਾ ਹੈ। ਦੋਵਾਂ ਸਖਸ਼ੀਅਤਾਂ ਨੂੰ ਮਾਣ-ਸਨਮਾਨ ਦੇਣ ਲਈ ਅਮਨ-ਸ਼ਾਂਤੀ ਦੀਆਂ ਸਮਰਥਕ ਧਿਰਾਂ ਨੂੰ ਇਸ ਸਬੰਧੀ ਸੰਸਾਰ ਪੱਧਰੀ ਮੁਹਿੰਮ ਚਲਾਉਣੀ ਚਾਹੀਦੀ ਹੈ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11