Saturday , 20 April 2019
Breaking News
You are here: Home » Editororial Page » ਇਨਸਾਨੀਅਤ ਦੇ ਮੁਜੱਸਮ : ਕੁਲਦੀਪ ਨਈਅਰ

ਇਨਸਾਨੀਅਤ ਦੇ ਮੁਜੱਸਮ : ਕੁਲਦੀਪ ਨਈਅਰ

ਹਿੰਦੁਸਤਾਨ ਦੀ ਤਕਸੀਮ ਸਮੇਂ 1947 ਵਿੱਚ ਵਾਹਗਿਉਂ ਪਾਰ ਰਾਜਾ ਸਲਵਾਨ ਦੇ ਸ਼ਹਿਰ ਸਿਆਲਕੋਟ ਤੋਂ ਉਜੜ ਕੇ ਆਏ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸ਼ੁਦਾਈ ਕੁਲਦੀਪ ਨਈਅਰ ਦੇ ਸਦੀਵੀ ਅਲਵਿਦਾ ਕਹਿ ਜਾਣ ਨਾਲ ਮੁਲਕ ਦੀ ਤਕਸੀਮ ਤੋਂ ਲੈ ਕੇ ਹੁਣ ਤੱਕ ਲਗਾਤਾਰ ਧੜੱਲੇ ਨਾਲ ਲਿਖਦੇ ਆ ਰਹੇ ਪੱਤਰਕਾਰ ਭਾਈਚਾਰੇ ਦੀ ਪੀੜ੍ਹੀ ਦਾ ਆਖਰੀ ਚਿਰਾਗ ਬੁਝ ਗਿਆ ਹੈ।
95 ਸਾਲ ਦੀ ਉਮਰ ਵਿੱਚ ਵੀ ਸਰਗਰਮ ਜ਼ਿੰਦਗੀ ਦੇ ਆਖਰੀ ਹਫਤੇ ਤੱਕ ਵੀ ਆਪਣੇ ਸਪਤਾਹਿਕ ਕਾਲਮ ਦੇ ਲੇਖੇ ਲਾ ਗਏ ਕੁਲਦੀਪ ਨਈਅਰ ਦੇ ਸਦੀਵੀ ਵਿਛੋੜੇ ਨਾਲ ਹਿੰਦੁਸਤਾਨੀ ਪੱਤਰਕਾਰੀ ਦਾ ਇਹ ਸ਼ਾਹ ਅਸਵਾਰ ਨਿਧੜਕ ਯੋਧਾ ਹੀ ਸਾਡੇ ਕੋਲੋਂ ਜੁਦਾਅ ਨਹੀਂ ਹੋਇਆ, ਹਿੰਦੁਸਤਾਨ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਦੇ ‘ਗੁੱਝੇ’ ਰਾਜ ਵੀ ਇਸ ਅਜ਼ੀਮ ਪੱਤਰਕਾਰ ਦੇ ਨਾਲ ਹੀ ਦਫਨ ਹੋ ਗਏ ਹਨ। ਸ਼ਾਸਤਰੀ ਦੀ ਸ਼ੱਕੀ ਮੌਤ ਦੀ ਗੁੱਥੀ ਨਈਅਰ ਦੇ ਨਾਲ ਹੀ ਦਫਨ ਹੋ ਜਾਣ ਕਾਰਨ ਹੁਣ ਸ਼ਾਇਦ ਹੀ ਕਦੇ ਸਾਹਮਣੇ ਆਵੇ ਉਨ੍ਹਾਂ ਦੇ ਰਹਿਨੁਮਾ ਦੇ ਆਖਰੀ ਸਮੇਂ ਦੇ ਪਲਾਂ ਦਾ ਭੇਤ।
ਕੁਲਦੀਪ ਨਈਅਰ ਪਹਿਲੇ ਸਖਸ਼ ਸਨ ਜਿਨ੍ਹਾਂ ਤਾਸ਼ਕੰਦ ਸਮਝੌਤੇ ਵਾਲੀ ਰਾਤ ਨੂੰ ਤਤਕਾਲੀਨ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਬੇਜਾਨ ਦੇਹ ਨੂੰ ਵੇਖਿਆ। ਸ਼ਾਸਤਰੀ ਦੀ ਪਤਨੀ ਲਲਿਤਾ ਸ਼ਾਸਤਰੀ ਤੇ ਪਰਿਵਾਰ ਵਾਂਗ ਨਈਅਰ ਵੀ ਵਾਰ-ਵਾਰ ਮੰਗ ਕਰਦੇ ਰਹੇ ਕਿ ਸ਼ਾਸਤਰੀ ਦਾ ਪੋਸਟ ਮਾਰਟਮ ਕਿਉਂ ਨਹੀਂ ਹੋਇਆ? ਸ਼ੱਕੀ ਹਾਲਤਾਂ ’ਚ ਹੋਈ ਮੌਤ ਦੀ ਜਾਂਚ ਹੋਵੇ ਤਾਂ ਉਹ ਜਾਂਚ ਕਮਿਸ਼ਨ ਸਾਹਮਣੇ ਗਵਾਹੀ ਲਈ ਵੀ ਤਿਆਰ ਸਨ। ਸ਼ਾਸਤਰੀ ਦੇ ਨਿਜੀ ਡਾਕਟਰ ਆਰ.ਐਨ. ਚੁੱਘ ਦੀ ‘ਐਕਸੀਡੈਂਟਲ’ ਮੌਤ ਨਾਲ ਸ਼ੱਕ ਹੋਰ ਵੀ ਰਹੱਸਮਈ ਹੋ ਗਿਆ ਤੇ ਹੁਣ ਸ਼ਾਸਤਰੀ ਨਾਲ ਤਾਸ਼ਕੰਦ ਗਏ ਦਲ ਦੇ ਆਖਰੀ ਮੈਂਬਰ ਕੁਲਦੀਪ ਨਈਅਰ ਵੀ ਅਲਵਿਦਾ ਕਹਿ ਗਏ ਹਨ। ਨਈਅਰ, ਸ਼ਾਸਤਰੀ ਦੇ ਤਦ ਸਲਾਹਕਾਰ ਸਨ।
ਪੱਤਰਕਾਰੀ ਕੁਲਦੀਪ ਨਈਅਰ ਦਾ ਪਹਿਲਾ ਇਸ਼ਕ ਸੀ ਜਿਸ ਦੇ ਲਈ ਉਨ੍ਹਾਂ ਵਾਹਗਿਉਂ ਪਾਰ ਪੜ੍ਹਿਆ ਕਾਨੂੰਨ ਡਿਗਰੀ ਸਮੇਤ ਕੁਰਬਾਨ ਕਰ ਦਿੱਤਾ। ਹਿੰਦ ਪਾਕਿ ਤਕਸੀਮ ਦਾ ਦਰਦ ਇੰਨਾ ਜ਼ਿਆਦਾ ਹੰਢਾਇਆ ਕਿ ਉਹ ਤਾ ਉਮਰ ਕੋਸ਼ਿਸ਼ ਕਰਦੇ ਰਹੇ ਹਿੰਦੁਸਤਾਨ ਦੇ ਹੋਏ ਟੁਕੜਿਆਂ ਦੇ ਆਪਸੀ ਰਿਸ਼ਤਿਆਂ ਨੂੰ ਬੇਹਤਰ ਬਣਾਉਣ ਲਈ। ਅਟਾਰੀ-ਵਾਹਘਾ ਸਰਹੱਦ ’ਤੇ ਦੋਨੋਂ ਪਾਸੇ ਮੁਲਕ ਦੇ ਬਟਵਾਰੇ ਦੀ 14-15 ਅਗਸਤ ਦੀ ਰਾਤ ਨੂੰ ਆਪਣੇ ਜਨਮ ਦਿਨ ਦੀ ਬਜਾਇ ਦੋਨਾਂ ਮੁਲਕਾਂ ਦੇ ਸਰਹੱਦੀ ਰਾਖਿਆਂ ਦੀ ਮੌਜੂਦਗੀ ਵਿੱਚ ਮੋਮਬੱਤੀਆਂ ਜਗਾ ਕੇ ਦੋਨਾਂ ਦਰਮਿਆਨ ਦੂਰੀਆਂ ਤੇ ਹਨੇਰਾ ਘਟਾਉਣ ਦਾ ਲਿਆ ਸੁਪਨਾ ਬਿਨਾ ਪੂਰਾ ਹੋਇਆਂ ਹੀ ਨਈਅਰ ਆਪਣੇ ਨਾਲ ਲੈ ਕੇ ਚਲੇ ਗਏ। ਇਹ ਦਰਦ ਉਨ੍ਹਾਂ ਦੇ ਆਖਰੀ ਸਮੇਂ ਤੱਕ ਸਿਰ ਚੜ੍ਹ ਕੇ ਬੋਲਦਾ ਰਿਹਾ ਤੇ ਉਹ ਇਸ ਨੂੰ ਆਪਣੀ ਕਲਮ ਨਾਲ ਪ੍ਰਗਟਾਉਂਦੇ ਨਾ ਕਦੇ ਥੱਕੇ ਤੇ ਨਾ ਹੀ ਅੱਕੇ।
ਕੁਲਦੀਪ ਨਈਅਰ ਨੂੰ ਜਿੱਥੇ ਕਿਤੇ ਵੀ ਪਿਆਰ ਮੁਹੱਬਤ ਮਿਲੀ, ਉਸ ਦਾ ਮੂਹਰਿਉਂ ਉਨ੍ਹਾਂ ਉਸੇ ਭਾਵਨਾ ਨਾਲ ਹੁੰਗਾਰਾ ਭਰਿਆ ਤੇ ਇਹੀ ਉਨ੍ਹਾਂ ਦੀ ਜ਼ਿੰਦਗੀ ਦਾ ਬੁਨਿਆਦੀ ਅਸੂਲ ਰਿਹਾ। ਉਨ੍ਹਾਂ ਲਈ ਧਾਰਮਿਕ ਤੇ ਸਿਆਸੀ ਸਰਹੱਦਾਂ ਹਮੇਸ਼ਾ ਹੀ ਬੇਮਾਅਨੇ ਰਹੀਆਂ। ਹਿੰਦੁਸਤਾਨ ਦੀ ਤਕਸੀਮ (ਵੰਡ) ਸਮੇਂ ਜਿਸ ਨੌਜਵਾਨ ਮੁਸਲਮਾਨ ਨੇ ਸਿਆਲਕੋਟ ਰੇਲਵੇ ਸਟੇਸ਼ਨ ’ਤੇ ਉਨ੍ਹਾਂ ਦੇ ਮਾਪਿਆਂ ਦੀ ਰੱਖਿਆ ਕੀਤੀ, ਉਸ ਨੇਕ ਇਨਸਾਨ ਦੇ ਉਹ ਸਾਰੀ ਉਮਰ ਅਹਿਸਾਨਮੰਦ ਤੇ ‘ਕਰਜ਼ਦਾਰ’ ਰਹੇ।
13 ਸਤੰਬਰ 1947 ਨੂੰ ਸਰਹੱਦ ਪਾਰ ਕਰਕੇ ਆਏ ਕੁਲਦੀਪ ਨਈਅਰ ਨੇ ਧਰਮ ਦੇ ਨਾਂ ’ਤੇ ਵਹਾਏ ਗਏ ਮਨੁੱਖਤਾ ਦੇ ਖੂਨ ਤੇ ਤਬਾਹੀ ਦੇ ਮੰਜ਼ਰ ਅੱਖੀਂ ਵੇਖੇ ਤਾਂ ਉਨ੍ਹਾਂ ਪ੍ਰਣ ਲਿਆ ਕਿ ਇਸ ਨਵੇਂ ਹਿੰਦੁਸਤਾਨ ਵਿੱਚ ਹੁਣ ਧਰਮ ਅਤੇ ਜਾਤ-ਪਾਤ ਦੇ ਨਾਂ ’ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਣ ਦਿੱਤਾ ਜਾਵੇਗਾ। ਆਪਣੇ ਇਸ ਆਦਰਸ਼ ਨੂੰ ਉਨ੍ਹਾਂ ਬਤੌਰ ਪੱਤਰਕਾਰ, ਸੰਸਦ ਮੈਂਬਰ, ਹਾਈ ਕਮਿਸ਼ਨਰ, ਹਕੂਮਤਾਂ ਦੇ ਅਤੀ ਨੇੜੇ ਰਹਿੰਦੀਆਂ ਕਦੇ ਵੀ ਡੋਲਣਾ ਨਹੀਂ ਦਿੱਤਾ।
1947 ਵਿੱਚ ਮੁਲਕ ਦੀ ਤਕਸੀਮ ਸਮੇਂ ਮੁਸਲਮਾਨਾਂ ਤੇ 1984 ਸਿੱਖ ਕਤਲੇਆਮ ਦੌਰਾਨ ਸਿੱਖਾਂ ਨੂੰ ਬਚਾਉਣ ਵਾਲੇ ਹਿੰਦੂ ਕੁਲਦੀਪ ਨਈਅਰ ਲਈ ਜ਼ਿੰਦਗੀ ਦੇ ਨਾਇਕ ਸਨ। ਉਹ ਉਸ ਮਾੜੇ ਦੌਰ ਦਾ ਅਕਸਰ ਜ਼ਿਕਰ ਕਰਦੇ ਜਿਸ ਵਿੱਚੋਂ ਹਿੰਦੂਸਤਾਨ, ਪਾਕਿਸਤਾਨ ਤੇ ਬਾਅਦ ਵਿੱਚ ਬੰਗਲਾ ਦੇਸ਼ ਗੁਜ਼ਰੇ ਸਨ। ਉਨ੍ਹਾਂ ਦੇ ਦਿਲ ਦੀ ਧੁਰ ਤਹਿ ਹੇਠੋਂ ਇਕ ਹੂਕ ਨਿਕਲਦੀ ਕਿ ਇਨਸਾਨੀਅਤ ਦਾ ਖੂਨ ਵਹਾ ਕੇ ਤੇ ਆਪਣਿਆਂ ਨੂੰ ਗੁਆ ਕੇ ਇਨ੍ਹਾਂ ਦੋਨਾਂ ਮੁਲਕਾਂ ਦਾ ਵਜੂਦ ਬਣਿਆ।
ਬਕੌਲ ਕੁਲਦੀਪ ਨਈਅਰ ‘1984 ਵਿੱਚ ਸਿੱਖਾਂ ਦੇ ਕਤਲੇਆਮ ਅਤੇ 2002 ਵਿੱਚ ਗੁਜਰਾਤ ਦੰਗੇ ਵੇਖ ਕੇ ਮੇਰੀਆਂ ਭੁੱਬਾਂ ਨਿਕਲ ਗਈਆਂ। ਧਰਮ ਦੇ ਨਾਂ ’ਤੇ ਇਹ ਉਸੇ ਫਿਰਕੂ ਹਿੰਸਾ ਦਾ ਦੁਹਰਾਉ ਸੀ, ਜੋ 1947 ਵਿੱਚ ਹੋਈ ਸੀ। ਮੈਂ ਤਕਸੀਮ ਸਮੇਂ ਦਾ ਚਸ਼ਮਦੀਦ ਗਵਾਹ ਹਾਂ, ਉਨ੍ਹਾਂ ਮਾੜੇ ਵੇਲਿਆਂ ਨੂੰ ਯਾਦ ਕਰਕੇ ਰਾਤਾਂ ਨੂੰ ਰੋਂਦਾ ਰਿਹਾ ਹਾਂ। ਮੈਨੂੰ ਲੱਗਦਾ ਸੀ ਕਿ ਇਸ ਸਭ ਕਾਸੇ ਦੌਰਾਨ ਮੈਂ ਕਿੰਨਾ ਬੇਵਸ ਸੀ। ਉਹ ਬੇਵਸੀ ਤੇ ਫਿਰਕੂ ਜਨੂੰਨ ਵਾਲਾ ਮਾੜਾ, ਖੌਫਨਾਕ ਸਮਾਂ ਮੈਂ ਖੁਦ ਹੰਢਾਇਆ ਹੈ।
ਡਾ. ਗੁਰਬਖਸ਼ ਸਿੰਘ ਦੇ ਘਰ 14 ਅਗਸਤ 1923 ਨੂੰ ਸਿੱਖਾਂ ਦੀ ਧੀ ਮਾਤਾ ਪੂਰਨ ਦੇਵੀ ਦੀ ਕੁੱਖੋਂ ਜਨਮੇ ਕੁਲਦੀਪ ਸਿੰਘ ਨੇ ਜਵਾਨੀ ’ਚ ਪੈਰ ਧਰਦਿਆਂ ਹੀ ਧਾਰਮਿਕ ਵਲਗਣਾਂ ਤੋਂ ਮੁਕਤ ਹੋ ਕੇ ਬਤੌਰ ਕੁਲਦੀਪ ਨਈਅਰ ਹੀ ਨਾਮਣਾ ਖੱਟਿਆ। ਪੱਤਰਕਾਰੀ ਵਿੱਚ ਆਪਣੀ ਧਾਕ ਜਮਾਈ, ਸਮਝੌਤੇ ਕਰਨ ਜਾਂ ਦਬਾਅ ਕਬੂਲਣ ਦੀ ਥਾਂ ਅਹੁਦੇ ਛੱਡਣ ਨੂੰ ਤਰਜੀਹ ਦਿੱਤੀ। ਪੱਤਰਕਾਰੀ ਜੀਵਨ ਦੌਰਾਨ ਬਹੁਤ ਸਾਰੀਆਂ ਨਫਰਤ ਭਰੀਆਂ ਚਿੱਠੀਆਂ ਤੇ ਮਿਲੀਆਂ ਧਮਕੀਆਂ ਦੀ ਬਿਨਾ ਪ੍ਰਵਾਹ ਕੀਤੇ ਚਟਾਨ ਵਾਂਗ ਡਟੇ ਰਹੇ।
ਕੁਲਦੀਪ ਨਈਅਰ ਦਾ ਕਹਿਣਾ ਸੀ, ‘ਵਧੀਆ ਪੱਤਰਕਾਰੀ ਉਹ ਹੁੰਦੀ ਹੈ ਜਦੋਂ ਤੁਸੀਂ ਸਿੱਟਿਆਂ ਦੀ ਪ੍ਰਵਾਹ ਕੀਤੇ ਬਗੈਰ ਅਨਿਆਂ ਨੂੰ ਜੱਗ ਜ਼ਾਹਿਰ ਕਰਨ ਦੇ ਨਾਲ-ਨਾਲ ਜ਼ਿੰਦਗੀ ਦੇ ਅਸਲ ਨਾਇਕਾਂ ਨੂੰ ਸਭ ਦੇ ਸਾਹਮਣੇ ਪੇਸ਼ ਕਰਦੇ ਹੋ। ਮੈਂ ਇਸ ਪੱਤਰਕਾਰੀ ਦੇ ਖੇਤਰ ਵਿੱਚ ਲੰਮਾ ਸਮਾ ਬਿਤਾਇਆ ਹੈ ਤੇ ਮੈਨੂੰ ਨਹੀਂ ਲਗਦਾ ਕਿ ਮੈਂ ਕਿਸੇ ਵੀ ਹੋਰ ਪੇਸ਼ੇ ਵਿੱਚ ਇਸ ਤੋਂ ਵੱਧ ਸਫਲ ਹੁੰਦਾ।’ ਉਨ੍ਹਾਂ ਦਾ ਕਾਲਮ ‘ਬਿਟਵੀਨ ਦਿ ਲਾਈਨਜ਼’ ਨੇ ਪੱਤਰਕਾਰ ਜਗਤ ਵਿੱਚ ਤਕਰੀਬਨ ਅੱਧੀ ਸਦੀ ਧੁੰਮਾਂ ਪਾਈ ਰੱਖੀਆਂ। ਬਾਅਦ ਵਿੱਚ ਆਪਣੀ ਸਵੈ-ਜੀਵਨੀ ਨੂੰ ਵੀ ਏਸੇ ਨਾਂ ਨਾਲ ਨਿਵਾਜਿਆ।
ਕੁਲਦੀਪ ਨਈਅਰ ਜਿਨ੍ਹਾਂ ਨੇ ਹਿੰਦੁਸਤਾਨ ਦੇ ਇਤਿਹਾਸ ਨੂੰ ਆਪਣੇ ਸਾਹਮਣੇ ਸਿਰਜਿਆ ਜਾਂਦਾ ਵੇਖਿਆ, ਨੂੰ ਅਮਨ ਨਾਲ ਬੇਪਨਾਹ ਮੁਹੱਬਤ ਸੀ, ਜਿਸ ਲਈ ਉਹ ਹਿੰਦ-ਪਾਕਿ ਦੇ ਆਪਸੀ ਰਿਸ਼ਤਿਆਂ ਨੂੰ ਬੇਹਤਰ ਬਣਾਉਣ ਲਈ ਤਾ ਉਮਰ ਕੋਸ਼ਿਸ਼ ਕਰਦੇ ਰਹੇ ਤਾਂ ਕਿ ਦੋਨੋਂ (ਸਮੇਤ ਬੰਗਲਾ ਦੇਸ਼) ਮਿਲ ਕੇ ਇਕੱਠੇ ਅੱਗੇ ਵਧਣ। ਮਨ ਅੰਦਰ ਮੁਲਕ ਦੀ ਤਕਸੀਮ ਦੀ ਚੀਸ ਕਾਰਨ ਉਹ ਤੜਫ ਉਠਦੇ ਤੇ ਹਮੇਸ਼ਾ ਇਹੀ ਇੱਛਾ ਰਹੀ ਕਿ ਸ਼ਰੀਕੇ ਦੀ ਅੱਗ ਦੇ ਸਾੜੇ ਵਿੱਚ ਸੜਨ ਦੀ ਬਜਾਇ ਵੰਡੇ ਹੋਏ ਇਹ ਮੁਲਕ ਦੋਸਤੀ ਦੀਆਂ ਗੰਢਾਂ ਵਿੱਚ ਬੱਝਣ। ਇਹੋ ਵਜ੍ਹਾ ਸੀ ਕਿ ਉਨ੍ਹਾਂ ਦੀ ਮਕਬੂਲੀਅਤ ਦੇ ਡੰਕੇ ਸਰਹੱਦਾਂ ਤੋਂ ਉਤਾਹ ਦੀ ਲੰਘ ਕੇ ਪੂਰੇ ਏਸ਼ੀਅਨ ਖਿੱਤੇ ਵਿੱਚ ਵਜੇ।
ਮੈਨੂੰ ਇਸ ਗੱਲ ਦਾ ਬੜਾ ਫਖ਼ਰ ਹੈ ਕਿ ਇਹ ਅਜ਼ੀਮ ਨੇਕ ਸਖਸ਼ ਕੁਲਦੀਪ ਨੀਅਰ ਸਾਡੇ ਦੋਨਾਂ ਮੈਗਜ਼ੀਨਾਂ ‘ਵਿਸ਼ਵ ਦਰਸ਼ਨ’ (ਪੰਜਾਬੀ) ਤੇ ‘ਗਲੋਬਲ ਦਰਸ਼ਨ’ (ਹਿੰਦੀ) ਦੇ ਬਾਨੀ ਸਰਪ੍ਰਸਤ ਵੀ ਸਨ। ਨਈਅਰ ਦੇ ਜਲਵੇ ਦਾ ਜਲੌਅ ਤਾਂ ਮੈਂ ਫਰਵਰੀ 1997 ਵਿੱਚ ਆਪਣੀ ਪਾਕਿਸਾਤਨ ਫੇਰੀ ਸਮੇਂ ਵੇਖਿਆ ਜਦ ਤਤਕਾਲੀਨ ਵਜ਼ੀਰ-ਏ-ਆਜਮ ਨਵਾਜ਼ ਸ਼ਰੀਫ ਨੇ ਕੁਲਦੀਪ ਨੀਅਰ ਦੀ ਸਰਪ੍ਰਸਤੀ ਹੇਠ ਸਾਡੇ ਡੈਲੀਗੇਸ਼ਨ ਦੇ ਮਾਣ ਵਿੱਚ ਆਪਣੀ ਇਸਲਾਮਾਬਾਦ ਹਕੂਮਤੀ ਰਿਹਾਇਸ਼ ’ਤੇ ਦਿੱਤੀ ਅਚਾਨਕ ਖਾਣੇ ਦੀ ਦਾਅਵਤ ਦੌਰਾਨ ਹੀ ਮੁਲਕ ਦੇ ‘ਸਟੇਟ ਗੈਸਟ’ ਬਣਾ ਆਪਣੀ ਜੱਫੀ ਵਿੱਚ ਲੈ ਲਿਆ। ਇਸ ‘ਸ਼ਰੀਫ ਪ੍ਰਾਹੁਣਾਚਾਰੀ’ ਦਾ ਨਿੱਘ ਮੇਰੇ ਜ਼ਹਿਨ ’ਚੋਂ ਕਦੇ ਨਹੀਂ ਜਾ ਸਕਿਆ।
… ਤੇ ਕੁਲਦੀਪ ਨਈਅਰ ਤਾਂ ਸਾਡੇ ਮਹਿਰਮ, ਰਹਿਨੁਮਾ, ਭਰ-ਭਰ ਮੁੱਠੀਆਂ ਪਿਆਰ ਦੀਆਂ ਵੰਡਣ ਵਾਲੇ ਸਾਡੇ ਚਾਨਣ-ਮੁਨਾਰਾ ਸਨ, ਜਿਨ੍ਹਾਂ ਦੇ ਅਲਵਿਦਾ ਕਹਿ ਜਾਣ ਨਾਲ ਨਿਧੱੜਕ ਪੱਤਰਕਾਰੀ ਬੇਸ਼ਕ ਯਤੀਨ ਮਹਿਸੂਸ ਕਰ ਰਹੀ ਹੈ ਪਰ ਉਨ੍ਹਾਂ ਵੱਲੋਂ ਵਿਖਾਈ ਰੋਸ਼ਨੀ ਹਮੇਸ਼ਾ ਸਾਡੇ ਲਈ ਮਾਰਗ ਦਰਸ਼ਕ ਬਣੀ ਰਹੇਗੀ। ਅਜਿਹੀ ਇਨਸਾਨੀਅਤ ਨਾਲ ਲਬਰੇਜ਼ ਸਖਸ਼ੀਅਤ ਇਨਸਾਨੀਅਤ ਦੇ ਮੁਜੱਸਮ ਨੂੰ ਅਕੀਦਤ ਦੇ ਫੁੱਲ ਭੇਟ ਕਰਦਿਆਂ ਵਾਰ-ਵਾਰ ਸਿਜਦਾ! ਆਮੀਨ!

Comments are closed.

COMING SOON .....


Scroll To Top
11