Wednesday , 3 June 2020
Breaking News
You are here: Home » EDITORIALS » ਆਮ ਨਾਗਰਿਕ ਆਦਤਾਂ ਬਦਲਣ

ਆਮ ਨਾਗਰਿਕ ਆਦਤਾਂ ਬਦਲਣ

ਬੇਸ਼ਕ ਭਾਰਤ ਬਹੁਤ ਸਾਰੀਆਂ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ। ਬੇਰੋਜ਼ਗਾਰੀ ਅਤੇ ਭੁੱਖਮਰੀ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਦੇਸ਼ ਦੀ ਅੱਧੀ ਆਬਾਦੀ ਗਰੀਬੀ ਭੋਗ ਰਹੀ ਹੈ। ਸਰਕਾਰ ਕੋਲ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਾਧਨ ਨਹੀਂ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਫ਼ ਸਫ਼ਾਈ ਦਾ ਮਾੜਾ ਹਾਲ ਹੈ। ਪਾਰਕਿੰਗ ਦੀ ਕਮੀ ਕਾਰਨ ਸੜਕਾਂ ਅਤੇ ਬਾਜ਼ਾਰਾਂ ਵਿੱਚੋਂ ਲੰਘਣਾ ਬਹੁਤ ਔਖਾ ਹੋਇਆ ਪਿਆ ਹੈ। ਰੇਲਵੇ ਫਾਟਕਾਂ ਅਤੇ ਚੌਂਕਾਂ ਵਿੱਚ ਲੋਕ ਘੰਟਿਆਂ ਬੱਧੀ ਪਰੇਸ਼ਾਨ ਹੁੰਦੇ ਰਹਿੰਦੇ ਹਨ। ਸੜਕਾਂ ਵੱਡੀਆਂ ਹੋਣ ਦੇ ਬਾਵਜੂਦ ਟਰੈਫਿਕ ਕੀੜੀ ਦੀ ਤੌਰ ਤੁਰਦਾ ਹੈ। ਬੇਸ਼ੱਕ ਜ਼ਿਆਦਾਤਰ ਸਮੱਸਿਆਵਾਂ ਦਾ ਹੱਲ ਸਿਰਫ ਸਰਕਾਰ ਕੋਲ ਹੈ ਪਰੰਤੂ ਜੇਕਰ ਦੇਸ਼ ਦੇ ਨਾਗਰਿਕ ਦੋ ਗੱਲਾਂ ਵੱਲ ਫ਼ਰਜ਼ ਸਮਝਕੇ ਧਿਆਨ ਦੇਣ ਤਾਂ ਦੇਸ਼ ਦੇ ਹਾਲਾਤਾਂ ਨੂੰ ਘਟੋ ਘੱਟ ਜਿਓਣ ਯੋਗ ਬਣਾਇਆ ਜਾ ਸਕਦਾ ਹੈ। ਮਾੜੀਆਂ ਆਦਤਾਂ ਅਤੇ ਜ਼ਿੰਮੇਵਾਰੀ ਨਾ ਸਮਝਣ ਕਾਰਨ ਸਾਡਾ ਜੀਵਨ ਪੱਧਰ ਬਹੁਤ ਤਰਸਯੋਗ ਬਣਿਆ ਹੋਇਆ ਹੈ। ਸਾਫ-ਸਫਾਈ ਵੱਲ ਸਾਡੀ ਪਹੁੰਚ ਬਹੁਤ ਮਾੜੀ ਅਤੇ ਮੰਦਭਾਗੀ ਹੈ। ਜੇਕਰ ਹਰ ਨਾਗਰਿਕ ਘਟੋ ਘੱਟ ਆਪਣੇ ਘਰ-ਦਫ਼ਤਰ ਦੇ ਕੂੜੇ ਦਾ ਚੰਗੇ ਤਰੀਕੇ ਨਾਲ ਪ੍ਰਬੰਧ ਕਰ ਲਵੇ ਅਤੇ ਜਨਤਕ ਥਾਵਾਂ ‘ਤੇ ਗੰਦਗੀ ਨਾ ਫੈਲਾਈ ਜਾਵੇ ਤੱਦ ਦੇਸ਼ ਨੂੰ ਕਾਫੀ ਹੱਦ ਤੱਕ ਸਾਫ ਸੁਥਰਾ ਅਤੇ ਸਵੱਛ ਬਣਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਗੱਡੀਆਂ ਨੂੰ ਪਾਰਕ ਕਰਨ ਅਤੇ ਸੜਕਾਂ ਦੀ ਵਰਤੋਂ ਕਰਨ ਸਬੰਧੀ ਵੀ ਇੱਕ ਅਨੁਸ਼ਾਸਨ ਅਤੇ ਜਾਗਰੂਕਤਾ ਦੀ ਜ਼ਰੂਰਤ ਹੈ। ਹਰ ਨਾਗਰਿਕ ਆਪਣੇ ਵਾਹਨ ਨੂੰ ਸਹੀ ਥਾਂ ‘ਤੇ ਪਾਰਕਿੰਗ ਕਰੇ ਤਾਂ ਜੋ ਸੜਕੀ ਆਵਾਜਾਈ ‘ਚ ਕੋਈ ਰੋਕ ਨਾ ਪਵੇ। ਇਸੇ ਤਰ੍ਹਾਂ ਚੌਂਕਾਂ ਅਤੇ ਰੇਲਵੇ ਫਾਟਕਾਂ ‘ਤੇ ਵੀ ਸੜਕੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਇੱਕ ਦੂਜੇ ਤੋਂ ਅੱਗੇ ਲੰਘਣ ਦੀ ਆਦਤ ਨੂੰ ਛੱਡਿਆ ਜਾਵੇ। ਬੇਲੋੜੀ ਕਾਹਲ ਅਤੇ ਕਈ-ਕਈ ਲਾਈਨਾਂ ਵਿੱਚ ਗੱਡੀਆਂ ਚਲਾਉਣ ਕਾਰਨ ਵਧੇਰੇ ਟਰੈਫਿਕ ਜਾਮ ਲਗਦੇ ਹਨ ਅਤੇ ਆਮ ਲੋਕਾਂ ਨੂੰ ਹੀ ਮੁਸ਼ਕਿਲ ਹੁੰਦੀ ਹੈ। ਉਪਰੋਕਤ ਦੋਵੇਂ ਗੱਲਾਂ ਵੱਲ ਧਿਆਨ ਦੇਣ ਨਾਲ ਲੋਕਾਂ ਦੇ ਜੀਵਨ ਪੱਧਰ ਵਿੱਚ ਵੱਡਾ ਸੁਧਾਰ ਹੋ ਸਕਦਾ ਹੈ। ਇਸ ਲਈ ਕਿਸੇ ਬਜਟ ਜਾਂ ਸਰਕਾਰੀ ਮਦਦ ਦੀ ਜ਼ਰੂਰਤ ਨਹੀਂ ਹੈ। ਲੋਕ ਆਪਣੀ ਮਦਦ ਆਪ ਕਰ ਸਕਦੇ ਹਨ ਅਤੇ ਆਪਣੇ ਜੀਵਨ ਪੱਧਰ ਨੂੰ ਸੁਧਾਰ ਸਕਦੇ ਹਨ।
-ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11