Tuesday , 31 March 2020
Breaking News
You are here: Home » Editororial Page » ਆਮ ਆਦਮੀ ਦੀ ਮਾਨਸਿਕਤਾ ਨੂੰ ਬਦਲ ਰਿਹੈ ਮੀਡੀਆ

ਆਮ ਆਦਮੀ ਦੀ ਮਾਨਸਿਕਤਾ ਨੂੰ ਬਦਲ ਰਿਹੈ ਮੀਡੀਆ

ਪੰਦਰਵੀਂ ਸਦੀ ਦੇ ਅੱਧ ਵਿੱਚ ਜਰਮਨ ਵਾਸੀ ਗੁਟਨਬਰਗ ਨੇ ਪ੍ਰਿਟਿੰਗ ਮੀਡੀਆ ਦੀ ਕਾਢ ਕੱਢੀ ਤੇ ਮਨੁੱਖ ਨੂੰ ਯਾਦ ਸ਼ਕਤੀ ਦੀ ਨਿਰਭਰਤਾ ਤੋਂ ਨਿਜਾਤ ਦਿਵਾਈ। ਸਤਾਰਵੀਂ ਅਠਾਰਵੀਂ ਸਦੀ ਵਿੱਚ ਖਬਾਰਾਂ, ਮੈਗਜ਼ੀਨ, ਰੇਡੀਓ, ਟੈਲੀਵਿਜ਼ਨ ਅਤੇ ਕੰਪਿਊਟਰ ਦੀ ਕਾਢ ਨਾਲ ਸੂਚਨਾ ਦੇ ਖੇਤਰ ਵਿੱਚ ਵੱਡਾ ਇਨਕਲਾਬ ਆਇਆ। ਮੀਡੀਆ ਦੀ ਸ਼ੁਰੂਆਤ ਇੱਕ ਮਿਸ਼ਨ ਤਹਿਤ ਹੋਈ ਸੀ। ਪਰ ਅੱਜ ਦੇ ਸਮੇਂ ਵਿੱਚ ਇਸਦਾ ਕੋਈ ਸਮਾਜਿਕ ਤੇ ਸਭਿਆਚਾਰਕ ਸਰੋਕਾਰ ਨਹੀਂ ਰਿਹਾ ਬਲਕਿ ਇਸਦਾ ਮਿਸ਼ਨ ਸਿਰਫ ਪੈਸਾ ਕਮਾਉਣਾ ਤੇ ਆਪਣਾ ਫਾਇਦਾ ਦੇਖਣਾ ਹੀ ਰਹਿ ਗਿਆ ਹੈ। ਕੁਝ ਸਮਾਂ ਪਹਿਲਾਂ ਤੱਕ ਕੇਵਲ ਹਥਿਆਰਾਂ ਨਾਲ ਹਮਲੇ ਹੁੰਦੇ ਸਨ। ਪਰ ਹੁਣ ਮਨ ਤੇ ਦਿਮਾਗ ਤੇ ਹਮਲੇ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਹਮਲੇ ਲਈ ਸਭ ਤੋਂ ਕਾਰਗਰ ਹਥਿਆਰ ਹੈ, ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ। ਮੀਡੀਆ ਦੇ ਮੈਸੇਜ ਏਨੇ ਲੁਕਵੇਂ ਹੁੰਦੇ ਹਨ ਕਿ ਦਰਸ਼ਕਾਂ ਨੂੰ ਸਭ ਸੱਚ ਲੱਗਣ ਲੱਗਦਾ ਹੈ। ਮੀਡੀਆ ਹੁਣ ਖਬਰਾਂ ਸੁਣਾਉਣ, ਵਿਚਾਰ ਦੇਣ ਤੇ ਮਨੋਰੰਜਨ ਕਰਨ ਦਾ ਮਹਿਜ਼ ਜ਼ਰੀਆ ਹੀ ਨਹੀਂ ਰਿਹਾ ਸਗੋਂ ਸਾਡੀ ਚੇਤਨਤਾ ਨੂੰ ਵੀ ਬੁਰੀ ਤਰਾਂ ਪ੍ਰਭਾਵਿਤ ਕਰ ਰਿਹਾ ਹੈ। ਭਾਵੇਂ ਮੀਡੀਆ ਦੀ ਬਦੌਲਤ ਅੱਜ ਮਨੁੱਖ ਸਾਰੀ ਦੁਨੀਆਂ ਨੂੰ ਜਾਣਨ ਲੱਗ ਪਿਆ ਹੈ ਪਰ ਆਪਣੀਆਂ ਸਭਿਆਚਾਰਕ ਜੜਾਂ ਤੋਂ ਵੀ ਟੁੱਟ ਗਿਆ ਹੈ। ਸਮੂਹ ਵਿੱਚ ਹੁੰਦਿਆਂ ਇਕੱਲਤਾ ਵੀ ਹੰਢਾ ਰਿਹਾ ਹੈ । ਮੀਡੀਆ ਤੇ ਲੁਭਾਊ,ਦਿਲ-ਖਿਚਵੇਂ,ਸਨਸਨੀਖੇਜ਼ ਤੇ ਗਲੈਮਰ ਭਰਪੂਰ ਤਰੀਕੇ ਨਾਲ ਪਰੋਸੇ ਜਾਂਦੇ ਮਨੋਰੰਜਕ ਪ੍ਰੋਗਰਾਮ, ਇਸ਼ਤਿਹਾਰਬਾਜ਼ੀ, ਫੈਸ਼ਨਪ੍ਰਸਤੀ, ਅਸ਼ਲੀਲਤਾ, ਹਿੰਸਾ, ਸਾਜਿਸ਼ਾਂ, ਵਹਿਮ-ਭਰਮ, ਨਫਰਤ ਦੇਖਣ ਵਾਲਿਆਂ ਨੂੰ ਐਨਾ ਪ੍ਰਭਾਵਿਤ ਕਰਦੀ ਹੈ ਕਿ ਉਸ ਵਸਤੂ ਨੂੰ ਖਰੀਦਣ ਤੇ ਉਹੋ ਜਿਹੇ ਬਣਨ ਦੀ ਵਿਅਕਤੀ ਦੀ ਹੈਸੀਅਤ ਭਾਵੇਂ ਨਾ ਹੋਵੇ ਪਰ ਉਸਦੀ ਚੇਤਨਤਾ ਜ਼ਰੂਰ ਪ੍ਰਭਾਵਿਤ ਹੁੰਦੀ ਹੈ। ਉਸ ਚੀਜ਼ ਦੀ ਪ੍ਰਾਪਤੀ ਦੀ ਇੱਛਾ ਉਸਦੀ ਚੇਤਨਤਾ ਵਿੱਚ ਕਿਤੇ ਨਾ ਕਿਤੇ ਆਪਣਾ ਸਥਾਨ ਬਣਾ ਲੈਂਦੀ ਹੈ। ਇਹੀ ਪ੍ਰਭਾਵ ਉਸ ਦੀਆਂ ਗਿਆਨ ਇੰਦਰੀਆਂ ਦਾ ਸੰਤੁਲਨ ਵਿਗਾੜ ਦਿੰਦਾ ਹੈ। ਉਸਦੀ ਆਪਣੀ ਸੋਚਣ ਸ਼ਕਤੀ ਵਿੱਚ ਕੁਝ ਨਹੀਂ ਰਹਿੰਦੀ ਜੋ ਕੁਝ ਮੀਡੀਆ ਤੇ ਚੱਲ ਰਿਹਾ ਹੈ ਉਸ ਲਈ ਉਹੀ ਸਭ ਕੁਝ ਸੱਚ ਹੈ। ਉਹ ਉਸੇ ਤੇ ਅੱਖਾਂ ਮੀਚ ਕੇ ਵਿਸ਼ਵਾਸ਼ ਕਰ ਰਿਹਾ ਹੈ। ਸਾਡੇ ਮੱਥਿਆਂ ਵਿੱਚ ਨਾਕਾਰਾਤਮਕ ਊਰਜਾ ਭਰੀ ਪਈ ਹੈ। ਸਾਨੂੰ ਰਿਸ਼ਤਿਆਂ ਦੀ ਪਰਿਭਾਸ਼ਾ ਸਮਝਣ ਲਈ ਵੀ ਟੀ.ਵੀ.ਲਾਉਣਾ ਪੈਂਦਾ ਹੈ। ਹੱਸਣ ਲਈ ਵੀ ਟੀ.ਵੀ.ਲਾਉਣਾ ਪੈਂਦਾ ਹੈ। ਸ਼ਾਂਤੀ ਕਿਵੇਂ ਮਿਲੇ ਇਸ ਲਈ ਬਾਬਿਆਂ ਦਾ ਚੈਨਲ ਲਾਉਣਾ ਪੈਂਦਾ ਹੈ। ਕੋਈ ਸਮਾਂ ਸੀ ਜਦੋਂ ਸਾਹਿਤ ਤੇ ਸਭਿਆਚਾਰ ਨਾਲ ਲਬਰੇਜ਼ ਲੜੀਵਾਰ ਦਿਖਾਏ ਜਾਂਦੇ ਸਨ ਤੇ ਵਿਅਕਤੀ ਆਪਣੇ ਪਰਿਵਾਰ ਨਾਲ ਬੈਠ ਕੇ ਪ੍ਰੋਗਰਾਮ ਦਾ ਅਨੰਦ ਲੈਂਦਾ ਸੀ। ਹੁਣ ਮਨੋਰੰਜਨ ਵਾਲੇ ਪ੍ਰੋਗਰਾਮ ਅਸ਼ਲੀਲਤਾ, ਸਾਜਿਸ਼ਾਂ, ਨਫਰਤ, ਹਿੰਸਾ, ਵਹਿਮਾਂ-ਭਰਮਾਂ ਤੋਂ ਮੁਕਤ ਨਹੀਂ ਹੁੰਦੇ। ਇਹਨਾਂ ਸੀਰੀਅਲਾਂ ਨੇ ਔਰਤਾਂ ਨੂੰ ਫੈਸ਼ਨ ਤੱਕ ਸੀਮਿਤ ਕਰ ਦਿੱਤਾ ਹੈ। ਸਾਡੇ ਬੱਚੇ ਕਾਰਟੂਨਾਂ ਤੱਕ ਸੀਮਤ ਹੋ ਗਏ ਹਨ। ਬਜ਼ੁਰਗ ਅਗਲੇ ਜਨਮ ਨੂੰ ਸੁਧਾਰਨ ਦੇ ਉਪਾਵਾਂ ਵਿੱਚ ਲਾ ਦਿੱਤੇ ਗਏ ਹਨ। ਅੱਧੇ ਤੋਂ ਵੱਧ ਆਬਾਦੀ ਸਵੇਰੇ ਰਾਸ਼ੀਫਲ ਸੁਣ ਕੇ ਆਪਣੇ ਕੰਮ ਸ਼ੁਰੂ ਕਰਦੀ ਹੈ। ਨੌਜਵਾਨਾਂ ਨੂੰ ਮਨਮਰਜ਼ੀ ਦੇ ਗੀਤਾਂ ਉੱਪਰ ਨਚਾਇਆ ਜਾ ਰਿਹਾ ਹੈ। ਮਨੁੱਖ ਹੋਣ ਦਾ ਮਤਲਬ ਹੈ ਕਿ ਸਾਡੇ ਕੋਲ ਦਿਮਾਗ ਹੈ।ਅਸੀਂ ਸੋਚ ਸਕਦੇ ਹਾਂ। ਅਸੀਂ ਪ੍ਰਸ਼ਨ ਕਰ ਸਕਦੇ ਹਾਂ। ਇਹੀ ਗੁਣ ਸਾਨੂੰ ਜਾਨਵਰਾਂ ਤੋਂ ਅਲੱਗ ਕਰਦਾ ਹੈ। ਕੁਦਰਤ ਦਾ ਇੱਕ ਖਾਸ ਜੀਵ ਬਣਾਉਂਦਾ ਹੈ। ਮੀਡੀਆ ਜੋ ਪਰੋਸ ਕੇ ਦੇ ਰਿਹਾ ਉਸੇ ‘ਤੇ ਵਿਸ਼ਵਾਸ਼ ਕਰ ਰਹੇ ਹਾਂ। ਇਸ ਵੇਲੇ ਮੀਡੀਆ ਤਾਕਤਵਰ ਹੱਥਾਂ ਵਿੱਚ ਖੇਡ ਰਿਹਾ ਹੈ।ਚੰਗੇ ਤੇ ਫਰਜ਼ ਅਦਾਇਗੀ ਵਾਲੇ ਪੱਤਰਕਾਰਾਂ ਤੇ ਹੁੰਦੇ ਹਮਲਿਆਂ ਕਾਰਨ ਡਰ ਦੇ ਸਾਏ ਹੇਠ ਵੀ ਰਹਿੰਦਾ ਹੈ। ਇਸ ਨੂੰ ਨਾ ਕੋਈ ਸਮਾਜ ਤੇ ਪੈਂਦੇ ਪ੍ਰਭਾਵ ਦਾ ਫਿਕਰ ਹੈ ਤੇ ਨਾ ਆਪਣੇ ਵੱਕਾਰ ਦੀ ਚਿੰਤਾ। ਮੀਡੀਆ ਤੇ ਮੰਡੀ ਇੱਕ ਹੋ ਗਏ ਹਨ। ਕਿਸੇ ਵੀ ਘਟਨਾ ਤੇ ਵਰਤਾਰੇ ਨੂੰ ਉਸਦੇ ਸਹੀ ਰੂਪ ਵਿੱਚ ਦਿਖਾਇਆ ਹੀ ਨਹੀਂ ਜਾਂਦਾ। ਸਿਰਫ ਤੇ ਸਿਰਫ ਟੀ.ਆਰ.ਪੀ ਨੂੰ ਧਿਆਨ ਵਿੱਚ ਰੱਖ ਕੇ ਉਸਦਾ ਨਾਟਕੀਕਰਨ ਕਰਕੇ ਚਟਪਟੇ ਸੰਵਾਂਦਾਂ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਇਹਨੀਂ ਦਿਨੀਂ ਧਰਤੀ ਵਿੱਚੋਂ ਘਟ ਰਿਹਾ ਪਾਣੀ ਤੇ ਦੂਸ਼ਿਤ ਵਾਤਾਵਰਨ ਸਾਡੀ ਸਭ ਤੋਂ ਗੰਭੀਰ ਸਮੱਸਿਆ ਬਣੀ ਹੋਈ ਹੈ। ਇਸ ਲਈ ਜ਼ਿੰਮੇਵਾਰ ਕਾਰਕਾਂ ਤੇ ਮੀਡੀਆ ਕਿੰਨਾ ਕੁ ਸਮਾਂ ਦੇ ਰਿਹਾ ਹੈ?ਜਨ ਸਧਾਰਨ ਨੂੰ ਕਿੰਨਾ ਕੁ ਸੁਚੇਤ ਕਰ ਰਿਹਾ ਹੈ। ਸਰਕਾਰਾਂ ਨੂੰ ਕਿੰਨੇ ਕੁ ਸੁਆਲ ਕਰ ਰਿਹਾ ਹੈ?ਸਾਹਿਤ, ਬੋਲੀ, ਸਭਿਆਚਾਰ,ਸਮਾਜਿਕ ਨਾ-ਬਰਾਬਰੀ, ਅਨਪੜਤਾ, ਭੁੱਖਮਰੀ, ਨਸ਼ਾਖੋਰੀ, ਵਾਤਾਵਰਨ ਪ੍ਰਦੂਸ਼ਣ, ਧਰਮ ਦੇ ਨਾਂ ਤੇ ਹੋ ਰਹੇ ਜ਼ੁਲਮ, ਬਲਾਤਕਾਰ, ਬੱਚਿਆਂ ਤੇ ਹੋ ਰਹੇ ਜ਼ੁਲਮ ਆਦਿ ਸਮੱਸਿਆਵਾਂ ਨੂੰ ਉਜਾਗਰ ਕਰਨ ਵਾਲੇ ਪ੍ਰੋਗਰਾਮ ਗਾਇਬ ਹੁੰਦੇ ਜਾ ਰਹੇ ਹਨ। ਦਰਅਸਲ ਭੁੱਖਮਰੀ ਅਤੇ ਰਾਜਨੀਤੀ ਵਿੱਚ ਉਲਝੇ ਲੋਕ ਆਪਣੇ ਫਰਜ਼ਾਂ ਤੇ ਆਪਣੇ ਹੱਕਾਂ ਬਾਰੇ ਜਾਗਰੂਕ ਨਹੀਂ ਹੋ ਸਕਦੇ।

Comments are closed.

COMING SOON .....


Scroll To Top
11