Tuesday , 18 June 2019
Breaking News
You are here: Home » PUNJAB NEWS » ‘ਆਪ’ ਆਗੂ ਖਹਿਰਾ ਵੱਲੋਂ ਰਾਇਸ਼ੁਮਾਰੀ-2020 ਦੇ ਸਮਰਥਨ ਨਾਲ ਸਿਆਸੀ ਘਮਸਾਨ

‘ਆਪ’ ਆਗੂ ਖਹਿਰਾ ਵੱਲੋਂ ਰਾਇਸ਼ੁਮਾਰੀ-2020 ਦੇ ਸਮਰਥਨ ਨਾਲ ਸਿਆਸੀ ਘਮਸਾਨ

ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਤੋਂ ਮੰਗਿਆ ਸਪਸ਼ਟੀਕਰਨ

ਚੰਡੀਗੜ੍ਹ, 16 ਜੂਨ- ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ. ਸੁਖਪਾਲ ਸਿੰਘ ਖਹਿਰਾ ਵੱਲੋਂ ਸਿੱਖ ਰਿਫਰੈਂਡਮ-2020 ਦੀ ਹਮਾਇਤ ਕਰਨ ਤੋਂ ਬਾਅਦ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਵੱਡਾ ਵਿਵਾਦ ਛਿੜ ਗਿਆ ਹੈ। ਹੁਕਮਰਾਨ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਲਈ ਸ. ਖਹਿਰਾ ਦੀ ਕਰੜੀ ਨਿੰਦਾ ਕੀਤੀ ਜਾ ਰਹੀ ਹੈ। ਉਥੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਖਾਲਿਸਤਾਨ ਬਣਾਉਣ ਵਾਸਤੇ ਸਿੱਖ ਗਰਮਖ਼ਿਆਲੀਆਂ ਦੁਆਰਾ ਪੇਸ਼ ਕੀਤੀ ਵੱਖਵਾਦੀ ਸਿੱਖ ਰਾਇਸ਼ੁਮਾਰੀ 2020 ਦਾ ਸਮਰਥਨ ਕਰਨ ਲਈ ਤਿੱਖੀ ਆਲੋਚਣਾ ਕਰਦਿਆਂ ਇਸ ਸਬੰਧ ਵਿੱਚ ‘ਆਪ’ ਦੇ ਮੁਖੀ ਸ੍ਰੀ ਅਰਵਿੰਦ ਕੇਜਰੀਵਾਲ ਤੋਂ ਸਪੱਸ਼ਟੀਕਰਨ ਮੰਗਿਆ ਹੈ।
ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਖਹਿਰਾ ਦੇ ਇਸ ਬਿਆਨ ਨੂੰ ਮੰਦਭਾਗਾ ਆਖਦੇ ਹੋਏ ਇਸ ਨੂੰ ਰਾਇਸ਼ੁਮਾਰੀ ਦੇ ਹੱਕ ਵਿੱਚ ਦੱਸਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦਾ ਆਗੂ ਪੰਜਾਬ ਦੇ ਇਤਿਹਾਸ ਬਾਰੇ ਕੋਈ ਵੀ ਸਮਝ ਰੱਖਣ ਤੋਂ ਬਿਨਾਂ ਇਸ ਤਰ੍ਹਾਂ ਦੀ ਵਿਲੱਖਣ ਅਤੇ ਨਾਟਕੀ ਸਿਆਸਤ ਵਿਚ ਲਿਪਤ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਖਹਿਰਾ ਆਪਣੇ ਇਸ ਬਿਆਨ ਜਾਂ ਕਾਰਵਾਈ ਦੇ ਸੰਭਵੀ ਸਿੱਟਿਆਂ ਨੂੰ ਮਹਿਸੂਸ ਨਹੀਂ ਕਰ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਇੱਥੋਂ ਦੇ ਲੋਕਾਂ ਨੇ ਵੱਖਵਾਦੀ ਲਹਿਰ ਦੌਰਾਨ ਸਾਲਾਂ ਬੱਧੀ ਵੱਡਾ ਸੰਤਾਪ ਝੱਲਿਆ ਹੈ ਅਤੇ ਖਹਿਰਾ ਇਸ ਤੋਂ ਪੂਰੀ ਤਰ੍ਹਾ ਬੇਸਮਝ ਲਗਦਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਇਸਦਾ ਕੋਈ ਅਨੁਮਾਨ ਨਹੀਂ ਹੈ ਕਿ ਉਸ ਦਾ ਬਿਆਨ ਸੂਬੇ ਨੂੰ ਕੀ ਖਤਰਾ ਪੈਦਾ ਕਰ ਸਕਦਾ ਹੈ।
ਮੁੱਖ ਮੰਤਰੀ ਨੇ ਖਹਿਰਾ ਦੇ ਉਸ ਪਾਖੰਡੀ ਦਾਅਵੇ ਨੂੰ ਰੱਦ ਕੀਤਾ ਹੈ ਜਿਸ ਵਿਚ ਉਸ ਨੇ ਕਿਹਾ ਸੀ ਕਿ ਉਹ ਇਸ ਰਾਇਸ਼ੁਮਾਰੀ ਦਾ ਸਮਰਥਨ ਕਰਦਾ ਹੋਇਆ ਭਾਰਤ ਦੀ ਅਖੰਡਤਾ ਦੇ ਹੱਕ ਵਿੱਚ ਖੜਾ ਹੈ। ਉਨ੍ਹਾਂ ਨੇ ਖਹਿਰਾ ਵੱਲੋਂ ਇਸ ਦੋਵੇਂ ਪਾਸੇ ਲਾਈ ਦੌੜ ਨੂੰ ਇਕ ਵਿਲੱਖਣ ਕੇਸ ਦੱਸਿਆ। ਉਨ੍ਹਾਂ ਕਿਹਾ ਕਿ ਵਿਵਾਦਪੂਰਨ ਰਾਇਸ਼ੁਮਾਰੀ ਦਾ ਸਮਰਥਨ ਕਰਨ ਵਾਲਾ ਹਰ ਕੋਈ ਸਪਸ਼ਟ ਤੌਰ ’ਤੇ ਭਾਰਤ ਦੀ ਸਦਭਾਵਨਾ ਨੂੰ ਢਾਹ ਲਾ ਰਿਹਾ ਹੈ ਅਤੇ ਉਹ ਕਿਸੇ ਵੀ ਸੂਰਤ ਵਿੱਚ ਦੇਸ਼ ਦੇ ਏਕੇ ਦਾ ਸਮਰਥਕ ਨਹੀਂ ਹੋ ਸਕਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖਹਿਰੇ ਦੇ ਇਸ ਸੁਝਾਅ ਤੋਂ ਪਤਾ ਲਗਦਾ ਹੈ ਕਿ ਉਹ ਭਾਰਤ ਦੇ ਵਿਭਾਜਨ ਦੇ ਹੱਕ ਵਿੱਚ ਹੈ। ਮੁੱਖ ਮੰਤਰੀ ਨੇ ਇਹ ਜਾਨਣਾ ਚਾਹਿਆ ਕਿ ਖਹਿਰੇ ਦੇ ਇਸ ਬਿਆਨ ਨੂੰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਇਸ ਦੇ ਆਗੂ ਅਰਵਿੰਦ ਕੇਜਰੀਵਾਲ ਵੱਲੋਂ ਸਮਰਥਨ ਹਾਸਲ ਹੈ ਜਾਂ ਉਹ ਕੇਵਲ ਬੇਧਿਆਨੀ ਜਾਂ ਆਪਣੇ ਕੁੱਝ ਸੌੜੇ ਨਿੱਜੀ ਹਿੱਤਾਂ ਨੂੰ ਬੜ੍ਹਾਵਾ ਦੇਨ ਲਈ ਅਜਿਹੇ ਬਿਆਨ ਦਾਗ ਰਿਹਾ ਹੈ। ਇਹ ਤੱਥ ਬਹੁਤ ਮਹੱਤਵਪੂਰਨ ਹੈ ਕਿ ਖੁਦ ਕੇਜਰੀਵਾਲ ਵੀ ਪਿਛਲੇ ਸਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਦੌਰਾਨ ਆਪਣੀ ਚੋਣ ਮੁਹਿੰਮ ਵੇਲੇ ਖਾਲਿਸਤਾਨੀ ਪੱਖੀਆਂ ਨਾਲ ਮੇਲਜੋਲ ਰੱਖਦਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਇਸ ਨਾਜ਼ੁਕ ਅਤੇ ਵਿਸਫੋਟਕ ਮੁੱਦੇ ’ਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਜੋ ਭਾਰਤ ਦੀ ਸ਼ਾਂਤੀ ਨੂੰ ਤਬਾਹ ਕਰ ਸਕਦਾ ਹੈ ਅਤੇ ਪੰਜਾਬ ਨੂੰ ਅੱਤਵਾਦ ਦੇ ਕਾਲੇ ਦੌਰ ਵਿੱਚ ਧੱਕ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਜਾਣਨਾ ਚਾਹਿਆ ਕਿ ਕੇਜਰੀਵਾਲ ਅਤੇ ਉਸ ਦੇ ਪਾਰਟੀ ਸਾਥੀ ਭਾਰਤੀ ਸਵਿਧਾਨ ਨੂੰ ਬਣਾਈ ਰੱਖਣ ਅਤੇ ਸ਼ਾਂਤੀ ਲਈ ਪਹਿਰਾ ਦੇਣ ਦੇ ਹੱਕ ਵਿੱਚ ਹਨ ਜਾਂ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਤੇ ਉਹ ਨਿੱਜੀ ਤੌਰ ’ਤੇ ਸਾਰੇ ਭਾਈਚਾਰਿਆਂ ਲਈ ਬਿਨਾਂ ਕਿਸੇ ਭੇਦਭਾਵ ਤੋਂ ਨਿਆਂ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਮੇਸ਼ਾ ਹੀ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਿਆ ਹੈ ਅਤੇ ਉਹ ਕਿਸੇ ਵੀ ਲਾਗਤ ‘ਤੇ ਇਸ ਨੂੰ ਹਮੇਸ਼ਾਂ ਹੀ ਬਣਾਈ ਰੱਖੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਮਹੂਰੀ ਤੌਰ ’ਤੇ ਚੁਣੀ ਹੋਈ ਇਕ ਸਰਕਾਰ ਦਾ ਲੀਡਰ ਹੋਣ ਦੇ ਨਾਤੇ ਉਹ ਸੂਬੇ ਦੇ ਸਾਰੇ ਨਾਗਰਿਕਾਂ ਦੇ ਮਾਨਵੀ ਅਧਿਕਾਰਾਂ ਨੂੰ ਯਕੀਨੀ ਬਣਾਉਣ ਵਾਸਤੇ ਵਚਨਬੱਧ ਹਨ ਅਤੇ ਇਨ੍ਹਾਂ ਦੀ ਕਿਸੇ ਵੀ ਸੂਰਤ ਵਿੱਚ ਉ¦ਘਣਾ ਨਹੀਂ ਹੋਣ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦੇਣਗੇ ਅਤੇ ਨਾ ਹੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਢਾਹ ਲਾਉਣ ਦੇ ਕਿਸੇ ਵੀ ਤਰ੍ਹਾਂ ਦੇ ਯਤਨਾਂ ਨੂੰ ਸਫਲ ਹੋਣ ਦੇਣਗੇ।

Comments are closed.

COMING SOON .....


Scroll To Top
11