Tuesday , 19 November 2019
Breaking News
You are here: Home » Editororial Page » ਆਪਣਿਆਂ ਤੋਂ ਸਹਾਰਾ ਲੋਚਦੀ ਮਾਂ-ਬੋਲੀ ਪੰਜਾਬੀ

ਆਪਣਿਆਂ ਤੋਂ ਸਹਾਰਾ ਲੋਚਦੀ ਮਾਂ-ਬੋਲੀ ਪੰਜਾਬੀ

ਮਾਂ ਬੋਲੀ ਜੋ ਇੱਕ ਬੱਚੇ ਨੂੰ ਆਪਣੀ ਮਾਂ ਦੇ ਦੁੱਧ ਨਾਲ ਹੀ ਵਿਰਸੇ ਵਿੱਚ ਮਿਲਦੀ ਹੈ । ਮਾਂ – ਬੋਲੀ ਦੇ ਜੇ ਸ਼ਬਦੀ ਅਰਥ ਕਰੀਏ ਤਾਂ ਉਹ ਬੋਲੀ ਜੋ ਅਸੀ ਆਪਣੀ ਮਾਂ ਤੋਂ ਗ੍ਰਹਿਣ ਕਰਦੇ ਹਾਂ ਉਹ ਸਾਡੀ ਮਾਂ – ਬੋਲੀ ਹੁੰਦੀ ਹੈ । ਮਾਂ – ਬੋਲੀ ਨੂੰ ਸਿੱਖਣ ਲਈ ਸਾਨੂੰ ਕੋਈ ਖਾਸ ਕੋਸ਼ਿਸ਼ ਨਹੀ ਕਰਨੀ ਪੈਂਦੀ ਕਿਉਂਕਿ ਇਹ ਤਾਂ ਸਾਡੇ ਅੰਦਰ ਧੜਕਦੇ ਦਿਲ ਦੀ ਬੋਲੀ ਹੈ । ਮਾਂ – ਬੋਲੀ ਵਿੱਚ ਹੀ ਬੱਚੇ ਨੂੰ ਗੁੜ੍ਹਤੀ ਦਿੱਤੀ ਜਾਂਦੀ ਹੈ , ਲੋਰੀਆਂ ਸੁਣਾਈਆਂ ਜਾਂਦੀਆਂ ਹਨ । ਮਾਂ – ਬੋਲੀ ਕਾਰਨ ਹੀ ਬੱਚੇ ਤੇ ਮਾਂ ਵਿਚਕਾਰ ਭਵਨਾਤਮਕ ਰਿਸ਼ਤਾ ਪਨਪਦਾ ਹੈ । ਮਾਂ – ਬੋਲੀ ਰਾਹੀਂ ਬੱਚੇ ਦਾ ਮਾਨਸਿਕ ਵਿਕਾਸ ਹੁੰਦਾ ਹੈ । ਵਿਦਵਾਨ ਇਸ ਗੱਲ ਨੂੰ ਮੰਨਦੇ ਹਨ ਕਿ ਵਿਅਕਤੀ ਜਿੰਨੀਆਂ ਮਰਜੀ ਭਾਸ਼ਾਵਾਂ ਸਿੱਖ ਲਵੇ ਪਰ ਉਹ ਸੋਚਦਾ ਹਮੇਸ਼ਾ ਆਪਣੀ ਮਾਤ ਭਾਸ਼ਾ ਵਿੱਚ ਹੈ ।
ਮਾਂ – ਬੋਲੀ ਅਸਲ ਵਿੱਚ ਇੱਕ ਖਿੱਤੇ , ਇੱਕ ਸੂਬੇ ਦੇ ਲੋਕਾਂ ਨੂੰ ਪਿਆਰ ਦੀਆਂ ਤੰਦਾਂ ਵਿੱਚ ਪਰੋਏ ਰੱਖਣ ਵਾਲੀ ਬੋਲੀ ਹੁੰਦੀ ਹੈ ਜਿਸ ਵਿੱਚ ਉਨ੍ਹਾਂ ਦੇ ਦੁੱਖ – ਸੁੱਖ , ਤੰਗੀਆਂ – ਤੁਰਛੀਆਂ ਸਭ ਕੁਝ ਸਾਂਝਾ ਹੁੰਦਾ ਹੈ । ਹਰ ਸੂਬੇ ਦੀ ਆਪਣੀ ਬੋਲੀ ਹੈ । ਗੁਜਰਾਤ ਵਿੱਚ ਰਹਿਣ ਵਾਲਿਆਂ ਦੀ ਗੁਜਰਾਤੀ , ਮਹਾਰਾਸ਼ਟਰ ਵਿੱਚ ਰਹਿਣ ਵਾਲਿਆਂ ਦੀ ਮਰਾਠੀ , ਪੱਛਮੀ ਬੰਗਾਲ ਵਿੱਚ ਰਹਿਣ ਵਾਲਿਆਂ ਦੀ ਬੰਗਾਲੀ ।ਇਸੇ ਤਰ੍ਹਾਂ ਪੰਜਾਬ ਵਿੱਚ ਰਹਿਣ ਵਾਲਿਆਂ ਦੀ ਮਾਂ – ਬੋਲੀ ਪੰਜਾਬੀ ਹੈ । ਇਸ ਮਾਂ – ਬੋਲੀ ਪੰਜਾਬੀ ਨੇ ਸਾਨੂੰ ਦੁਨੀਆਂ ਦੇ ਹਰ ਕੋਨੇ ਵਿੱਚ ਮਾਣ ਦਿਵਾਇਆ ਹੈ । ਇਸ ਬਾਰੇ ਪ੍ਰਿੰਸੀਪਲ ਤੇਜਾ ਸਿੰਘ ਨੇ ਲਿਖਿਆ ਹੈ , ‘ਮਾਂ – ਬੋਲੀ ਅਜਿਹੀ ਬੋਲੀ ਹੈ ਜੋ ਮਨੁੱਖ ਨੂੰ ਮਾਂ ਤੋਂ ਕੁੱਖ ਵਿੱਚ ਅਤੇ ਪਿਉ ਤੋਂ ਗੁੜ੍ਹਤੀ ਵਿੱਚ ਮਿਲਦੀ ਹੈ ਤੇ ਕੁੱਖ ਤੋਂ ਕਬਰ ਤੱਕ ਇੱਕ ਪਰਛਾਵੇਂ ਵਾਂਗ ਮਨੁੱਖ ਦੇ ਨਾਲ – ਨਾਲ ਰਹਿੰਦੀ ਹੈ ।
ਕੁਝ ਦਿਨ ਪਹਿਲਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਦੀ ਦਿਵਸ ਮੌਕੇ ‘ਇਕ ਰਾਸ਼ਟਰ ਇਕ ਭਾਸ਼ਾ’ ਦੀ ਗੱਲ ਕੀਤੀ ਤਾਂ ਸਾਰੇ ਪੰਜਾਬੀਆਂ ਨੇ ਇਸ ਬਿਆਨ ਦੀ ਵਿਰੋਧਤਾ ਕੀਤੀ । ਇਹ ਵਿਰੋਧਤਾ ਸਹੀ ਵੀ ਹੈ ਕਿਉਂਕਿ ਭਾਰਤ ਭਿੰਨਤਾਵਾਂ ਵਾਲਾ ਦੇਸ਼ ਹੈ ਇਥੇ ਹਰ ਧਰਮ , ਹਰ ਜਾਤ , ਹਰ ਭਾਸ਼ਾ ਦੇ ਲੋਕ ਰਹਿੰਦੇ ਹਨ ।ਇਸ ਲਈ ‘ਇਕ ਰਾਸ਼ਟਰ ਇਕ ਭਾਸ਼ਾ’ ਸੰਭਵ ਨਹੀ ਹੈ । ਪਰ ਜੇ ਗੱਲ ਕਰੀਏ ਪੰਜਾਬੀ ਮਾਂ – ਬੋਲੀ ਦੀ ਤਾਂ ਪੰਜਾਬੀ ਦਾ ਗੜ੍ਹ ਪੰਜਾਬ ਹੈ । ਪੰਜਾਬ ਅੰਦਰ ਮਾਂ – ਬੋਲੀ ਦੀਆਂ ਜੜ੍ਹਾਂ ਹਨ ਪਰ ਇਹ ਜੜ੍ਹਾਂ ਤਾਂ ਪੰਜਾਬ ਅੰਦਰ ਹੀ ਖੋਖਲੀਆਂ ਹੋ ਰਹੀਆਂ ਹਨ । ਜੇ ਪੰਜਾਬੀ ਮਾਂ – ਬੋਲੀ ਦੀ ਵਰਤਮਾਨ ਹਾਲਤ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਸਾਡੀ ਮਾਂ – ਬੋਲੀ ਅੱਜ ਆਪਣੇ ਘਰ ਤੋਂ ਹੀ ਬੇਘਰ ਹੋ ਚੁੱਕੀ ਹੈ ।ਜਦੋਂ ਬੇਗਾਨਿਆਂ ਨੇ ਸਾਡੀ ਮਾਂ – ਬੋਲੀ ਦਾ ਨਿਰਾਦਰ ਕੀਤਾ ਤਾਂ ਸਾਨੂੰ ਤਕਲੀਫ ਹੋਈ ਪਰ ਸਾਡੇ ਆਪਣੇ ਘਰਾਂ ਵਿੱਚ ਤਾਂ ਰੋਜ ਸਾਡੀ ਮਾਂ – ਬੋਲੀ ਦਾ ਨਿਰਾਦਰ ਹੁੰਦਾ ਹੈ ।
ਆਧੁਨਿਕਤਾ ਨੇ ਪੰਜਾਬੀਆਂ ਨੂੰ ਇੰਨਾ ਭਰਮਾਇਆ ਹੈ ਕਿ ਅੱਜ ਪੰਜਾਬੀ ਬੋਲਣਾ ਅਨਪੜ੍ਹਤਾ ਦੀ ਨਿਸ਼ਾਨੀ ਸਮਝੀ ਜਾਂਦੀ ਹੈ । ਕਿਸੇ ਵੀ ਸਕੂਲ , ਕਾਲਜ , ਦਫਤਰ ਵਿੱਚ ਚਲੇ ਜਾਉ , ਹਰ ਜਗ੍ਹਾ ਹਿੰਦੀ ਜਾਂ ਅੰਗਰੇਜੀ ਬੋਲਣ ਨੂੰ ਤਰਜੀਹ ਦਿੱਤੀ ਜਾਂਦੀ ਹੈ ।ਪੰਜਾਬ ਦੇ ਸਰਕਾਰੀ ਸਕੂਲਾਂ ਦੀ ਜੇ ਗੱਲ ਕਰੀਏ ਜਿੱਥੇ ਪੰਜਾਬੀ ਮਾਧਿਅਮ ਰਾਹੀਂ ਪੜ੍ਹਾਈ ਹੁੰਦੀ ਹੈ ,ਉਥੇ ਸਾਡੇ ਬੱਚੇ ਪੜ੍ਹਨਾ ਨਹੀ ਚਾਹੁੰਦੇ ਜਾਂ ਮਾਪੇ ਪੜ੍ਹਾਉਣਾ ਹੀ ਨਹੀ ਚਾਹੁੰਦੇ ਕਿਉਂਕਿ ਪ੍ਰਾਈਵੇਟ ਸਕੂਲਾਂ ਵਿੱਚ ਅੰਗਰੇਜੀ ਮਾਧਿਅਮ ਰਾਹੀਂ ਪੜ੍ਹਾਉਣਾ ਸਾਡਾ ਸਟੇਟਸ ਸਿੰਬਲ ਬਣ ਚੁੱਕਾ ਹੈ । ਅਸੀ ਪੰਜਾਬੀਆਂ ਨੇ ਕੀ ਕਦੇ ਇਹ ਸੋਚਿਆ ਹੈ ਕਿ ਥਾਂ – ਥਾਂ ‘ਤੇ ‘ਪੰਜਾਬੀ ਪੜ੍ਹੋ , ਬੋਲੋ , ਲਿਖੋ’ ਦੇ ਬੋਰਡ ਲਾਉਣ ਦੀ ਸਾਨੂੰ ਕਿਉਂ ਲੋੜ ਪਈ ਕਿਉਂਕਿ ਇਹ ਸੱਚ ਹੈ ਕਿ ਸਾਡੀ ਮਾਂ – ਬੋਲੀ ਅੱਜ ਆਪਣੇ ਘਰ ਤੋਂ ਹੀ ਬੇਘਰ ਹੋ ਚੁੱਕੀ ਹੈ ਅਤੇ ਆਪਣਿਆਂ ਤੋਂ ਸਹਾਰਾ ਲੋਚਦੀ ਹੈ।
ਪੰਜਾਬ ਦੇ ਕਿੰਨੇ ਘਰ ਹਨ ਜਿੱਥੇ ਬੱਚਿਆਂ ਨੂੰ ਮਾਂ – ਬੋਲੀ ਨਾਲ ਜੋੜਨ ਲਈ ਦਾਦੀ – ਨਾਨੀ ਕਹਾਣੀਆਂ ਸੁਣਾਉਂਦੀ ਹੋਵੇ , ਬੁਝਾਰਤਾਂ ਪਾਉਂਦੀ ਹੋਵੇ ਜਾਂ ਬੱਚਿਆਂ ਨੂੰ ਵੀਰ ਗਾਥਾਵਾਂ ਸੁਣਾਈਆਂ ਜਾਂਦੀਆਂ ਹੋਣ । ਨੌਜਵਾਨ ਬੱਚੇ ਆਪਣੇ ਪੰਜਾਬੀ ਸਾਹਿਤ ਤੋਂ ਬਿਲਕੁਲ ਅਣਜਾਣ ਹਨ । ਸਾਡੇ ਬੱਚੇ ਅੰਗਰੇਜੀ ਸਕੂਲਾਂ ਵਿੱਚ ਪੜ੍ਹ ਰਹੇ ਹਨ ਜਿੱਥੇ ਉਨ੍ਹਾਂ ਲਈ ਅੰਗਰੇਜੀ , ਸਾਇੰਸ , ਹਿਸਾਬ ਆਦਿ ਵਿਸ਼ੇ ਪਾਸ ਕਰਨਾ ਤਾਂ ਜਰੂਰੀ ਹੁੰਦਾ ਹੈ ਪਰ ਆਪਣੀ ਮਾਂ – ਬੋਲੀ ਨੂੰ ਕੋਈ ਮਹੱਤਵ ਨਹੀ ਦਿੱਤਾ ਜਾਂਦਾ । ਅੱਜ ਅਸੀ ਕਿਸੇ ਵੀ ਅੰਗਰੇਜੀ ਸਕੂਲ ਦੇ ਬੱਚੇ ਨੂੰ ਪੁੱਛ ਲਈਏ ਤਾਂ ਉਸ ਨੂੰ À ਅ Â ਤੱਕ ਦਾ ਗਿਆਨ ਨਹੀ ਹੁੰਦਾ । ਉਹ ਬੱਚੇ ਨਾ ਪੰਜਾਬੀ ਸਹੀ ਪੜ੍ਹ ਸਕਦੇ ਹਨ ਅਤੇ ਨਾ ਹੀ ਲਿਖ ਸਕਦੇ ਹਨ ਫਿਰ ਅਸੀ ਅਜਿਹੇ ਭਵਿੱਖ ਤੋਂ ਮਾਂ – ਬੋਲੀ ਦੀ ਸੇਵਾ ਦੀ ਕੀ ਆਸ ਰੱਖ ਸਕਦੇ ਹਾਂ ।
ਅਸਲ ਵਿੱਚ ਅਸੀ ਖੁਦ ਆਪਣੀ ਮਾਂ – ਬੋਲੀ ਦੀ ਮਹੱਤਤਾ ਤੋਂ ਜਾਣੂ ਨਹੀ ਹਾਂ । ਸਾਨੂੰ ਖੁਦ ਨੂੰ ਪੰਜਾਬੀ ਭਾਸ਼ਾ ਦੇ ਵਿਸ਼ਾਲ ਖਜਾਨੇ ‘ਤੇ ਅਮੀਰ ਸਾਹਿਤ ਦਾ ਗਿਆਨ ਨਹੀ ਹੈ । ਅੱਜ ਅੰਗਰੇਜੀ ਪੜ੍ਹਨਾ , ਬੋਲਣਾ , ਲਿਖਣਾ ਸ਼ਾਨ ਦਾ ਪ੍ਰਤੀਕ ਬਣ ਚੁੱਕਾ ਹੈ । ਇਸ ਲਈ ਸਾਰੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਸਮੇ ਦੇ ਹਾਣੀ ਬਣਨ ਪਰ ਉਹ ਇਹ ਨਹੀ ਸੋਚਦੇ ਕਿ ਉਹ ਆਪਣੀ ਮਾਂ – ਬੋਲੀ ਤੋਂ ਕਿੰਨਾ ਦੂਰ ਹੋ ਰਹੇ ਹਨ । ਇਹ ਸਹੀ ਹੈ ਕਿ ਵਿਸ਼ਵੀਕਰਨ ਦੇ ਇਸ ਯੁੱਗ ਵਿੱਚ ਅੰਗਰੇਜੀ ਦੀ ਮਹੱਤਤਾ ਵਧੀ ਹੈ ਤੇ ਇਸ ਨੂੰ ਸਿੱਖਣਾ ਵੀ ਜਰੂਰੀ ਹੈ ਪਰ ਆਪਣੀ ਮਾਂ – ਬੋਲੀ ਭੁੱਲ ਕੇ ਅੰਗਰੇਜੀ ਦਾ ਪੱਲਾ ਫੜਨਾ ਠੀਕ ਨਹੀ । ਸਾਡੀ ਇਸ ਜੱਗ ਉੱਤੇ ਪਛਾਣ ਪੰਜਾਬੀ ਹੋਣ ਕਰ ਕੇ ਹੈ ਤੇ ਫਿਰ ਕਿਉਂ ਅਸੀ ਖੁਦ ਆਪਣੀ ਪਛਾਣ ਖਤਮ ਕਰਨ ‘ਤੇ ਤੁਲੇ ਹੋਏ ਹਾਂ।
‘ਇਕ ਰਾਸ਼ਟਰ ਇਕ ਭਾਸ਼ਾ’ ਦਾ ਨਾਅਰਾ ਸਾਡੀ ਮਾਂ – ਬੋਲੀ ਦਾ ਕੁਝ ਨਹੀ ਵਿਗਾੜ ਸਕਦਾ ਜਦੋਂ ਤੱਕ ਇਹ ਮਾਂ – ਬੋਲੀ ਸਾਡੇ ਘਰਾਂ ਵਿੱਚ ਜਿਊਂਦੀ ਹੈ , ਸਾਡੇ ਹਿਰਦੇ ਵਿੱਚ ਵੱਸਦੀ ਹੈ ਪਰ ਜੇਕਰ ਇਹ ਸਾਡੇ ਦਿਲ ਅੰਦਰੋਂ ਮਰ ਗਈ ਤਾਂ ਸੱਚਮੁੱਚ ਪੰਜਾਬੀ ਨੂੰ ਕੋਈ ਨਹੀ ਬਚਾ ਸਕਦਾ । ਪੰਜਾਬੀਓ ਯਾਦ ਰੱਖੋ ਉਹ ਕੌਮ ਕਦੇ ਜਿਉਂਦੀ ਨਹੀ ਰਹਿ ਸਕਦੀ ਜੋ ਆਪਣੀ ਮਾਂ – ਬੋਲੀ ਤੋਂ ਬੇਮੁੱਖ ਹੋ ਜਾਂਦੀ ਹੈ ਅੱਜ ਲੋੜ ਹੈ ਮਾਂ – ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਇੱਕਜੁੱਟ ਹੋ ਕੇ ਪੰਜਾਬੀ ਭਾਸ਼ਾ ਦੇ ਬਚਾਓ , ਉਸਦੇ ਵਿਕਾਸ ਲਈ ਯਤਨ ਕਰਨ ਦੀ ਅਤੇ ਇਹ ਕੰਮ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਹੀ ਸ਼ੁਰੂ ਕਰਨਾ ਪਵੇਗਾ ।ਜੇਕਰ ਅਸੀ ਆਪਣੇ ਘਰਾਂ ਵਿੱਚ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਅਮੀਰ ਖਜਾਨੇ ਨਾਲ ਜੋੜਾਂਗੇ ਤਾਂ ਹੀ ਇਹ ਭਾਸ਼ਾ ਪੀੜ੍ਹੀਆਂ ਦਾ ਸਫਰ ਤੈਅ ਕਰ ਸਕੇਗੀ । ਲੋੜ ਹੈ ਪੰਜਾਬੀ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦੀ , ਆਪਣੇ ਘਰਾਂ ਵਿੱਚ ਇਸ ਮਾਂ – ਬੋਲੀ ਨੂੰ ਬਣਦਾ ਸਤਿਕਾਰ ਦੇਣ ਦੀ ਤਾਂ ਕਿ ਦੁਨੀਆਂ ਵੀ ਇਸ ਦਾ ਸਤਿਕਾਰ ਕਰੇ । ਅਸੀ ਦੂਜਿਆਂ ਤੋਂ ਇਸ ਦੇ ਸਤਿਕਾਰ ਦੀ ਆਸ ਤਦ ਹੀ ਰੱਖ ਸਕਦੇ ਹਾਂ ਜੇ ਖੁਦ ਮਾਂ – ਬੋਲੀ ਨੂੰ ਪਿਆਰ ਤੇ ਸਤਿਕਾਰ ਦੇਵਾਂਗੇ । ਅੰਤ ਵਿੱਚ ਮੈਂ ਇਹੀ ਕਹਾਂਗੀ –
ਕੁੱਖ ਤੋਂ ਸ਼ੁਰੂ ਹੋਇਆ ਹੈ ਸਫਰ ਪੰਜਾਬੀ ਨਾਲ
ਅਸੀ ਕਬਰਾਂ ਤੱਕ ਸਾਥ ਨਿਭਾਉਣਾ ਹੈ
ਸਦਾ ਵੱਸਦੀ ਰਹੇ ਪੰਜਾਬੀ ਮਾਂ – ਬੋਲੀ ਸਾਡੀ
ਅਸੀ ਕੁੱਲ ਦੁਨੀਆਂ ਵਿੱਚ ਇਸ ਨੂੰ ਰੁਸ਼ਨਾਉਣਾ ਹੈ ।
ਜਸਪ੍ਰੀਤ ਕੌਰ ਸੰਘਾ
੯੯੧੫੦- ੩੩੧੭੬

Comments are closed.

COMING SOON .....


Scroll To Top
11