Tuesday , 20 August 2019
Breaking News
You are here: Home » Editororial Page » ਆਤਮਿਕ ਵਿਗਾਸ ਦਾ ਸੋਮਾ ਸਲੋਕ ਮਹਲਾ 9ਵਾਂ

ਆਤਮਿਕ ਵਿਗਾਸ ਦਾ ਸੋਮਾ ਸਲੋਕ ਮਹਲਾ 9ਵਾਂ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਉਸ ਇਲਾਹੀ ਸੋਚ ਦਾ ਅੰਗ ਸੀ ਜਿਸ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਦੇ ਹਿਤ ਲਈ ਵਰਤਿਆ ਤੇ ਮਨੁੱਖੀ ਸਮਾਜ ਨੂੰ ਨਿਵੇਕਲੀ ਨੁਹਾਰ ਪ੍ਰਦਾਨ ਕੀਤੀ। ਜਦੋਂ ਕੋਈ ਨਵਾਂ ਸਮਾਜ ਸਿਰਜਿਆ ਜਾਂਦਾ ਹੈ, ਕੋਈ ਨਵਾਂ ਵੀਚਾਰ ਸਮਾਜ ਅੰਦਰ ਜਨਮ ਲੈਂਦਾ ਉਸ ਪਿਛੇ ਆਸ ਹੁੰਦੀ ਹੈ ਭਲੇ ਦੀ , ਸੁਖ ਦੀ , ਸੰਤੋਖ ਦੀ . ਸਮਾਜ ਤਾਂ ਹੀ ਕਿਸੇ ਸੋਚ ਨੂੰ ਪ੍ਰਵਾਨ ਕਰਦਾ ਹੈ ਜੇ ਉਹ ਵਿਉਹਾਰਕ ਤੇ ਸਚ ਨਾਲ ਜੋੜਨ ਵਾਲਾ ਹੋਵੇ। ਭਰਮ , ਭੁਲੇਖੇ ਜਿਆਦਾ ਦੇਰ ਤਕ ਟਿਕਦੇ ਨਹੀਂ। ਗੁਰਬਾਣੀ ਨਿਰਾਸ਼ , ਸਤਾਈ ਹੋਈ ਮਨੁਖਤਾ ਲਈ ਸੰਜੀਵਨੀ ਸਾਬਤ ਹੋਈ। ਗੁਰ ਸ਼ਬਦ ਦੇ ਅੰਮ੍ਰਿਤ ਨੇ ਜੀਵਨ ਜਿਉਣ ਦਾ ਚਾਅ ਪੈਦਾ ਕਰ ਦਿਤਾ। ਲੋਕਾਂ ਦੇ ਮਨ ਆਸ ਦੀ ਕਿਰਨ ਨਾਲ ਜਗਮਗ ਹੋ ਗਏ। ਮਨੁਖੀ ਕਦਰਾਂ–ਕੀਮਤਾਂ ਦੀ ਰਖਿਆ ਲਈ ਦਿਲੀ ਅੰਦਰ ਲਾਸਾਨੀ ਬਲਿਦਾਨ ਦੇਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਤੇ ਬਲਿਦਾਨ ਦੁਹਾਂ ਨੇ ਸਮਾਜ ਅੰਦਰ ਸਚ ਤੇ ਧਰਮ ਪ੍ਰਤੀ ਵਿਸ਼ਵਾਸ ਨੂੰ ਸ਼ਿਖਰ ਤਕ ਪੁਜਾਉਣ ਦਾ ਉਪਕਾਰ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਿਰਣਾਇਕ ਸ਼ਬਦ ਕਹੇ ਕਿ “ ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ “। ਮਨ ਅੰਦਰ ਜਦੋਂ ਇਹ ਭਰੋਸਾ ਦ੍ਰਿੜ੍ਹ ਹੋ ਜਾਏ ਕਿ ਕੋਈ ਵਿਘਨ ਸਚ ਦੀ ਰਾਹ ਨਹੀਂ ਰੋਕ ਸਕਦਾ ਤਾਂ ਜੀਵਨ ਮਨੋਰਥ ਪ੍ਰਾਪਤ ਕਰਣਾ ਸਹਿਲਾ ਹੋ ਜਾਂਦਾ ਹੈ। ਧਰਮ ਧਾਰਨ ਕਰਨ ਦੀ ਸਮਰਥਾ ਆਪ ਹੀ ਪਰਿਪਕ ਹੋਣ ਲਗ ਪੈਂਦੀ ਹੈ। ਰਾਹ ਆਪ ਹੀ ਖੁਲਨੀ ਸ਼ੁਰੂ ਹੋ ਜਾਂਦੀ ਹੈ। ਇਹ ਅਚਰਜ ਤਾਂ ਵਰਤਦਾ ਹੈ ਜਦੋਂ ਮਨ ਅੰਦਰ “ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੀਵਨ ਦ੍ਰਿਸ਼ਟੀ ਦਿੰਦਿਆਂ ਕਿਹਾ ਕਿ ਸਰਬ ਸਮਰਥ ਪਰਮਾਤਮਾ ਹੀ ਹਰ ਵਿਘਨ , ਹਰ ਆਪਦਾ ਤੋਂ ਉਬਾਰਨ ਵਾਲਾ ਹੈ ਤੇ ਸ਼ਰਣ ਆਏ ਦੀ ਵਿਨਤੀ ਪ੍ਰਵਾਨ ਕਰ ਦਇਆ ਕਰਨ ਵਾਲਾ ਹੈ। ਗੁਰੂ ਸਾਹਿਬ ਦੀ ਬਾਣੀ ਕਿਸੇ ਵੀ ਸ਼ੰਕਾ , ਦੁਵਿਧਾ ਦੀ ਗੁੰਜਾਇਸ਼ ਨਹੀਂ ਛਡਦੀ ਜੋ ਮਨ ਨੂੰ ਕਮਜੋਰ ਕਰਨ ਵਾਲੀ ਤੇ ਬਿਰਤੀ ਢਾਉਣ ਵਾਲੀ ਹੋਵੇ। ਗੁਰੂ ਸਾਹਿਬ ਦੇ ਵਚਨ “ ਸਭੁ ਕਿਛੁ ਹੋਤ ਉਪਾਇ “ ਦੀ ਕੋਈ ਹਦ ਨਹੀਂ ਬੰਨੀ ਜਾ ਸਕਦੀ। ਜੋ ਧਰਮ ਦੇ ਹਿਤ ਹੈ , ਮਨੁਖਤਾ ਦੇ ਹਿਤ ਹੈ , ਜੀਵਨ ਮਨੋਰਥ ਪ੍ਰਾਪਤ ਕਰਨ ‘ਚ ਸਹਾਈ ਹੈ ਉਹ ਹਰ ਬਖਸ਼ਿਸ਼ ਪਰਮਾਤਮਾ ਕੋਲੋਂ ਮਿਲਦੀ ਹੈ। ਇਹ ਤਾਂ ਪ੍ਰਫੁਲਤਾ ਪੈਦਾ ਕਰਨ ਵਾਲੀ , ਉਮੰਗ ਨੂੰ ਜਨਮ ਦੇਣ ਵਾਲੀ , ਭਾਵਨਾ ਨਾਲ ਭਰਪੂਰ ਕਰ ਦੇਣ ਵਾਲੀ ਬਾਣੀ ਹੈ । ਕਈ ਵਾਰ ਭੁਲੇਖਾ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੈਰਾਗਮਈ ਹੈ। ਬਾਣੀ ਅੰਦਰ ਮਨ ਟਿਕਾਈਆਂ ਹੀ ਭੁਲੇਖਾ ਟੁਟਦਾ ਹੈ ਤੇ ਜੀਵਨ ਆਨੰਦ ਦੇ ਦਰਸ਼ਨ ਹੁੰਦੇ ਹਨ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਚਨ ਕੀਤੇ ਕਿ ਸੰਸਾਰ ਅੰਦਰ ਸਚ ਤੇ ਧਰਮ ਹੀ ਕਾਇਮ ਰਹਿਣ ਵਾਲਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਅੰਦਰ ਨਾਮ ਦਾ ਕੌਤਕ ਪ੍ਰਕਟ ਕੀਤਾ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਚਨ ਕੀਤੇ ਕਿ ਸੰਸਾਰ ਅੰਦਰ ਨਾਮ ਤੁਲ ਕੁਝ ਨਹੀਂ “ ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ “। ਗੁਰੂ ਸਾਹਿਬ ਦੀ ਪੂਰੀ ਬਾਣੀ ਅੰਦਰ ਇਹੋ ਤਤ ਉਭਰ ਕੇ ਸਾਹਮਣੇ ਆਉਂਦਾ ਹੈ। ਨਾਮ ਨਾਲ ਜੋੜਨ ਲਈ ਗੁਰੂ ਸਾਹਿਬ ਨੇ ਨਿਰਾਲੀ ਸ਼ੈਲੀ ਅਪਣਾਈ। ਆਪ ਨੇ ਮਨੁਖੀ ਮਨ ਦੇ ਕੂੜ੍ਹ ਨੂੰ ਬਾਹਰ ਕਢਣ ਲਈ ਸੰਸਾਰ ਦੀ ਹਕੀਕਤ ਦਾ ਆਈਨਾ ਵਿਖਾਇਆ। ਮਨ ਅੰਦਰ ਕੂੜ੍ਹ ਸਾਫ਼ ਕਰ ਨਿਰਮਲ ਕਰਨ ਦਾ ਜਤਨ ਤੇ ਨਿਰਮਲ ਹੋਵੇ ਮਨ ਨੂੰ ਨਾਮ ਨਾਲ ਜੋੜਨ ਦਾ ਉਦਮ ਨਾਲੋ ਨਾਲ ਚਲਿਆ। ਸੰਸਾਰ ਦੀ ਹਕੀਕਤ ਮਨ ਨੂੰ ਡਰਾਉਣ ਲਈ ਨਹੀਂ ਪ੍ਰੇਰਨ ਲਈ ਪ੍ਰਕਟ ਹੋਈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਮਨੋਰਥ ਮਨੁਖ ਨੂੰ ਸਦਾ ਅੰਗ ਸੰਗ , ਸਹਾਈ ਪਰਮਾਤਮਾ ਨਾਲ ਜੋੜਨਾ ਸੀ। ਇਸ ਲਈ ਉਸ ਝੂਠੇ ਭਰੋਸੇ ਤੋਂ ਉਬਰਨਾ ਜਰੂਰੀ ਸੀ ਜੋ ਉਸ ਨੇ ਆਪਨੇ ਪਰਿਵਾਰ , ਧਨ ਦੌਲਤ ਤੇ ਬਣਾਇਆ ਹੋਇਆ ਸੀ। ਗੁਰੂ ਸਾਹਿਬ ਨੇ ਪਹਿਲਾਂ ਇਸ ਭਰਮ ਤੇ ਚੋਟ ਕੀਤੀ “ ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨ “। ਇਸ ਭਰਮ ਨੂੰ ਤੋੜਨ ਤੋਂ ਬਾਅਦ ਹੀ ਗੁਰੂ ਤੇਗ ਬਹਾਦਰ ਜੀ ਨੇ ਆਸ ਬੰਨੀ “ ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੋ ਨਾਥ , ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ“। ਸੰਪੂਰਣ ਗੁਰਬਾਣੀ ਦਾ ਸੁਨੇਹਾ ਹੀ ਏਕਸ ਦਾ ਹੈ। ਦੋ ਭਰੋਸੇ ਨਾਲ ਨਾਲ ਮਨ ਅੰਦਰ ਨਹੀਂ ਟਿਕ ਸਕਦੇ . ਗੁਰੂ ਸਾਹਿਬ ਨੇ ਬਾਣੀ ਅੰਦਰ ਪੂਰਾ ਜੀਵਨ ਵਿਕਾਰਾਂ , ਮਾਇਆ ਮੋਹ ਅੰਦਰ ਬਤੀਤ ਕਰਨ ਵਾਲੀਆਂ ਅੰਦਰ ਵੀ ਮੁਕਤੀ ਦੀ ਆਸ ਟੁਟਣ ਨਹੀਂ ਦਿਤੀ ਤੇ ਬਚੇ ਹੋਏ ਸਮੇਂ ਨੂੰ ਹੀ ਸੰਭਾਲ ਲੈਣ ਦੀ ਪ੍ਰੇਰਨਾ ਕੀਤੀ “ ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ। ਪੂਰਾ ਜੀਵਨ ਜਿਸ ਢੰਗ ਨਾਲ ਬਤੀਤ ਹੋਇਆ ਹੋਵੇ ਉਸ ਨੂੰ ਬਦਲਣਾ ਔਖਾ ਹੁੰਦਾ ਹੈ। ਭੁਲ ਦਾ ਅਹਿਸਾਸ ਕਰਾਉਣ ਦੀ ਲੋੜ ਹੁੰਦੀ ਹੈ “ ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ। ਭਰਮੇ ਹੋਏ , ਬੁਧਿ ਵਿਵੇਕ ਤੋਂ ਹੀਨ ਨੂੰ ਉਸ ਦੀ ਅਵਸਥਾ ਦਾ ਸਚ ਗਿਆਤ ਹੋਣ ਤੋਂ ਬਾਅਦ ਹੀ ਉਸ ਇਸ ਤੋਂ ਬਾਹਰ ਨਿਕਲ ਸਕਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਚਨ ਕੀਤੇ ਕਿ ਜਿਸ ਪਰਮਾਤਮਾ ਨੇ ਜੀਵ ਨੂੰ ਮਨੁਖ ਜੋਨੀ ਪ੍ਰਦਾਨ ਕੀਤੀ ਹੈ , ਸੰਸਾਰ ਦੇ ਸੁਖਾਂ ਨਾਲ ਨਿਵਾਜਿਆ ਹੈ , ਉਸ ਪਰਮਾਤਮਾ ਨੂੰ ਵਿਸਾਰ ਦੇਣਾ ਤੇ ਵਿਪਦਾ ਆਉਣ ਤੇ ਭੈ ਅੰਦਰ ਵਿਚਲਿਤ ਹੋਣਾ ਮਨੁਖ ਦੀ ਇਆਨਪ ਹੀ ਹੈ। ਮਨੁਖ ਤੇ ਸਿਧਾ ਸਵਾਲ ਹੈ ਕਿ ਉਹ ਸਰਬ ਸੁਖਾਂ ਦੇ ਦਾਤੇ ਦਾ ਸਿਮਰਨ ਕਿਉਂ ਨਹੀਂ ਕਰ ਰਿਹਾ “ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ। ਸਚ ਸਾਹਮਣੇ ਰਖਨ ਤੋਂ ਅਲਾਵਾ ਪ੍ਰਸ਼ਨ ਕਰਣਾ ਵੀ ਅੰਤਰ ਚੇਤਨਾ ਨੂੰ ਜਾਗ੍ਰਤ ਕਰਨ ਦੀ ਅਸਰਦਾਰ ਜੁਗਤ ਵਰਤੀ ਗਈ ਹੈ।
ਆਪਣੀ ਬਾਣੀ ਅੰਦਰ ਗੁਰੂ ਸਾਹਿਬ ਨੇ ਧਰਮੀ ਮਨੁਖ ਦੇ ਲਖਨ ਗਿਨਾਏ। ਆਪ ਨੇ ਵਚਨ ਕੀਤੇ ਕਿ ਹਰ ਜੀਵ ਅੰਦਰ ਪਰਮਾਤਮਾ ਦਾ ਵਾਸ ਹੈ। ਧਰਮੀ ਮਨੁਖ ਹਰ ਪ੍ਰਾਨੀ ਅੰਦਰ ਪਰਮਾਤਮਾ ਦਾ ਜੋਤ ਵੇਖਦਾ ਹੈ ਤੇ ਨਿੰਦਾ – ਖੁਸ਼ਾਮਦ , ਵੈਰੀ – ਮਿਤਰ ਆਦਿਕ ਦੀ ਭਾਵਨਾ ਤੋਂ ਉਬਰ ਜਾਂਦਾ ਹੈ। ਉਹ ਸੁਖ – ਦੁਖ , ਮਾਨ – ਅਪਮਾਨ ਦਾ ਕੋਈ ਵੀਚਾਰ ਨਾ ਕਰਦਿਆਂ ਸਮ ਦ੍ਰਿਸ਼ਟੀ ਤੇ ਸਹਿਜ ਧਾਰਨ ਕਰ ਲੈਂਦਾ ਹੈ . ਮਨ ਸਾਰੇ ਵਿਕਾਰਾਂ , ਮਾਇਆ ਮੋਹ ਤੋਂ ਮੁਕਤ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਮਾਇਆ ਤੋਂ ਮੁਕਤ ਅੰਦਰ ਪਰਮਾਤਮਾ ਦਾ ਪਰਗਟ ਹੋਣਾ ਵੇਖਿਆ ਤੇ ਵਿਕਾਰਨਾ ਤੋਂ ਮੁਕਤ ਮਨ ਨੂੰ ਪਰਮਾਤਮਾ ਦੇ ਦਰਸ਼ਨ ਪਾਉਣ ਦੀ ਗਵਾਹੀ ਦਿਤੀ। ਮਾਇਆ ਤੇ ਵਿਕਾਰਾਂ ਤੋਂ ਮੁਕਤ ਹੋਣ ਵਾਲੇ ਧਰਮੀ ਪੁਰਖ ਆਪ ਵੀ ਭਵਜਲ ਤੋਂ ਪਾਰ ਹੁੰਦੇ ਹਨ ਤੇ ਸਮਾਜ ਦਾ ਵੀ ਕਲਿਆਨ ਕਰਦੇ ਹਨ “ ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ। ਇਕ ਧਰਮੀ ਦਾ ਇਸ ਤੋਂ ਵਡਾ ਮਾਣ ਹੋਰ ਕੀ ਹੋ ਸਕਦਾ ਹੈ। ਜੋ ਬਾਣੀ ਧਰਮੀ ਮਨੁੱਖ – ਗੁਰਸਿਖ ਲਈ ਇੰਨੀ ਸ੍ਰੇਸ਼ਟ ਤੇ ਸਨਮਾਨ ਜੋਗ ਭਾਵਨਾ ਪ੍ਰਕਟ ਕਰ ਰਹੀ ਹੈ ਉਹ ਵਿਗਾਸ ਦੀ ਥਾਂ ਵੈਰਾਗ ਕਿਵੇਂ ਭਰ ਸਕਦੀ ਹੈ।
ਸੰਸਾਰ ਦਾ ਹਾਲ ਬਿਆਨ ਕਰਦਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਨੇ ਕਿ ਇਹ ਇਕ ਸੁਪਨਾ ਹੈ। ਅਖਾਂ ਖੁਲਦੀਆਂ ਹੀ ਸੁਪਨੇ ਦਾ ਝੂਠ ਸਾਹਮਣੇ ਆ ਜਾਂਦਾ ਹੈ। ਸੰਸਾਰ ਦਾ ਝੂਠ ਵੇਖਣ ਲਈ ਪਰਮਾਤਮਾ ਦੇ ਬਖਸ਼ੇ ਗਿਆਨ ਦੇ ਨੇਤਰ ਖੋਲਣ ਦੀ ਲੋੜ ਹੈ। ਗੁਰੂ ਸਾਹਿਬ ਨੇ ਸੰਸਾਰ ਨੂੰ ਪਾਨੀ ਦਾ ਬੁਲਬੁਲਾ ਵੀ ਕਿਹਾ ਜੋ ਬਣਦਾ, ਅਲੋਪ ਹੁੰਦਾ ਰਹਿੰਦਾ ਹੈ। ਗੁਰੂ ਸਾਹਿਬ ਦੀ ਪ੍ਰੇਰਨਾ ਨਾਸ਼ਵਾਨ ਸੰਸਾਰ ਦਾ ਮੋਹ ਤਿਆਗ ਕੇ ਅਵਿਨਾਸ਼ੀ ਪਰਮਾਤਮਾ ਵਿਚ ਲਿਵ ਲਾਉਣ ਦੀ ਹੈ “ ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ। ਜੀਵਨ ਸੁਖ ਅੰਦਰ ਜਿਉਣ ਲਈ ਹੈ। ਸੁਖ ਪਰਮਾਤਮਾ ਦੀ ਸ਼ਰਨ ’ਚ ਹੈ। ਜੋ ਪਰਮਾਤਮਾ ਤੋਂ ਦੂਰ ਤੇ ਮਾਇਆ ਦੇ ਪਸਾਰੇ ’ਚ ਫਸਿਆ ਹੋਇਆ ਹੈ ਉਹ ਤਾਂ ਦੁਖ ਸਹਿ ਰਿਹਾ ਹੈ “ ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ। ਮਾਇਆ , ਵਿਕਾਰਾਂ ਦੇ ਦਾਸ ਲੋਕਾਂ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਮੂਰਖ ਤੇ ਅਗਿਆਨੀ ਜਿਹੇ ਸ਼ਬਦ ਵਰਤੇ। ਪਰਮਾਤਮਾ ਦੀ ਭਗਤੀ ‘ਚ ਰਮੇ ਹੋਏ ਮਨੁਖ ਨੂੰ ਬਿਨਾ ਕਿਸੇ ਦੁਵਿਧਾ ਪਰਮਾਤਮਾ ਦਾ ਰੂਪ ਕਿਹਾ “ ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ । ਪਰਮਾਤਮਾ ਦੇ ਸਿਮਰਨ ‘ਚ ਲਾਇਆ ਸਮਾਂ ਹੀ ਸਫਲ ਹੁੰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਦੋ ਦਹਾਕਿਆਂ ਤੋਂ ਜਿਆਦਾ ਦਾ ਸਮਾਂ ਬਕਾਲੇ ਅੰਦਰ ਨਿਰੋਲ ਸਿਮਰਨ ਤੇ ਭਗਤੀ ‘ਚ ਲਾਇਆ। ਆਪ ਨੇ ਵਚਨ ਕੀਤੇ ਕਿ ਪਰਮਾਤਮਾ ਹੀ ਸਚਾ ਦਾਤਾ ਹੈ ਤੇ ਸਾਰਾ ਜਗਤ ਹੀ ਉਸ ਤੋਂ ਮੰਗ ਰਿਹਾ ਹੈ। ਪਰਮਾਤਮਾ ਭਗਤੀ ਲਈ ਮਨੁਖ ਸੁਆਨ ਦੀ ਬਿਰਤੀ ਧਾਰਨ ਕਰੇ। ਸੁਆਨ ਜਿਵੇਂ ਆਪਨੇ ਮਾਲਿਕ ਦੇ ਦਰ ਤੇ ਸਦਾ ਹੀ ਪਿਆ ਰਹਿੰਦਾ ਹੈ ਤੇ ਫਟਕਾਰਨ , ਦੁਤਕਾਰਨ ਤੇ ਵੀ ਨਹੀਂ ਟਲਦਾ। ਇਵੇਂ ਹੀ ਮਨੁਖ ਪਰਮਾਤਮਾ ਦੇ ਦਰ ਨਾਲ ਜੁੜ ਜਾਏ। ਗੁਰੂ ਸਾਹਿਬ ਨੇ ਸੁਚੇਤ ਵੀ ਕੀਤਾ ਕਿ ਮਨੁਖ ਕਦੇ ਵੀ ਆਪਣੀ ਭਗਤੀ ਤੇ ਮਾਨ ਨਾ ਕਰੇ। ਮਨ ਅੰਦਰ ਹੰਕਾਰ ਆਉਂਦੀਆਂ ਹੀ ਸਾਰੀ ਭਗਤੀ, ਸਿਮਰਨ ਵਿਅਰਥ ਚਲਾ ਜਾਂਦਾ ਹੈ “ ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ , ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ “। ਹਾਥੀ ਦਾ ਸੁਭਾਅ ਹੈ ਕਿ ਉਹ ਨਦੀ ਅੰਦਰ ਇਸਨਾਨ ਕਰ ਕੇ ਬਾਹਰ ਨਿਕਲਦਾ ਹੈ ਤਾਂ ਚਿਕੜ ਵਿਚ ਜਾ ਬਹਿੰਦਾ ਹੈ। ਇਵੇਂ ਉਸ ਦਾ ਕੀਤਾ ਇਸਨਾਨ ਨਿਹਫਲ ਚਲਾ ਜਾਂਦਾ ਹੈ। ਪਰਮਾਤਮਾ ਦੀ ਭਗਤੀ ਕਰਦਿਆਂ ਮਨ ਅੰਦਰ ਪੈਦਾ ਹੋਇਆ ਹੰਕਾਰ , ਭਗਤੀ ਨਾਲ ਨਿਰਮਲ ਹੋਏ ਮਨ ਨੂੰ ਮੁੜ ਮੈਲਾ ਕਰ ਦਿੰਦਾ ਹੈ। ਭਗਤੀ ਦਾ ਕੋਈ ਫਲ ਨਹੀਂ ਮਿਲਦਾ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜਾਦੇ ਸਨ। ਆਪ ਡੂੰਘੇ ਚਿੰਤਕ, ਸਹਿਜ ਸੁਭਾਅ ਦੇ ਸੁਆਮੀ ਸਨ ਤੇ ਉਨੇ ਹੀ ਅਡੋਲ, ਨਿਰਭੈ ਤੇ ਸ਼ੂਰਵੀਰ ਸਨ। ਧਰਮ ਲਈ ਆਪ ਦਾ ਸਮਰਪਣ ਇੰਨਾ ਗਹਿਰਾ ਸੀ ਕਿ ਪਟਨਾ ਸਾਹਿਬ ਅੰਦਰ ਪ੍ਰਕਾਸ਼ ਲੈਣ ਵਾਲੇ ਸੁਪੁਤਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮੁਖ ਵੇਖਣ ਦਾ ਅਉਸਰ ਬਣਨ ’ਚ ਪੰਜ ਸਾਲ ਲਗ ਗਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਸਹਿਜ ਤੇ ਸੰਜਮ ਦੀ ਸਭ ਤੋਂ ਸੁੰਦਰ ਪਰਿਭਾਸ਼ਾ ਸੀ। ਆਪ ਨੇ ਵਚਨ ਕੀਤੇ ਕਿ ਸੰਸਾਰ ਅੰਦਰ ਕੁਝ ਵੀ ਥਿਰ ਨਹੀਂ ਹੈ। ਇਕ ਭਗਤੀ ਹੀ ਸਦਾ ਸਹਾਇਕ ਰਹਿਣ ਵਾਲੀ ਹੈ। ਮਨੁਖ ਲਈ ਜੋਗ ਹੈ ਕਿ ਉਹ ਸੰਸਾਰਕ ਮਾਇਆ ਜਾਲ ਤੋਂ ਮੁਕਤ ਹੋ ਪਰਮਾਤਮਾ ਦੀ ਸ਼ਰਨ ਲਵੇ। ਹਰ ਮਨੁਖ ਦੀ ਅਵਸਥਾ ਆਉਂਦੀ ਹੈ ਜਦੋਂ ਉਹ ਸ਼ਰੀਰ ਤੋਂ ਨਿਰਬਲ ਹੋ ਜਾਂਦਾ ਹੈ , ਸਿਰ ਕੰਬਦਾ ਹੈ , ਪੈਰ ਡਗਮਗ ਕਰਦੇ ਹਨ ਤੇ ਨਜਰ ਕਮਜੋਰ ਹੋ ਜਾਂਦੀ ਹੈ . ਅਜਿਹੀ ਅਵਸਥਾ ਆਉਂਦੀ ਵੇਖ ਵੀ ਪਰਮਾਤਮਾ ਦੀ ਭਗਤੀ ਨਾ ਕਰਨਾ ਕਿਵੇਂ ਸਿਆਣਪ ਹੈ । ਭਾਵ ਪਰਮਾਤਮਾ ਦਾ ਸਿਮਰਨ ਹੀ ਇਕੋ ਇਕ ਨਿਦਾਨ ਹੈ “ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਪਾਵਨ ਬਾਣੀ ਮਨ ਅੰਦਰ ਭਰੋਸਾ ਪੈਦਾ ਕਰਨ ਵਾਲੀ , ਅਚਿੰਤ ਕਰਨ ਵਾਲੀ, ਪਰਮਾਤਮਾ ਨਾਲ ਅਟੁਟ ਸਬੰਧ ਕਾਇਮ ਕਰਨ ਵਾਲੀ ਤੇ ਰਬੀ ਮਿਹਰ ਦਾ ਪਾਤਰ ਬਣਾਉਣ ਵਾਲੀ ਹੈ। ਬਾਣੀ ਸਲੋਕ ਮਹਲਾ 9 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦੀ ਬਾਣੀ ਹੈ ਤੇ ਅੰਤ ’ਚ ਦਰਜ ਕੀਤੀ ਗਈ ਹੈ ਤਾਂ ਜੋ ਮਨ ਪ੍ਰੇਰਕ ਆਤਮਿਕ ਵਿਗਾਸ ਨਾਲ ਭਰ ਜਾਏ ਤੇ ਇਸ ਅਵਸਥਾ ਨੂੰ ਸਦੀਵੀ ਜੀਵਨ ਅਵਸਥਾ ਬਣਾ ਲਵੇ।

Comments are closed.

COMING SOON .....


Scroll To Top
11