Monday , 14 October 2019
Breaking News
You are here: Home » Editororial Page » ਆਓ ਸੜਕਾਂ- ਗਲੀਆਂ ਆਦਿ ਨੂੰ ਪੱਧਰਾ ਤੇ ਸਾਫ਼-ਸੁਥਰਾ ਰੱਖੀਏ

ਆਓ ਸੜਕਾਂ- ਗਲੀਆਂ ਆਦਿ ਨੂੰ ਪੱਧਰਾ ਤੇ ਸਾਫ਼-ਸੁਥਰਾ ਰੱਖੀਏ

ਗੱਲ ਭਾਵੇਂ ਪਿੰਡਾਂ ਦੀ ਹੋਵੇ ਜਾਂ ਸ਼ਹਿਰਾਂ ਦੀ , ਇਨ੍ਹਾਂ ਵਿਚਲੀਆਂ ਛੋਟੀਆਂ ਸੜਕਾਂ ਤੇ ਗਲੀਆਂ ਦੇ ਨਜ਼ਦੀਕ ਵੱਸਣ ਵਾਲੇ ਲੋਕਾਂ ਵੱਲੋਂ ਅਕਸਰ ਮਕਾਨ ਉਸਾਰੀ, ਮਕਾਨ ਦੀ ਮੁਰੰਮਤ ਜਾਂ ਪਾਣੀ ਦੇ ਪਾਈਪਾਂ ਆਦਿ ਨੂੰ ਪਾਉਣ ਸਮੇਂ ਜਾਂ ਹੋਰ ਘਰੇਲੂ ਜ਼ਰੂਰੀ ਕੰਮਾਂ ਕਾਰਾਂ ਨੂੰ ਕਰਨ ਸਮੇਂ ਇਨ੍ਹਾਂ ਛੋਟੀਆਂ ਸੜਕਾਂ ਤੇ ਗਲੀਆਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ ; ਕਿਉਂਕਿ ਮਜਬੂਰੀ ਵੱਸ ਲੋਕਾਂ ਕੋਲ ਹੋਰ ਕੋਈ ਰਸਤਾ ਵੀ ਨਹੀਂ ਹੁੰਦਾ , ਜਿੱਥੋਂ ਉਹ ਕਿਸੇ ਗੱਡੀ – ਮੋਟਰ ਰਾਹੀਂ ਮਕਾਨ ਉਸਾਰੀ ਦਾ ਜਾਂ ਹੋਰ ਕੰਮ ਸਬੰਧੀ ਲੋੜੀਂਦਾ ਸਾਜ਼ੋ – ਸਾਮਾਨ ਘਰ ਤੱਕ ਪਹੁੰਚਾ ਸਕਣ। ਇਸ ਸਬੰਧੀ ਆਮ ਧਿਆਨ ਵਿੱਚ ਆਉਂਦਾ ਹੈ ਕਿ ਇਨ੍ਹਾਂ ਛੋਟੀਆਂ ਸੜਕਾਂ ਜਾਂ ਗਲੀਆਂ ਵਿੱਚ ਕਈ ਵਾਰ ਕੰਮ ਕਰਨ ਦੇ ਦੌਰਾਨ ਅਕਸਰ ਬੱਜਰੀ, ਗਟਕਾ, ਰੇਤਾ, ਸਰੀਆ, ਮਿੱਟੀ, ਰੇਤਾ ਆਦਿ ਸਬੰਧਤ ਲੋਕਾਂ ਵੱਲੋਂ ਬੇ – ਢੰਗੇ ਤੇ ਬੇ – ਤਰਤੀਬੇ ਢੰਗ ਅਨੁਸਾਰ ਰੱਖ ਲਿਆ ਜਾਂਦਾ ਹੈ, ਜੋ ਕਿ ਹਰ ਆਣ – ਜਾਣ ਵਾਲੇ ਵਿਅਕਤੀ ਲਈ ਆਉਣ ਜਾਣ ਵਿੱਚ ਮੁਸ਼ਕਿਲ ਖੜ੍ਹੀ ਕਰਦਾ ਹੈ । ਕਈ ਵਾਰ ਅਜਿਹਾ ਵੀ ਦੇਖਣ ਨੂੰ ਮਿਲ ਜਾਂਦਾ ਹੈ ਕਿ ਮਕਾਨ ਉਸਾਰੀ ਜਾਂ ਹੋਰ ਕੰਮ ਧੰਦਾ ਪੂਰਾ ਮੁਕੰਮਲ ਹੋ ਜਾਣ ਤੋਂ ਬਾਅਦ ਵੀ ਬਚਿਆ ਹੋਇਆ ਬਜ਼ਰੀ, ਗੱਟਕਾ, ਰੇਤਾ ਆਦਿ ਸਾਮਾਨ ਉਸ ਤੰਗ , ਸੌੜੀ ਤੇ ਸੰਕਰੀ ਸੜਕ ਜਾਂ ਗਲੀ ਵਿੱਚ ਜਿਉਂ ਦਾ ਤਿਉਂ ਹੀ ਖਿੱਲਰਿਆ ਹੋਇਆ ਪਿਆ ਰਹਿੰਦਾ ਹੈ । ਜੋ ਕਿ ਹਰ ਰਾਹੀ , ਹਰ ਸਾਈਕਲ , ਸਕੂਟਰ , ਮੋਟਰਸਾਈਕਲ ਵਾਲੇ ਲਈ ਆਉਣ – ਜਾਣ ਲਈ ਕਾਫ਼ੀ ਔਖ ਪੇਸ਼ ਕਰਦਾ ਹੈ । ਅਕਸਰ ਲੋਕ ਪਾਣੀ ਦੇ ਪਾਈਪਾਂ ਜਾਂ ਹੋਰ ਕੰਮ ਧੰਦੇ ਲਈ ਕਈ ਵਾਰ ਗਲੀ ਜਾਂ ਸੜਕ ਆਦਿ ਦੀ ਪੁਟਾਈ ਆਪਣੀ ਜ਼ਰੂਰਤ ਅਨੁਸਾਰ ਕਰ ਲੈਂਦੇ ਹਨ ਅਤੇ ਆਪਣੀ ਲੋੜ ਪੂਰੀ ਕਰ ਲੈਂਦੇ ਹਨ । ਪਰ ਕਈ ਵਾਰ ਇਸ ਪੁਟਾਈ ਕੀਤੀ ਹੋਈ ਸੜਕ ਜਾਂ ਗਲੀ ਆਦਿ ਨੂੰ ਕੰਮ ਖਤਮ ਹੋ ਜਾਣ ਤੋਂ ਬਾਅਦ ਦੁਬਾਰਾ ਸਾਡੇ ਵੱਲੋਂ ਠੀਕ ਨਹੀਂ ਕੀਤਾ ਜਾਂਦਾ । ਇਸੇ ਤਰ੍ਹਾਂ ਇਨ੍ਹਾਂ ਛੋਟੀਆਂ ਸੜਕਾਂ ਜਾਂ ਗਲੀਆਂ ਆਦਿ ਵਿੱਚ ਪੁੱਟੇ ਹੋਏ ਛੋਟੇ – ਛੋਟੇ ਗੱਡੇ ਸਾਡੇ ਲਈ , ਸਾਡੇ ਖੁਦ ਲਈ ਜਾਂ ਕਿਸੇ ਹੋਰ ਰਾਹੀ ਲਈ ਜਾਂ ਕਿਸੇ ਜਾਨਵਰ ਆਦਿ ਲਈ ਵੱਡੀ ਸਮੱਸਿਆ ਖੜ੍ਹੀ ਕਰ ਸਕਦੇ ਹਨ ਤੇ ਕਈ ਵਾਰ ਜਾਣੇ – ਅਣਜਾਣੇ ਵਿੱਚ ਸੱਟ ਚੋਟ ਲੱਗ ਜਾਣ ਅਤੇ ਕੋਈ ਅਣਸੁਖਾਵੀਂ ਘਟਨਾ ਵਾਪਰਨ ਦਾ ਵੀ ਡਰ ਭੈਅ ਰਹਿੰਦਾ ਹੈ । ਜੋ ਕਿ ਬਾਅਦ ਵਿੱਚ ਸਾਡੇ ਗਲੇ ਦੀ ਹੱਡੀ ਬਣ ਜਾਂਦਾ ਹੈ। ਇੱਥੇ ਇਹ ਛੋਟੀ ਜਿਹੀ ਧਿਆਨ ਦੇਣ ਵਾਲੀ ਗੱਲ ਹੈ ਕਿ ਜੇਕਰ ਅਸੀਂ ਕਿਸੇ ਵੀ ਪੇਂਡੂ ਜਾਂ ਸ਼ਹਿਰੀ ਛੋਟੀ ਸੜਕ , ਗਲੀ ਆਦਿ ਦੀ ਵਰਤੋਂ ਆਪਣੇ ਕਿਸੇ ਵੀ ਕੰਮ ਧੰਦੇ ਦੇ ਲਈ ਕਰੀਏ ਜਾਂ ਉਸ ਵਿੱਚ ਕੋਈ ਪੁਟਾਈ ਕਰੀਏ ਜਾਂ ਗੱਡਾ ਖੋਦੀਏ , ਤਾਂ ਸਾਨੂੰ ਸੜਕ ਜਾਂ ਗਲੀ ਵਿੱਚ ਰੱਖਿਆ ਹੋਇਆ ਸਾਮਾਨ ਇਸ ਵਿਧੀ ਵਿਉਂਤਬੰਦ ਢੰਗ ਨਾਲ ਰੱਖਣਾ ਚਾਹੀਦਾ ਹੈ ਤਾਂ ਜੋ ਹੋਰ ਆਉਣ ਜਾਣ ਵਾਲੇ ਰਾਹਗੀਰ ਆਸਾਨੀ ਨਾਲ ਇੱਥੋਂ ਆ ਜਾ ਸਕਣ । ਆਪਣੇ ਕੰਮ ਦੇ ਮੁਕੰਮਲ ਹੋ ਜਾਣ ਤੋਂ ਬਾਅਦ ਸੜਕ ਵਿੱਚ ਪਿਆ ਹੋਇਆ ਬੇਲੋੜਾ ਰੇਤਾ, ਬਜਰੀ, ਗਟਕਾ, ਇੱਟਾਂ, ਮਿੱਟੀ ਜਾਂ ਹੋਰ ਸਾਮਾਨ ਉਥੋਂ ਚੁੱਕ ਲੈਣਾ ਚਾਹੀਦਾ ਹੈ ਅਤੇ ਰਸਤਾ ਪੱਧਰਾ ਕਰ ਦੇਣਾ ਚਾਹੀਦਾ ਹੈ । ਇਸ ਤੋਂ ਇਲਾਵਾ ਜੇਕਰ ਕਿਸੇ ਸੜਕ ਜਾਂ ਗਲੀ ਆਦਿ ਦੀ ਪੁਟਾਈ ਆਦਿ ਕੀਤੀ ਹੋਵੇ ਜਾਂ ਗੱਡਾ ਆਦਿ ਖੋਦਿਆ ਗਿਆ ਹੋਵੇ ਤਾਂ ਉਸ ਨੂੰ ਵੀ ਬਾਅਦ ਵਿੱਚ ਮਿੱਟੀ ਜਾਂ ਸੀਮਿੰਟ ਆਦਿ ਨਾਲ ਢੁੱਕਵੇਂ ਤਰੀਕੇ ਨਾਲ ਭਰ ਦੇਣਾ ਜ਼ਰੂਰੀ ਬਣਦਾ ਹੈ , ਤਾਂ ਜੋ ਕਿਸੇ ਬਿਮਾਰ, ਲਾਚਾਰ ਜਾਂ ਹੋਰ ਵਿਅਕਤੀ ਨੂੰ ਸਮੇਂ ਸਿਰ ਆਪਣੇ ਸਥਾਨ ‘ਤੇ ਪਹੁੰਚਣ ਵਿੱਚ ਔਖਿਆਈ ਨਾ ਹੋਵੇ ਤੇ ਕਿਸੇ ਦਾ ਸਮਾਂ ਬਰਬਾਦ ਨਾ ਹੋਵੇ । ਇਸ ਵਿੱਚ ਸਾਡਾ ਖੁਦ ਦਾ , ਸਾਡੇ ਪਰਿਵਾਰ ਦਾ , ਸਾਡੇ ਭਾਈਚਾਰੇ ਦਾ , ਸਾਡੇ ਸਮਾਜ ਦਾ ਜਾਂ ਹੋਰ ਕਿਸੇ ਅਣਜਾਣ ਰਾਹਗੀਰ /ਰਾਹੀ ਜਾਂ ਕਿਸੇ ਆਵਾਰਾ ਜੀਵ ਜੰਤੂ ਦੇ ਡਿੱਗ ਜਾਣ ਜਾਂ ਕੋਈ ਹੋਰ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਓ ਹੋ ਸਕਦਾ ਹੈ । ਇਸ ਵਿਸ਼ੇ ਨੂੰ ਲੜਾਈ ਪੱਖੋਂ ਨਹੀਂ , ਸਗੋਂ ਭਲਾਈ ਪੱਖੋਂ ਵਾਚਣਾ ਚਾਹੀਦਾ ਹੈ । ਜੇਕਰ ਜਾਣੇ – ਅਣਜਾਣੇ ਵਿੱਚ ਕਿਸੇ ਹੋਰ ਵਿਅਕਤੀ ਵੱਲੋਂ ਜਾਂ ਕੁਦਰਤੀ ਤੌਰ ‘ਤੇ ਸੜਕ ਜਾਂ ਗਲੀ ਵਿੱਚ ਕੋਈ ਖੱਡਾ/ ਟੋਆ ਆਦਿ ਪੈ ਗਿਆ ਹੋਵੇ ਜਾਂ ਪੁੱਟ ਦਿੱਤਾ ਗਿਆ ਹੋਵੇ ਤਾਂ ਸਾਨੂੰ ਆਪਣੇ ਘਰ ਦੇ ਨਜ਼ਦੀਕ ਅਤੇ ਆਲੇ – ਦੁਆਲੇ ਵਿੱਚ ਇਸ ਨੂੰ ਪੂਰ /ਭਰ ਦੇਣਾ /ਢੱਕ ਦੇਣਾ ਚਾਹੀਦਾ ਹੈ । ਇਹ ਬਹੁਤ ਵੱਡੀ ਪਰਉਪਕਾਰ ਅਤੇ ਪੁੰਨ ਵਾਲੀ ਗੱਲ ਹੋਵੇਗੀ । ਇਸ ਕੰਮ ਸਬੰਧੀ ਸਾਨੂੰ ਦੂਸਰਿਆਂ ਤੇ ਦੋਸ਼ ਲਗਾਉਣ ਤੋਂ ਬਚਣਾ ਚਾਹੀਦਾ ਹੈ ਤੇ ਆਪ ਭਲੇ ਦੇ ਕੰਮ ਲਈ ਅੱਗੇ ਆ ਕੇ ਇਨਸਾਨੀਅਤ ਦਿਖਾਉਣੀ ਚਾਹੀਦੀ ਹੈ । ਜੇਕਰ ਇਸ ਵਿਸ਼ੇ ਸਬੰਧੀ ਅਸੀਂ ਨੈਤਿਕਤਾ ਅਤੇ ਇਨਸਾਨੀਅਤ ਪੱਖੋਂ ਸੋਚੀਏ ਤੇ ਮਾਨਵਤਾ ਦਾ ਫਰਜ ਨਿਭਾਈਏ ਤਾਂ ਇਹ ਛੋਟੀ ਜਿਹੀ ਗੱਲ ਵੱਡੀਆਂ ਦੁਰਘਟਨਾਵਾਂ ਤੋਂ ਸਾਡਾ ਤੇ ਸਾਡੇ ਸਮਾਜ ਦਾ ਬਚਾਅ ਕਰ ਸਕਦੀ ਹੈ। ਕਿਉਂਕਿ ਸਾਡੇ ਸਿਆਣਿਆਂ ਨੇ ਵਿਰਾਸਤ ਵਿੱਚ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਆਪਣੇ ਘਰ ਦੇ ਨੇੜੇ – ਤੇੜੇ ਦੀਆਂ ਸੜਕਾਂ , ਗਲੀਆਂ ਆਦਿ ਨੂੰ ਸਾਫ਼ ਸੁਥਰਾ ਅਤੇ ਪੱਧਰਾ ਰੱਖਣਾ ਚਾਹੀਦਾ ਹੈ, ਤਾਂ ਹੀ ਸਾਡਾ ਘਰ – ਪਰਿਵਾਰ ਤੇ ਸਾਡਾ ਸਮਾਜ ਤਰੱਕੀ ਦੀਆਂ ਬੁਲੰਦੀਆਂ ਛੂਹ ਸਕਦਾ ਹੈ ਅਤੇ ਸਾਡੇ ਘਰ ਵਿੱਚ ਖ਼ੁਸ਼ੀ ਤੇ ਖ਼ੁਸ਼ਹਾਲੀ ਨਾਲ ਬਰਕਤ ਹੋ ਸਕਦੀ ਹੈ । ਇਹੋ ਸਿਆਣਿਆਂ ਦਾ ਕਥਨ ਹੈ ਤੇ ਇਹੋ ਉਨ੍ਹਾਂ ਵੱਲੋਂ ਸਾਨੂੰ ਦੱਸਿਆ ਗਿਆ ਖੁਸ਼ਹਾਲੀ ਦਾ ਰਸਤਾ ਹੈ ।

Comments are closed.

COMING SOON .....


Scroll To Top
11