Thursday , 23 May 2019
Breaking News
You are here: Home » Editororial Page » ਆਓ ਸਮੇਂ ਦੀ ਕਦਰ ਪਛਾਣੀਏ

ਆਓ ਸਮੇਂ ਦੀ ਕਦਰ ਪਛਾਣੀਏ

ਸਮਾਂ ਬਹੁਤ ਅਨਮੋਲ ਹੈ। ਲੰਘਿਆ ਹੋਇਆ ਸਮਾਂ ਮੁੜ ਕੇ ਵਾਪਸ ਨਹੀਂ ਆਉਂਦਾ ਤੇ ਪਛਤਾਵਾ ਹੀ ਹਥ ਆਉਂਦਾ ਹੈ। ਭਾਈ ਵੀਰ ਸਿੰਘ ਸਮੇਂ ਦੀ ਅਹਿਮੀਅਤ ਦਰਸਾਉਂਦੇ ਹੋਏ ਕਹਿੰਦੇ ਹਨ:
ਰਹੀ ਵਾਸਤੇ ਘਤ,
ਸਮੇਂ ਨੇ ਇਕ ਨਾ ਮੰਨੀ।
ਫੜ ਫੜ ਰਹੀ ਧਰੀਕ,
ਸਮੇਂ ਖਿਸਕਾਈ ਕੰਨੀ।
ਕਿਵੇਂ ਨਾ ਸਕੀ ਰੋਕ,
ਅਟਕ ਜੋ ਪਾਈ ਭੰਨੀ।
ਤ੍ਰਿਖੇ ਆਪਣੇ ਵੇਗ,
ਗਿਆ ਟਪ ਬੰਨੇ ਬੰਨੀ।
ਹੋ! ਅਜੇ ਸੰਭਾਲ ਇਸ ਸਮੇਂ ਨੂੰ
ਕਰ ਸਫ਼ਲ ਉਡੰਦਾ ਜਾਂਵਦਾ।
ਇਹ ਠਹਿਰਨ ਜਾਚ ਨਾ ਜਾਣਦਾ
ਲੰਘ ਗਿਆ ਨਾ ਮੁੜ ਕੇ ਆਂਵਦਾ।
ਅੰਗਰੇਜ਼ੀ ਦੀ ਇਕ ਕਹਾਵਤ ਹੈ: ‘ਟਾਈਮ ਇਜ਼ ਮਨੀ‘(ਟਮਿੲ ਸਿ ਮੋਨਏ), ਭਾਵ ਸਮਾਂ ਹੀ ਸਭ ਕੁਝ ਹੈ ਤੇ ਬਹੁਤ ਕੀਮਤੀ ਹੈ। ਜਿਹੜਾ ਸਮੇਂ ਨੂੰ ਬਰਬਾਦ ਕਰਦਾ ਹੈ, ਸਮਾਂ ਉਸ ਨੂੰ ਬਰਬਾਦ ਕਰਕੇ ਰਖ ਦਿੰਦਾ ਹੈ। ਫ੍ਰੈਂਕਲਿਨ ਨੇ ਕਿਹਾ ਸੀ, ਠਸਮਾਂ ਹੀ ਜੀਵਨ ਹੈ। ਸਾਨੂੰ ਸਮੇਂ ਦੀ ਕਦਰ ਕਰਦੇ ਹੋਏ ਕਦੇ ਵੀ ਇਸ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ।ਠ
ਗੁਰੂ ਤੇਗ ਬਹਾਦਰ ਜੀ ਨੇ ਸਮੇਂ ਬਾਰੇ ਬੜੇ ਸਾਰਥਕ ਬਚਨ ਕੀਤੇ ਹਨ:
ਨਾਨਕ ਸਮਿਓ ਰਮ ਗਇਓ
ਅਬ ਕਿਉ ਰੋਵਤ ਅੰਧ॥
ਸਮੇਂ ਨੂੰ ‘ਕਾਲ’ ਜਾਂ ‘ਮੌਤ’ ਦੇ ਅਰਥਾਂ ਵਿਚ ਵੀ ਲਿਆ ਜਾਂਦਾ ਹੈ। ਕਾਲ ਦੀ ਤਰ੍ਹਾਂ ਹੀ ਸਮੇਂ ਅਗੇ ਵੀ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ। ਜ਼ਰਾ ਸੋਚੋ, ਜੇਕਰ ਰੇਲਾਂ ਸਮੇਂ ਤੇ ਨਾ ਚਲਣ, ਦਫ਼ਤਰਾਂ ਦੇ ਕਰਮਚਾਰੀ ਸਮੇਂ ਸਿਰ ਨਾ ਪਹੁੰਚਣ, ਵਿਦਿਅਕ ਅਦਾਰੇ ਸਮੇਂ ਤੇ ਨਾ ਖੁਲ੍ਹਣ- ਤਾਂ ਭਲਾ ਕੀ ਹੋਵੇਗਾ? ਜੇਕਰ ਅਜਿਹਾ ਹੋਇਆ ਤਾਂ ਚਾਰੇ ਪਾਸੇ ਹਫੜਾ- ਦਫੜੀ ਮਚ ਜਾਵੇਗੀ। ਇਹ ਸਮਾਂ ਹੀ ਹੁੰਦਾ ਹੈ, ਜੋ ਸਾਨੂੰ ਨਿਸ਼ਚਿਤ ਕੰਮ ਸਮੇਂ ਸਿਰ ਕਰਨ ਦੀ ਪ੍ਰੇਰਨਾ ਦਿੰਦਾ ਹੈ।ਵਿਦਿਆਰਥੀ ਲਈ ਤਾਂ ਸਮੇਂ ਦੀ ਹੋਰ ਵੀ ਮਹਾਨਤਾ ਹੈ। ਉਸ ਨੇ ਆਪਣੇ ਸਾਰੇ ਸਾਲ ਦੀ ਮਿਹਨਤ ਨੂੰ ਪ੍ਰੀਖਿਆ ਵਿਚ ਨਿਸ਼ਚਿਤ ਮਿਤੀ ਤੇ ਨਿਸ਼ਚਿਤ ਸਮੇਂ ਵਿਚ ਪੂਰਾ ਕਰਕੇ ਵਿਖਾਉਣਾ ਹੁੰਦਾ ਹੈ। ਜੇ ਉਹ ਅਜਿਹਾ ਨਾ ਕਰ ਸਕਿਆ ਤਾਂ ਉਸ ਦੇ ਸਾਰੇ ਕੀਤੇ- ਕਰਾਏ ਤੇ ਪਾਣੀ ਫਿਰ ਜਾਵੇਗਾ।
ਰਸੂਲ ਹਮਜ਼ਾਤੋਵ ਦਾ ਕਥਨ ਹੈ: ਜੇ ਤੁਸੀਂ ਬੀਤੇ ਉਤੇ ਪਿਸਤੌਲ ਨਾਲ ਗੋਲੀ ਚਲਾਉਗੇ, ਤਾਂ ਭਵਿਖ ਤੁਹਾਨੂੰ ਤੋਪ ਨਾਲ ਫੁੰਡੇਗਾ। ਭਾਵ ਅਸੀਂ ਬੀਤੇ ਹੋਏ ਉਤੇ ਝੂਰਦੇ ਅਤੇ ਭਵਿਖ ਦੀਆਂ ਚਿੰਤਾਵਾਂ ਵਿਚ ਨਾ ਡੁਬੇ ਰਹੀਏ, ਸਗੋਂ ਆਪਣੇ ਵਰਤਮਾਨ ਨੂੰ ਚੰਗਾ ਬਣਾਉਣ ਲਈ ਹੰਭਲਾ ਮਾਰੀਏ। ਭਗਤ ਕਬੀਰ ਜੀ ਨੇ ਸਮੇਂ ਦੇ ਬਹੁਮੁਲੇ ਹੋਣ ਦੀ ਜਾਣਕਾਰੀ ਬੜੇ ਹੀ ਭਾਵਪੂਰਤ ਸ਼ਬਦਾਂ ਵਿਚ ਦਿਤੀ ਹੈ:
ਕਾਲ ਕਰੇ ਸੋ ਆਜ ਕਰ,
ਆਜ ਕਰੇ ਸੋ ਅਬ
ਪਲ ਮੇਂ ਪਰਲੋ ਹੋਏਗੀ,
ਬਹੁਰ ਕਰੇਗਾ ਕਬ।
ਸਮਾਂ ਵਹਿੰਦੇ ਪਾਣੀ ਦੀ ਤਰ੍ਹਾਂ ਹੈ। ਜਿਸ ਤਰਾਂ ਇਕ ਵਾਰ ਪਤਣ ਤੋਂ ਲੰਘਿਆ ਪਾਣੀ ਵਾਪਸ ਉਸ ਕਿਨਾਰੇ ਤੇ ਨਹੀਂ ਆਉਂਦਾ, ਉਸੇ ਤਰ੍ਹਾਂ ਇਕ ਵਾਰ ਲੰਘਿਆ ਸਮਾਂ ਵੀ ਕਦੇ ਵਾਪਸ ਨਹੀਂ ਪਰਤਦਾ। ਆਦਤਾਂ ਪਕੇਰੀਆਂ ਵੀ ਸਮੇਂ ਨਾਲ ਹੀ ਹੁੰਦੀਆਂ ਹਨ। ਚੰਗੇ ਗੁਣਾਂ ਦਾ ਧਾਰਨੀ ਵੀ ਮਨੁਖ ਆਪਣੇ ਆਪ ਨਹੀਂ ਹੁੰਦਾ, ਸਗੋਂ ਨਿਸਚਿਤ ਸਮੇਂ ਨਾਲ ਹੀ ਹੁੰਦਾ ਹੈ:
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ
ਭਾਵੇਂ ਕਟੀਏ ਪੋਰੀਆਂ ਪੋਰੀਆਂ ਜੀ।
ਸਮੇਂ ਤੋਂ ਪਿਛਾ ਛੁਡਾਉਣ ਵਾਲਾ ਵਿਅਕਤੀ ਆਪਣੀ ਜਾਨ ਤੋਂ ਵੀ ਹਥ ਧੋ ਬੈਠਦਾ ਹੈ। ਕਈ ਵਾਰ ਮਨੁਖ ਸਮੇਂ ਸਿਰ ਤਾਂ ਕੰਮ ਕਰਦਾ ਨਹੀਂ,ਸਗੋਂ ਸਮਾਂ ਲੰਘ ਜਾਣ ਤੇ ਕਾਹਲੀ ਕਰਦਾ ਹੈ। ਕਾਹਲੀ ਅਗੇ ਤਾਂ ਹਮੇਸ਼ਾ ਹੀ ਟੋਏ ਹੁੰਦੇ ਹਨ। ਅਜਿਹੇ ਵਿਅਕਤੀ ਦੇ ਸਿਰ ਉਪਰ ਕੰਮ ਦਾ ਭਾਰੀ ਬੋਝ ਹੋਣ ਕਰ ਉਹ ਤਣਾਅ ਵਿਚ ਚਲਾ ਜਾਂਦਾ ਹੈ ਤੇ ਸਮੇਂ ਦੀ ਅਣਗਹਿਲੀ ਕਰਨ ਦਾ ਨਤੀਜਾ ਉਸ ਦੀ ਮੌਤ ਹੁੰਦਾ ਹੈ।
ਸਮੇਂ ਦੀ ਮਹਾਨਤਾ ਬਾਰੇ ਸਾਨੂੰ ਉਸ ਵਿਅਕਤੀ ਤੋਂ ਪੁਛਣਾ ਚਾਹੀਦਾ ਹੈ, ਜੋ ਕਿਸੇ ਕਾਰਨ ਕਰਕੇ ਆਪਣੇ ਕੰਮ ਤੋਂ ਖੁੰਝ ਗਿਆ ਹੋਵੇ। ਇਕ ਸਕਿੰਟ ਦੇ ਹਜ਼ਾਰਵੇਂ ਹਿਸੇ ਤਕ ਦਾ ਪਤਾ ਉਸ ਵਿਅਕਤੀ ਨੂੰ ਬੜੀ ਸੌਖੀ ਤਰ੍ਹਾਂ ਹੁੰਦਾ ਹੈ, ਜੋ ਉਸੇ ਸਮੇਂ ਕਾਰਨ ਕਿਸੇ ਦੁਰਘਟਨਾ ਤੋਂ ਵਾਲ- ਵਾਲ ਬਚ ਗਿਆ ਹੋਵੇ।ਉਪਰੋਕਤ ਸਾਰੀ ਵਿਚਾਰ ਦਾ ਸਿਟਾ ਇਹ ਨਿਕਲਦਾ ਹੈ ਕਿ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਸਾਨੂੰ ਸਮੇਂ ਦੇ ਹਰ ਇਕ ਪਲ- ਛਿਣ ਨੂੰ ਵੀ ਖਾਲੀ ਨਹੀਂ ਜਾਣ ਦੇਣਾ ਚਾਹੀਦਾ। ਆਓ, ਅਜ ਤੋਂ ਹੀ ਨਹੀਂ, ਸਗੋਂ ਹੁਣੇ ਤੋਂ ਸਮੇਂ ਦੀ ਕਦਰ ਪਛਾਣਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦੇਈਏ। ਬਕੌਲ ਦੁਸ਼ਿਅੰਤ ਕੁਮਾਰ:
ਏਕ ਚਿੰਗਾਰੀ ਕਹੀਂ ਸੇ
ਢੂੰਡ ਲਾਏ ਦੋਸਤੋ
ਇਸ ਦੀਏ ਮੇਂ ਤੇਲ ਸੇ
ਭੀਗੀ ਹੋਈ ਬਾਤੀ ਤੋ ਹੈ।

Comments are closed.

COMING SOON .....


Scroll To Top
11