Wednesday , 3 June 2020
Breaking News
You are here: Home » Editororial Page » ਆਓ ਅੰਦਰੂਨੀ ਗੁਣਾਂ ਨਾਲ ਨਵੀਂ ਦੁਨੀਆਂ ਦੇ ਸਿਰਜਕ ਬਣੀਏ

ਆਓ ਅੰਦਰੂਨੀ ਗੁਣਾਂ ਨਾਲ ਨਵੀਂ ਦੁਨੀਆਂ ਦੇ ਸਿਰਜਕ ਬਣੀਏ

ਹਰ ਵਿਅਕਤੀ ਕਿਸੇ ਨਾ ਕਿਸੇ ਕਰਤਾਰੀ ਬਖ਼ਸ਼ ਦਾ ਮਾਲਿਕ ਹੈ , ਜੋ ਲੋਕ ਆਪਣੇ ਅੰਦਰ ਛੁਪੀ ਕਲਾ ਦੀ ਸ਼ਨਾਖਤ ਕਰਕੇ ਉਸ ਨੂੰ ਹੋਰ ਤਿੱਖਾ ਕਰ ਲੈਂਦੇ ਹਨ ਉਹ ਕਲਾਕਾਰ ਬਣ ਜਾਂਦੇ ਹਨ । ਕਲਾ ਨੂੰ ਆਪਣੇ ਅਸਲੀ ਰੂਪ ਵਿੱਚ ਸਾਹਮਣੇ ਆਉਣ ਲਈ ਕਾਫੀ ਕਸ਼ਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਮਾਰੂਥਲਾਂ ਦੀ ਤਪਸ਼ ਨੂੰ ਪਿੰਡੇ ਤੇ ਸਹਾਰ ਕੇ ਹਰੇ ਭਰੇ ਰਹਿਣ ਵਾਲੇ ਥੋਹਰਾਂ ਦੇ ਟਹਿਕਦੇ ਫੁੱਲ ਸੁਨੇਹਾ ਦਿੰਦੇ ਹਨ ਕਿ ਰੁੱਤ ਕਿੰਨੀ ਵੀ ਜ਼ਾਬਰ ਕਿਉਂ ਨਾ ਹੋਵੇ ਕੁਝ ਫੁੱਲ ਬਾਗੀ ਹੋ ਕੇ ਖਿੜ੍ਹ ਹੀ ਜਾਂਦੇ ਹਨ । ਸਿਰਜਣਾ ਕੋਈ ਸਾਹਮਣੇ ਦਿਸਦੀ ਠੋਸ ਚੀਜ਼ ਨਹੀਂ ਹੈ ਤੇ ਨਾ ਹੀ ਉਸ ਨੂੰ ਬੋਤਲਾਂ ਵਿੱਚ ਭਰ ਕੇ ਰੱਖਿਆ ਜਾ ਸਕਦਾ ਹੈ , ਇਹ ਤਾਂ ਉਹ ਹੁਨਰ ਹੈ ਜੋ ਤੁਹਾਡੇ ਅੰਦਰ ਪਿਆ ਹੁੰਦਾ ਹੈ ਜਿਸ ਨੂੰ ਤਰਾਸ਼ ਕੇ ਹੋਰ ਵਧੀਆ ਬਣਾਉਣਾ ਹੁੰਦਾ ਹੈ। ਸਿਰਜਕ ਰੁਚੀਆਂ ਵਾਲੇ ਲੋਕ ਨਵੀਆਂ ਖੋਜਾਂ ਕਰਕੇ ਸਾਡੀ ਜ਼ਿੰਦਗੀ ਦੀਆਂ ਪਗਡੰਡੀਆਂ ਨੂੰ ਰੌਚਿਕ ਤੇ ਸਰਲ ਬਣਾ ਦਿੰਦੇ ਹਨ । ਸੂਚਨਾ ਤਕਨੀਕ ਦੀ ਕ੍ਰਾਂਤੀ ਨੇ ਦੁਨੀਆਂ ਨੂੰ ਇੱਕ ਗਲੋਬਲ ਪਿੰਡ ਬਣਾ ਦਿੱਤਾ ਹੈ , ਇਸ ਪਿੱਛੇ ਵੀ ਤਕਨੀਕੀ ਇੰਜੀਨੀਅਰਾਂ ਦੀ ਕਲਾਕਾਰੀ ਦਾ ਕਮਾਲ ਹੈ । ਕਲਾ ਦਾ ਉਦੇਸ਼ ਵਸਤੂਆਂ ਦੀ ਬਾਹਰੀ ਸੁੰਦਰਤਾ ਨੂੰ ਪ੍ਰਦਰਸ਼ਿਤ ਕਰਨਾ ਨਹੀਂ ਹੁੰਦਾ ਸਗੋਂ ਉਨ੍ਹਾਂ ਦੀ ਅੰਦਰਲੀ ਖੂਬਸੂਰਤੀ ਨੂੰ ਨਵੀਂ ਪਰਿਭਾਸ਼ਾ ਦੇਣਾ ਹੁੰਦਾ ਹੈ । ਕਲਾ ਨਵੀਨਤਾ ਦੀ ਸੂਤਰਧਾਰ ਹੈ ਇਸੇ ਕਰਕੇ ਸਿਰਜਨਾਤਮਿਕ ਲੋਕ ਨਵੀਆਂ ਚੀਜ਼ਾਂ ਸਿਰਜਦੇ ਹਨ ਜਿਨ੍ਹਾਂ ਦਾ ਪਹਿਲਾਂ ਵਜੂਦ ਨਹੀਂ ਹੁੰਦਾ । ਸਾਡਾ ਆਪਣੇ ਕੰਮ ਨਾਲ ਲਗਾਉ ਹੋਣਾ ਬਹੁਤ ਜ਼ਰੂਰੀ ਹੈ ,ਕੇਵਲ ਪੈਸੇ ਲਈ ਕੰਮ ਕਰਨ ਵਾਲੇ ਲੋਕ ਕਦੇ ਵੀ ਸਿਰਜਨਾਤਮਕ ਨਹੀਂ ਹੋ ਸਕਦੇ । ਜਦੋੰ ਰੁਜ਼ਗਾਰ ਅਤੇ ਜਨੂੰਨ ‘ਕੱਠੇ ਹੋ ਜਾਣ ਤਾਂ ਸਿਰਜਣਾ ਦੇ ਖੇਤਰ ਵਿੱਚ ਨਵਾਂ ਇਨਕਲਾਬ ਆਉਂਦਾ ਹੈ । ਕਲਾਕਾਰ ਕੌਣ ਹੈ? ਕੀ ਇਸ ਲਈ ਵਿਸ਼ੇਸ਼ ਪੜ੍ਹਾਈ ਦੀ ਲੋੜ ਪੈਂਦੀ ਹੈ ? ਇਨ੍ਹਾਂ ਦੋਵਾਂ ਪ੍ਰਸ਼ਨਾਂ ਦਾ ਉੱਤਰ ਇਹ ਹੈ ਕਿ ਤੀਜੀ ਅੱਖ ਨਾਲ ਦੁਨੀਆਂ ਨੂੰ ਵੱਖਰੇ ਨਜ਼ਰੀਏ ਤੋਂ ਦੇਖਣ ਵਾਲੇ ਅਨਪੜ੍ਹ ਵੀ ਕਲਾਕਾਰ ਹੋ ਸਕਦੇ ਹਨ। ਮਨ ਵਿੱਚ ਫੁੱਟਦੇ ਕੋਮਲ ਫੁਰਨਿਆਂ ਨੂੰ ਕਾਗਜ਼ ਤੇ ਲਿਖ ਨਾ ਸਕਣ ਵਾਲੇ ਵੀ ਦੁਨੀਆਂ ਦੇ ਵੱਡੇ ਕਵੀ ਹੋ ਸਕਦੇ ਹਨ । ਕਲਾਕਾਰ ਹਰ ਚੀਜ਼ ਨੂੰ ਆਪਣੇ ਅਨੁਭਵ ਦੀਆਂ ਐਨਕਾਂ ਰਾਹੀਂ ਵੱਖਰੇ ਕੋਣ ਤੋਂ ਵੇਖਦਾ ਹੈ । ਕਲਾ ਸਹਿਜ ਹੁੰਦੀ ਹੈ । ਕਲਾ ਨੂੰ ਯਾਦ ਨਹੀਂ ਕਰਨਾ ਪੈਂਦਾ ਇਹ ਆਪਣੇ-ਆਪ ਅੰਦਰੋਂ ਫੁੱਟਦੀ ਹੈ । ਤੁਸੀਂ ਕਦੇ ਵੇਖਿਆ ਹੋਵੇਗਾ ਕੇ ਹਰਮੋਨੀਅਮ ਵਜਾਉਣ ਵਾਲਾ ਅੱਖਾਂ ਬੰਦ ਕਰ ਕੇ ਬਿਨਾਂ ਕੀ ਬੋਰਡ ਵੇਖੇ ਮਸਤ ਹੋ ਕੇ ਮੰਤਰ-ਮੁਗਧ ਕਰਨ ਵਾਲੀਆਂ ਧੁਨਾਂ ਕੱਢਦਾ ਹੈ । ਸਿਰਜਣਾ ਆਪ ਮੁਹਾਰੀ ਹੁੰਦੀ ਹੈ , ਕਲਾ ਦੇ ਚਸ਼ਮੇ ਖੁਦ ਬ ਖੁਦ ਫੁੱਟਦੇ ਹਨ । ਹੁਣ ਜੇਕਰ ਅਸੀਂ ਸਿੱਖਿਆ ਦੇ ਖੇਤਰ ਦੀ ਗੱਲ ਕਰੀਏ ਤਾਂ ਅਧਿਆਪਕ ਦਾ ਕਲਾਕਾਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਨੇ ਬੱਚਿਆਂ ਅੰਦਰ ਛੁਪੇ ਗੁਣਾਂ ਨੂੰ ਹੋਰ ਤਰਾਸ਼ਣਾ ਹੁੰਦਾ ਹੈ । ਗੁਰੂ ਦੀ ਪਾਰਖੂ ਨਿਗ੍ਹਾ ਅਤੇ ਉਨ੍ਹਾਂ ਦੇ ਸਹੀ ਮਾਰਗ ਦਰਸ਼ਨ ਕਰਕੇ ਹੀ ਸਚਿਨ ਤੇਂਦੁਲਕਰ , ਮੁਹੰਮਦ ਰਫੀ ,ਲਤਾ ਮੰਗੇਸ਼ਕਰ , ਏ ਪੀ ਜੇ ਅਬਦੁਲ ਕਲਾਮ ਵਰਗੀਆਂ ਹਸਤੀਆਂ ਨੇ ਆਪੋ ਆਪਣੇ ਖੇਤਰਾਂ ‘ਚ ਸਫ਼ਲਤਾ ਦੇ ਝੰਡੇ ਗੱਡੇ । ਹੋਰ ਅਨੇਕਾਂ ਵੱਡੇ ਡਾਕਟਰ ,ਇੰਜਨੀਅਰ , ਵਕੀਲ ਵੀ ਉਨ੍ਹਾਂ ਅੰਦਰ ਛੁਪੇ ਵਿਸ਼ੇਸ਼ ਗੁਣਾਂ ਕਰਕੇ ਆਪਣੇ ਕਿੱਤਿਆਂ ਵਿੱਚ ਸਿਖਰਾਂ ‘ਤੇ ਗਏ ਤੇ ਦੁਨੀਆ ਲਈ ਮਿਸਾਲ ਬਣੇ। ਸੋਹਣੇ ਤੇ ਸ਼ਾਂਤ ਭਵਿੱਖ ਲਈ ਬੱਚਿਆਂ ਅੰਦਰ ਸਿਰਜਣਾਤਮਕ ਰੁਚੀਆਂ ਪੈਦਾ ਕਰਨੀਆਂ ਬਹੁਤ ਜ਼ਰੂਰੀ ਹਨ । ਸਿਰਜਣਾ ਅੰਦਰ ਪਈ ਹੁੰਦੀ ਹੈ ਬੱਸ ਉਸ ਨੂੰ ਢੁੱਕਵਾਂ ਮਾਹੌਲ ਤੇ ਪ੍ਰੇਰਨਾ ਦੇਣੀ ਹੁੰਦੀ ਹੈ , ਜੋ ਕੇਵਲ ਅਧਿਆਪਕ ਹੀ ਦੇ ਸਕਦਾ ਹੈ । ਗੀਤ-ਸੰਗੀਤ ,ਕਲਾ , ਸਾਹਿਤ, ਸੱਭਿਆਚਾਰ ,ਵਿਗਿਆਨ , ਤਕਨੀਕ ਅਤੇ ਜ਼ਿੰਦਗੀ ਦੇ ਹੋਰ ਬਹੁਤ ਸਾਰੇ ਪੱਖਾਂ ‘ਚ ਸਿਰਜਣਾ ਮਹੱਤਵਪੂਰਨ ਰੋਲ ਨਿਭਾਉਂਦੀ ਹੈ । ਸਿਰਜਨਾਤਮਕ ਰੁਚੀਆਂ ਵਾਲੇ ਲੋਕ ਦੁਨੀਆਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਲੋਕਾਂ ਨੂੰ ਰੰਗ ਬਰੰਗੀ ਦੁਨੀਆਂ ਦੇਣ ਦਾ ਸਾਧਨ ਬਣਦੇ ਹਨ । ਕਿਸੇ ਵੀ ਚੀਜ਼ ਦੀ ਬੁਨਿਆਦ ਦਾ ਪਹਿਲਾ ਆਧਾਰ ਕਲਪਨਾ ਹੁੰਦਾ ਹੈ । ਪਹਿਲਾਂ ਖਿਆਲਾਂ ਵਿੱਚ ਮੂਰਤੀਆਂ ਬਣਾਈਆਂ ਜਾਂਦੀਆਂ ਹਨ ਤੇ ਫਿਰ ਦਿਮਾਗ ਲੜਾ ਕੇ ਉਨ੍ਹਾਂ ਨੂੰ ਅਸਲ ਰੂਪ ‘ਚ ਪ੍ਰਤੀਮਾਨ ਕੀਤਾ ਜਾਂਦਾ ਹੈ । ਪ੍ਰਸਿੱਧ ਵਿਗਿਆਨੀ ਆਈਨਸਟੀਨ ਅਨੁਸਾਰ ਹਰ ਵੱਡੀ ਤੋਂ ਵੱਡੀ ਖੋਜ ਦੀ ਸ਼ੁਰੂਆਤ ਕਲਪਨਾ ਤੋਂ ਹੁੰਦੀ ਹੈ । ਰਾਈਟ ਭਰਾਵਾਂ ਨੇ ਵੀ ਆਕਾਸ਼ ਵਿੱਚ ਉੱਡਣ ਲਈ ਬਣਾਉਟੀ ਖੰਭ ਲਾ ਕੇ ਉਡਾਣ ਭਰਨ ਦੀ ਕੋਸ਼ਿਸ਼ ਕੀਤੀ ਸੀ ਤੇ ਅੰਤ ਨੂੰ ਅਸਲ ਜਹਾਜ਼ ਬਣਾਉਣ ਵਿੱਚ ਕਾਮਯਾਬ ਹੋ ਗਏ ਸਨ । ਸਿੱਖਿਆ ਸ਼ਾਸਤਰੀਆਂ ਦੁਆਰਾ ਕਿਤਾਬਾਂ ਲਿਖਦੇ ਸਮੇਂ ਅਤੇ ਪਾਠਕ੍ਰਮ ਬਣਾਉਂਦੇ ਵਕਤ ਬੱਚੇ ਦੀਆਂ ਮੂਲ ਸਿਰਜਨਾਤਮਕ ਰੁਚੀਆਂ ਦਾ ਵਿਕਾਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਪ੍ਰੰਤੂ ਇੰਨੇ ਯਤਨਾਂ ਦੇ ਬਾਵਜੂਦ ਵੀ ਅੱਜ ਜਮਾਤ ਦੇ ਕਮਰੇ ਨੀਰਸ ਹਨ , ਰੱਟਾ ਮਾਰਕਾ ਪੜ੍ਹਾਈ ਦਾ ਜ਼ੋਰ ਹੈ । ਨੰਬਰ ਪ੍ਰਾਪਤ ਕਰਨ ਦੀ ਚੂਹਾ ਦੌੜ ਨਾਲ ਬੱਚੇ ਦੇ ਅੰਦਰਲੇ ਗੁਣ ਮਰ ਜਾਂਦੇ ਹਨ ਤੇ ਉਸ ਨੇ ਜੋ ਬਣਨਾ ਹੈ ਉਸ ਤੋਂ ਵਾਂਝਾ ਰਹਿ ਜਾਂਦਾ ਹੈ । ਬੱਚਿਆਂ ਅੰਦਰ ਕਲਾਕਾਰੀ ਭਰਨ ਲਈ ਸਿੱਖਣ- ਸਿਖਾਉਣ ਦੀ ਪ੍ਰਕਿਰਿਆ ਵਿੱਚ ਵੱਡੀਆਂ ਤਬਦੀਲੀਆਂ ਦੀ ਲੋੜ ਹੈ , ਖਾਸ ਕਰਕੇ ਸੂਖ਼ਮ ਕਲਾਵਾਂ ਅਤੇ ਰੁਚੀਆਂ ਵਾਲੇ ਅਧਿਆਪਕਾਂ ਦੀ ਵੱਡੀ ਘਾਟ ਹੈ । ਜਮਾਤ ਦੇ ਕਮਰੇ ਨੂੰ ਕਲਾ ਦਾ ਕੇਂਦਰ ਬਣਾਉਣ ਲਈ ਕਾਫੀ ਕੁਝ ਕਰਨ ਦੀ ਲੋੜ ਹੈ । ਜਮਾਤ ਵਿੱਚ ਬੱਚਿਆਂ ਨੂੰ ਕੰਮ ਕਰਨ ਦੀ ਆਜ਼ਾਦੀ ਹੋਣੀ ਬਹੁਤ ਜ਼ਰੂਰੀ ਹੈ । ਜਦੋਂ ਬੱਚੇ ਮਨਚਾਹਿਆ ਕੰਮ ਕਰਦੇ ਹਨ ਤਾਂ ਉਨ੍ਹਾਂ ਅੰਦਰੋਂ ਅਸਲ ਕਲਾ ਪ੍ਰਗਟ ਹੁੰਦੀ ਹੈ । ਜੋ ਬੱਚਾ ਚਿੱਤਰਕਲਾ ਵਿੱਚ ਮਾਹਿਰ ਹੈ ਤਾਂ ਉਸ ਨੂੰ ਉਸ ਦੀਆਂ ਪਸੰਦ ਦੀਆਂ ਚੀਜ਼ਾਂ ਬਣਾਉਣ ਦਿਓ ਤੇ ਫਿਰ ਦੇਖੋ ਕਿਵੇਂ ਉਸ ਦੀ ਕਲਾ ਅਸਲ ‘ਚ ਰੂਪਮਾਨ ਹੁੰਦੀ ਹੈ, ਅਜਿਹੀ ਖੁੱਲ੍ਹ ਨਾਲ ਬੱਚਾ ਬਹੁ- ਮੁੱਲੀਆਂ ਕਿਰਤਾਂ ਦਾ ਸਿਰਜਕ ਹੋਣ ਜਾਂਦਾ ਹੈ । ਜੇਕਰ ਗਣਿਤ ਦਾ ਅਧਿਆਪਕ ਬੱਚਿਆਂ ਨੂੰ ਪੈਮਾਇਸ਼ ਬਾਰੇ ਬਾਰੇ ਪੜ੍ਹਾ ਰਿਹਾ ਹੈ ਤਾਂ ਉਸ ਨੂੰ ਆਲੇ-ਦੁਆਲੇ ਨਾਲ ਜੋੜ ਕੇ ਉਦਾਹਰਨਾਂ ਸਹਿਤ ਪੜ੍ਹਾਉਣਾ ਚਾਹੀਦਾ ਹੈ , ਉਸ ਵੱਲੋੰ ਬੱਚਿਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਕਮਰੇ ਵਿੱਚ ਕਿੰਨੀਆਂ ਆਇਤਾਂ ਹਨ ? ਕਿੰਨੇ ਵਰਗ ਹਨ ? ਅਜਿਹੀ ਆਲਾ ਦੁਆਲਾ ਆਧਾਰਿਤ ਅਧਿਆਪਨ ਵਿਧੀ ਰਾਹੀਂ ਬੱਚਿਆਂ ਦੇ ਉੱਤਰ ਤੱਥ ਆਧਾਰਿਤ ਹੋਣਗੇ ਉਹ ਜੋ ਆਸੇ ਪਾਸੇ ਦੇਖਣਗੇ ਉਹੀ ਉੱਤਰ ਦੇਣਗੇ। ਅਜਿਹੀ ਪੜ੍ਹਾਈ ਰਾਹੀਂ ਦਿੱਤਾ ਗਿਆਨ ਸਦੀਵੀ ਹੋ ਨਿੱਬੜਦਾ ਹੈ । ਕਿਤਾਬੀ ਰੱਟੇ ਬੱਚੇ ਅੰਦਰ ਨੀਰਸਤਾ ਭਰ ਦਿੰਦੇ ਹਨ ਤੇ ਉਹ ਪੜ੍ਹਾਈ ਤੋਂ ਭੱਜਣ ਲੱਗ ਜਾਂਦਾ ਹੈ । ਸਿਰਜਣਾਤਮਕ ਰੁਚੀਆਂ ਵਾਲੇ ਅਧਿਆਪਕ ਹੀ ਬੱਚਿਆਂ ਨੂੰ ਸਕੂਲ ਅਤੇ ਸਿੱਖਿਆ ਨਾਲ ਜੋੜ ਸਕਦੇ ਹਨ । ਮੁੱਢਲੀਆਂ ਜਮਾਤਾਂ ਵਿਚ ਅਜਿਹੀਆਂ ਅਨੇਕਾਂ ਹੀ ਕਿਰਿਆਵਾਂ ਹਨ ਜਿਨ੍ਹਾਂ ਰਾਹੀਂ ਬੱਚੇ ਅੰਦਰ ਸਿਰਜਣਾਤਮਕ ਰੁਚੀਆਂ ਦਾ ਵਿਕਾਸ ਕੀਤਾ ਜਾ ਸਕਦਾ ਹੈ । ਬੱਚਿਆਂ ਵੱਲੋੰ ਮਿੱਟੀ ਨਾਲ ਆਪਣੀ ਮਨ ਪਸੰਦ ਦੇ ਪੰਛੀ, ਜਾਨਵਰ ਅਤੇ ਹੋਰ ਵਸਤਾਂ ਬਣਾਉਂਦੇ ਵਕਤ ਉਨ੍ਹਾਂ ਦੀ ਅੰਦਰਲੀ ਕਲਾ ਪ੍ਰਗਟ ਹੁੰਦੀ ਹੈ । ਜੇਕਰ ਬੱਚੇ ਬਾਹਰ ਟੂਰ ਦੌਰਾਨ ਰੈਸਟੋਰੈਂਟ ਵਿੱਚ ਖਾਣਾ ਖਾ ਰਹੇ ਹੋਣ ਤਾਂ ਅਧਿਆਪਕ ਬੱਚਿਆਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਕੇਵਲ ਪਾਣੀ ਹੀ ਜੰਮਦਾ ਹੈ ਜਾਂ ਹੋਰ ਚੀਜ਼ਾਂ ਵੀ ਬਰਫ ਬਣ ਜਾਂਦੀਆਂ ਹਨ ਤਾਂ ਬੱਚੇ ਜੂਸ ,ਕੋਕਾ ਕੋਲਾ ,ਸਿਰਕਾ ਆਦਿ ਤਰਲ ਪਦਾਰਥਾਂ ਬਾਰੇ ਦੱਸਣਗੇ, ਅਜਿਹੇ ਵਾਰਤਾਲਾਪ ਨਾਲ ਬੱਚੇ ਅੰਦਰ ਸਿੱਖਣ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ ਤੇ ਉਹ ਸਮਾਰਟ ਵਿਦਿਆਰਥੀ ਬਣ ਜਾਂਦਾ ਹੈ । ਨਾਟਕ ਦੀ ਜਮਾਤ ਰਾਹੀਂ ਵੀ ਬੱਚੇ ਅੰਦਰ ਸਿਰਜਨਾਤਮਕ ਰੁਚੀਆਂ ਦਾ ਵਿਕਾਸ ਕੀਤਾ ਜਾ ਸਕਦਾ ਹੈ । ਬੱਚੇ ਜਦੋਂ ਵੱਖ-ਵੱਖ ਪਾਤਰਾਂ ਦੇ ਰੋਲ ਕਰਦੇ ਹਨ ਤਾਂ ਉਨ੍ਹਾਂ ਨੂੰ ਉਸ ਪਾਤਰ ਦਾ ਪਹਿਰਾਵਾ, ਆਵਾਜ਼ , ਜੀਵਨ ਚੁਣੌਤੀਆਂ ਤੇ ਕਿਰਦਾਰ ਬਾਰੇ ਗਿਆਨ ਹੁੰਦਾ ਹੈ , ਇਸ ਨਾਲ ਬੱਚਿਆਂ ਅੰਦਰੋਂ ਨਵਾਂ ਮਨੁੱਖ ਪੈਦਾ ਹੁੰਦਾ ਹੈ ਤੇ ਉਹ ਆਪਣੇ ਆਪ ਨੂੰ ਕਿਸੇ ਹੋਰ ਰੂਪ ਵਿੱਚ ਵੀ ਪ੍ਰਗਟ ਕਰਨਾ ਸਿੱਖ ਜਾਂਦੇ ਹਨ । ਆਪਣੇ ਆਪ ਨੂੰ ਦਰਸ਼ਕਾਂ ਸਾਹਮਣੇ ਸਟੇਜ਼ ਤੇ ਪੇਸ਼ ਕਰਨ ਦੀ ਕਲਾ ਨਾਲ ਉਨ੍ਹਾਂ ਅੰਦਰ ਅਜਿਹਾ ਜੋਸ਼ ਤੇ ਸਵੈ-ਵਿਸ਼ਵਾਸ ਪੈਦਾ ਹੁੰਦਾ ਹੈ ਕਿ ਉਹ ਵੱਡੀ ਤੋਂ ਵੱਡੀ ਮੁਸ਼ਕਿਲ ਦਾ ਕੇਵਲ ਸਾਹਮਣਾ ਹੀ ਨਹੀਂ ਕਰਦੇ ਸਗੋਂ ਜਿੱਤ ਪ੍ਰਾਪਤ ਕਰਨਾ ਵੀ ਸਿੱਖ ਲੈਂਦੇ ਹਨ । ਅਜਿਹੀ ਦਲੇਰੀ ਉਨ੍ਹਾਂ ਦੇ ਸ਼ਖ਼ਸੀਅਤ ਨਿਰਮਾਣ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ । ਕਲਪਨਾ ਤੇ ਸਿਰਜਨਾ ਦਾ ਆਪਸ ਵਿੱਚ ਡੂੰਘਾ ਸਬੰਧ ਹੈ । ਜਦੋਂ ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਸੋਚਾਂ ਨੂੰ ਜਦੋਂ ਕਾਮਯਾਬੀ ਦੇ ਖੰਭ ਲੱਗਦੇ ਹਨ ਤਾਂ ਉਹ ਵੱਡੀਆਂ ਉਡਾਰੀਆਂ ਮਾਰਨ ਦੇ ਸਮਰੱਥ ਹੋ ਜਾਂਦੇ ਹਨ । ਬੱਚਿਆਂ ਨੂੰ ਪੜ੍ਹਾਉਣ ਅਤੇ ਸਿਖਾਉਣ ਦੀ ਯੋਜਨਾ ਬਣਾਉਂਦੇ ਸਮੇਂ ਅਧਿਆਪਕ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਬੱਚੇ ਨੂੰ ਕੀ ਸੋਚਣਾ ਹੈ ? ਨਾਲੋਂ ਕਿਵੇਂ ਸੋਚਣਾ ਹੈ ? ਸਿਖਾਉਣਾ ਜ਼ਿਆਦਾ ਮਹੱਤਵਪੂਰਨ ਹੈ , ਅਜਿਹੀ ਪਹੁੰਚ ਨਾਲ ਹੀ ਬੱਚੇ ਰੱਟੇ ਦੀ ਜਕੜ ਤੋਂ ਬਾਹਰ ਆ ਕੇ ਸਿਰਜਣਾ ਦੇ ਰਾਹੀਂ ਬਣਨਗੇ । ਅੰਤ ‘ਚ ਅਸੀਂ ਕਹਿ ਸਕਦੇ ਹਾਂ ਕਿ ਜਿਹੜੀਆਂ ਚੀਜ਼ਾਂ ਨਾਲ ਸਾਡਾ ਦਿਲ ਧੜਕਦਾ ਹੈ ਉਹ ਹੀ ਸਾਡੀਆਂ ਅਸਲ ਚਾਹਤਾਂ ਹਨ , ਜਿਨ੍ਹਾਂ ਦੀ ਪੂਰਤੀ ਕੇਵਲ ਤੇ ਕੇਵਲ ਸਾਡੇ ਅੰਦਰ ਮੌਜੂਦ ਕੁਦਰਤੀ ਕਲਾਵਾਂ ਤੇ ਹੁਨਰਾਂ ਨਾਲ ਹੋ ਸਕਦੀ ਹੈ ਆਓ !! ਆਪਣੇ ਅੰਦਰ ਮੌਜੂਦ ਅਜਿਹੇ ਅੰਦਰੂਨੀ ਗੁਣਾਂ ਨਾਲ ਨਵੀਂ ਦੁਨੀਆਂ ਦੇ ਸਿਰਜਕ ਬਣੀਏ।

Comments are closed.

COMING SOON .....


Scroll To Top
11