Thursday , 23 May 2019
Breaking News
You are here: Home » PUNJAB NEWS » ਅੰਮ੍ਰਿਤਸਰ ਗ੍ਰਨੇਡ ਹਮਲੇ ’ਚ ਪਾਕਿ ਦਾ ਹੱਥ : ਕੈਪਟਨ

ਅੰਮ੍ਰਿਤਸਰ ਗ੍ਰਨੇਡ ਹਮਲੇ ’ਚ ਪਾਕਿ ਦਾ ਹੱਥ : ਕੈਪਟਨ

ਮੁੱਖ ਮੰਤਰੀ ਵੱਲੋਂ ਮੌਕੇ ਦਾ ਦੌਰਾ, ਮ੍ਰਿਤਕਾਂ ਦੇ ਪਰਿਵਾਰਾਂ ਲਈ ਨੌਕਰੀ ਦਾ ਐਲਾਨ

ਅਦਲੀਵਾਲ (ਅੰਮ੍ਰਿਤਸਰ), 19 ਨਵੰਬਰ- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਨਿਰੰਕਾਰੀ ਭਵਨ ਵਿਖੇ ਹੋਏ ਗ੍ਰੇਨੇਡ ਹਮਲੇ ’ਚ ਪਾਕਿਸਤਾਨ ਦੀ ਸ਼ਮੂਲੀਅਤ ਲਗਦੀ ਹੈ ਅਤੇ ਮੁਢਲੀ ਜਾਂਚ-ਪੜਤਾਲ ਦੌਰਾਨ ਇਹ ਗਲ ਸਾਹਮਣੇ ਆਈ ਹੈ ਕਿ ਹਮਲੇ ’ਚ ਵਰਤਿਆ ਗਿਆ ਗਰਨੇਡ ਪਾਕਿਸਤਾਨ ਦੀ ਆਰਮੀ ਆਰਡੀਨੈਂਸ ਫੈਕਟਰੀ ’ਚ ਤਿਆਰ ਕੀਤੇ ਜਾਂਦੇ ਗਰਨੇਡਾਂ ਵਰਗਾ ਹੈ। ਇਸ ਤੋਂ ਪਹਿਲਾਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਰੂ ਨਾਨਕ ਹਸਪਤਾਲ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ, ਸਿਖਿਆ ਮੰਤਰੀ ਓ. ਪੀ. ਸੋਨੀ, ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ, ਵਿਧਾਇਕ ਰਾਜ ਕੁਮਾਰ ਵੇਰਕਾ ਆਦਿ ਹਾਜ਼ਰ ਹਨ। ਇਸ ਤੋਂ ਇਲਾਵਾ ਮੁਖ ਮੰਤਰੀ ਵਲੋਂ ਇਥੇ ਇਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਧਮਾਕੇ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲਖ ਰੁਪਏ ਅਤੇ ਇਕ-ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦਿਤੀ ਜਾਵੇਗੀ। ਉਥੇ ਹੀ ਉਨ੍ਹਾਂ ਨੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਵੀ ਕੀਤਾ। ਕੈਪਟਨ ਨੇ ਦੋਸ਼ੀਆਂ ਦੇ ਜਲਦੀ ਫੜੇ ਜਾਣ ਦੀ ਗਲ ਵੀ ਕਹੀ। ਇਸ ਦੇ ਨਾਲ ਹੀ ਮੁਖ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਧਮਾਕੇ ਨੂੰ ਵਡੀ ਅਤਵਾਦੀ ਘਟਨਾ ਨਾਲ ਨਹੀਂ ਜੋੜਿਆ ਜਾ ਸਕਦਾ ਹੈ ਅਤੇ ਇਸ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਧਮਾਕੇ ’ਚ ਖਾਲਿਸਤਾਨੀ ਜਾਂ ਕਸ਼ਮੀਰੀ ਦਹਿਸ਼ਤਗਰਤਾਂ ਦੀ ਭੂਮਿਕਾ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਸੂਬੇ ’ਚ ਅਤਵਾਦ ਦੇ ਪਨਪਣ ਦਾ ਕੋਈ ਖ਼ਤਰਾ ਨਹੀਂ – ਕੈਪਟਨ
ਬੀਤੇ ਦਿਨ ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਸਤਿਸੰਗ ਭਵਨ ’ਚ ਦੋ ਹਮਲਾਵਰਾਂ ਵਲੋਂ ਕੀਤੇ ਗਰਨੇਡ ਹਮਲੇ ਨੂੰ ਭਾਵੇਂ ਮੁਢਲੇ ਤੌਰ ’ਤੇ ਅਤਵਾਦੀ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਸੂਬੇ ’ਚ ਮੁੜ ਅਤਵਾਦ ਪਨਪਣ ਦਾ ਕੋਈ ਖ਼ਤਰਾ ਨਹੀਂ ਹੈ ਅਤੇ ਇਹ ਕੋਈ ਸਰਗਰਮ ਅਤਵਾਦੀ ਘਟਨਾ ਨਹੀਂ ਹੈ। ਇਹ ਪ੍ਰਗਟਾਵਾ ਕੈਪਟਨ ਅਮਰਿੰਦਰ ਸਿੰਘ ਵਲੋਂ ਅਜ ਘਟਨਾ ਸਥਾਨ ਦਾ ਦੌਰਾ ਕਰਨ ਅਤੇ ਡੇਰਾ ਪ੍ਰਬੰਧਕਾਂ ਨਾਲ ਮੀਟਿੰਗ ਕਰਨ ਉਪਰੰਤ ਜੇਰੇ ਇਲਾਜ ਜ਼ਖ਼ਮੀਆਂ ਦਾ ਹਾਲ ਚਾਲ ਪੁਛਣ ਤੋਂ ਬਾਅਦ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤਾ ਗਿਆ।
ਸਾਡੀ ਸਿਖਾਂ ਨਾਲ ਕੋਈ ਦੁਸ਼ਮਣੀ ਨਹੀਂ : ਡੇਰਾ ਮੁਖੀ
ਨਿਰੰਕਾਰੀ ਭਵਨ ਵਿਖੇ ਹੋਏ ਅਤਵਾਦੀ ਹਮਲੇ ਉਪਰੰਤ ਜੇਰੇ ਇਲਾਜ ਜ਼ਖ਼ਮੀਆਂ ਦਾ ਪਤਾ ਲੈਣ ਪੁਜੀ ਪੰਜਾਬ, ਹਿਮਾਚਲ ਅਤੇ ਹਰਿਆਣਾ ਸਥਿਤ ਭਵਨਾਂ ਦੀ ਮੁਖ ਪ੍ਰਬੰਧਕ ਸ੍ਰੀਮਤੀ ਜੋਗਿੰਦਰ ਕੌਰ ਨੇ ਕਿਹਾ ਕਿ ਨਿਰੰਕਾਰੀ ਮਤ ਦੇ ਪੈਰੋਕਾਰ ਅਤੇ ਸਿਖਾਂ ’ਚ ਕੋਈ ਦੁਸ਼ਮਣੀ ਨਹੀਂ ਹੈ ਅਤੇ ਇਸ ਨੂੰ ਸਿਖ ਖਾੜਕੂਆਂ ਵਲੋਂ ਕੀਤੇ ਹਮਲੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਰਿਹਾ।।
ਹਮਲੇ ਨੂੰ 1978 ਦੇ ਕਾਂਡ ਨਾਲ ਨਾ ਜੋੜਿਆ ਜਾਵੇ : ਕੈਪਟਨ
ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਰਾਜਾਸਾਂਸੀ ਵਿਚ ਡੇਰਾ ਨਿਰੰਕਾਰੀ ’ਤੇ ਹੋਏ ਹਮਲੇ ਨੂੰ ਤਿੰਨ ਦਹਾਕੇ ਪਹਿਲਾਂ ਵਾਪਰੇ, 1978 ਵਿਚ ਨਿਰੰਕਾਰੀ ਕਾਂਡ ਨਾਲ ਜੋੜ ਕੇ ਨਾ ਵੇਖਿਆ ਜਾਏ। ਇਹ ਹਮਲਾ ਬਿਲਕੁਲ ਵਖਰਾ ਹੈ ਤੇ ਇਕ ਅਤਵਾਦੀ ਹਮਲਾ ਹੈ।
ਅਜ ਅੰਮ੍ਰਿਤਸਰ ’ਚ ਪਤਰਕਾਰਾਂ ਨਾਲ ਗਲਬਾਤ ਦੌਰਾਨ ਕੈਪਟਨ ਨੇ ਕਿਹਾ ਕਿ ਸਰਕਾਰ ਇਸ ਹਮਲੇ ਨੂੰ ਪੂਰਾ ਗੰਭੀਰਤਾ ਨਾਲ ਲੈ ਰਹੀ ਹੈ। ਉਨ੍ਹਾਂ ਨੇ ਇਹ ਵੀ ਆਖਿਆ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਮਰਥ ਹੈ।ਮੁਖ ਮੰਤਰੀ ਨੇ ਸਕੈਚ ਜਾਰੀ ਹੋਣ ਦੀ ਗਲ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੇ ਮੂੰਹ ਢਕੇ ਹੋਏ ਸਨ। ਉਹ ਸਕੈਚ ਕਿਵੇਂ ਕੀਤੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਕਈ ਚੈਨਲਾਂ ’ਤੇ ਸਕੈਚ ਜਾਰੀ ਹੋਣ ਦੀ ਗਲ ਚਲ ਰਹੀ ਸੀ ਜਿਸ ਨੂੰ ਮੁਖ ਮੰਤਰੀ ਨੇ ਸਿਰੇ ਤੋਂ ਖਾਰਜ ਕਰ ਦਿਤਾ। ਮੁਖ ਮੰਤਰੀ ਨੇ ਕਿਹਾ ਕਿ ਸਾਰੇ ਡੇਰਿਆਂ ਦੀ ਸੁਰਖਿਆ ਵਧਾਈ ਜਾਵੇਗੀ।
ਮੁਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਹਾਈ ਅਲਰਟ ਸੀ, ਹਰ ਪਾਸੇ ਨਾਕਾਬੰਦੀ ਸੀ ਪਰ ਹਰ ਗਡੀ ਦੀ ਜਾਂਚ ਕਰਨਾ ਸੰਭਵ ਨਹੀਂ। ਨਿਰੰਕਾਰੀ ਮਿਸ਼ਨ ਦੇ ਉਤਰੀ ਭਾਰਤ ਦੀ ਮੁਖੀ ਜੋਗਿੰਦਰ ਕੌਰ ਵੀ ਮੁਖ ਮੰਤਰੀ ਨਾਲ ਗੁਰੂ ਨਾਨਕ ਹਸਪਤਾਲ ਵਿਚ ਪੁਜੀ। ਉਨ੍ਹਾਂ ਕਿਹਾ ਕਿ ਉਹ ਜਾਂਚ ਵਿਚ ਸਹਿਯੋਗ ਕਰਨਗੇ।
ਐਚ.ਈ.36 ਹੈਂਡ ਗਰਨੇਡ ਵਰਤੇ ਜਾਣ ਦਾ ਸ਼ੱਕ- ਰਾਜਾਸਾਂਸੀ ਵਿਖੇ ਨਿਰੰਕਾਰੀ ਭਵਨ ’ਚ ਹੋਏ ਬੰਬ ਧਮਾਕੇ ਸੰਬੰਧੀ ਆਲਾ ਦਰਜੇ ਦੇ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਘਟਨਾ ’ਚ ਐਚ.ਈ.36 ਕਿਸਮ ਦਾ ਹੈਂਡ ਗਰਨੇਡ ਦੀ ਵਰਤੋਂ ਦਾ ਖ਼ਦਸ਼ਾ ਹੈ। ਇਸ ਦੇ ਨਾਲ ਹੀ ਇਹ ਵੀ ਪਤਾ ਲਗਿਆ ਹੈ ਕਿ ਇਹ ਗਰਨੇਡ ਪਾਕਿਸਤਾਨ ਆਰਮੀ ਦੇ ਅਸਲਾ ਭੰਡਾਰ ’ਚ ਸ਼ਾਮਿਲ ਹੈ ਅਤੇ ਜੰਮੂ-ਕਸ਼ਮੀਰ ਦੇ ਖੇਤਰ ’ਚ ਪਾਕਿਸਤਾਨ ਆਰਮੀ ਵਲੋਂ ਇਸ ਗਰਨੇਡ ਦੀ ਵਰਤੋਂ ਕੀਤੀ ਜਾਦੀ ਹੈ।

Comments are closed.

COMING SOON .....


Scroll To Top
11