Monday , 19 August 2019
Breaking News
You are here: Home » HEALTH » ਅੰਧ-ਵਿਸ਼ਵਾਸ਼ ਨੇ ਲਈ ਨੌਜਵਾਨ ਦੀ ਜਾਨ

ਅੰਧ-ਵਿਸ਼ਵਾਸ਼ ਨੇ ਲਈ ਨੌਜਵਾਨ ਦੀ ਜਾਨ

ਪੀਲ਼ੇ ਚੌਲ਼ ਪਾਉਣ ਆਇਆ ਨਹਿਰ ’ਚ ਡਿੱਗਾ

ਅਮਰਗੜ੍ਹ, 14 ਮਈ (ਸੁਖਵਿੰਦਰ ਸਿੰਘ ਅਟਵਾਲ)- ਭਾਂਵੇ ਕਿ ਦੁਨੀਆਂ ਚੰਨ ’ਤੇ ਪਹੁੰਚ ਗਈ ਹੈ ਪਰ ਅਜੇ ਵੀ ਅਸੀਂ ਅੰਧ-ਵਿਸ਼ਵਾਸ਼ਾਂ ਦੇ ਮੱਕੜਜਾਲ ਵਿੱਚੋਂ ਪੂਰੀ ਤਰ੍ਹਾਂ ਨਿੱਕਲਣ ਵਿੱਚ ਸਫ਼ਲ ਨਹੀਂ ਹੋ ਸਕੇ, ਜਿੰਨ੍ਹਾਂ ਕਾਰਨ ਰੋਜ਼ਾਨਾਂ ਹੀ ਅਨੇਕਾਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਇਹ ਅੰਧ-ਵਿਸ਼ਵਾਸ਼ ਅਨੇਕਾਂ ਲੋਕਾਂ ਦੀ ਜਾਨ ਲੈ ਰਹੇ ਹਨ।ਅਜਿਹਾ ਹੀ ਇੱਕ ਮਾਮਲਾ ਪਿੰਡ ਮਾਹੋਰਾਣਾ ਕੋਲ ਦੀ ਲੰਘਦੀ ਨਹਿਰ ਉਪਰ ਦੇਖਣ ਨੂੰ ਮਿਲਿਆ, ਜਿੱਥੇ ਇੱਕ ਨੌਜਵਾਨ ਜੋ ਕਿ ਬੀ ਟੈਕ ਪਾਸ ਸੀ ਅਤੇ ਜ਼ਲਦ ਹੀ ਕੈਨੇਡਾ ਜਾਣ ਵਾਲਾ ਸੀ, ਕਿਸੇ ਪੰਡਿਤ ਦੇ ਦੱਸੇ ਅਨੁਸਾਰ ਮੰਗਲਵਾਰ ਵਾਲ਼ੇ ਦਿਨ ਪੀਲ਼ੇ ਚੌਲ਼ ਲੈ ਕੇ ਨਹਿਰ ’ਚ ਪਾਉਣ ਆਇਆ ਜੋ ਕਿ ਪੈਰ ਫ਼ਿਸਲਣ ਕਾਰਨ ਨਹਿਰ ਵਿੱਚ ਡੁੱਬ ਗਿਆ। ਮੌਕੇ ’ਤੇ ਪਹੁੰਚਕੇ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ਸੁਖਵੀਰ ਸਿੰਘ ਪੁੱਤਰ ਸੁਦਾਗਰ ਸਿੰਘ ਉਮਰ 27 ਸਾਲ ਪਿੰਡ ਸਲੇਮਪੁਰ ਥਾਣਾ ਸ਼ੇਰਪੁਰ (ਸੰਗਰੂਰ) ਦਾ ਰਹਿਣ ਵਾਲ਼ਾ ਸੀ, ਜੋ ਕਿ ਕਿਸੇ ਦਫ਼ਤਰੀ ਕੰਮ ਲਈ ਮਾਲੇਰਕੋਟਲਾ ਆਇਆ ਸੀ।ਦੁਪਿਹਰ ਕਰੀਬ 2 ਵਜੇ ਕਿਸੇ ਰਾਹਗੀਰ ਨੇ ਨਹਿਰ ਦੀ ਪਟੜ੍ਹੀ ਉਪਰ ਸਪਲੈਂਡਰ ਮੋਟਰਸਾਇਕਲ ਕੋਲ਼ ਬੂਟ-ਜੁਰਾਬਾਂ ਪਏ ਦੇਖੇ ਅਤੇ ਨਹਿਰ ਦੇ ਕੰਢੇ ਉਪਰ ਚੌਲ਼ਾਂ ਵਾਲ਼ੀ ਕੇਨੀ ਦਾ ਢੱਕਣ ਅਤੇ ਚੌਲ਼ ਵੀ ਡੁੱਲੇ ਹੋਏ ਸਨ।ਰਾਹਗੀਰ ਨੇ ਤੁਰੰਤ ਇਸਦੀ ਸੂਚਨਾ ਨਜ਼ਦੀਕ ਨਰਸਰੀ ’ਚ ਕੰਮ ਕਰਦੇ ਮੁਲਾਜ਼ਮਾਂ ਨੂੰ ਦਿੱਤੀ ਜਿੰਨ੍ਹਾਂ ਪਿੰਡ ਮਾਹੋਰਾਣਾ ਦੇ ਸਰਪੰਚ ਜਗਜੀਵਨ ਸਿੰਘ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਥਾਣਾ ਅਮਰਗੜ੍ਹ ਵਿਖੇ ਇਤਲਾਹ ਦਿੱਤੀ।ਮੌਕੇ ’ਤੇ ਪਹੁੰਚੇ ਥਾਣਾ ਮੁਖੀ ਹਰਮਨਪ੍ਰੀਤ ਸਿੰਘ ਚੀਮਾਂ ਆਪਣੀ ਪੁਲਿਸ ਪਾਰਟੀ ਨਾਲ਼ ਜਾਂਚ ਕਰ ਰਹੇ ਸਨ ਕਿ ਸੁਖਵੀਰ ਸਿੰਘ ਦੇ ਦੋਸਤਾਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਦੱਸਿਆ ਕਿ ਕਿਸੇ ਪੰਡਿਤ ਨੇ ਉਸਨੂੰ ਦੱਸਿਆ ਸੀ ਕਿ ਮੰਗਲਵਾਰ ਵਾਲ਼ੇ ਦਿਨ ਨਹਿਰ ਵਿੱਚ ਪੀਲ਼ੇ ਚੌਲ਼ ਪਾਉਣ ਨਾਲ਼ ਉਹ ਜ਼ਲਦੀ ਕੈਨੇਡਾ ਪਹੁੰਚ ਜਾਵੇਗਾ, ਤਾਂ ਸੁਖਵੀਰ ਸਿੰਘ ਘਰਦਿਆਂ ਨੂੰ ਬਿਨ੍ਹਾਂ ਦੱਸੇ ਹੀ ਮਾਲੇਰਕੋਟਲਾ ਤੋਂ ਕਿਸੇ ਹਲਵਾਈ ਤੋਂ ਚੌਲ਼ ਬਣਵਾਕੇ ਨਹਿਰ ਵਿੱਚ ਪਾਉਣ ਲਈ ਆ ਗਿਆ ਜਿੱਥੇ ਉਹ ਪੈਰ ਫ਼ਿਸਲਣ ਕਾਰਨ ਨਹਿਰ ’ਚ ਜਾ ਡਿੱਗਾ।ਖ਼ਬਰ ਲਿਖੇ ਜਾਣ ਤੱਕ ਸੁਖਵੀਰ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਉਸਦੇ ਦੋਸਤ ਪਹੁੰਚ ਗਏ ਸਨ ਅਤੇ ਪੁਲਿਸ ਵੱਲੋਂ ਲਾਸ ਲੱਭਣ ਲਈ ਚਾਰਾਜੋਈ ਕੀਤੀ ਜਾ ਰਹੀ ਸੀ।

Comments are closed.

COMING SOON .....


Scroll To Top
11