Tuesday , 23 October 2018
Breaking News
You are here: Home » Editororial Page » ਅਸਲੀ ਮੁੱਦੇ, ਅਸਲੀ ਚੁਣੌਤੀਆਂ ਅਤੇ ਹਾਕਮਾਂ ਦੀ ਚੁੱਪੀ

ਅਸਲੀ ਮੁੱਦੇ, ਅਸਲੀ ਚੁਣੌਤੀਆਂ ਅਤੇ ਹਾਕਮਾਂ ਦੀ ਚੁੱਪੀ

ਭਾਰਤੀ ਗਣਤੰਤਰ ‘ਚ 2019 ‘ਚ ਜਨਤਾ ਤੋਂ ਵੋਟ ਮੰਗਣ ਦਾ ਸਮਾਂ ਆ ਗਿਆ ਹੈ। ਹੁਣ ਨੇਤਾਵਾਂ ਦੇ ਪੈਰ ਧਰਤੀ ਉਤੇ ਉਤਰ ਆਉਣਗੇ। ਵੈਸੇ ਤਾਂ ਵੀ ਆਈ ਪੀ ਬਣਕੇ ਉਹ ਲੋਕਾਂ ਤੋਂ ਦੂਰੀ ਬਣਾਕੇ ਰਖਦੇ ਹਨ। ਹੈਰਾਨੀ ਦੀ ਗਲ ਤਾਂ ਇਹ ਹੈ ਕਿ ਜਿਥੇ ਬਰਤਾਨੀਆ ‘ਚ 84, ਫਰਾਂਸ ‘ਚ 109, ਜਪਾਨ ਵਿਚ 125, ਜਰਮਨੀ ‘ਚ 142, ਅਮਰੀਕਾ ‘ਚ 252, ਰੂਸ ਵਿਚ 312, ਚੀਨ ਵਿਚ 435 ਵੀ ਆਈ ਪੀ ਹਨ, ਉਥੇ ਭਾਰਤ ਦੇਸ਼ ਮਹਾਨ ਵਿਚ ਵੀ ਆਈ ਪੀ ਲੋਕਾਂ ਦੀ ਗਿਣਤੀ 5,79,092 ਹੈ। ਇਹ ਵੀ ਆਈ ਪੀ ਲੋਕ ਅਤੇ ਸਿਆਸਤਦਾਨ ਗਦੀ ਦੀ ਪ੍ਰਾਪਤੀ ਲਈ ਹਰ ਹਰਬਾ ਵਰਤਣਾ ਆਪਣਾ ਹਕ ਸਮਝਦੇ ਹਨ। ਉਹਨਾ ਦਾ ਮੁਖ ਮੰਤਵ ਸਤਾ ਹਥਿਆਉਣਾ ਹੁੰਦਾ ਹੈ, ਅਤੇ ਉਸ ਵਾਸਤੇ ਉਹ ਸਾਮ, ਦਾਮ, ਦੰਡ ਦੀ ਵਰਤੋਂ ਤੋਂ ਵੀ ਸੰਕੋਚ ਨਹੀਂ ਕਰਦੇ। ਜਦੋਂ ਇਹ ਲੋਕ ਕਿਸੇ ਸੰਕਟ ਵਿਚ ਹੁੰਦੇ ਹਨ ਤਾਂ ਕੋਈ ਨਵਾਂ ਵਿਵਾਦ ਜਾਂ ਨਾਟਕ ਖੜਾ ਕਰਦੇ ਹਨ ਤਾਂ ਕਿ ਇਹ ਪਕਾ ਕੀਤਾ ਜਾ ਸਕੇ ਕਿ ਪਿਛਲੇ ਵਿਵਾਦ ਤੋਂ ਲੋਕਾਂ ਦਾ ਧਿਆਨ ਭਟਕ ਗਿਆ ਹੈ। ਨਰੇਂਦਰ ਮੋਦੀ ਦੀ ਸਰਕਾਰ ਇਸ ਵੇਲੇ ਬੇਰੁਜ਼ਗਾਰੀ, ਨੋਟਬੰਦੀ, ਜੀਐਸਟੀ ਦੀ ਮਾਰ ਹੇਠ ਹੈ ਅਤੇ ਉਹ ਲੋਕਾਂ ਦਾ ਇਸ ਪਾਸਿਓਂ ਧਿਆਨ ਹਟਾਉਣ ਲਈ ਪਿਛਲੀ ਕਾਂਗਰਸ ਸਰਕਾਰ ਅਤੇ ਹੋਰ ਸਿਆਸੀ ਪਾਰਟੀਆਂ ਨੂੰ ਦੇਸ਼ ‘ਚ ਲਾਈ ਐਮਰਜੈਂਸੀ ਅਤੇ ਹੋਰ ਘੁਟਾਲਿਆਂ ਦੀ ਯਾਦ ਦੁਆ ਰਹੀ ਹੈ।
ਦੇਸ਼ ‘ਚ ਆਰਥਕ ਸੰਕਟ ਹੈ। ਰੁਪਈਏ ਦਾ ਮੁਲ ਡਾਲਰ ਦੇ ਮੁਕਾਬਲੇ 69.09 ਹੋ ਗਿਆ ਹੈ। ਕਚੇ ਤੇਲ ਦੇ ਮੁਲ ਵਧ ਰਹੇ ਹਨ। ਨੌਕਰੀਆਂ ਸਿਰਜੀਆਂ ਨਹੀਂ ਜਾ ਰਹੀਆਂ। ਲਖਾਂ ਭਾਰਤੀਆਂ ਨੂੰ ਰੋਟੀ ਰੋਜ਼ੀ ਲਈ ਕਰੜਾ ਸੰਘਰਸ਼ ਕਰਨਾ ਪੈ ਰਿਹਾ ਹੈ। ਸਿਖਿਆ ਅਤੇ ਸਿਹਤ ਦੇ ਮਾਮਲੇ ‘ਚ ਭਾਰਤ ਲਗਾਤਾਰ ਪਿਛੇ ਵਲ ਜਾ ਰਿਹਾ ਹੈ। ਪਰ ਸਾਡੇ ਨੇਤਾ ਲੋਕ ਇਸ ਸਭ ਕੁਝ ਤੋਂ ਬੇਖਬਰ ਹਨ।
ਸਾਡੇ ਦੇਸ਼ ਦੇ ਨੇਤਾਵਾਂ ਦੀ ਪ੍ਰਮੁਖਤਾ ਸਮਝਣ ਵਾਲੀ ਹੈ। ਖ਼ਬਰੀ ਸੁਰਖੀਆਂ ਉਤੇ ਝਾਤ ਮਾਰੋ। ਦੇਸ਼ ਵਿਚ ਕੇਂਦਰ ਅਤੇ ਬਹੁਤੀਆਂ ਸੂਬਾ ਸਰਕਾਰਾਂ ਉਤੇ ਇਕੋ ਪਾਰਟੀ ਦਾ ਕਬਜ਼ਾ ਹੈ। ਭਗਵਾਂ ਸੋਚ ਵਾਲੇ ਲੋਕ ਸਤਾ ਵਿਚ ਹਨ। ਉਹਨਾ ਦੀ ਪ੍ਰਾਥਮਿਕਤਾ ਦੇਸ਼ ਦੀ ਜਨਤਾ ਦੀ ਫਿਕਰ ਬੇਰੁਜ਼ਗਾਰੀ, ਭੁਖਮਾਰੀ, ਸਿਹਤ, ਸਿਖਿਆ ਨਹੀਂ ਹੈ। ਉਹ ਤਾਂ ਸੈਂਕੜੇ ਇਥੋਂ ਤਕ ਕਿ ਹਜ਼ਾਰਾਂ ਸਾਲ ਪਹਿਲਾਂ ਵਾਪਰੀਆਂ ਘਟਨਾਵਾਂ ਨੂੰ ਪਰਖ-ਤੋਲ ਕੇ ਲੋਕਾਂ ਸਾਹਮਣੇ ਲਿਆ ਰਹੇ ਹਨ। ਉਸੇ ਤੇ ਗਰਮਾ-ਗਰਮ ਬਹਿਸ ਕਰ ਰਹੇ ਹਨ। ਰਾਮ ਮੰਦਿਰ ਦੀ ਉਸਾਰੀ ਉਹਨਾ ਦੀ ਪਹਿਲ ਹੈ। ਮੁਗਲ ਸਾਸ਼ਕ ਅਤੇ ਤਾਜਮਹਲ ਉਹਨਾ ਦੇ ਨਿਸ਼ਾਨੇ ਉਤੇ ਹਨ। ਭਾਜਪਾ ਮੁਗਲਾਂ ਨੂੰ ਪਸੰਦ ਨਹੀਂ ਕਰਦੀ, ਇਹ ਕੋਈ ਲੁਕੀ-ਛਿਪੀ ਗਲ ਨਹੀਂ ਹੈ। ਉਤਰਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਤਾਜਮਹਲ ਜਿਹੇ ਇਤਹਾਸਿਕ ਧਰੋਹਰ ਨੂੰ ਆਪਣੀ ਸੂਬਾਈ ਸੈਰ ਸਪਾਟਾ ਕਿਤਾਬਚੇ ਵਿਚੋਂ ਬਾਹਰ ਕਝ ਦਿਤਾ। ਭਾਜਪਾ ਵਿਧਾਇਕ ਸੋਮ ਤਾਂ ਕਹਿ ਚੁਕੇ ਹਨ ਕਿ ਸੰਗਮਰਮਰ ਤੋਂ ਬਣੇ ਇਸ ਮਕਬਰੇ ਦਾ ਨਿਰਮਾਣ ਤਾਂ ਦੇਸ਼ ਧਰੋਹੀ ਅਤੇ ਉਸ ਰਾਜੇ ਨੇ ਕਰਵਾਇਆ ਸੀ ਜੋ ਹਿੰਦੂਆਂ ਦਾ ਸਫਾਇਆ ਕਰਨਾ ਚਾਹੁੰਦਾ ਸੀ। ਸੋਮ ਨੇ ਤਾਂ ਇਥੋਂ ਤਕ ਕਹਿ ਦਿਤਾ ਕਿ ਭਾਰਤ ਦੀ ਵਿਰਾਸਤ ਵਿਚ ਤਾਜਮਹਲ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ ਅਤੇ ਇਤਹਾਸ ਫਿਰ ਤੋਂ ਲਿਖਿਆ ਜਾਏਗਾ ਤਾਂ ਕਿ ਮੁਗਲ ਸਾਸ਼ਕਾਂ ਦਾ ਨਾਮ ਮਿਟਾਇਆ ਜਾ ਸਕੇ। ਭਾਜਪਾ ਦੇ ਪ੍ਰਵਕਤਾ ਜੀ ਬੀ ਐਲ ਨਰਸਿੰਮਾ ਰਾਓ ਨੇ ਭਾਰਤ ਵਿਚ ਮੁਗਲਾਂ ਦੇ ਰਾਜ ਨੂੰ ਵਿਸਫੋਟਕ ਅਤੇ ਤਬਾਹਕੁਨ ਕਰਾਰ ਦਿਤਾ ਅਤੇ ਕਿਹਾ ਕਿ ਭਾਰਤੀ ਸਭਿਅਤਾ ਅਤੇ ਪਰੰਪਰਾ ਨੂੰ ਮੁਗਲ ਸਾਸ਼ਕਾਂ ਭਾਰੀ ਨੁਕਸਾਨ ਪਹੁੰਚਾਇਆ। ਇਥੋਂ ਤਕ ਕਿ, ਅਕਬਰ ਜਿਸਦਾ ਅਕਸ ਦੂਜੇ ਸਾਸ਼ਕਾਂ ਨਾਲੋਂ ਵਖਰਾ ਮੰਨਿਆ ਜਾਂਦਾ ਹੈ, ਉਸਦੇ ਹਮਲੇ ਤੋਂ ਬਚ ਨਹੀਂ ਸਕਿਆ। ਭਾਜਪਾ ਦੇ ਇਸ ਬੁਲਾਰੇ ਨੇ ਅਕਬਰ ਦੀ ਤੁਲਨਾ ਹਿਟਲਰ ਨਾਲ ਕੀਤੀ। ਹੁਣੇ ਜਿਹੇ ਉਤਰਪ੍ਰਦੇਸ਼ ਦੇ ਮੁਖਮੰਤਰੀ ਯੋਗੀ ਅਦਿਤਿਆ ਨਾਥ ਨੇ ਕਸ਼ਮੀਰੀ ਪੰਡਤਾਂ ਪ੍ਰਤੀ ਔਰੰਗਜੇਬ ਦੇ ਵਿਵਹਾਰ ਬਾਰੇ ਕਿਹਾ ਸੀ। ਦੂਸਰੇ ਪਾਸੇ ਕਾਂਗਰਸ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤੁਲਨਾ ਔਰੰਗਜੇਬ ਨਾਲ ਕਰ ਦਿਤੀ।
ਪਰੰਤੂ ਸਵਾਲ ਉਠਦਾ ਹੈ ਕਿ ਇਸ ਜੁਬਾਨੀ ਜੰਗ ਵਿਚ ਲੋਕਾਂ ਦੇ ਰੋਜ਼ਾਨਾ ਕੰਮ ਕਾਰ ‘ਚ ਇਸਦੀ ਭੂਮਿਕਾ ਕੀ ਹੋਵੇ? ਆਖ਼ਰ ਸਾਸ਼ਕਾਂ ਦੀ ਪਹਿਲ ਤਾਂ ਲੋਕਾਂ ਦੀ ਸਮਸਿਆਵਾਂ ਦਾ ਹਲ ਹੋਣੀ ਚਾਹੀਦੀ ਹੈ। ਪਰ ਦੇਸ਼ ਵਿਚ ਤਾਂ ਹਿੰਦੂ, ਮੁਸਲਮਾਨਾਂ ਦੇ ਧਰੁਵੀਕਰਨ ਦੀ ਰਾਜਨੀਤੀ ਕੀਤੀ ਜਾ ਰਹੀ ਹੈ, ਕੀ ਇਸ ਨਾਲ ਦੇਸ਼ ਨੂੰ ਨੁਕਸਾਨ ਨਹੀਂ ਹੋਵੇਗਾ?
ਅਜ ਦੇਸ਼ ਨੂੰ ਸਭ ਤੋਂ ਵਡੀ ਚਣੌਤੀ ਲਖਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਹੈ,ਜਿਹੜੇ ਕਿ ਕੰਮ ਕਾਰ ਕਰਨ ਲਈ ਤਿਆਰ ਬੈਠੇ ਹਨ। ਜਿਹਨਾਂ ਦੇ ਹਥਾਂ ‘ਚ ਭਾਰੀ ਭਰਕਮ ਡਿਗਰੀਆਂ ਹਨ। ਰੁਜ਼ਗਾਰ ਨਾਲ ਜੁੜਿਆ ਸੰਕਟ ਇੰਨਾ ਗੰਭੀਰ ਹੈ ਕਿ ਦੇਸ਼ ਦੇ ਕੁਝ ਵਿਕਸਤ ਸੂਬਿਆਂ ‘ਚ ਮਿਲਦੀਆਂ ਉਦਾਹਰਨਾਂ ਤੋਂ ਵੇਖਿਆ ਜਾ ਸਕਦਾ ਹੈ। ਕੁਝ ਸਮਾਂ ਪਹਿਲਾਂ ਅਖ਼ਬਾਰਾਂ ਵਿਚ ਖ਼ਬਰ ਆਈ ਕਿ ਕਿਵੇਂ ਤਾਮਿਲਨਾਡੂ ਲੋਕ ਸੇਵਾ ਆਯੋਗ ਨੇ ਜਦੋਂ ਟਾਈਪਿਸਟ, ਪਟਵਾਰੀ, ਅਤੇ ਸਟੈਨੋਗ੍ਰਾਫਰ ਨੇ 9500 ਅਸਾਮੀਆਂ ਦੀ ਭਰਤੀ ਲਈ ਪ੍ਰੀਖਿਆ ਆਯੋਜਿਤ ਕੀਤੀ ਗਈ ਤਾਂ ਵੀਹ ਲਖ ਉਮੀਦਵਾਰਾਂ ਵਿਚ 992 ਪੀ ਐਚ ਡੀ ਸ਼ਕਾਲਰ, 23000 ਐਮ ਫਿਲ, ਢਾਈ ਲਖ ਮਾਸਟਰ ਡਿਗਰੀ ਵਾਲੇ, ਅਤੇ ਅਠ ਲਖ ਗਰੇਜੂਏਟ ਸ਼ਾਮਲ ਹਨ। ਦੂਜੀ ਉਦਾਹਰਨ ਰੇਲਵੇ ਨਾਲ ਜੁੜੀ ਹੈ, ਜਿਥੇ 90000 ਅਸਾਮੀਆਂ ਲਈ ਢਾਈ ਕਰੋੜ ਲੋਕਾਂ ਨੇ ਅਰਜ਼ੀਆਂ ਦਿਤੀਆਂ। ਸਾਫ ਹੈ ਕਿ ਰੋਜ਼ਗਾਰ ਮੰਗਣ ਵਾਲਿਆਂ ਦੀ ਸੰਖਿਆ ਅਤੇ ਉਪਲਬਧਤਾ ਰੁਜ਼ਗਾਰ ਦੇ ਵਿਚ ਭਾਰੀ ਅੰਤਰ ਹੈ।
ਇਹ ਅਸਲੀ ਮੁਦੇ ਹਨ, ਅਸਲੀ ਚਣੌਤੀਆਂ ਹਨ। ਜੇਕਰ ਸਨਮਾਨਜਨਕ ਨੌਕਰੀਆਂ ਨਹੀਂ ਮਿਲਦੀਆਂ, ਤਾਂ ਸਾਡੇ ਨੌਜਵਾਨ ਆਪਣੇ ਜੀਵਨ ‘ਚ ਗੁਜ਼ਾਰਾ ਕਿਵੇਂ ਕਰਨਗੇ? ਉਹ ਆਪਣੇ ਬਚਿਆਂ ਲਈ ਚੰਗੀ ਸਿਖਿਆ ਅਤੇ ਸਿਹਤ ਸੁਵਿਧਾਵਾਂ ਕਿਵੇਂ ਦੇ ਸਕਣਗੇ? ਇਸ ਬਾਰੇ ਭਾਰਤ ਦੇ ਹਾਕਮ ਚੁਪ ਹਨ। ਭਾਰਤ ਵਿਚ ਵਧਦੀ ਆਬਾਦੀ ਨੂੰ ਦੇਖਦੇ ਹੋਏ ਅਸੀਂ ਲੋਕਾਂ ਨੂੰ ਭਟਕਾਉਣ ਵਾਲੀ ਸਿਆਸਤ ਨੂੰ ਕਦੋਂ ਤਕ ਸਹਿਨ ਕਰ ਸਕਦੇ ਹਾਂ?

Comments are closed.

COMING SOON .....


Scroll To Top
11