Thursday , 27 June 2019
Breaking News
You are here: Home » EDITORIALS » ਅਮਰੀਕੀ ਰਾਸ਼ਟਰਪਤੀ ਦੀ ਨਵੀਂ ਪਹੁੰਚ

ਅਮਰੀਕੀ ਰਾਸ਼ਟਰਪਤੀ ਦੀ ਨਵੀਂ ਪਹੁੰਚ

ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਮੰਨੇ ਜਾਂਦੇ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਡੋਨਲਡ ਟਰੰਪ ਆਪਣੀ ਸਾਫਗੋਈ ਲਈ ਜਾਣੇ ਜਾਂਦੇ ਹਨ। ਉਹ ਸਿਆਸਤਦਾਨਾਂ ਵਾਂਗ ਘੁੰਮਾ-ਫਿਰਾ ਕੇ ਗੱਲ ਨਹੀਂ ਕਰਦੇ। ਵੱਡੇ-ਵੱਡੇ ਕੌਮੀ ਅਤੇ ਕੌਮਾਂਤਰੀ ਮੁੱਦਿਆਂ ਬਾਰੇ ਉਹ ਸਪੱਸ਼ਟ ਰਾਏ ਦਾ ਪ੍ਰਗਟਾਵਾ ਕਰਦੇ ਹਨ। ਇਸ ਸਿਲਸਿਲੇ ਵਿੱਚ ਉਨ੍ਹਾਂ ਵੱਲੋਂ ਪਾਕਿਸਤਾਨ ਸਬੰਧੀ ਦਿੱਤਾ ਗਿਆ ਤਾਜ਼ਾ ਬਿਆਨ ਬਹੁਤ ਸਨਸਨੀਖੇਜ਼ ਹੈ। ਉਨ੍ਹਾਂ ਨੇ ਪਾਕਿਸਤਾਨ ’ਤੇ ਦੋਸ਼ ਲਗਾਇਆ ਗਿਆ ਹੈ ਕਿ ਉਹ ਪਿਛਲੇ 15 ਸਾਲਾਂ ਤੋਂ ਅਮਰੀਕਾ ਨੇਤਾਵਾਂ ਨੂੰ ਮੂਰਖ ਬਣਾ ਕੇ 33 ਅਰਬ ਡਾਲਰ ਤੋਂ ਵੱਧ ਦੀ ਸਹਾਇਤਾ ਪ੍ਰਾਪਤ ਕਰ ਚੁੱਕਾ ਹੈ, ਪ੍ਰੰਤੂ ਬਦਲੇ ਵਿੱਚ ਉਸ ਨੇ ਅਮਰੀਕਾ ਨੂੰ ਸਿਰਫ ਝੂਠ ਅਤੇ ਧੋਖਾ ਦਿੱਤਾ ਹੈ। ਸ਼ਾਇਦ ਪਾਕਿਸਤਾਨ ਅਮਰੀਕੀ ਨੇਤਾਵਾਂ ਨੂੰ ਮੂਰਖ ਸਮਝਦਾ ਹੈ। ਪਾਕਿਸਤਾਨ ਨੇ ਦਹਿਸ਼ਤਗਰਦਾਂ ਨੂੰ ਸੁਰੱਖਿਅਤ ਪਨਾਹਗਾਹਾਂ ਮੁਹੱਈਆ ਕਰਵਾਈਆਂ ਹਨ। ਅਮਰੀਕਾ ਜਿਨ੍ਹਾਂ ਦਹਿਸ਼ਤਗਰਦਾਂ ਦੀ ਅਫ਼ਗਾਨਿਸਤਾਨ ’ਚ ਭਾਲ ਕਰ ਰਿਹਾ ਉਨ੍ਹਾਂ ਨੂੰ ਪਾਕਿਸਤਾਨ ਵੱਲੋਂ ਸੁਰੱਖਿਅਤ ਪਨਾਹ ਦਿੱਤੀ ਗਈ। ਅਮਰੀਕੀ ਰਾਸ਼ਟਰਪਤੀ ਦਾ ਇਹ ਤਾਜ਼ਾ ਬਿਆਨ ਕਈ ਪੱਖਾਂ ਤੋਂ ਕਾਫੀ ਅਹਿਮ ਅਤੇ ਭਰਮ ਤੋੜਨ ਵਾਲਾ ਹੈ। ਇਸ ਨਾਲ ਦੱਖਣੀ ਏਸ਼ੀਆ ਦੀ ਰਾਜਨੀਤੀ ’ਚ ਤੂਫਾਨ ਆ ਗਿਆ ਹੈ। ਕੌਮਾਂਤਰੀ ਸਿਆਸੀ ਹਲਕਿਆਂ ਵਿੱਚ ਤੜਥੱਲੀ ਮੱਚ ਗਈ ਹੈ। ਦਹਾਕਿਆਂ ਤੋਂ ਪਾਕਿਸਤਾਨ ਅਮਰੀਕਾ ਦਾ ਨੇੜਲੇ ਸਹਿਯੋਗੀ ਰਿਹਾ ਹੈ। ਅਫਗਾਨਿਸਥਾਨ ਵਿੱਚ ਅਮਰੀਕਾ ਵੱਲੋਂ ਲੜੀ ਜਾ ਰਹੀ ਲੜਾਈ ’ਚ ਪਾਕਿਸਤਾਨ ਹੀ ਮੋਹਰਾ ਬਣਿਆ। ਅਮਰੀਕਾ ਦੀ ਫੌਜ ਵੱਲੋਂ ਪਾਕਿਸਤਾਨ ਨੂੰ ਬੇਸ ਕੈਂਪ ਅਤੇ ਸਪਲਾਈ ਲਾਇਨ ਵਜੋਂ ਵਰਤਿਆ ਗਿਆ। ਇਸ ਕਾਰਨ ਹੀ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਮਾਲੀ ਅਤੇ ਫੌਜੀ ਸਹਾਇਤਾ ਦਿੱਤੀ ਗਈ। ਅਸਲ ਵਿੱਚ ਅਮਰੀਕਾ ਵੱਲੋਂ ਇਹ ਸਹਾਇਤਾ ਦੱਖਣੀ ਏਸ਼ੀਆ ਦੇ ਖੇਤਰ ਵਿੱਚ ਆਪਣੀ ਸਰਦਾਰੀ ਕਾਇਮ ਕਰਨ ਲਈ ਦਿੱਤੀ ਗਈ। ਇਸ ਸਹਾਇਤਾ ਨੂੰ ਅਮਰੀਕੀ ਨੇਤਾਵਾਂ ਦੀ ਮੂਰਖਤਾ ਨਾਲ ਜੋੜ ਕੇ ਦੇਖਣਾ ਸਹੀ ਨਹੀਂ ਹੋਵੇਗਾ ਹਾਂ, ਇਹ ਗੱਲ ਠੀਕ ਹੈ ਕਿ ਇਸ ਸਹਾਇਤਾ ਦੇ ਬਦਲੇ ਅਮਰੀਕਾ ਨੂੰ ਇਛੱਤ ਨਤੀਜੇ ਪ੍ਰਾਪਤ ਨਹੀਂ ਹੋਏ। ਅਫਗਾਨਿਸਤਾਨ ਵਿੱਚ ਵੀ ਉਸ ਦੇ ਹੱਥ ਜਿੱਤ ਨਹੀਂ ਲੱਗ ਸਕੀ। ਉਲਟਾ
ਇਸ ਸਮੁੱਚੇ ਖੇਤਰ ਵਿੱਚ ਹਿੰਸਕ ਟਕਰਾਅ ਵਧਿਆ ਹੈ ਪਰ ਇਹ ਸਥਿਤੀ ਸਿਰਫ ਇਸ ਕਾਰਨ ਨਹੀਂ ਪੈਦਾ ਹੋਈ ਕਿ ਅਮਰੀਕਾ ਨੇ ਗਲਤ ਤੌਰ ’ਤੇ ਪਾਕਿਸਤਾਨ ਨੂੰ ਮਾਲੀ ਸਹਾਇਤਾ ਦਿੱਤੀ। ਇਸ ਦੇ ਹੋਰ ਬਹੁਤ ਸਾਰੇ ਕਾਰਨ ਹਨ। ਟਰੰਪ ਪ੍ਰਸ਼ਾਸਨ ਨੂੰ ਇਸ ਸਮੁੱਚੀ ਸਥਿਤੀ ਦਾ ਸਹੀ ਤਰੀਕੇ ਨਾਲ ਜਾਇਜ਼ਾ ਲੈਣਾ ਚਾਹੀਦਾ ਹੈ। ਜੇਕਰ ਅਮਰੀਕਾ ਪਾਕਿਸਤਾਨ ਨੂੰ ਫੌਜੀ ਅਤੇ ਮਾਲੀ ਸਹਾਇਤਾ ਨਹੀਂ ਦਿੰਦਾ ਤਾਂ ਇਸ ਦੇ ਦੱਖਣੀ ਏਸ਼ੀਆ ਦੀ ਰਾਜਨੀਤੀ ਉਪਰ ਡੂੰਘਾ ਅਸਰ ਪਵੇਗਾ। ਪਾਕਿਸਤਾਨ ਦੀ ਸਹਾਇਤਾ ਤੋਂ ਬਿਨਾਂ ਅਮਰੀਕੀ ਫੌਜ ਲਈ ਅਫਗਾਨਿਸਤਾਨ ਵਿੱਚ ਟਿੱਕੇ ਰਹਿਣਾ ਮੁਸ਼ਕਿਲ ਹੋਵੇਗਾ। ਅਮਰੀਕਾ ਨੇ ਬੇਸ਼ਕ ਫੌਰੀ ਤੌਰ ’ਤੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 22.5 ਕਰੋੜ ਡਾਲਰ ਦੀ ਫੌਜੀ ਸਹਾਇਤਾ ਰੋਕ ਦਿੱਤੀ ਹੈ। ਅੰਦਾਜੇ ਦੇ ਉਲਟ ਪਾਕਿਸਤਾਨ ਵੱਲੋਂ ਇਸ ਖਿਲਾਫ ਤਿੱਖਾ ਵਿਰੋਧ ਪ੍ਰਗਟਾਇਆ ਗਿਆ ਹੈ। ਅਮਰੀਕਾ ਦੇ ਪਾਕਿਸਤਾਨ ਵਿੱਚ ਰਾਜਦੂਤ ਨੂੰ ਵਿਦੇਸ਼ ਮੰਤਰਾਲੇ ਵਿੱਚ ਤਲਬ ਕਰਨਾ ਇਸ ਦਾ ਸਬੂਤ ਹੈ। ਦੂਸਰੇ ਪਾਸੇ ਚੀਨ ਨੇ ਪਾਕਿਸਤਾਨ ਦਾ ਪੱਖ ਲਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਪਾਕਿਸਤਾਨ ਨੂੰ ਮਾਲੀ ਸਹਾਇਤਾ ਵੀ ਦੇ ਸਕਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਸਾਫਗੋਈ ਰਣਨੀਤਿਕ ਪੱਖ ਤੋਂ ਅਮਰੀਕਾ ਅਤੇ ਭਾਰਤ ਸਮੇਤ ਦੂਸਰੇ ਦੇਸ਼ਾਂ ਲਈ ਮੁਸ਼ਕਿਲਾਂ ਵੀ ਖੜ੍ਹੀਆਂ ਕਰ ਸਕਦੀ ਹੈ। ਇਸ ਨਾਲ ਕਈ ਤਰ੍ਹਾਂ ਦੇ ਜੋਖਮ ਜੁੜੇ ਹੋਏ ਹਨ। ਮੌਜੂਦਾ ਸਥਿਤੀ ਵਿੱਚ ਭਾਰਤ ਲਈ ਨਵੀਆਂ ਚੁਣੌਤੀਆਂ ਪੈਦਾ ਹੋ ਰਹੀਆਂ ਹਨ। ਸ਼ਾਂਤੀ ਪਸੰਦ ਸਾਰੀਆਂ ਧਿਰਾਂ ਨੂੰ ਰਲ-ਮਿਲ ਕੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਦੀ ਨਵੀਂ ਪਹੁੰਚ ਨਾਲ ਇਸ ਖੇਤਰ ਵਿੱਚ ਕਿਸੇ ਤਰ੍ਹਾਂ ਦੇ ਫੌਜੀ ਟਕਰਾਅ ਦਾ ਖਤਰਾ ਪੈਦਾ ਨਾ ਹੋਵੇ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11