Saturday , 20 April 2019
Breaking News
You are here: Home » EDITORIALS » ਅਪਰਾਧੀ ਨੇਤਾਵਾਂ ਨਾਲ ਕਲੰਕਿਤ ਲੋਕਰਾਜ

ਅਪਰਾਧੀ ਨੇਤਾਵਾਂ ਨਾਲ ਕਲੰਕਿਤ ਲੋਕਰਾਜ

ਭਾਰਤ ਵਿੱਚ ਲੋਕ ਰਾਜ ਅਪਰਾਧੀ ਨੇਤਾਵਾਂ ਨੇ ਕਲੰਕਿਤ ਕਰ ਦਿੱਤਾ ਹੈ। ਦੇਸ਼ ਦੀ ਸਭ ਤੋਂ ਉਚੀ ਵਿਧਾਨਿਕ ਸੰਸਥਾ ਪਾਰਲੀਮੈਂਟ ਤੋਂ ਲੈ ਕੇ ਵਿਧਾਨ ਸਭਾਵਾਂ ਤੱਕ ਅਪਰਾਧੀ ਨੇਤਾਵਾਂ ਦੀ ਕਤਾਰ ਲੱਗੀ ਹੋਈ ਹੈ। ਨੇਤਾਵਾਂ ਖਿਲਾਫ ਗੰਭੀਰ ਅਪਰਾਧਾਂ ਦਾ ਅੰਕੜਾ ਬਹੁਤ ਹੀ ਚਿੰਤਾਜਨਕ ਹੈ। ਹੋਰ ਤਾਂ ਹੋਰ ਨੇਤਾ ਲੋਕ ਔਰਤਾਂ ਅਤੇ ਬੱਚਿਆਂ ਖਿਲਾਫ ਅਪਰਾਧ ਕਰ ਰਹੇ ਹਨ। ਦੁੱਖ ਇਸ ਗੱਲ ਦਾ ਹੈ ਕਿ ਸਿਆਸੀ ਪਾਰਟੀਆਂ ਅਤੇ ਸਰਕਾਰਾਂ ਅਜਿਹੇ ਅਪਰਾਧੀ ਨੇਤਾਵਾਂ ਨੂੰ ਸਰਪ੍ਰਸਤੀ ਦਿੰਦੀਆਂ ਹਨ। ਲਾਜ਼ਮੀ ਤੌਰ ’ਤੇ ਅਪਰਾਧੀ ਨੇਤਾਵਾਂ ਦੇ ਹੁੰਦੇ ਦੇਸ਼ ਵਿੱਚੋਂ ਅਪਰਾਧ ਨੂੰ ਮਿਟਾਉਣਾ ਬੇਹੱਦ ਮੁਸ਼ਕਿਲ ਹੈ। ਜਮਹੂਰੀ ਹਕਾਂ ਲਈ ਸਰਗਰਮ ਪ੍ਰਮੁੱਖ ਸੰਸਥਾ ‘ਐਸੋਸੀਏਸ਼ ਫਾਰ ਡੈਮੋਕ੍ਰੇਟਿਕ ਰਾਈਟਸ’ ਵਲੋਂ ਜਾਰੀ ਰਿਪੋਰਟ ਮੁਤਾਬਕ ਇਸ ਵੇਲੇ ਦੇਸ਼ ਦੇ ਕੁਲ 4,215 ਵਿਧਾਨ ਸਭਾ ਮੈਂਬਰਾਂ ਤੇ 543 ਲੋਕ ਸਭਾ ਮੈਂਬਰਾਂ ਵਿਚੋਂ ਕੁਲ 1,580 ਲੋਕ ਸਭਾ ਤੇ ਵਿਧਾਨ ਸਭਾ ਮੈਂਬਰਾਂ ਉਪਰ ਅਪਰਾਧਿਕ ਮਾਮਲੇ ਦਰਜ਼ ਹਨ। ਇਹਨਾਂ ਵਿਚੋਂ 48 ਉਪਰ ਔਰਤਾਂ ਵਿਰੁਧ ਗੰਭੀਰ ਅਪਰਾਧ ਦੇ ਮਾਮਲੇ ਹਨ। 48 ਵਿੱਚੋਂ ਸਭ ਤੋਂ ਵਧ ਮੰਤਰੀ 12 ਹੁਕਮਰਾਨ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਹਨ। ਕਹਿਣ ਦਾ ਭਾਵ ਇਹ ਹੈ ਕਿ ਕੁੱਲ ਮੰਤੀਰਆਂ ’ਚੋਂ 33 ਫੀਸਦੀ ਉਪਰ ਵਖ-ਵਖ ਅਪਰਾਧਾਂ ਦੇ ਮਾਮਲੇ ਦਰਜ਼ ਹਨ। 48 ਖਿਲਾਫ ਔਰਤਾਂ ਵਿਰੁਧ ਜੁਰਮਾਂ ਦੇ ਮਾਮਲੇ ਦਰਜ਼ ਹਨ। ਕਠੂਆ ਅਤੇ ਉਨਾਉਂ ਦੇ ਬੇਹੱਦ ਸ਼ਰਮਨਾਕ ਅਪਰਾਧਾਂ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਸ਼ਾਮਿਲ ਹਨ। ਉਨਾਉਂ ਦੇ ਬਹੁਤ ਹੀ ਹਿਰਦੇ ਵੇਦਿਕ ਅਪਰਾਧ ਵਿੱਚ ਭਾਜਪਾ ਦੇ ਵਿਧਾਇਕ ਕੁਲਦੀਪ ਸੇਂਗਰ ਅਤੇ ਉਨ੍ਹਾਂ ਦਾ ਪਰਿਵਾਰ ਸ਼ਾਮਿਲ ਸੀ। ਜੇਕਰ ਅਪਰਾਧ ਦੇ ਕੁੱਲ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਹ ਦੇਖਣ ਵਿੱਚ ਆਉਂਦਾ ਹੈ ਕਿ ਸਿਆਸੀ ਨੇਤਾ ਹਰ ਤਰ੍ਹਾਂ ਦੇ ਅਪਰਾਧ ਵਿੱਚ ਸ਼ਾਮਿਲ ਹਨ। ਅਪਰਾਧਾਂ ਵਿੱਚ ਸਾਰੀਆਂ ਪਾਰਟੀਆਂ ਦੇ ਹੀ ਨੇਤਾਵਾਂ ਦੀ ਸ਼ਮੂਲੀਅਤ ਹੈ। ਪਿਛਲੇ ਪੰਜ ਸਾਲਾਂ ਵਿੱਚ ਭਾਜਪਾ ਦੇ ਨੇਤਾਵਾਂ ਵੱਲੋਂ ਸਭ ਤੋਂ ਵੱਧ ਅਪਰਾਧ ਕੀਤੇ ਗਏ। ਦਿਲੀ ਭਾਜਪਾ ਦੇ ਸਾਬਕਾ ਵਿਧਾਨ ਸਭਾ ਮੈਂਬਰ ਵਿਜੈ ਜੌਲੀ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਹੈ। ਗੁਜਰਾਤ ਦੇ ਨਲੀਆ ਬਲਾਤਕਾਰ ਕਾਂਡ ਵਿਚ ਭਾਜਪਾ ਦੇ ਸ਼ਾਂਤੀਲਾਲ ਸੋਲੰਕੀ, ਗੋਵਿੰਦ ਪਰੂਮਾਲਾਨੀ, ਅਜਿਤ ਰਾਮਵਾਨੀ ਤੇ ਬਸੰਤ ਭਾਨੁਸ਼ਾਲੀ ’ਤੇ ਐਫਆਈਆਰ ਦਰਜ ਹੈ।।ਗੁਜਰਾਤ ਦੇ ਭਾਜਪਾ ਆਗੂ ਜੈਅਸ਼ ਪਟੇਲ ’ਤੇ 22 ਸਾਲਾ ਨਰਸਿੰਗ ਦੀ ਵਿਦਿਆਰਥਣ ਨਾਲ਼ ਬਲਾਤਕਾਰ ਦਾ ਮਾਮਲਾ ਦਰਜ ਹੈ। ਦਿੱਲੀ ਦੀ ਅਦਾਲਤ ਵਿਚ ਗੁੜਗਾਉਂ ਤੋਂ ਭਾਜਪਾ ਦੇ ਵਿਧਾਨ ਸਭਾ ਮੈਂਬਰ ਉਮੇਸ਼ ਅਗਰਵਾਲ ਉਪਰ ਬਲਾਤਕਾਰ ਦਾ ਮਾਮਲਾ ਦਰਜ ਹੈ।।ਕਰਨਾਟਕਾ ਦਾ ਭਾਜਪਾ ਦਾ ਸਾਬਕਾ ਮੰਤਰੀ ਹਾਲਪਾ ਬਲਾਤਕਾਰ ਦੇ ਮਾਮਲੇ ਵਿਚ ਗ੍ਰਿਫਤਾਰ ਹੈ। ਕਰਨਾਟਕ ਭਾਜਪਾ ਆਗੂ ਡੀ.ਐਨ. ਜੀਵਰਾਜ ਉਪਰ 23 ਸਾਲਾ ਕੁੜੀ ਨੂੰ ਅਗਵਾ ਤੇ ਬਲਾਤਕਾਰ ਦਾ ਦੋਸ਼ ਲਗਿਆ। ਮਹਾਂਰਾਸ਼ਟਰ ਭਾਜਪਾ ਆਗੂ ਮਧੂ ਚੌਹਾਨ ਉਪਰ ਆਪਣੀ ਪਾਰਟੀ ਦੀ ਕਾਰਕੁੰਨ ਨਾਲ਼ ਬਲਾਤਕਾਰ ਕਰਨ ਦਾ ਮਾਮਲਾ ਦਰਜ ਹੋਇਆ। ਮਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਅਸਾਮ, ਪੰਜਾਬ, ਰਾਜਸਥਾਨ, ਛੱਤੀਸਗੜ੍ਹ, ਕਰਨਾਟਕਾ, ਉਤਰਾਖੰਡ ਵਿੱਚ ਵੀ ਭਾਜਪਾ ਦੇ ਕਈ ਨੇਤਾਵਾਂ ਖਿਲਾਫ ਗੰਭੀਰ ਅਪਰਾਧਾਂ ਦੇ ਮਾਮਲੇ ਦਰਜ ਹਨ। ਦੂਜੀਆਂ ਪਾਰਟੀਆਂ ਦਾ ਵੀ ਇਹੋ ਹਾਲ ਹੈ। ਆਮ ਲੋਕਾਂ ਖਾਸ ਕਰਕੇ ਔਰਤਾਂ ਦੀ ਨਿੱਜੀ ਸੁਰੱਖਿਆ ਨੂੰ ਨੇਤਾਵਾਂ ਤੋਂ ਹੀ ਖਤਰਾ ਹੈ। ਅਪਰਾਧੀ ਨੇਤਾਵਾਂ ਖਿਲਾਫ ਹੋਰ ਸਖ਼ਤ ਕਾਨੂੰਨ ਦੀ ਜ਼ਰੂਰਤ ਹੈ। ਲੋਕਤੰਤਰ ਨੂੰ ਬਚਾਉਣ ਲਈ ਅਪਰਾਧੀ ਨੇਤਾਵਾਂ ਨੂੰ ਘੱਟੋ-ਘੱਟ ਵਿਧਾਨਿਕ ਸੰਸਥਾਵਾਂ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ।
21 ਮਈ 2018 – ਬਲਜੀਤ ਸਿੰਘ ਬਰਾੜ

 

Comments are closed.

COMING SOON .....


Scroll To Top
11