ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ, ਧੀ ਨਮਿਤਾ ਭਟਾਚਾਰੀਆ ਨੇ ਭੇਂਟ ਕੀਤੀ ਮੁੱਖ ਅਗਨੀ
ਨਵੀਂ ਦਿਲੀ, 17 ਅਗਸਤ- ਅਟਲ ਬਿਹਾਰੀ ਵਾਜਪਾਈ ਦੀ ਅੰਤਿਮ ਯਾਤਰਾ ਭਾਜਪਾ ਦੇ ਮੁਖ ਦਫ਼ਤਰ ਤੋਂ ਸ਼ੁਰੂ ਹੋ ਕੇ ਸਮ੍ਰਿਤੀ ਸਥਲ ਪਹੁੰਚੀ ਜਿਥੇ ਉੁਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਦੀ ਗੋਦ ਲਈ ਧੀ ਨੇ ਉਨ੍ਹਾਂ ਨੂੰ ਮੁਖ ਅਗਨੀ ਦਿਤੀ। ਇਸ ਤੋਂ ਪਹਿਲਾਂ ਅਟਲ ਜੀ ਨੂੰ ਤਿੰਨਾਂ ਫੌਜਾਂ ਦੇ ਜਵਾਨਾਂ ਨੇ 21 ਬੰਦੂਕਾਂ ਦੀ ਸਲਾਮੀ ਨਾਲ ਅੰਤਿਮ ਵਿਦਾਈ ਦਿਤੀ ਗਈ। ਉਨ੍ਹਾਂ ਦੇ ਅੰਤਿਮ ਦਰਸ਼ਨ ਲਈ ਹਜ਼ਾਰਾਂ ਦੀ ਸੰਖਿਆ ‘ਚ ਲੋਕ ਸੜਕਾਂ ‘ਤੇ ਖੜ੍ਹੇ ਸਨ। ਵਡੀ ਸੰਖਿਆ ‘ਚ ਲੋਕ ਉਨ੍ਹਾਂ ਦੇ ਵਾਹਨ ਦੇ ਨਾਲ-ਨਾਲ ਚਲ ਰਹੇ ਸਨ। ਸਮ੍ਰਿਤੀ ਸਥਾਨ ਜਵਾਹਰ ਲਾਲ ਨਹਿਰੂ ਦੇ ਸਮਾਰਕ ਸ਼ਾਂਤੀ ਵਨ ਅਤੇ ਲਾਲ ਬਹਾਦੁਰੀ ਸ਼ਾਸਤਰੀ ਦੇ ਵਿਜੈ ਘਾਟ ਵਿਚਾਲੇ ਸਥਿਤ ਹੈ। ਪੂਰਾ ਰਸਤਾ ‘ਅਟਲ ਬਿਹਾਰੀ ਵਾਜਪਈ ਅਮਰ ਰਹੇ ਨਾਅਰਿਆਂ ਨਾਲ ਗੂੰਜਦਾ ਰਿਹਾ। ਰਾਜਧਾਨੀ ਦੇ ਆਈ.ਟੀ.ਓ ਨੇੜੇ ਦੀਨ ਦਿਆਲ ਉਪਾਧਿਆ ਮਾਰਗ ‘ਤੇ ਪਾਰਟੀ ਦਫਤਰ ਤੋਂ ਜਦੋਂ 2 ਵਜੇ ਅੰਤਿਮ ਯਾਤਰਾ ਸ਼ੁਰੂ ਹੋਈ ਤਾਂ ਲੋਕ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅਖਾਂ ਨਮ ਹੋ ਗਈਆਂ। ਸਵੇਰੇ ਤੋਂ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਦੇਸ਼ ਦੇ ਦੂਰ ਦੇ ਇਲਾਕਿਆਂ ਤੋਂ ਆਏ ਲੋਕ ਆਪਣੇ ਪਿਆਰੇ ਨੇਤਾ ਦੇ ਅੰਤਿਮ ਦਰਸ਼ਨ ਕਰਨ ਲਈ ਲਖਾਂ ਦੀ ਸੰਖਿਆ ‘ਚ ਇਕਠੇ ਹੋਏੇ। ਇਸ ‘ਚ ਭਾਜਪਾ ਦੇ ਦਫਤਰ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਪਾਰਟੀ ਪ੍ਰਧਾਨ ਅਮਿਤ ਸ਼ਾਹ, ਲਾਲ ਕ੍ਰਿਸ਼ਨ ਅਡਵਾਨੀ, ਮੁਖਮੰਤਰੀ ਯੋਗੀ ਆਦਿਤਿਆਨਾਥ, ਹਰਿਆਣਾ ਦੇ ਮੁਖਮੰਤਰੀ ਮਨੋਹ ਰ ਲਾਲ ਖਟੜ, ਰੇਲ ਮੰਤਰੀ ਪੀਊਸ਼ ਗੋਇਲ, ਪ੍ਰਧਾਨਮੰਤਰੀ ਦਫਤਰ ‘ਚ ਰਾਜ ਮੰਤਰੀ ਜਿਤੇਂਦਰ ਸਿੰਘ ਅਤੇ ਪਾਰਟੀ ਦੇ ਵਖ-ਵਖ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਵਾਜਪਾਈ ਦੀ ਭਾਜਪਾ ਦਫਤਰ ਤੋਂ ਸ਼ੁਰੂ ਹੋਈ ਯਾਤਰਾ ‘ਚ ਅਜ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਰਾਜਘਾਟ ਨੇੜੇ ਰਾਸ਼ਟਰੀ ਸਮ੍ਰਿਤੀ ਸਥਾਨ ਤਕ ਦੀ ਯਾਤਰਾ ਪੈਦਲ ਹੀ ਪੂਰੀ ਕੀਤੀ, ਜਿਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਪੂਰੇ ਰਾਜ ਸਨਮਾਨ ਨਾਲ ਕੀਤਾ ਗਿਆ। ਸਭ ਤੋਂ ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸਾਬਕਾ ਉਪ-ਪ੍ਰਧਾਨਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਵਾਜਪਾਈ ਨੂੰ ਫੁਲ ਭੇਂਟ ਕੀਤੇ। ਇਸ ਦੇ ਬਾਅਦ ਮ੍ਰਿਤਕ ਦੇਹ ਨਾਲ ਲਿਪਟਿਆ ਤਿਰੰਗਾ ਵਾਜਪਾਈ ਦੀ ਦੋਤੀ ਨਿਹਾਰੀਕਾ ਨੂੰ ਸੌਂਪ ਦਿਤਾ ਗਿਆ। ਇਸ ਮੌਕੇ ‘ਤੇ ਰਾਜਸਭਾ ‘ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ, ਭਾਜਪਾ ਦੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ, ਕਾਂਗਰਸ ਦੇ ਸੀਨੀਅਰ ਨੇਤਾ ਅਸ਼ੋਕ ਗਹਿਲੋਤ, ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਸਨ। ਅੰਤਿਮ ਸੰਸਕਾਰ ਸਮੇਂ ਸਮ੍ਰਿਤੀ ਸਥਾਨ ਦੇ ਆਸਪਾਸ ਲੋਕਾਂ ਦਾ ਇਕਠ ਸੀ ਅਤੇ ਵਾਜਪਾਈ ਅਮਰ ਰਹੇ ਦੇ ਨਾਅਰਿਆਂ ਨਾਲ ਆਸਮਾਨ ਗੂੰਜਨ ਲਗਾ। ਲਖਾਂ ਦੀ ਸੰਖਿਆ ‘ਚ ਦੇਸ਼ ਵਿਦੇਸ਼ ਦੇ ਉਘੇ ਆਗੂ ਸਿਆਸਤਦਾਨ ਅਤੇ ਆਮ ਲੋਕ ਸਮ੍ਰਿਤੀ ਸਥਲ ਵਿਖੇ ਅੰਤਿਮ ਸਸਕਾਰ ਮੌਕੇ ਮੌਜੂਦ ਰਹੇ। ਇਸਦੇ ਇਲਾਵਾ ਉਨ੍ਹਾਂ ਦੇ ਦਿਹਾਂਤ ‘ਤੇ ਅਮਰੀਕਾ, ਚੀਨ, ਬੰਗਲਾਦੇਸ਼, ਨੇਪਾਲ ਅਤੇ ਜਾਪਾਨ ਦੀਆਂ ਸਰਕਾਰਾਂ ਵਲੋਂ ਦੁਖ ਪ੍ਰਗਟ ਕੀਤਾ ਗਿਆ। ਪਾਕਿਸਤਾਨ ਦੇ ਬਣਨ ਵਾਲੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਭਾਰਤ ਸਥਿਤ ਅਮਰੀਕੀ ਦੂਤਘਰ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਆਪਣੇ ਸ਼ਾਸਨ ਵਿਚ ਅਮਰੀਕਾ ਨਾਲ ਮਜ਼ਬੂਤ ਹਿਸੇਦਾਰੀ ਦੀ ਹਮਾਇਤ ਕੀਤੀ। ਅਮਰੀਕੀ ਮਿਸ਼ਨ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦੇ ਪਰਿਵਾਰ ਵਾਲਿਆਂ ਅਤੇ ਭਾਰਤ ਦੇ ਨਾਗਰਿਕਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ।