Sunday , 27 May 2018
Breaking News
You are here: Home » ENTERTAINMENT » ਅਕਾਸ਼ਬਾਣੀ ਦੀ ਵਿਸ਼ਵਾਸਯੋਗਤਾ ਅਤੇ ਖੁਦਮੁਖਤਾਰੀ

ਅਕਾਸ਼ਬਾਣੀ ਦੀ ਵਿਸ਼ਵਾਸਯੋਗਤਾ ਅਤੇ ਖੁਦਮੁਖਤਾਰੀ

image ਮੈਂ ਚੰਡੀਗੜ੍ਹ ਤੋਂ ਵਾਪਸ ਆ ਰਿਹਾ ਸੀ। ਬਨੂੜ ਨੇੜੇ ਮੈਂ ਆਪਣਾ ਕਾਰ ਸਟੀਰਿਊ ਚਲਾਇਆ ਤਾਂ ਕੋਈ ਕਾਮੇਡੀ ਪ੍ਰੋਗਰਾਮ ਚਲ ਰਿਹਾ ਸੀ। ਉਸਤਾਦ ਅਤੇ ਜਮੂਰੇ ਦੇ ਕਿਰਦਾਰ ਰਾਹੀਂ ਵਿਅੰਗ ਪੇਸ਼ ਕੀਤਾ ਜਾ ਰਿਹਾ ਸੀ :
‘‘ਜਮੂਰੇ ਤੂੰ ਕੰਮ ’ਤੇ ਕਿਉਂ ਨਹੀਂ ਜਾਂਦਾ’’
‘‘ਕੰਮ ’ਤੇ ਹੁਣ ਮੈਂ ਜਾਉਂ। ਮੈਨੂੰ ਸਰਕਾਰ ਪੱਕੀ ਨੌਕਰੀ ਦਿਉ। ਕੈਪਟਨ ਸਾਹਿਬ ਨੇ ਹਰ ਘਰ ਨੂੰ ਪੱਕੀ ਸਰਕਾਰੀ ਨੌਕਰੀ ਦਾ ਵਾਅਦਾ ਕੀਤਾ ਸੀ।’’
ਭਾਵੇਂ ਮੇਰੇ ਪੂਰੇ ਡਾਇਲਾਗ ਯਾਦ ਨਵੀਂ ਰਹੇ ਪਰ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਸਾਰੇ ਵਾਅਦਿਆਂ ਉਪਰ ਤੱਕੜੀ ਚੋਟ ਕਰ ਰਿਹਾ ਸੀ ਪ੍ਰੋਗਰਾਮ। ਇੰਨੇ ਤਿੱਖੇ ਵਿਅੰਗ ਮੈਂ ਪਹਿਲੀ ਵਾਰ ਕਿਸੇ ਰੇਡਿਓ ਤੋਂ ਸੁਣ ਰਿਹਾ ਸੀ। ਕੈਨੇਡਾ ਦੇ ਰੇਡਿਓ ਪ੍ਰੋਗਰਾਮਾਂ ਵਿੱਚ ਮੈਂ ਖੁਦ ਤਿੱਖੀਆਂ ਬੋਲ ਜਾਂਦਾ ਹਾਂ ਅਤੇ ਜਤਿੰਦਰ ਪੰਨੂ, ਬਲਤੇਜ ਪੰਨੂ ਅਤੇ ਪਰਮਿੰਦਰ ਟਿਵਾਣਾ ਵਰਗੇ ਪੱਤਰਕਾਰਾਂ ਨੂੰ ਸਰਕਾਰੀਤੰਤਰ ਦੀਆਂ ਬੁਰਾਈਆਂ ਨੂੰ ਨੰਗਾ ਕਰਦੇ ਹੋਏ ਕੌੜਾ ਸੱਚ ਬੋਲਦੇ ਹੋਏ ਅਕਸਰ ਸੁਣਿਆ ਹੈ। ਕਿਸੇ ਐਫ.ਐਮ. ਰੇਡਿਓ ਤੋਂ ਇਸ ਤਰ੍ਹਾਂ ਦਾ ਵਿਅੰਗ ਸੁਣਕੇ ਮੈਨੂੰ ਖੁਸ਼ੀ ਹੋ ਰਹੀ ਸੀ। ਜਿਸ ਤਰ੍ਹਾਂ ਖੂਬਸੂਰਤ ਸਕਰਿਪਟ ਜਾਂ ਸਮੱਗਰੀ ਸੀ ਉਸੇ ਤਰ੍ਹਾਂ ਦੀ ਖੂਬਸੂਰਤ ਪੇਸ਼ਕਾਰੀ ਸੀ। ਮੈਂ ਰਾਜਪੁਰੇ ਰੇਲਵੇ ਲਾਈਨ ਉਤੇ ਬਣਿਆ ਪੁਲ ਪਾਰ ਕਰਕੇ ਸਾਹਨੀ ਬੇਕਰੀ ਦੇ ਸਾਹਮਣੇ ਖੜ੍ਹਾ ਸੀ ਪਰ ਇਹ ਪ੍ਰੋਗਰਾਮ ਜਾਰੀ ਸੀ। ਵੱਖ-ਵੱਖ ਤਰ੍ਹਾਂ ਦੇ ਕਿਰਦਾਰਾਂ ਰਾਹੀਂ ਖੂਬ ਮਨੋਰਜੰਨ ਕੀਤਾ ਜਾ ਰਿਹਾ ਸੀ।
ਮੇਰਾ ਕਾਰ ’ਚੋਂ ਥੱਲੇ ਉਤਰਨ ਨੂੰ ਦਿਲ ਨਹੀਂ ਸੀ ਕਰ ਰਿਹਾ। ਇਕ ਤਾਂ ਜਿਵੇਂ ਦੱਸਿਆ ਕਿ ਪ੍ਰੋਗਰਾਮ ਚੰਗਾ ਸੀ ਦੂਜਾ ਮੈਂ ਇਹ ਜਾਨਣਾ ਚਾਹੁੰਦਾ ਸੀ ਕਿ ਅਜਿਹਾ ਪ੍ਰੋਗਰਾਮ ਕਿਸ ਸਟੇਸ਼ਨ-ਚੈਨਲ ਤੋਂ ਆ ਰਿਹਾ ਹੈ। ਹਾਲਾਂਕਿ ਮੈਨੂੰ ਲੱਗ ਰਿਹਾ ਸੀ ਕਿ ਇਹ ਪ੍ਰੋਗਰਾਮ ਆਲ ਇੰਡੀਆ ਰੇਡਿਓ ਪਟਿਆਲਾ ਐਫ.ਐਮ. ਦਾ ਹੈ ਪਰ ਦੂਜੇ ਪਾਸੇ ਸਰਕਾਰੀ ਰੇਡਿਓ ਸਟੇਸ਼ਨ ਤੋਂ ਸਮੇਂ ਦੀਆਂ ਸਰਕਾਰਾਂ ਨੂੰ ਕਚਹਿਰੀ ਵਿੱਚ ਖੜ੍ਹੇ ਕਰਨ ਵਾਲੇ ਪ੍ਰੋਗਰਾਮ ਕਿਸੇ ਅਚੰਭੇ ਤੋਂ ਘੱਟ ਨਹੀਂ ਲੱਗਦੇ। ਇਹ ਗੱਲ ਤਾਂ ਪੱਕੀ ਹੈ ਕਿ ਪ੍ਰਸਾਰ ਭਾਰਤੀ ਬਣਨ ਤੋਂ ਬਾਅਦ ਅਕਾਸ਼ਬਾਣੀ ਅਤੇ ਦੂਰਦਰਸ਼ਨ ਨੂੰ ਕੁੱਝ ਹੱਦ ਤੱਕ ਖੁਦਮੁਖ਼ਤਾਰੀ ਤਾਂ ਮਿਲੀ ਹੈ ਪਰ ਫਿਰ ਇਹ ਅਦਾਰੇ ਸਰਕਾਰੀ ਬੁਲਾਰੇ ਦੇ ਤੌਰ ’ਤੇ ਜਾਣੇ ਜਾਂਦੇ ਹਨ। ਖ਼ੈਰ! ਮੈਨੂੰ ਜ਼ਿਆਦਾ ਉਡੀਕ ਨਹੀਂ ਕਰਨੀ ਪਈ ਜਦੋਂ ਮੇਰੇ ਕੰਨੀ ਅਵਾਜ਼ ਪਈ ਕਿ ਆਪਣੇ ਦੋਸਤ ਅਤੇ ਪ੍ਰੋਗਰਾਮ ਦੇ ਹੋਸਟ ਪ੍ਰਗਟ ਘੁਮਾਣ ਨੂੰ ਆਗਿਆ ਦਿਓ ਅਤੇ ਅੱਗਲੇ ਤੋਂ ਅੱਗਲੇ ਐਤਵਾਰ ਇਸ ਵੇਲੇ ਪ੍ਰੋਗਰਾਮ ‘ਹਾਸਿਆਂ ਦੇ ਗੋਲ ਗੱਪੇ’ ਸੁਣਨਾ ਨਾ ਭੁਲਣਾ। ਏ.ਆਈ.ਆਰ. ਐਫ.ਐਮ. ਪਟਿਆਲਾ ਦਾ ਇਹ ਪ੍ਰੋਗਰਾਮ ਸੱਚਮੁੱਚ ਹੀ ਮੇਰੀ ਰੂਹ ਖੁਸ਼ ਕਰ ਗਿਆ। ਇਸ ਸਾਰੇ ਪ੍ਰੋਗਰਾਮ ਵਿੱਚ ਨਾ ਸਿਰਫ ਪੰਜਾਬ ਸਰਕਾਰ ’ਤੇ ਸਿਆਸੀ ਟਕੋਰਾਂ ਕੀਤੀਆਂ ਗਈਆਂ ਸਗੋਂ ਕਿਸਾਨਾਂ ਦੇ ਮਸਲੇ ਤੇ ਮੱਧ ਪ੍ਰਦੇਸ਼ ਵਿਚਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ’ਤੇ ਵੀ ਵਿਅੰਗ ਕਸਿਆ ਗਿਆ ਸੀ। ਇਉਂ ਮੇਰਾ ਖਦਸ਼ਾ ਵੀ ਦੂਰ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਕਾਂਗਰਸ ਪਾਰਟੀ ਦੇ ਸੂਬਾਈ ਰਾਜ ਨੂੰ ਹੀ ਭੰਡਿਆ ਗਿਆ ਹੈ।
ਪ੍ਰਸਾਰ ਭਾਰਤੀ ਦੇ ਅਧੀਨ ਕੰਮ ਕਰ ਰਹੇ ਅਦਾਰਿਆਂ ਨੂੰ ਆਪਣੀ ਸੰਸਥਾ ਦੀ ਖੁਦਮੁਖ਼ਤਾਰੀ ਨੂੰ ਯਕੀਨੀ ਬਣਾਉਂਦੇ ਹੋਏ ਲੋਕ ਹਿੱਤ ਵਿੱਚ ਪ੍ਰੋਗਰਾਮ ਪੇਸ਼ ਕਰਨੇ ਚਾਹੀਦੇ ਹਨ। ਸਰਕਾਰ ਦੇ ਹੱਥ ਠੋਕੇ ਅਤੇ ਬੁਲਾਰੇ ਦੇ ਤੌਰ ’ਤੇ ਆਪਣੀ ਸ਼ਾਖ ਨੂੰ ਬਦਲਣ ਦੇ ਯਤਨ ਕਰਨੇ ਚਾਹੀਦੇ ਹਨ। ਅਜਿਹੇ ਪ੍ਰੋਗਰਾਮ ਇਨ੍ਹਾਂ ਦੀ ਵਿਸ਼ਵਾਸਯੋਗਤਾ ਵਿੱਚ ਵਾਧਾ ਕਰਨਗੇ। ਸ਼ਾਇਦ ਇਸ ਵਿਸ਼ਵਾਸਯੋਗਤਾ ਦੀ ਕਮੀ ਕਾਰਨ ਮੇਰੇ ਵਰਗੇ ਕਾਫੀ ਲੋਕ ਪ੍ਰਸਾਰ ਭਾਰਤੀ ਦੇ ਰੇਡਿਓ ਅਤੇ ਟੀ.ਵੀ. ਚੈਨਲਾਂ ਨੂੰ ਸਰਕਾਰੀ ਚੈਨਲ ਸਮਝਦੇ ਨਹੀਂ ਸੁਣਦੇ ਜਾਂ ਵੇਖਦੇ। ਹੋ ਸਕਦਾ ਹੈ ਕਿ ਇਹ ਹਾਸਿਆਂ ਦੇ ਗੋਲ-ਗੱਪੇ ਵਰਗੇ ਪ੍ਰੋਗਰਾਮ ਲੰਬੇ ਸਮੇਂ ਤੋਂ ਪੇਸ਼ ਹੋ ਰਹੇ ਹੋਣ ਅਤੇ ਵਿਸ਼ਵਾਸਯੋਗਤਾ ਦੀ ਕਮੀ ਕਾਰਨ ਜਾਂ ਸਰਕਾਰੀ ਸ਼ਾਖ ਕਾਰਨ ਇਹ ਚੈਨਲ ਘੱਟ ਚਲਾਉਣ ਨੂੰ ਦਿਲ ਕਰਦਾ ਹੈ। ਮੈਨੂੰ ਤਸੱਲੀ ਭਰੀ ਖੁਸ਼ੀ ਹੋਈ ਕਿ ਹੁਣ ਮੇਰੀ ਰਾਏ ਬਦਲ ਰਹੀ ਹੈ।
ਇਸ ਮੀਡੀਆ ਦੇ ਯੁੱਗ ਵਿੱਚ ਬਹੁਤ ਸਾਰੇ ਵਿਕਸਤ ਦੇਸ਼ਾਂ ਦੇ ਮੁਕਾਬਲੇ ਸਾਡੇ ਦੇਸ਼ ਵਿੱਚ ਰੇਡੀਓ ਮਾਧਿਅਮ ਦੀ ਮਹੱਤਤਾ ਅਤੇ ਵਿਸ਼ਵਾਸਯੋਗਤਾ ਬਹੁਤ ਘੱਟ ਹੈ। ਇਹ ਬਹੁਤ ਸ਼ਕਤੀਸ਼ਾਲੀ, ਸਸਤਾ ਅਤੇ ਹਰ ਗਰੀਬ ਅਮੀਰ ਦੇ ਕੋਲ ਪਹੁੰਚਣ ਵਾਲਾ ਮਾਧਿਅਮ ਹੈ। ਇਸ ਦੀ ਮਹੱਤਤਾ ਨੂੰ ਪਹਿਚਾਣਕੇ ਹਿੰਦੋਸਤਾਨ ਵਿੱਚ ਵੀ ਇਸ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਦੀ ਲੋੜ ਹੈ। ਜੇਕਰ ਅਕਾਸ਼ਬਾਣੀ ਇਸ ਤਰ੍ਹਾਂ ਦੇ ਲੋਕ ਹਿੱਤਾਂ ਨੂੰ ਤਰਜੀਹ ਦਿੰਦੇ ਪ੍ਰੋਗਰਾਮ ਪੇਸ਼ ਕਰੇਗਾ ਤਾਂ ਨਿਸ਼ਚਿਤ ਤੌਰ ’ਤੇ ਇਸ ਦੀ ਵਿਸ਼ਵਾਸਯੋਗਤਾ ਅਤੇ ਹਰਮਨਪਿਆਰਤਾ ਵਿੱਚ ਵਾਧਾ ਹੋਵੇਗਾ। ਇਹ ਮੇਰਾ ਯਕੀਨ ਹੈ।

Comments are closed.

COMING SOON .....
Scroll To Top
11