Wednesday , 16 January 2019
Breaking News
You are here: Home » PUNJAB NEWS » ਅਕਾਲੀ ਦਲ ਨੇ ਪੰਜਾਬ ਨੂੰ ਪਹਿਲੇ ਸਥਾਨ ਤੋਂ 29ਵੇਂ ਸਥਾਨ ’ਤੇ ਪਹੁੰਚਾਇਆ : ਕੈਪਟਨ ਅਮਰਿੰਦਰ ਸਿੰਘ

ਅਕਾਲੀ ਦਲ ਨੇ ਪੰਜਾਬ ਨੂੰ ਪਹਿਲੇ ਸਥਾਨ ਤੋਂ 29ਵੇਂ ਸਥਾਨ ’ਤੇ ਪਹੁੰਚਾਇਆ : ਕੈਪਟਨ ਅਮਰਿੰਦਰ ਸਿੰਘ

ਕੈਪਟਨ ਦੀ ਹਾਜ਼ਰੀ ’ਚ ਲਾਡੀ ਵੱਲੋਂ ਸ਼ਾਹਕੋਟ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ

ਸ਼ਾਹਕੋਟ, 10 ਮਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸ ਦੀਆਂ ਸਕੂਲੀ ਕਿਤਾਬਾਂ ਦੇ ਮਾਮਲੇ ’ਤੇ ਕੂੜ ਪ੍ਰਚਾਰ ਕਰਨ ਵਾਲੇ ਅਕਾਲੀਆਂ ’ਤੇ ਵਰ੍ਹਦਿਆਂ ਸ਼ਾਹਕੋਟ ਦੇ ਲੋਕਾਂ ਨੂੰ ਆਪਣੇ ਇਲਾਕੇ ਤੇ ਸੂਬੇ ਦੀ ਬਿਹਤਰੀ ਲਈ ਵੋਟਾਂ ਪਾਉਣ ਦੀ ਅਪੀਲ ਕੀਤੀ। ਅੱਜ ਇੱਥੇ ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਕ ਪਾਸੇ ਬਾਦਲਾਂ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਪੰਜਾਬ ਤੇ ਪੰਜਾਬੀਆਂ ਦੇ ਭਲੇ ਲਈ ਕੱਖ ਵੀ ਨਹੀਂ ਕੀਤਾ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਲੀਡਰ ਸੁਖਪਾਲ ਸਿੰਘ ਖਹਿਰਾ ਲੋਕਾਂ ਦੀ ਭਲਾਈ ਨਾਲ ਜੁੜੇ ਮਸਲੇ ਉਠਾਉਣ ਦੀ ਬਜਾਏ ਝੂਠ-ਦਰ-ਝੂਠ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਸ੍ਰੀ ਲਾਡੀ ਵੱਲੋਂ ਐਸ.ਡੀ.ਐਮ. ਦੇ ਦਫ਼ਤਰ ਵਿੱਚ ਕਾਗਜ਼ ਦਾਖਲ ਕਰਨ ਮੌਕੇ ਉਨ੍ਹਾਂ ਨਾਲ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਆਲ ਇੰਡੀਆ ਕਾਂਗਰਸ ਕਮੇਟੀ ਦੇ ਸੀਨੀਅਰ ਨੇਤਾ ਆਸ਼ਾ ਕੁਮਾਰੀ ਤੇ ਹਰੀਸ਼ ਚੌਧਰੀ ਤੋਂ ਇਲਾਵਾ ਰਾਣਾ ਗੁਰਜੀਤ ਸਿੰਘ, ਰਾਜਿੰਦਰ ਕੌਰ ਭੱਠਲ ਅਤੇ ਚੌਧਰੀ ਸੰਤੋਖ ਸਿੰਘ ਹਾਜ਼ਰ ਸਨ। ਇੱਥੇ ਦਾਣਾ ਮੰਡੀ ਵਿਖੇ ਰੈਲੀ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਖਹਿਰਾ ਵਾਂਗ ਸਿਰਫ ਗੱਲਾਂ ਮਾਰ ਕੇ ਡੰਗ ਨਹੀਂ ਟਪਾਉਣਗੇ ਪਰ ਉਹ ਸ਼ਾਹਕੋਟ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਪੂਰੀਆਂ ਦਾ ਭਰੋਸਾ ਦਿੰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਦੇਵ ਸਿੰਘ ਲਾਡੀ ਨੂੰ ਵੋਟ ਦੇਣ ਦਾ ਮਤਲਬ ਪੰਜਾਬ ਦੇ ਬਿਹਤਰ ਭਵਿੱਖ ਲਈ ਵੋਟ ਦੇਣਾ ਹੋਵੇਗਾ ਕਿਉਂ ਜੋ ਸਿਰਫ ਕਾਂਗਰਸ ਪਾਰਟੀ ਹੀ ਸੂਬੇ ਨੂੰ ਤਰੱਕੀ ਤੇ ਖੁਸ਼ਹਾਲੀ ਦੀ ਲੀਹ ’ਤੇ ਲਿਆ ਸਕਦੀ ਹੈ ਅਤੇ ਇਕ-ਇਕ ਚੋਣ ਵਾਅਦਾ ਪੂਰਾ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਲਾਡੀ ਨੂੰ ਬਹੁਤ ਚਿਰਾਂ ਤੋਂ ਜਾਣਦੇ ਜੋ ਸਾਫ ਦਿਲ ਤੇ ਦ੍ਰਿੜ ਨਿਸ਼ਚੇ ਵਾਲੇ ਇਨਸਾਨ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਨੇ ਆਪਣੇ ਸ਼ਾਸਨਕਾਲ ਦੌਰਾਨ ਸੂਬੇ ਦਾ ਭੱਠਾ ਬਿਠਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਪੁਨਰਗਠਨ ਤੋਂ ਲੈ ਕੇ ਅਕਾਲੀਆਂ ਦਾ ਇਤਿਹਾਸ ਪੰਜਾਬ ਦੇ ਹਿੱਤ ਤਬਾਹ ਕਰ ਦੇਣ ਵਾਲਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਤੋਂ ਸਿੱਖਿਆ ਅਤੇ ਖੇਤੀਬਾੜੀ ਤੋਂ ਸਨਅਤ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਦੀ ਹਰੇਕ ਸੰਸਥਾ ਤਬਾਹ ਕਰ ਦਿੱਤੀ ਅਤੇ ਹੁਣ ਜਦੋਂ ਅਕਾਲੀ ਵਿਰੋਧੀ ਧਿਰ ਵਿੱਚ ਹਨ ਤਾਂ ਵੀ ਉਹ ਪੰਜਾਬ ਤੇ ਪੰਜਾਬੀਆਂ ਦੀ ਤਰੱਕੀ ਤੇ ਖੁਸ਼ਹਾਲੀ ਵਿਰੁੱਧ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਆਪਣੇ ਸਿਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਇਤਿਹਾਸ ਦੇ ਸਿਲੇਬਸ ਦਾ ਜ਼ਾਇਜਾ ਲੈਣ ਅਤੇ ਇਸ ਨੂੰ ਅੰਤਮ ਰੂਪ ਦੇਣ ਵਾਸਤੇ 2014 ਵਿਚ ਕਮੇਟੀ ਸਥਾਪਤ ਕੀਤੀ ਸੀ। ਉਨ੍ਹ•ਾਂ ਕਿਹਾ ਕਿ ਕੇਂਦਰ ਵਿੱਚ ਅਕਾਲੀਆਂ ਦੇ ਜੋਟੀਦਾਰ ਸਤਾ ਵਿੱਚ ਹੋਣ ਦੇ ਬਾਵਜੂਦ ਅਕਾਲੀ ਹਰਿਮੰਦਰ ਸਾਹਿਬ ਵਿਖੇ ਲੰਗਰ ’ਤੇ ਨਾ ਹੀ ਜੀ ਆਸ ਟੀ ਲਾਗੂ ਕੀਤੇ ਜਾਣ ਨੂੰ ਰੋਕ ਸਕੇ ਅਤੇ ਨਾ ਹੀ ਉਹ ਇਸ ਨੂੰ ਮੁਆਫ ਕਰਵਾ ਸਕੇ। ਮੁਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਹੋ ਪ੍ਰਗਟਾਵਾ ਹੁੰਦਾ ਹੈ ਕਿ ਸਿਖ ਗੁਰੂਆਂ ਤੇ ਧਾਰਮਿਕ ਸੰਸਥਾਵਾਂ ਦੇ ਸਬੰਧ ਵਿੱਚ ਅਕਾਲੀ ਦੋਗਲੀ ਨੀਤੀ ਆਪਣਾ ਰਹੇ ਹਨ। ਇਸ ਮੌਕੇ ਆਪਣੇ ਭਾਸ਼ਣ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀਆਂ ਨੂੰ ਪਿਛਲੀ ਵਾਰ ਵੋਟ ਪਾ ਕੇ ਕੀਤੀ ਗਲਤੀ ਵਿੱਚ ਸੁਧਾਰ ਲਿਆਉਣ ਵਾਸਤੇ ਉਪ ਚੋਣ ਦੌਰਾਨ ਸ਼ਾਹਕੋਟ ਦੇ ਲੋਕਾਂ ਨੂੰ ਇਕ ਮੌਕਾ ਮਿਲਿਆ ਹੈ। ਇਸ ਮੌਕੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਾਧੂ ਸਿੰਘ ਧਰਮਸੋਤ, ਬਲਬੀਰ ਸਿੰਘ ਸਿਧੂ, ਸੁਖਜਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਕਾਂਗੜ ਅਤੇ ਸਾਂਸਦ ਮੈਂਬਰ ਸੰਤੋਖ ਸਿੰਘ, ਸ. ਰਜਿੰਦਰ ਸਿੰਘ ਬਡਹੇੜੀ ਸੂਬਾ ਪ੍ਰਧਾਨ ਆਲ ਇੰਡੀਆ ਜੱਟ ਮਹਾ ਸਭਾ ਚੰਡੀਗੜ੍ਹ ਅਤੇ ਸ. ਹਰਪਾਲ ਸਿੰਘ ਹਰਪੁਰਾ ਕੌਮੀ ਸੀਨੀਅਰ ਮੀਤ ਪ੍ਰਧਾਨ ਆਲ ਇੰਡੀਆ ਜੱਟ ਮਹਾ ਸਭਾ ਹਾਜ਼ਰ ਸਨ।

Comments are closed.

COMING SOON .....


Scroll To Top
11