Sunday , 27 May 2018
Breaking News
You are here: Home » PUNJAB NEWS » ਅਕਾਲੀ ਦਲ ਨੇ ਅਮਨ ਤੇ ਕਾਨੂੰਨ ਦੀ ਵਿਗੜ ਰਹੀ ਹਾਲਤ ਉੱਤੇ ਡੂੰਘੀ ਚਿੰਤਾ ਪ੍ਰਗਟਾਈ

ਅਕਾਲੀ ਦਲ ਨੇ ਅਮਨ ਤੇ ਕਾਨੂੰਨ ਦੀ ਵਿਗੜ ਰਹੀ ਹਾਲਤ ਉੱਤੇ ਡੂੰਘੀ ਚਿੰਤਾ ਪ੍ਰਗਟਾਈ

ਲੋਕਾਂ ਅਤੇ ਸਰਕਾਰ ਵਿਚਕਾਰ ਵੱਡਾ ਪਾੜਾ: ਬਾਦਲ

3 ਚੰਡੀਗੜ/16 ਜੁਲਾਈ/ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਬੇ ਅੰਦਰ ਅਮਨ ਤੇ ਕਾਨੂੰਨ ਦੀ ਤੇਜ਼ੀ ਨਾਲ ਵਿਗੜ ਰਹੀ ਹਾਲਤ ਉੱਤੇ ਗੰਭੀਰ  ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਕਾਂਗਰਸ ਸਰਕਾਰ ਦੀ ਚੰਗੀ ਕਾਰਗੁਜ਼ਾਰੀ ਵਿਖਾਉਣ ਦੀ ਕਾਬਲੀਅਤ ਅਤੇ ਖਾਸ ਕਰਕੇ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨ ਦੀ ਸਮਰੱਥਾ ਤੋਂ ਲੋਕਾਂ ਦਾ ਭਰੋਸਾ ਪੂਰੀ ਤਰਾਂ ਉੱਠ ਚੁੱਕਿਆ ਹੈ। ਉਹ ਚਾਰ ਹਫਤਿਆਂ ਵਿਚ ਚੰਨ ਥੱਲੇ ਲੈ ਕੇ ਆਉਣ ਦੇ ਵਾਅਦੇ ਕਰਦੇ ਸਨ। ਪਰ ਅੱਜ ਚਾਰ ਮਹੀਨੇ ਹੋ ਗਏ ਹਨ ਅਤੇ ਉਹਨਾਂ ਨੇ ਸੂਬੇ ਨੂੰ ਅਰਾਜਕਤਾ, ਗੜਬੜ ਅਤੇ ਨਾਕਸ ਪ੍ਰਬੰਧ ਵੱਲ ਧੱਕ ਦਿੱਤਾ ਹੈ।  ਅਮਨ ਤੇ ਕਾਨੂੰਨ ਦੇ ਫਰੰਟ ਉੱਤੇ ਇਹ ਸਥਿਤੀ ਸਭ ਤੋਂ ਵੱਧ ਨਾਜ਼ੁਕ ਬਣੀ ਹੋਈ ਹੈ।
ਇਸ ਗੱਲ ਦਾ ਇਜ਼ਹਾਰ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਪਾਰਟੀ ਦੀ ਮੀਟਿੰਗ ਵਿਚ ਪਾਸ ਕੀਤੇ ਇੱਕ ਮਤੇ ਵਿਚ ਕੀਤਾ ਗਿਆ ਹੈ। ਇੱਕ ਹੋਰ ਵੱਖਰੇ ਮਤੇ ਵਿਚ ਮੀਟਿੰਗ ਦੌਰਾਨ ਕੱਲ 17 ਅਮਰਨਾਥ ਯਾਤਰੀਆਂ ਦੀ ਮੌਤ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਮੀਟਿੰਗ ਵਿਚ ਪੀੜਤ ਪਰਿਵਾਰਾਂ ਦੇ ਮੈਂਬਰਾਂ ਨਾਲ ਹਮਦਰਦੀ ਅਤੇ ਦੁੱਖ ਸਾਂਝਾ ਕੀਤਾ ਗਿਆ।  ਮੀਟਿੰਗ ਵੱਲੋਂ ਇੱਕ ਹੋਰ ਮਤੇ ਵਿਚ ਸ੍ਰੀ ਹੇਮਕੁਟ ਸਾਹਿਬ ਦੇ ਦਰਸ਼ਨਾਂ ਲਈ ਜਾਂਦਿਆਂ ਲਾਪਤਾ ਹੋਏ 8 ਪੰਜਾਬੀ ਸ਼ਰਧਾਲੂਆਂ ਬਾਰੇ ਵੀ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ। ਮੀਟਿੰਗ ਵੱਲੋਂ ਸਰਕਾਰ ਨੂੰ ਤੁਰੰਤ ਬਚਾਅ ਕਾਰਜ ਤੇਜ਼ ਕਰਨ ਦੀ ਤਾਕੀਦ ਕੀਤੀ ਗਈ। ਮਤੇ ਵਿਚ ਕਿਹਾ ਗਿਆ ਕਿ ਸਰਕਾਰ ਨੂੰ ਇਹ ਮਾਮਲਾ ਤੁਰੰਤ ਉੱਤਰਾਖੰਡ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਵਿਚ ਹੋਈ ਇਸ ਮੀਟਿੰਗ ਵੱਲੋਂ ਪਿਛਲੀ ਰਾਤ ਲੁਧਿਆਣਾ ਵਿਚ ਇੱਕ ਚਰਚ ਦੇ ਪਾਦਰੀ ਸੁਲਤਾਨ ਸ਼ਾਹ ਦੇ ਕਤਲ ਉੱਪਰ ਭਾਰੀ ਸਦਮਾ ਅਤੇ ਸ਼ੋਕ ਪ੍ਰਗਟ ਕੀਤਾ ਗਿਆ। ਮੀਟਿੰਗ ਵਿਚ ਮ੍ਰਿਤਕ ਪਾਦਰੀ ਦੇ ਪਰਿਵਾਰ ਅਤੇ ਦੋਸਤਾਂ ਨੂੰ ਹਮਦਰਦੀ, ਸਮਰਥਨ ਅਤੇ ਪ੍ਰਾਰਥਨਾਵਾਂ ਭੇਜੀਆਂ ਗਈਆਂ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਸੁਲਤਾਨ ਸ਼ਾਹ ਦੇ ਕਤਲ ਨੂੰ  ਸੂਬਾਈ ਪ੍ਰਸਾਸ਼ਨ ਦੀ ਉਸ ਸ਼ਾਂਤੀ ਅਤੇ ਭਾਈਚਾਰਕ ਸਾਂਝ ਵਾਲੇ ਮਾਹੌਲ ਨੂੰ ਬਰਕਰਾਰ ਰੱਖਣ ਵਿਚ ਨਾਕਾਮੀ ਕਰਾਰ ਦਿੱਤਾ, ਜਿਹੜਾ ਇਸ ਸਾਲ ਮਾਰਚ ਵਿਚ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕਾਂਗਰਸ ਸਰਕਾਰ ਨੂੰ ਸੌਂਪਿਆ ਗਿਆ ਸੀ।
ਸਰਦਾਰ ਬਾਦਲ ਨੇ ਜਲੰਧਰ ਦੇ ਬਿਸ਼ਪ ਡਾਕਟਰ ਫਰੈਂਕੋ ਮੁਲੱਕਲ ਨਾਲ ਵੀ ਗੱਲਬਾਤ ਕੀਤੀ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਅਮਨ ਤੇ ਕਾਨੂੰਨ ਦੀ ਹਾਲਤ ਵਿਚ ਆਏ ਅਚਾਨਕ ਨਿਘਾਰ ਦੀ ਮੁੱਖ ਵਜਾ ਹਾਕਮਾਂ ਦਾ ਜਨਤਕ ਸੇਵਾ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਥਾਂ ਫਾਲਤੂ ਦੇ ਕੰਮਾਂ ਵਿਚ ਰੁੱਝੇ ਹੋਣਾ ਹੈ। ਇੰਝ ਲੱਗਦਾ ਹੈ ਕਿ ਸਰਕਾਰ ਹਰ ਪਾਸੇ ਗੈਰਹਾਜ਼ਰ ਹੈ ਅਤੇ ਲੋਕਾਂ ਅਤੇ ਸਰਕਾਰ ਵਿਚਕਾਰ ਇੱਕ ਬਹੁਤ ਵੱਡਾ ਪਾੜਾ ਹੈ। ਲੋਕਾਂ ਸਾਹਮਣੇ ਆਪਣੀਆਂ ਮੁਸ਼ਕਿਲਾਂ ਦੇ ਹੱਲ ਵਾਸਤੇ ਸਰਕਾਰੇ ਦਰਬਾਰੇ ਕੋਈ ਬਾਂਹ ਫੜਣ ਵਾਲਾ ਨਹੀਂ ਹੈ ਅਤੇ ਉਹ ਇਸ ਸਥਿਤੀ ਤੋਂ ਦੁਖੀ ਹੋ ਰਹੇ ਹਨ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਸਰਕਾਰ ਚਲਾ ਰਹੇ ਹਨ, ਉਹਨਾਂ ਨੂੰ ਜਨਤਾ ਦੀ ਸੇਵਾ ਨੂੰ ਇੱਕ ਪਾਰਟ ਟਾਈਮ ਸ਼ੌਂਕ ਨਹੀਂ ਸਗੋਂ ਇੱਕ ਫੁੱਲ ਟਾਈਮ ਮਿਸ਼ਨ ਮੰਨਣਾ ਚਾਹੀਦਾ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਅਮਨ ਅਤੇ ਕਾਨੂੰਨ ਦੀ ਹਾਲਤ ਵਿਚ ਤਿੱਖਾ ਨਿਘਾਰ ਆਇਆ ਹੈ ਅਤੇ ਇਹ ਗੱਲ ਪੰਜਾਬ ਆ ਕੇ ਰਹਿਣ ਜਾਂ ਇੱਥੇ ਨਿਵੇਸ਼ ਕਰਨ ਦੇ ਚਾਹਵਾਨ ਲੋਕਾਂ ਦਾ ਹੌਂਸਲਾ ਵਧਾਉਣ ਵਾਲੀ  ਨਹੀਂ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਵੇਲੇ ਦੇਸ਼ ਦੇ ਵੱਡੇ ਕਾਰੋਬਾਰੀ ਅਤੇ ਵਪਾਰਕ ਘਰਾਣੇ ਪੰਜਾਬ ਵਿਚ ਡੂੰਘੀ ਬਹੁਤ ਦਿਲਚਸਪੀ ਰੱਖਦੇ ਸਨ। ਸਾਰੇ ਕਾਰੋਬਾਰੀ ਅਤੇ ਵਪਾਰੀ ਇੱਕਲੇ ਤੌਰ ਤੇ ਵੀ ਅਤੇ ਸਾਂਝੇ ਤੌਰ ਤੇ ਵੀ ਪੰਜਾਬ ਨਿਵੇਸ਼ ਸੰਮੇਲਨਾਂ ਵਿਚ ਆਉਂਦੇ ਰਹਿੰਦੇ ਸਨ। ਹੁਣ ਇਸ ਫਰੰਟ ਉੱਤੇ ਕੋਈ ਗਤੀਵਿਧੀ ਨਜ਼ਰ ਨਹੀਂ ਆਉਦੀ, ਜਿਸ ਦੇ ਪਿੱਛੇ ਬਾਕੀ ਪੱਖਾਂ ਤੋਂ ਇਲਾਵਾ ਅਮਨ ਤੇ ਕਾਨੂੰਨ ਦੀ ਹਾਲਤ ਵੀ ਜ਼ਿੰਮੇਵਾਰ ਹੈ।
ਸੂਬੇ ਅੰਦਰ ਕਤਲਾਂ ਸਮੇਤ ਵੱਖ ਵੱਖ ਗੈਰਕਾਨੂੰਨੀ ਗਤੀਵਿਧੀਆਂ ਵਿਚ ਹੋਏ ਵਾਧੇ 1ੁੱਤੇ ਚਿੰਤਾ ਪ੍ਰਗਟ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਸਥਿਤੀ ਬਹੁਤ ਹੀ ਚਿੰਤਾਜਨਕ ਹੈ। ਇਸ ਵਾਸਤੇ ਤੁਰੰਤ ਪ੍ਰਸਾਸ਼ਨ ਨੂੰ ਮੁਸਤੈਦ ਕੀਤੇ ਜਾਣ ਦੀ ਲੋੜ ਹੈ ਕਿ ਉਹ ਸੋਸ਼ਣ, ਧੱਕੇਸ਼ਾਹੀ ਅਤੇ ਕਿੜਾਂ ਕੱਢਣ ਦੀ ਥਾਂ ਵਧੀਆ ਕਾਰਗੁਜ਼ਾਰੀ ਵੱਲ ਧਿਆਨ ਦੇਵੇ।

Comments are closed.

COMING SOON .....
Scroll To Top
11